ਖ਼ੂਬਸੂਰਤ ਗੀਤਾਂ ਦਾ ਰਚੇਤਾ ਨਿੰਮਾ ਲੁਹਾਰਕਾ
ਨਿੰਮਾ ਲੁਹਾਰਕਾ ਦੀ ਕਲਮ ’ਚੋਂ ਨਿਕਲੇ ਅਣਗਿਣਤ ਗੀਤਾਂ ਦੇ ਬੋਲ ਦੱਸਦੇ ਹਨ ਕਿ ਉਹ ਰੱਬ ਦੇ ਕਿੰਨਾ ਨੇੜੇ ਹੈ। ਉਸ ਦਾ ਰਚਿਆ ਇੱਕ-ਇੱਕ ਗੀਤ ਉਸ ਨੂੰ ਲੌਕਿਕ ਤੇ ਅਲੌਕਿਕ ਰੰਗਾਂ ਵਾਲਾ ਸ਼ਾਇਰ ਹੋਣ ਦਾ ਰੁਤਬਾ ਪ੍ਰਦਾਨ ਕਰਦਾ ਹੈ। ਅੰਮ੍ਰਿਤਸਰ ਦੇ ਨਾਲ ਨਿੰਮੇ ਦਾ ਪਿੰਡ ਲੁਹਾਰਕਾ ਵਸਦਾ ਹੈ। ਉਸ ਦਾ ਅਸਲੀ ਨਾਂ ਨਿਰਮਲ ਸਿੰਘ ਹੈ ਅਤੇ ਉਸ ਦਾ ਜਨਮ 24 ਮਾਰਚ 1977 ਨੂੰ ਦਲਬੀਰ ਕੌਰ ਤੇ ਦਰਸ਼ਨ ਸਿੰਘ ਦੇ ਘਰ ਹੋਇਆ।
ਨਿੰਮੇ ਨੂੰ ਗੀਤ ਸੁਣਨ ਅਤੇ ਗੁਣਗੁਣਾਉਣ ਦਾ ਸ਼ੌਕ ਉਦੋਂ ਪਿਆ ਜਦੋਂ ਉਹ ਅਜੇ ਚੌਥੀ ਪੰਜਵੀ ਜਮਾਤ ਵਿੱਚ ਪੜ੍ਹਦਾ ਸੀ। ਉਸ ਨੂੰ ਬੇਸ਼ੱਕ ਗੀਤਕਾਰੀ ਵਿਰਸੇ ਵਿੱਚ ਨਹੀਂ ਮਿਲੀ, ਪਰ ਉਸ ਦੇ ਦੱਸਣ ਮੁਤਾਬਕ ਉਸ ਦੇ ਦਾਦਾ ਜੀ ਨੂੰ ਪੰਜਾਬੀ ਕਿੱਸੇ ਪੜ੍ਹਨ ਅਤੇ ਪਿੰਡ ਦੀਆਂ ਸੱਥਾਂ ਵਿੱਚ ਉਹ ਕਿੱਸੇ ਸੁਣਾਉਣ ਦਾ ਬਹੁਤ ਸ਼ੌਕ ਸੀ। ਉਸ ਨੇ ਆਪਣਾ ਪਹਿਲਾ ਗੀਤ ਦਸਵੀਂ ਜਮਾਤ ਵਿੱਚ ਪੜ੍ਹਨ ਦੌਰਾਨ ਉਦੋਂ ਲਿਖਿਆ ਜਦੋਂ ਸਕੂਲ ਵਿੱਚ ਖੇਡੇ ਇੱਕ ਨਾਟਕ ਵਿੱਚ ਭਾਗ ਲੈਣ ਦੇ ਦੌਰਾਨ ਉਸ ਦੇ ਅਧਿਆਪਕ ਨੇ ਉਸ ਨੂੰ ਗੀਤ ਲਿਖਣ ਲਈ ਕਿਹਾ। ਇਹ ਗੀਤ ਸੀ...‘ਨਨਕਾਣੇ ਵੱਲ ਜਾਂਦੇ ਰਾਹੀਓ।’ ਬਚਪਨ ਵਿੱਚ ਪੰਜਾਬੀ ਦੇ ਮਕਬੂਲ ਅਤੇ ਚੰਗਾ ਲਿਖਣ ਵਾਲੇ ਗੀਤਕਾਰਾਂ ਦੇ ਲਿਖੇ ਗੀਤਾਂ ਦੀਆਂ ਪੁਸਤਕਾਂ ਪੜ੍ਹਨਾ ਅਤੇ ਵਧੀਆ ਪੰਜਾਬੀ ਗਾਇਕਾਂ ਦੇ ਗਾਏ ਗੀਤ ਸੁਣਨ ਦੇ ਸ਼ੌਕ ਨੇ ਉਸ ਦੀ ਲਿਖਣ ਕਲਾ ਵਿੱਚ ਪਰਿਪੱਕਤਾ ਲਿਆਂਦੀ।
