ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਅਲਗੋਜ਼ਿਆਂ ਦੇ ਸੁਰ ਛੇੜਨ ਵਾਲਾ ਪਰਗਣ ਰਾਮੂਚੱਕ

ਹਰਦਿਆਲ ਸਿੰਘ ਥੂਹੀ ਤੂੰਬੇ ਜੋੜੀ ਦੀ ਗਾਇਕੀ ਦੇ ਭੰਡਾਰ ਨੂੰ ਪ੍ਰਫੁੱਲਿਤ ਕਰਨ ਲਈ ਅਨੇਕਾਂ ਜੋੜੀ ਵਾਦਕਾਂ ਦਾ ਅਹਿਮ ਯੋਗਦਾਨ ਰਿਹਾ ਹੈ। ਅਜਿਹੇ ਨਾਮੀਂ ਜੋੜੀ ਵਾਦਕਾਂ ਵਿੱਚੋਂ ਹੀ ਇੱਕ ਹੈ ਰਾਮੂ ਚੱਕ ਵਾਲਾ ਪਰਗਣ। ਪਰਗਣ ਸੱਤ ਦਹਾਕੇ ਤੋਂ ਵੀ ਵੱਧ...
Advertisement

ਹਰਦਿਆਲ ਸਿੰਘ ਥੂਹੀ

Advertisement

ਤੂੰਬੇ ਜੋੜੀ ਦੀ ਗਾਇਕੀ ਦੇ ਭੰਡਾਰ ਨੂੰ ਪ੍ਰਫੁੱਲਿਤ ਕਰਨ ਲਈ ਅਨੇਕਾਂ ਜੋੜੀ ਵਾਦਕਾਂ ਦਾ ਅਹਿਮ ਯੋਗਦਾਨ ਰਿਹਾ ਹੈ। ਅਜਿਹੇ ਨਾਮੀਂ ਜੋੜੀ ਵਾਦਕਾਂ ਵਿੱਚੋਂ ਹੀ ਇੱਕ ਹੈ ਰਾਮੂ ਚੱਕ ਵਾਲਾ ਪਰਗਣ। ਪਰਗਣ ਸੱਤ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਇਸ ਵਿਧਾ ਨਾਲ ਜੁੜਿਆ ਰਿਹੈ। ਪਿਛਲੇ ਸਾਲ ਉਸ ਦੀ ਰੀੜ੍ਹ ਦੀ ਹੱਡੀ ਵਿੱਚ ਕੋਈ ਨੁਕਸ ਪੈ ਜਾਣ ਕਾਰਨ ਉਸ ਦੀਆਂ ਲੱਤਾਂ ਕੰਮ ਕਰਨੋਂ ਜਵਾਬ ਦੇ ਗਈਆਂ। ਹੁਣ ਉਹ ਮੰਜੇ ’ਤੇ ਪਿਆ ਬੇਵੱਸ ਹੈ।

