ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਗੀਤਕਾਰੀ ਤੋਂ ਫਿਲਮਾਂ ਵੱਲ ਪ੍ਰੀਤ ਸੰਘਰੇੜੀ

ਪੰਜਾਬੀ ਗੀਤਕਾਰੀ ਵਿੱਚ ਜਦੋਂ ਵੀ ਸੋਹਣੇ, ਮਿੱਠੇ ਅਤੇ ਦਿਲ ਨੂੰ ਛੂਹ ਲੈਣ ਵਾਲੇ ਸ਼ਬਦਾਂ ਦੀ ਗੱਲ ਹੁੰਦੀ ਹੈ ਤਾਂ ਉਸ ਸੂਚੀ ਵਿੱਚ ਪ੍ਰੀਤ ਸੰਘਰੇੜੀ ਦਾ ਨਾਮ ਆਪ ਮੁਹਾਰੇ ਹੀ ਆ ਜਾਂਦਾ ਹੈ। ਆਪਣੀ ਲਿਖਤ ਦੀ ਮਿੱਠਾਸ, ਭਾਵਾਂ ਦੀ ਗਹਿਰਾਈ ਅਤੇ...
Advertisement

ਪੰਜਾਬੀ ਗੀਤਕਾਰੀ ਵਿੱਚ ਜਦੋਂ ਵੀ ਸੋਹਣੇ, ਮਿੱਠੇ ਅਤੇ ਦਿਲ ਨੂੰ ਛੂਹ ਲੈਣ ਵਾਲੇ ਸ਼ਬਦਾਂ ਦੀ ਗੱਲ ਹੁੰਦੀ ਹੈ ਤਾਂ ਉਸ ਸੂਚੀ ਵਿੱਚ ਪ੍ਰੀਤ ਸੰਘਰੇੜੀ ਦਾ ਨਾਮ ਆਪ ਮੁਹਾਰੇ ਹੀ ਆ ਜਾਂਦਾ ਹੈ। ਆਪਣੀ ਲਿਖਤ ਦੀ ਮਿੱਠਾਸ, ਭਾਵਾਂ ਦੀ ਗਹਿਰਾਈ ਅਤੇ ਬੋਲਾਂ ਦੀ ਸੁਗੰਧ ਨਾਲ ਪ੍ਰੀਤ ਨੇ ਨਾ ਸਿਰਫ਼ ਗਾਇਕਾਂ ਦੇ ਗਲਾਂ ਵਿੱਚ ਸੋਨੇ ਦੇ ਮੋਤੀ ਪਰੋਏ ਹਨ, ਸਗੋਂ ਦਰਸ਼ਕਾਂ ਦੇ ਦਿਲਾਂ ਵਿੱਚ ਵੀ ਆਪਣੀ ਪੱਕੀ ਥਾਂ ਬਣਾਈ ਹੈ।

ਪ੍ਰੀਤ ਸੰਘਰੇੜੀ ਉਹ ਗੀਤਕਾਰ ਹੈ ਜਿਸ ਦੇ ਸ਼ਬਦ ਸੁਣਦੇ ਹੀ ਕੰਨਾਂ ਵਿੱਚ ਰਸ ਘੋਲਣ ਲੱਗ ਜਾਂਦੇ ਹਨ। ਗਾਇਕ ਰਵਿੰਦਰ ਗਰੇਵਾਲ ਅਤੇ ਸ਼ਿਪਰਾ ਗੋਇਲ ਦੀਆਂ ਆਵਾਜ਼ਾਂ ਵਿੱਚ ਰਿਕਾਰਡ ਹੋਇਆ ਗੀਤ ‘ਵੇ ਮੈਂ ਲਵਲੀ ਜਿਹੀ ਲਵਲੀ ’ਚ ਪੜ੍ਹਦੀ, ਪੀਯੂ ’ਚ ਜੱਟ ਪੜ੍ਹਦਾ’ ਸੁਣਨ ਵਾਲਿਆਂ ਦੇ ਦਿਲ ਵਿੱਚ ਆਪਣਾ ਘਰ ਬਣਾ ਲੈਂਦਾ ਹੈ। ਇਸੇ ਤਰ੍ਹਾਂ ਦੀਪ ਢਿੱਲੋਂ ਅਤੇ ਜੈਸਮੀਨ ਜੱਸੀ ਦੀਆਂ ਆਵਾਜ਼ਾਂ ਵਿੱਚ ਗਾਇਆ ‘ਗੁੱਡੀਆਂ ਘਸਾਤੀਆਂ ਮੈਂ ਫੋਰਡ ਦੀਆਂ’ ਪੰਜਾਬੀ ਗੀਤ-ਸੰਗੀਤ ਪ੍ਰੇਮੀਆਂ ਵਿੱਚ ਬਹੁਤ ਹੀ ਚਾਹਿਆ ਗਿਆ। ਇਹ ਦੋਵੇਂ ਹੀ ਰਚਨਾਵਾਂ ਉਨ੍ਹਾਂ ਗੀਤਾਂ ਵਿੱਚ ਸ਼ਾਮਲ ਹਨ ਜਿਨ੍ਹਾਂ ਨੇ ਪ੍ਰੀਤ ਨੂੰ ਗੀਤਕਾਰਾਂ ਦੀ ਪਹਿਲੀ ਕਤਾਰ ਵਿੱਚ ਖੜ੍ਹਾ ਕਰ ਦਿੱਤਾ।

Advertisement

ਹੁਣ ਤੱਕ ਉਸ ਦੇ ਲਿਖੇ ਕਰੀਬ ਸੱਤਰ ਗੀਤ ਰਿਕਾਰਡ ਹੋ ਚੁੱਕੇ ਹਨ। ਇਹ ਗੀਤ ਮਨਮੋਹਨ ਵਾਰਿਸ, ਕਮਲ ਹੀਰ, ਲਖਵਿੰਦਰ ਵਡਾਲੀ, ਰਵਿੰਦਰ ਗਰੇਵਾਲ, ਨਛੱਤਰ ਗਿੱਲ, ਰੌਸ਼ਨ ਪ੍ਰਿੰਸ, ਦੀਪ ਢਿੱਲੋਂ, ਜੈਸਮੀਨ ਜੱਸੀ, ਗੁਰਲੇਜ਼ ਅਖ਼ਤਰ, ਸ਼ੀਰਾ ਜਸਵੀਰ, ਪ੍ਰੀਤ ਬਰਾੜ, ਮਿਸ ਪੂਜਾ, ਮੰਨਤ ਨੂਰ, ਜੀ.ਐੱਸ. ਪੀਟਰ, ਗੋਲਡੀ ਬਾਵਾ, ਨਵੀ ਬਰਾੜ, ਯਸ਼ ਭੁੱਲਰ ਆਦਿ ਗਾਇਕਾਂ ਨੇ ਆਪਣੀ ਸੁਰੀਲੀ ਆਵਾਜ਼ ਵਿੱਚ ਗਾਏ ਹਨ। ਇਹ ਸਾਰੀਆਂ ਰਚਨਾਵਾਂ ਆਪਣੀ ਵੱਖਰੀ ਸੋਚ, ਸੁਚੱਜੀ ਭਾਸ਼ਾ ਅਤੇ ਜੀਵੰਤ ਚਿੱਤਰਕਾਰੀ ਲਈ ਜਾਣੀਆਂ ਜਾਂਦੀਆਂ ਹਨ।

ਪ੍ਰੀਤ ਸੰਘਰੇੜੀ ਸਿਰਫ਼ ਗੀਤਕਾਰੀ ਵਿੱਚ ਹੀ ਨਹੀਂ, ਸਿੱਖਿਆ ਦੇ ਖੇਤਰ ਵਿੱਚ ਵੀ ਮੋਹਰੀ ਹੈ। ਉਹ ਐੱਮ.ਏ. ਹਿੰਦੀ ਅਤੇ ਪੰਜਾਬੀ, ਬੀਐੱਡ, ਪੀ.ਜੀ.ਡੀ.ਸੀ.ਏ, ਐੱਮ.ਐੱਸ.ਈ., ਐੱਮ.ਸੀ.ਏ. ਅਤੇ ਐੱਮ.ਫਿਲ ਵਰਗੀਆਂ ਉੱਚ ਪੱਧਰੀ ਡਿਗਰੀਆਂ ਹਾਸਲ ਕਰ ਚੁੱਕਾ ਹੈ ਅਤੇ ਇਸ ਵੇਲੇ ਪੀਐੱਚ.ਡੀ. ਕਰ ਰਿਹਾ ਹੈ। ਇਹ ਦਰਸਾਉਂਦਾ ਹੈ ਕਿ ਉਹ ਲਿਖਣ ਦੇ ਨਾਲ-ਨਾਲ ਗਿਆਨ ਦੀਆਂ ਨਵੀਆਂ ਪੌੜੀਆਂ ਚੜ੍ਹਨ ਵਿੱਚ ਵੀ ਰੁਚੀ ਰੱਖਦਾ ਹੈ।