ਸ਼ੁਰੂ ਸ਼ੁਰੂ ਵਿੱਚ ਨਿੰਮੇ ਨੂੰ ਗਾਉਣ ਦਾ ਬੇਹੱਦ ਸ਼ੌਕ ਸੀ। 1994 ਵਿੱਚ ਦਸਵੀਂ ਕਰਨ ਤੋਂ ਬਾਅਦ ਉਸ ਨੇ ਸੰਗੀਤ ਸਿੱਖਣ ਲਈ ਲੁਧਿਆਣੇ ਜਾਣ ਦਾ ਮਨ ਬਣਾਇਆ। ਸ਼ੁਰੂ ਸ਼ੁਰੂ ਵਿੱਚ ਉਸ ਨੂੰ ਉੱਥੇ ਰਹਿਣਾ ਬੜਾ ਔਖਾ ਲੱਗਾ। ਫਿਰ ਹੌਲੀ ਹੌਲੀ ਉਸ ਦੀ ਉੱਥੇ ਪਛਾਣ ਬਣਨ ਲੱਗੀ। ਇਸੇ ਦੌਰਾਨ ਕੁਝ ਦਿਨ ਉਹ ਪ੍ਰਸਿੱਧ ਲੋਕ ਗਾਇਕ ਦੀਦਾਰ ਸੰਧੂ ਦੇ ਘਰ ਉਸ ਦੇ ਪਿੰਡ ਭਰੋਵਾਲ ਵੀ ਰਿਹਾ। ਗਾਇਕਾਂ ਦੀ ਸੰਗਤ ਮਾਣਦਿਆਂ ਉਸ ਨੂੰ ਸੰਗੀਤ ਨਾਲੋਂ ਗੀਤ ਲਿਖਣਾ ਜ਼ਿਆਦਾ ਚੰਗਾ ਲੱਗਣ ਲੱਗਾ ਤੇ ਨਾਲ ਹੀ ਉੱਥੋਂ ਦੇ ਸਾਰੇ ਗਾਇਕ ਨਿੰਮੇ ਦੀ ਗੀਤਕਾਰੀ ਤੋਂ ਵੀ ਵਾਕਿਫ਼ ਹੋਣ ਲੱਗੇ। ਉਸ ਨੇ ਗੀਤਕਾਰੀ ਲਈ ਆਪਣਾ ਅਸਲੀ ਨਾਂ ਨਿਰਮਲਜੀਤ ਸਿੰਘ ਵਰਤਣ ਦੀ ਥਾਂ ਕਲਮੀ ਨਾਂ ਘਰ ਦਾ ਨਾਂ ਨਿੰਮਾ ਅਤੇ ਪਿੰਡ ਦਾ ਨਾਂ ਲੁਹਾਰਕੇ ਜੋੜ ਕੇ ਨਿੰਮਾ ਲੁਹਾਰਕਾ ਰੱਖ ਲਿਆ।
ਉਸ ਦਾ ਪਹਿਲਾ ਗੀਤ ਉਸ ਦੇ ਲੁਧਿਆਣੇ ਰਹਿੰਦਿਆਂ 1995 ਵਿੱਚ ਰਿਕਾਰਡ ਹੋ ਗਿਆ ਸੀ। ਛੋਟੀ ਉਮਰੇ ਹੀ ਪਹਿਲਾ ਗੀਤ ਰਿਕਾਰਡ ਹੋਣਾ ਉਸ ਲਈ ਬਹੁਤ ਵੱਡੀ ਉਪਲੱਬਧੀ ਸੀ। ਗੀਤਕਾਰ ਸ਼ਮਸ਼ੇਰ ਸੰਧੂ ਦੁਆਰਾ ਜਲੰਧਰ ਦੂਰਦਰਸ਼ਨ ’ਤੇ ਪੇਸ਼ ਕੀਤੇ ਜਾਂਦੇ ਸੰਗੀਤਕ ਪ੍ਰੋਗਰਾਮ ‘ਲੋਕ ਰੰਗ’ ਲਈ ਲੋਕ ਗਾਇਕ ਹਰਭਜਨ ਟਾਣਕ ਦੀ ਆਵਾਜ਼ ਵਿੱਚ ਉਸ ਦਾ ਲਿਖਿਆ ਪਹਿਲਾ ਗੀਤ ‘ਚਿੱਠੀ ਮੈਂ ਤੈਨੂੰ ਲਿਖਾਂ ਲਾਲ ਵੇ ਵਿੱਚ ਹੰਝੂਆਂ ਦੇ ਕਲਮ ਡੁਬੋ ਕੇ’ ਰਿਕਾਰਡ ਕੀਤਾ ਗਿਆ। ਦੂਸਰਾ ਗੀਤ ਕੁਲਦੀਪ ਮਾਣਕ ਦੇ ਭਤੀਜੇ ਪ੍ਰਗਟ ਖਾਨ ਵੱਲੋਂ ਗਾਇਆ ਗਿਆ ਜਿਸ ਦੇ ਬੋਲ ਸਨ, ‘ਹਾਏ ਉਏ ਰੱਬਾ ਉੱਚੀਆਂ ਹਵੇਲੀਆਂ ਬਚਪਨ ਦਾ ਪਿਆਰ ਖੋ ਕੇ ਲੈ ਗਈਆਂ।’ 1995 ਵਿੱਚ ਹੀ ਗਾਇਕ ਕੁਲਵਿੰਦਕ ਢਿੱਲੋਂ ਦੀ ਐਲਬਮ ‘ਗਰੀਬਾਂ ਨੇ ਕੀ ਪਿਆਰ ਕਰਨਾ’ ਦੇ ਟਾਈਟਲ ਹੇਠ ਰਿਲੀਜ਼ ਹੋਈ। ਇਸ ਵਿੱਚ ਨਿੰਮੇ ਦਾ ਲਿਖਿਆ ਟਾਈਟਲ ਗੀਤ ‘ਅੱਧ ਵਿੱਚ ਟੁੱਟ ਜਾਂਦਾ ਰੱਬਾ ਡਾਢਿਆ, ਗਰੀਬਾਂ ਨੇ ਕੀ ਪਿਆਰ ਕਰਨਾ’ ਅਤੇ ਦੂਸਰਾ ਗੀਤ ‘ਦੱਸ ਤੈਨੂੰ ਸਾਡਾ ਚੰਦਰੀਏ ਕਿਉਂ ਚੇਤਾ ਆਉਂਦਾ ਨਈ’ ਸ਼ਾਮਲ ਕੀਤੇ ਗਏ। ਇੰਝ ਉਹ ਗੀਤ ਲਿਖਦਾ ਗਿਆ ਤੇ ਉਸ ਦੇ ਗੀਤ ਵੱਖ ਵੱਖ ਗਾਇਕਾਂ ਦੀਆਂ ਆਵਾਜ਼ਾਂ ਵਿੱਚ ਰਿਕਾਰਡ ਹੁੰਦੇ ਗਏ। ਛੇਤੀ ਹੀ ਉਹ ਗਾਇਕ ਕੁਲਵਿੰਦਰ ਢਿੱਲੋਂ ਦੀ ਮਦਦ ਨਾਲ ਸੰਗੀਤ ਕੰਪਨੀ ਫਾਈਨਟੋਨ ਦੀ ਟੀਮ ਵਿੱਚ ਸ਼ਾਮਲ ਹੋ ਗਿਆ।
ਉਸ ਨੂੰ ਹਿੱਟ ਗੀਤਕਾਰਾਂ ਦੀ ਸੂਚੀ ਵਿੱਚ ਸ਼ਾਮਲ ਕਰਨ ਵਾਲਾ ਗੀਤ ਫਾਈਨਟੱਚ ਸੰਗੀਤ ਕੰਪਨੀ ਦੁਆਰਾ 2002 ਵਿੱਚ ਰਿਲੀਜ਼ ਕੀਤਾ ਗਿਆ। ਇਸ ਗੀਤ ਦੀ ਮਕਬੂਲੀਅਤ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਸਨ। ਗਾਇਕ ਨਛੱਤਰ ਗਿੱਲ ਦੁਆਰਾ ਗਾਏ ਇਸ ਗੀਤ ਦੇ ਬੋਲ ਸਨ;
ਅਸੀਂ ਤੇਰੇ ਨਾਲ ਲਾਈਆਂ ਸੀ ਨਿਭਾਉਣ ਵਾਸਤੇ
ਦਿਲ ਦਿੱਤਾ ਨਹੀਂ ਸੀ ਠੋਕਰਾਂ ਲਵਾਉਣ ਵਾਸਤੇ