ਪਰਗਣ ਦਾ ਜਨਮ ਸਾਂਝੇ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੀ ਤਹਿਸੀਲ ਨਵਾਂ ਸ਼ਹਿਰ ਦੇ ਪਿੰਡ ਰਾਮੂ ਚੱਕ ਵਿਖੇ 1933-34 ਦੇ ਦਰਮਿਆਨ ਪਿਤਾ ਬਾਬੂ ਰਾਮ ਅਤੇ ਮਾਤਾ ਸ੍ਰੀਮਤੀ ਰਾਓ ਦੇ ਨਿਮਨ ਵਰਗੀ ਪਰਿਵਾਰ ਵਿੱਚ ਹੋਇਆ। ਉਸ ਦੇ ਦੱਸਣ ਅਨੁਸਾਰ ਰੌਲਿਆਂ ਵੇਲੇ (1947 ਵਿੱਚ) ਉਸ ਦੀ ਉਮਰ ਤੇਰਾਂ ਚੌਦਾਂ ਸਾਲ ਦੀ ਸੀ। ਅੱਜਕੱਲ੍ਹ ਰਾਮੂ ਚੱਕ ਜ਼ਿਲ੍ਹਾ ਨਵਾਂ ਸ਼ਹਿਰ ਦੀ ਤਹਿਸੀਲ ਬੰਗਾ ਵਿੱਚ ਪੈਂਦਾ ਹੈ। ਮਾਪਿਆਂ ਦੀਆਂ ਪੰਜ ਔਲਾਦਾਂ (ਚਾਰ ਭਰਾ ਅਤੇ ਇੱਕ ਭੈਣ) ਵਿੱਚੋਂ ਪਰਗਣ ਸਾਰਿਆਂ ਤੋਂ ਛੋਟਾ ਹੈ। ਪਰਿਵਾਰ ਦਾ ਕਿੱਤਾ ਪਸ਼ੂ ਪਾਲਣਾ ਅਤੇ ਮਿਹਨਤ ਮਜ਼ਦੂਰੀ ਕਰਨਾ ਸੀ। ਘਰ ਦੀਆਂ ਤੰਗੀਆਂ ਤੁਰਸ਼ੀਆਂ ਕਾਰਨ ਉਸ ਨੂੰ ਸਕੂਲ ਜਾਣ ਦਾ ਮੌਕਾ ਨਹੀਂ ਮਿਲਿਆ। ਉਸ ਦਾ ਬਚਪਨ ਨਿਮਨ ਪਰਿਵਾਰਾਂ ਦੇ ਆਮ ਬੱਚਿਆਂ ਵਾਂਗ ਬੀਤਿਆ। ਇਸ ਇਲਾਕੇ ਵਿੱਚ ਕਈ ਪ੍ਰਸਿੱਧ ਮੇਲੇ ਲੱਗਦੇ ਅਤੇ ਛਿੰਝਾਂ ਪੈਂਦੀਆਂ ਸਨ। ਇਨ੍ਹਾਂ ਵਿੱਚ ਮੰਢਾਲੀ ਸ਼ਰੀਫ ਦਾ ਮੇਲਾ, ਸ਼ੰਕਰ ਦੀ ਛਿੰਝ, ਸ਼ਰੀਂਹ ਦੀ ਛਿੰਝ, ਰੂਪੋਵਾਲ ਦੀ ਛਿੰਝ ਆਦਿ ਮਸ਼ਹੂਰ ਸਨ। ਪਰਗਣ ਵੀ ਆਪਣੇ ਪਿਤਾ ਅਤੇ ਭਰਾਵਾਂ ਨਾਲ ਇਨ੍ਹਾਂ ਮੇਲਿਆਂ ’ਤੇ ਜਾਂਦਾ ਸੀ। ਇੱਥੇ ‘ਤੂੰਬੇ ਜੋੜੀ’ ਵਾਲੇ ਰਾਗੀਆਂ ਦਾ ਆਮ ਬੋਲਬਾਲਾ ਹੁੰਦਾ ਸੀ। ਇਨ੍ਹਾਂ ਨੂੰ ਸੁਣ-ਸੁਣ ਕੇ ਪਰਗਣ ਨੂੰ ਵੀ ਇਸ ਗਾਇਕੀ ਨਾਲ ਲਗਾਅ ਹੋ ਗਿਆ। ਹਾੜ੍ਹੀਆਂ ਵੇਲੇ ਕਣਕ ਦੇ ਵੱਢਾਂ ਵਿੱਚੋਂ ਉਹ ਨਾੜ ਇਕੱਠਾ ਕਰ ਲੈਂਦੇ ਅਤੇ ਉਸ ਦੀ ਨਾਲੀ ਵਿੱਚ ਫੂਕਾਂ ਮਾਰ ਕੇ ਪਾਣੀ ਵਿੱਚ ਬੁਲਬੁਲੇ ਉਠਾਉਂਦੇ। ਇਸ ਤਰ੍ਹਾਂ ਕਰਦਾ ਕਰਦਾ ਉਹ ਸਾਹ ਪਲਟਾਉਣ ਲੱਗ ਗਿਆ। ਪੰਦਰਾਂ ਸੌਲਾਂ ਸਾਲ ਦੀ ਉਮਰ ਵਿੱਚ ਉਹ ਕਰਤਾਰ ਪੁਰੋਂ ਰਾਮੂ ਘੁਮਾਰ ਤੋਂ ‘ਜੋੜੀ’ (ਅਲਗੋਜ਼ੇ) ਖ਼ਰੀਦ ਲਿਆਇਆ। ਇਹ ‘ਜੋੜੀ’ ਉਸ ਨੇ ਦਸਾਂ ਰੁਪਈਆਂ ਦੀ ਖ਼ਰੀਦੀ। ਪਿੰਡ ਦਾ ਸ਼ਰਧੂ ਰਾਗੀ ਗਾਉਂਦਾ ਸੀ ਅਤੇ ਚੈਨ ਸਿੰਘ ਉਸ ਨਾਲ ਤੂੰਬਾ ਵਜਾਉਂਦਾ ਸੀ। ਪਰਗਣ ਨੇ ਇਨ੍ਹਾਂ ਨਾਲ ਜੋੜੀ ਵਜਾਉਣੀ ਸ਼ੁਰੂ ਕਰ ਦਿੱਤੀ। ਇਹ ਤਿੰਨੇ ਰਲਕੇ ਅਭਿਆਸ ਕਰਦੇ। ਇਸ ਤਰ੍ਹਾਂ ਪਰਗਣ ਦੀ ਇਸ ਗਾਇਕੀ ਨਾਲ ਸਾਂਝ ਪੀਢੀ ਹੁੰਦੀ ਗਈ। ਜੋੜੀ ਵਜਾਉਣੀ ਤਾਂ ਉਹ ਸਿੱਖ ਗਿਆ, ਪ੍ਰੰਤੂ ਇਸ ਕਲਾ ਦੀਆਂ ਬਾਰੀਕੀਆਂ ਬਾਰੇ ਉਸ ਦੀ ਜਾਣਕਾਰੀ ਅਧੂਰੀ ਸੀ। ਇਸ ਜਾਣਕਾਰੀ ਨੂੰ ਪੂਰਾ ਕਰਨ ਲਈ ਉਸ ਨੇ ਬੰਗਿਆਂ ਨੇੜਲੇ ਪਿੰਡ ਭੁੱਖੜੀ ਦੇ ਸਿਮਰੂ ਨੂੰ ਉਸਤਾਦ ਧਾਰ ਲਿਆ। ਕਈ ਸਾਲ ਉਸਤਾਦ ਕੋਲ ਰਹਿ ਕੇ ਇਸ ਰਾਗ ਦੇ ਗੁਰ ਸਿੱਖੇ।