ਗੀਤਾਂ ਤੋਂ ਇਲਾਵਾ ਉਸ ਦੀ ਲਿਖਤ ਕਿਤਾਬਾਂ ਦੇ ਰੂਪ ਵਿੱਚ ਵੀ ਪਾਠਕਾਂ ਤੱਕ ਪਹੁੰਚੀ ਹੈ। ਹੁਣ ਤੱਕ ਉਸ ਦੀਆਂ ਛੇ ਪੁਸਤਕਾਂ ਛਪ ਕੇ ਪੰਜਾਬੀ ਸਾਹਿਤ ਨੂੰ ਸੰਵਾਰ ਚੁੱਕੀਆਂ ਹਨ। ਇਹ ਪੁਸਤਕਾਂ ਨਾ ਸਿਰਫ਼ ਸਾਹਿਤ ਪ੍ਰੇਮੀਆਂ ਲਈ ਖ਼ਾਸ ਅਹਿਮੀਅਤ ਰੱਖਦੀਆਂ ਹਨ, ਸਗੋਂ ਨਵੀਂ ਪੀੜ੍ਹੀ ਦੇ ਲੇਖਕਾਂ ਲਈ ਪ੍ਰੇਰਨਾ ਦਾ ਸਰੋਤ ਵੀ ਹਨ।

ਪ੍ਰੀਤ ਸੰਘਰੇੜੀ ਨੇ ਆਪਣੇ ਸ਼ਬਦਾਂ ਨੂੰ ਹੋਰ ਵੀ ਨਿੱਜੀ ਰੂਪ ਦੇਣ ਲਈ ਖ਼ੁਦ ਗਾਇਕੀ ਵਿੱਚ ਵੀ ਕਦਮ ਰੱਖਿਆ। ਹੁਣ ਤੱਕ ਉਸ ਦੇ ਤਿੰਨ ਗੀਤ ਰਿਲੀਜ਼ ਹੋ ਚੁੱਕੇ ਹਨ, ਜਿਨ੍ਹਾਂ ਨੂੰ ਸੁਣ ਕੇ ਇਹ ਮਹਿਸੂਸ ਹੁੰਦਾ ਹੈ ਕਿ ਲੇਖਕ ਦਾ ਆਪਣੇ ਹੀ ਸ਼ਬਦਾਂ ਨੂੰ ਗਾਉਣਾ ਇੱਕ ਵੱਖਰਾ ਹੀ ਸਕੂਨ ਪ੍ਰਦਾਨ ਕਰਦਾ ਹੈ। ਗੀਤਾਂ ਤੋਂ ਇਲਾਵਾ ਉਸ ਦੀ ਲਿਖੀ ਪਹਿਲੀ ਪੰਜਾਬੀ ਫਿਲਮ ‘ਰੋਜ਼ ਰੋਜ਼ੀ ਅਤੇ ਗੁਲਾਬ’ ਵੀ ਰਿਲੀਜ਼ ਹੋ ਚੁੱਕੀ ਹੈ, ਜਿਸ ਦੀ ਕਹਾਣੀ, ਸਕਰੀਨਪਲੇ ਅਤੇ ਸੰਵਾਦ ਪ੍ਰੀਤ ਸੰਘਰੇੜੀ ਨੇ ਲਿਖੇ ਹਨ। ਇਸ ਫਿਲਮ ਵਿੱਚ ਗੁਰਨਾਮ ਭੁੱਲਰ, ਮਾਹੀ ਸ਼ਰਮਾ, ਕਰਮਜੀਤ ਅਨਮੋਲ, ਹਰਬੀ ਸੰਘਾ ਅਤੇ ਪਰਾਂਜਲ ਦਹੀਆ ਵਰਗੇ ਪ੍ਰਸਿੱਧ ਕਲਾਕਾਰਾਂ ਨੇ ਅਹਿਮ ਭੂਮਿਕਾਵਾਂ ਨਿਭਾਈਆਂ ਹਨ। ਫਿਲਮ ਦੀ ਕਥਾ ਤੇ ਸੰਵਾਦਾਂ ਵਿੱਚ ਪ੍ਰੀਤ ਦੀ ਕਲਾ ਦਾ ਖ਼ੂੁੁਬਸੂਰਤ ਰੰਗ ਸਾਫ਼-ਸਾਫ਼ ਝਲਕਦਾ ਹੈ।

