‘The Ba***ds of Bollywood’ ਵਿਰੁੱਧ ਪਟੀਸ਼ਨ: ਦਿੱਲੀ ਹਾਈ ਕੋਰਟ ਨੇ ਸਮੀਰ ਵਾਨਖੇੜੇ ਤੋਂ ਪਟੀਸ਼ਨ ਦੀ ਸਥਿਰਤਾ ਬਾਰੇ ਸਵਾਲ ਕੀਤੇ
ਦਿੱਲੀ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਆਈ.ਆਰ.ਐੱਸ. ਅਧਿਕਾਰੀ ਅਤੇ ਨਾਰਕੋਟਿਕਸ ਕੰਟਰੋਲ ਬਿਊਰੋ (NCB) ਦੇ ਸਾਬਕਾ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ਤੋਂ ਅਦਾਕਾਰ ਸ਼ਾਹਰੁਖ ਖਾਨ ਅਤੇ ਉਨ੍ਹਾਂ ਦੀ ਪਤਨੀ ਗੌਰੀ ਖਾਨ ਦੀ ਮਲਕੀਅਤ ਵਾਲੀ ਕੰਪਨੀ ਰੈੱਡ ਚਿਲੀਜ਼ ਐਂਟਰਟੇਨਮੈਂਟ ਅਤੇ ਨੈੱਟਫਲਿਕਸ ਵਿਰੁੱਧ ਉਨ੍ਹਾਂ ਦੀ ਮਾਣਹਾਨੀ ਦੇ ਮੁਕੱਦਮੇ ਦੀ ਸਥਿਰਤਾ (maintainability) ਬਾਰੇ ਸਵਾਲ ਕੀਤੇ।
ਵਾਨਖੇੜੇ ਨੇ ਦੋਸ਼ ਲਾਇਆ ਗਿਆ ਹੈ ਸੀਰੀਜ਼ ‘The Ba***ds of Bollywood’ ਵਿੱਚ ਉਨ੍ਹਾਂ ਦੀ ਸਾਖ ਨੂੰ ਖਰਾਬ ਕੀਤਾ ਗਿਆ ਹੈ। ਜਸਟਿਸ ਪੁਰੂਸ਼ੈਨਦਰਾ ਕੁਮਾਰ ਕੌਰਵ ਨੇ ਵਾਨਖੇੜੇ ਦੇ ਵਕੀਲ ਨੂੰ ਪੁੱਛਿਆ ਕਿ ਇਹ ਪਟੀਸ਼ਨ ਦਿੱਲੀ ਵਿੱਚ ਕਿਵੇਂ ਕਾਇਮ ਰੱਖਣ ਯੋਗ ਹੈ।
ਵਾਨਖੇੜੇ ਦੀ ਨੁਮਾਇੰਦਗੀ ਕਰ ਰਹੇ ਸੀਨੀਅਰ ਵਕੀਲ ਸੰਦੀਪ ਸੇਠੀ ਨੇ ਕਿਹਾ ਕਿ ਵੈੱਬ ਸੀਰੀਜ਼ ਦਿੱਲੀ ਸਮੇਤ ਸਾਰੇ ਸ਼ਹਿਰਾਂ ਲਈ ਹੈ ਅਤੇ ਅਧਿਕਾਰੀ ਨੂੰ ਇੱਥੇ ਬਦਨਾਮ ਕੀਤਾ ਗਿਆ ਹੈ। ਹਾਲਾਂਕਿ, ਉਨ੍ਹਾਂ ਕਿਹਾ ਕਿ ਉਹ ਉਸ ਅਨੁਸਾਰ ਸ਼ਿਕਾਇਤ ਵਿੱਚ ਸੋਧ ਕਰਨਗੇ।
ਅਦਾਲਤ ਨੇ ਉਨ੍ਹਾਂ ਨੂੰ ਸੋਧੀ ਹੋਈ ਅਰਜ਼ੀ ਦਾਖਲ ਕਰਨ ਲਈ ਸਮਾਂ ਦਿੱਤਾ ਜਿਸ ਤੋਂ ਬਾਅਦ ਮਾਮਲੇ ਦੀ ਸੁਣਵਾਈ ਕੀਤੀ ਜਾਵੇਗੀ। ਵਾਨਖੇੜੇ ਨੇ 2 ਕਰੋੜ ਰੁਪਏ ਦੇ ਹਰਜਾਨੇ ਦੀ ਮੰਗ ਕੀਤੀ ਹੈ, ਜਿਸ ਨੂੰ ਉਹ ਕੈਂਸਰ ਦੇ ਮਰੀਜ਼ਾਂ ਲਈ ਟਾਟਾ ਮੈਮੋਰੀਅਲ ਕੈਂਸਰ ਹਸਪਤਾਲ ਨੂੰ ਦਾਨ ਕਰਨਾ ਚਾਹੁੰਦੇ ਹਨ।
ਪਟੀਸ਼ਨ ਵਿੱਚ ਕਿਹਾ ਗਿਆ ਹੈ, ‘‘ਇਹ ਸੀਰੀਜ਼ ਨਸ਼ਾ ਵਿਰੋਧੀ ਲਾਗੂਕਰਨ ਏਜੰਸੀਆਂ ਦਾ ਗੁੰਮਰਾਹਕੁੰਨ ਅਤੇ ਨਕਾਰਾਤਮਕ ਚਿੱਤਰਣ ਫੈਲਾਉਂਦੀ ਹੈ, ਜਿਸ ਨਾਲ ਕਾਨੂੰਨ ਲਾਗੂ ਕਰਨ ਵਾਲੀਆਂ ਸੰਸਥਾਵਾਂ ਵਿੱਚ ਲੋਕਾਂ ਦਾ ਵਿਸ਼ਵਾਸ ਘਟਦਾ ਹੈ।’’
ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਇਸ ਸੀਰੀਜ਼ ਨੂੰ ਜਾਣਬੁੱਝ ਕੇ ਵਾਨਖੇੜੇ ਦੀ ਸਾਖ ਨੂੰ ਖਰਾਬ ਕਰਨ ਦੇ ਇਰਾਦੇ ਨਾਲ ਬਣਾਇਆ ਅਤੇ ਚਲਾਇਆ ਗਿਆ ਹੈ, ਖਾਸ ਤੌਰ 'ਤੇ ਜਦੋਂ ਅਧਿਕਾਰੀ ਅਤੇ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਨਾਲ ਸਬੰਧਤ ਮਾਮਲਾ ਅਜੇ ਵੀ ਬੰਬੇ ਹਾਈ ਕੋਰਟ ਅਤੇ ਮੁੰਬਈ ਦੀ ਐੱਨ.ਡੀ.ਪੀ.ਐੱਸ. ਵਿਸ਼ੇਸ਼ ਅਦਾਲਤ ਵਿੱਚ ਵਿਚਾਰ ਅਧੀਨ ਹੈ।