ਆਪਣੇ ਆਪ ’ਤੇ ਭਰੋਸਾ ਹੋਣ ਤੋਂ ਬਾਅਦ ਉਸਤਾਦ ਤੋਂ ਅਸ਼ੀਰਵਾਦ ਲੈ ਕੇ ਪਰਗਣ ਰਾਗੀ ਹਰੀ ਦਾਸ ਖਲਵਾੜੇ ਵਾਲੇ ਦੇ ਜੁੱਟ ਵਿੱਚ ਸ਼ਾਮਲ ਹੋ ਗਿਆ। ਪਾਛੂ ਸਾਥੀ ਤੂੰਬਾ ਵਾਦਕ ਭਾਗ ਸਿੰਘ ਪੁਰੇ ਵਾਲਾ ਗੁਰਮੇਲ ਗੇਲੂ ਸੀ। ਇਸ ਜੁੱੱਟ ਨਾਲ ਪਰਗਣ ਨੇ ਕਈ ਦਹਾਕੇ ਲਗਾਤਾਰ ਜੋੜੀ ਵਜਾਈ। ਮੇਲਿਆਂ ਅਤੇ ਛਿੰਝਾਂ ਦੇ ਅਖਾੜਿਆਂ ਤੋਂ ਇਲਾਵਾ ਵਿਆਹਾਂ ਸ਼ਾਦੀਆਂ ਅਤੇ ਪਿੰਡ ਦੇ ਸਾਂਝੇ ਪ੍ਰੋਗਰਾਮਾਂ ’ਤੇ ਵੀ ਅਖਾੜੇ ਲਾਏ। ਦੁਆਬੇ ਦੇ ਨਾਲ ਨਾਲ ਮਾਲਵੇ ਅਤੇ ਪੁਆਧ ਖੇਤਰ ਵਿੱਚ ਵੀ ਪੈੜਾਂ ਪਾਈਆਂ। ਇਸੇ ਜੁੱਟ ਨਾਲ ਉਹ ਕਲਕੱਤਾ ਵੀ ਗਿਆ। ਉੱਥੇ ਵਸਦੇ ਪੰਜਾਬੀਆਂ ਨੇ ਇਨ੍ਹਾਂ ਨੂੰ ਭਰਪੂਰ ਮਾਣ ਸਤਿਕਾਰ ਦਿੱਤਾ। ਹਰੀ ਦਾਸ ਤੋਂ ਇਲਾਵਾ ਪਰਗਣ ਨੇ ਸਮੇਂ ਸਮੇਂ ’ਤੇ ਇਸ ਗਾਇਕੀ ਦੇ ਬਾਬਾ ਬੋਹੜ ਮਾਲੇਰਕੋਟਲੇ ਵਾਲੇ ਇਬਰਾਹੀਮ ਘੁੱਦੂ ਨਾਲ ਵੀ ਸਾਈਆਂ ਲੁਆਈਆਂ। ਦੁਗਰੀ ਵਾਲੇ ਮੇਹਰੂ, ਰਾਵਾਂ ਖੇਲਾ ਵਾਲੇ ਦਰਸ਼ਨ, ਲਸ਼ਕਰੀ ਰਾਮ ਮਹਿਰਮਪੁਰ ਅਤੇ ਹੋਰ ਕਈ ਨਾਮੀ ਰਾਗੀਆਂ ਨਾਲ ਵੀ ਜੋੜੀ ਵਜਾਈ। ਬਾਅਦ ਵਿੱਚ ਉਹ ਕਈ ਨਵੇਂ ਰਾਗੀਆਂ ਦਾ ਸਾਥ ਵੀ ਦਿੰਦਾ ਰਿਹਾ, ਜਿਨ੍ਹਾਂ ਵਿੱਚ ਗੁਰਮੀਤ ਕਾਲਾ, ਕੁੱਕੂ ਰਾਗੀ, ਮੱਖਣ ਰਾਗੀ ਮਹਿਰਮਪੁਰੀਆ ਆਦਿ ਸ਼ਾਮਲ ਰਹੇ ਹਨ।