ਪ੍ਰੀਤ ਸੰਘਰੇੜੀ ਦੀ ਰਚਨਾਤਮਕਤਾ ਵਿੱਚ ਇੱਕ ਖ਼ਾਸ ਗੱਲ ਇਹ ਹੈ ਕਿ ਉਹ ਸ਼ਬਦਾਂ ਨੂੰ ਸਿਰਫ਼ ਕਾਗਜ਼ ’ਤੇ ਨਹੀਂ ਲਿਖਦਾ, ਸਗੋਂ ਉਨ੍ਹਾਂ ਵਿੱਚ ਜੀਵਨ ਭਰਦਾ ਹੈ। ਉਹ ਪਿੰਡ ਦੀ ਮਿੱਟੀ ਦੀ ਸੁਗੰਧ, ਪੰਜਾਬੀ ਸੱਭਿਆਚਾਰ ਦੀ ਚਮਕ ਅਤੇ ਲੋਕ-ਰੰਗਾਂ ਦੀ ਰੌਣਕ ਆਪਣੇ ਬੋਲਾਂ ਵਿੱਚ ਉਤਾਰ ਲੈਂਦਾ ਹੈ। ਉਸ ਦੀ ਲਿਖਤ ਵਿੱਚ ਕਦੇ-ਕਦੇ ਹਾਸਾ-ਮਜ਼ਾਕ ਵੀ ਮਿਲਦਾ ਹੈ, ਤਾਂ ਕਦੇ ਡੂੰਘੀ ਦਰਦ ਭਰੀ ਭਾਵਨਾ ਵੀ ਹੈ। ਪ੍ਰੀਤ ਸੰਘਰੇੜੀ ਦਾ ਯੋਗਦਾਨ ਸਿਰਫ਼ ਗੀਤ ਲਿਖਣ ਤੱਕ ਸੀਮਤ ਨਹੀਂ। ਉਹ ਨਵੀਂ ਪੀੜ੍ਹੀ ਦੇ ਗਾਇਕਾਂ ਅਤੇ ਸੰਗੀਤਕਾਰਾਂ ਨੂੰ ਪ੍ਰੇਰਿਤ ਕਰਦਾ ਹੈ, ਉਨ੍ਹਾਂ ਦੀ ਰਚਨਾਤਮਕ ਯਾਤਰਾ ਵਿੱਚ ਸਾਥੀ ਬਣਦਾ ਹੈ। ਜਿਵੇਂ ਉਸ ਦੀਆਂ ਪੁਰਾਣੀਆਂ ਰਚਨਾਵਾਂ ਨੇ ਸੁਣਨ ਵਾਲਿਆਂ ਨੂੰ ਮੋਹਿਆ ਹੈ, ਉਵੇਂ ਹੀ ਪ੍ਰੇਮੀਆਂ ਨੂੰ ਉਡੀਕ ਹੈ ਕਿ ਉਹ ਆਉਣ ਵਾਲੇ ਵਰ੍ਹਿਆਂ ਵਿੱਚ ਹੋਰ ਵੀ ਸੁਰੀਲੇ, ਅਰਥਪੂਰਨ ਅਤੇ ਦਿਲ ਨੂੰ ਛੂਹਣ ਵਾਲੇ ਗੀਤ ਦੇਵੇ। ਉਹ ਸਿਰਫ਼ ਇੱਕ ਗੀਤਕਾਰ ਨਹੀਂ, ਸਗੋਂ ਪੰਜਾਬੀ ਸੰਗੀਤ ਦੇ ਆਕਾਸ਼ ਦਾ ਚਮਕਦਾ ਤਾਰਾ ਹੈ। ਉਸ ਦੀ ਲਿਖਤ ਨੇ ਜਿੱਥੇ-ਜਿੱਥੇ ਵੀ ਸੁਰਾਂ ਨਾਲ ਮਿਲਾਪ ਕੀਤਾ ਹੈ, ਉੱਥੇ-ਉੱਥੇ ਸੁਣਨ ਵਾਲਿਆਂ ਦੇ ਦਿਲਾਂ ਵਿੱਚ ਖ਼ੁਸ਼ਬੂ ਭਰੀ ਹੈ। ਪੰਜਾਬੀ ਸੰਗੀਤਕ ਜਗਤ ਲਈ ਉਸ ਦਾ ਯੋਗਦਾਨ ਕਦੇ ਵੀ ਭੁਲਾਇਆ ਨਹੀਂ ਜਾ ਸਕੇਗਾ।

ਸੰਪਰਕ: 98553-22886

Advertisement
Show comments