ਪਰਗਣ ਰਾਮ ਇੱਕ ਮਾਹਰ ਜੋੜੀ ਵਾਦਕ ਰਿਹਾ ਹੈ। ਉਹ ਇਸ ਰਾਗ ਦੀਆਂ ਭਿੰਨ-ਭਿੰਨ ਤਰਜ਼ਾਂ ਵਜਾਉਣ ਦੇ ਸਮਰੱਥ ਸੀ। ਸੱਸੀ, ਸੋਹਣੀ, ਹੀਰ, ਮਲਕੀ, ਢੋਲ ਸੰਮੀ, ਮਿਰਜ਼ਾ, ਦੁੱਲਾ, ਦਹੂਦ, ਜਿਉਣਾ ਮੌੜ ਆਦਿ ਲੜੀਆਂ ਤੋਂ ਇਲਾਵਾ ਉਹ ਹਰ ਪ੍ਰਕਾਰ ਦੇ ‘ਰੰਗਾਂ’ ਨੂੰ ਆਪਣੇ ਅਲਗੋਜ਼ਿਆਂ ਦੇ ਸੁਰਾਂ ਵਿੱਚ ਇੱਕ ਸੁਰ ਕਰ ਲੈਂਦਾ ਸੀ। ਜੋੜੀ ਵਜਾਉਣ ਦੇ ਨਾਲ ਨਾਲ ਪਰਗਣ ਦੇ ਬਹੁਤ ਸਾਰਾ ਰਾਗ ਵੀ ਕੰਠ ਹੈ। ਜਦੋਂ ਕੋਈ ਜਾਣ ਪਛਾਣ ਵਾਲਾ ਉਸ ਦਾ ਪਤਾ ਲੈਣ ਆਉਂਦਾ ਹੈ, ਤਾਂ ਉਹ ਕੋਈ ਨਾ ਕੋਈ ‘ਰੰਗ’ ਉਸ ਨਾਲ ਸਾਂਝਾ ਕਰ ਲੈਂਦਾ ਹੈ। ਮੈਨੂੰ ਵੀ ਉਸ ਨੇ ‘ਸੱਸੀ’ ਦੀ ਗਾਥਾ ਸੁਣਾਈ;

ਅਜ਼ਰਾਈਲ ਖ਼ੁਦਾ ਦਾ ਮੰਨ ਕਹਿਣਾ

ਲੈਣ ਸੱਸੀ ਗਰੀਬ ਦੀ ਜਾਨ ਆਇਆ।

ਅੱਗਾ ਦੇਖ ਕੇ ਗਿਆ ਉਹ ਭੁੱਲ ਪਿੱਛਾ

ਅੱਗੋਂ ਹੋਰ ਦਾ ਹੋਰ ਬਿਆਨ ਆਇਆ।

ਕਬਜ਼ਾ ਕਰਨ ਲੱਗਾ ਜਦੋਂ ਜਾਨ ਉਹਦੀ

ਸੱਸੀ ਸਮਝ ਗਈ ਮੇਰਾ ਇਹ ਖ਼ਾਨ ਆਇਆ।

ਗੁੱਸੇ ਨਾਲ ਕਹਿੰਦਾ ਅਜ਼ਰਾਈਲ ਆਂ ਮੈਂ

ਤੇਰੀ ਸੱਸੀਏ ਜਾਨ ਮੁਕਾਣ ਆਇਆ।

ਮੈਨੂੰ ਭੇਜਿਆ ਰੱਬ ਨੇ ਵੱਲ ਤੇਰੇ

ਜਿੰਦ ਤੇਰੀ ਮੈਂ ਲੇਖੇ ਲਾਣ ਆਇਆ।

ਸੱਸੀ ਆਖਦੀ ਕੌਣ ਹੈ ਰੱਬ ਤੇਰਾ

ਜਿੰਦ ਕੇਹਦੀ ਤੂੰ ਲੇਖੇ ਲਾਣ ਆਇਆ।

ਤੈਨੂੰ ਪਤਾ ਹੈ ਮੈਂ ਅਮਾਨ ਕੇਹਦੀ

ਜੇਹਦੀ ਸਿਫ਼ਤ ਦੇ ਵਿੱਚ ਕੁਰਾਨ ਆਇਆ।

ਜੇਹਦਾ ਮਾਲ ਹੈ ਉਸ ਤੋਂ ਮੰਗ ਜਾ ਕੇ

ਲੁੱਟੀ ਹੋਈ ਤੋਂ ਲੈਣ ਕੀ ਦਾਨ ਆਇਆ।

ਅਖਾੜਿਆਂ ਤੋਂ ਬਿਨਾਂ ਹਰੀ ਦਾਸ ਦੀ ਬਹੁਤ ਸਾਰੀ ਰਿਕਾਰਡਿੰਗ ਯੂਟਿਊਬ ’ਤੇ ਸੁਣੀ ਜਾ ਸਕਦੀ ਹੈ, ਜਿਸ ਵਿੱਚ ਪਰਗਣ ਰਾਮ ਦੀ ਜੋੜੀ ਹੈ। ਇਸ ਵਿੱਚ ਸੱਸੀ, ਹੀਰ-ਰਾਂਝਾ, ਲੈਲਾ-ਮਜਨੂ, ਮਲਕੀ, ਪੂਰਨ, ਕਿੱਸਾ ਗੌਂਸ ਪਾਕ ਆਦਿ ਗਾਥਾਵਾਂ ਸ਼ਾਮਲ ਹਨ। ਇਸ ਤੋਂ ਇਲਾਵਾ 2013 ਵਿੱਚ ਰਾਗੀ ਰਾਮ ਲਾਲ ਜੌਹਲਾਂ ਦੇ ਪੁੱਤਰ ਮਨਜੀਤ ਲਾਲ ਬੱਗਾ ਵੱਲੋਂ ਕਈ ਰਾਗੀਆਂ ਦੀ ਸਪੈਸ਼ਲ ਰਿਕਾਰਡਿੰਗ ਆਪਣੇ ਘਰ ਪਿੰਡ ਜੌਹਲਾਂ ਵਿਖੇ ਕੀਤੀ ਗਈ। ਇਸ ਵਿੱਚ ਪਰਗਣ ਰਾਮ ਨੇ ਲਸ਼ਕਰੀ ਰਾਮ ਮਹਿਰਮਪੁਰ, ਕਰਤਾਰ ਚੰਦ, ਰਾਮ ਲਾਲ ਜੌਹਲਾਂ ਅਤੇ ਹਰੀ ਦਾਸ ਖਲਵਾੜਾ ਨਾਲ ਜੋੜੀ ਵਜਾਈ ਹੋਈ ਹੈ। ਇਹ ਰਿਕਾਰਡਿੰਗ ‘ਮਨਜੀਤ ਬੱਗਾ ਸੂਫ਼ੀ ਸੌਂਗਜ਼’ ਯੂਟਿਊਬ ਚੈਨਲ ’ਤੇ ਉਪਲੱਬਧ ਹੈ।

ਸਮੇਂ ਅਨੁਸਾਰ ਪਰਗਣ ਰਾਮ ਗ੍ਰਹਿਸਥ ਦੀ ਗੱਡੀ ਦਾ ਸਵਾਰ ਬਣਿਆ। ਉਸ ਦੀ ਹਮਸਫ਼ਰ ਬਣੀ ਜ਼ਿਲ੍ਹਾ ਨਵਾਂ ਸ਼ਹਿਰ ਦੇ ਪਿੰਡ ਪਲਾਚੌਰ ਨਿਵਾਸੀ ਪੁੰਨਾ ਸਿੰਘ ਅਤੇ ਮਾਹੋ ਦੀ ਧੀ ਸਿਮਰੋ। ਸਿਮਰੋ ਨੇ ਪਰਗਣ ਦਾ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿੱਤਾ। ਇਸ ਜੋੜੀ ਦੇ ਘਰ ਦੋ ਪੁੱਤਰਾਂ ਅਤੇ ਇੱਕ ਧੀ ਨੇ ਜਨਮ ਲਿਆ। ਪੁੱਤਰਾਂ ਵਿੱਚੋਂ ਕਿਸੇ ਨੇ ਵੀ ਉਸ ਵਾਲੀ ਲਾਈਨ ਨਹੀਂ ਫੜੀ। ਪਿਛਲੇ ਸਾਲ 28 ਜੂਨ ਤੋਂ 1 ਜੁਲਾਈ ਤੱਕ ਰੋਜ਼ਾ ਮੰਢਾਲੀ ਸ਼ਰੀਫ ਦਾ ਸਾਲਾਨਾ ਉਰਸ ਸੀ। ਇੱਥੇ ਪਰਗਣ ਰਾਮ ਨੇ ਮੱਖਣ ਰਾਮ ਮਹਿਰਮਪੁਰ, ਮੋਹਣ ਲਾਲ ਫਰਾਲਾ ਆਦਿ ਰਾਗੀਆਂ ਨਾਲ ਜੋੜੀ ਵਜਾਈ। ਸ਼ਾਮ ਨੂੰ ਘਰ ਆਉਣ ’ਤੇ ਉਸ ਨੂੰ ਮਹਿਸੂਸ ਹੋਇਆ ਕਿ ਉਸ ਦੀਆਂ ਲੱਤਾਂ ਭਾਰ ਨਹੀਂ ਝੱਲ ਰਹੀਆਂ। ਫਿਰ ਅਗਲੇ ਦਿਨ ਪਤਾ ਲੱਗਿਆ ਕਿ ਉਸ ਦੀ ਰੀੜ੍ਹ ਦੀ ਹੱਡੀ ਦਾ ਕੋਈ ਮਣਕਾ ਦੱਬ ਗਿਆ। ਓਹੜ-ਪੋਹੜ ਤਾਂ ਬਥੇਰੇ ਕੀਤੇ, ਪ੍ਰੰਤੂ ਘਰ ਦੀ ਗ਼ਰੀਬੀ ਕਾਰਨ ਸਹੀ ਢੰਗ ਨਾਲ ਇਲਾਜ ਨਹੀਂ ਹੋ ਸਕਿਆ। ਪਿਛਲੇ ਦਸ ਗਿਆਰਾਂ ਮਹੀਨਿਆਂ ਤੋਂ ਉਹ ਮੰਜੇ ’ਤੇ ਹੀ ਹੈ। ਪੰਜਾਬ ਸਰਕਾਰ ਅਤੇ ਸੱਭਿਆਚਾਰਕ ਸੰਸਥਾਵਾਂ ਜਿਹੜੀਆਂ ਸੱਭਿਆਚਾਰਕ ਮੇਲਿਆਂ ’ਤੇ ਮਹਿੰਗੇ ਕਲਾਕਾਰਾਂ ’ਤੇ ਲੱਖਾਂ ਰੁਪਏ ਰੋੜ੍ਹ ਦਿੰਦੀਆਂ ਹਨ, ਨੂੰ ਵੀ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ। ਸ਼ਾਲਾ! ਪਰਗਣ ਰਾਮ ਦੇ ਅਲਗੋਜ਼ਿਆਂ ਦੇ ਸੁਰ ਮੁੜ ਤੋਂ ਅਖਾੜਿਆਂ ਵਿੱਚ ਗੂੰਜਣ।

ਸੰਪਰਕ: 84271-00341

Advertisement