ਨਿੰਮੇ ਦੇ ਲਿਖੇ ਗੀਤਾਂ ਨੂੰ ਪੰਜਾਬ ਦੇ ਚੋਟੀ ਦੇ ਗਾਇਕਾਂ ਨੇ ਗਾਇਆ, ਜਿਨ੍ਹਾਂ ਵਿੱਚ ਕੁਲਵਿੰਦਰ ਢਿੱਲੋਂ, ਇੰਦਰਜੀਤ ਨਿੱਕੂ, ਰਵਿੰਦਰ ਗਰੇਵਾਲ, ਦਿਲਜੀਤ ਦੁਸਾਂਝ, ਲਖਵਿੰਦਰ ਵਡਾਲੀ, ਅਮਰਿੰਦਰ ਗਿੱਲ, ਕੁਲਵਿੰਦਰ ਬਿੱਲਾ, ਫ਼ਿਰੋਜ਼ ਖਾਨ, ਮਲਕੀਤ ਸਿੰਘ, ਹਰਭਜਨ ਸ਼ੇਰਾ ਅਤੇ ਹੋਰ ਬਹੁਤ ਸਾਰੇ। ਉਂਜ ਤਾਂ ਅਮਰਿੰਦਰ ਗਿੱਲ ਦੀ ਆਵਾਜ਼ ਵਿੱਚ ਨਿੰਮੇ ਦੇ ਬਹੁਤ ਸਾਰੇ ਗੀਤ ਰਿਕਾਰਡ ਹੋਏ, ਪਰ ਨਿਮਨ ਗੀਤ ਪੰਜਾਬੀ ਗੀਤਕਾਰੀ ਦਾ ਉੱਤਮ ਨਮੂਨਾ ਹੈ:
ਰਹੀਏ ਹਰ ਵੇਲੇ ਤੇਰਿਆਂ ਖ਼ਿਆਲਾਂ ਵਿੱਚ ਖੋਏ
ਤੈਨੂੰ ਪਾ ਕੇ ਸਾਨੂੰ ਲੱਗੇ ਅਸੀਂ ਭਾਗਾਂ ਵਾਲੇ ਹੋਏ
ਸਾਡਾ ਤੇਰੇ ਨਾਲ ਜਹਾਨ ਤੂੰ ਹੀ ਜੀਣ ਦਾ ਸਹਾਰਾ
ਤੂੰ ਤੇ ਸਾਹਾਂ ਤੋਂ ਵੀ ਨੇੜੇ ਤੂੰ ਤੇ ਜਾਨ ਤੋਂ ਵੀ ਪਿਆਰਾ
ਐਲਬਮ ‘ਦੂਰੀਆਂ’ ਦਾ ਇਹ ਟਰੈਕ ਬੇਹੱਦ ਪਸੰਦ ਕੀਤਾ ਗਿਆ। ਅਮਰਿੰਦਰ ਗਿੱਲ ਦੀ ਇੱਕ ਹੋਰ ਸੁਪਰਹਿੱਟ ਐਲਬਮ ‘ਜੁਦਾਅ’ ਦਾ ਗੀਤ ‘ਕੀ ਸਮਝਾਈਏ ਸੱਜਣਾ ਇਨ੍ਹਾਂ ਨੈਣ ਕਮਲਿਆਂ ਨੂੰ’ ਸੰਗੀਤ ਪ੍ਰੇਮੀਆਂ ਨੇ ਬੇਹੱਦ ਪਸੰਦ ਕੀਤਾ। 1994 ਤੋਂ ਲੈ ਕੇ ਹੁਣ ਤੱਕ ਨਿੰਮੇ ਦੇ 500 ਦੇ ਕਰੀਬ ਗੀਤ ਰਿਕਾਰਡ ਹੋ ਚੁੱਕੇ ਹਨ ਜਿਨ੍ਹਾਂ ਨੂੰ 150 ਦੇ ਕਰੀਬ ਗਾਇਕਾਂ ਨੇ ਗਾਇਆ ਹੈ। ਉਸ ਦੇ ਗੀਤਾਂ ਵਿੱਚ ਅਜਿਹੇ ਗੀਤ ਵੀ ਸ਼ਾਮਲ ਹਨ ਜੋ ਕੈਸੇਟਾਂ ਦੇ ਟਾਈਟਲ ਗੀਤ ਬਣੇ ਅਤੇ ਨਾਲ ਹੀ ਕੁਝ ਅਜਿਹੇ ਗੀਤ ਵੀ ਹਨ ਜੋ ਸਰੋਤਿਆਂ ਦੇ ਜ਼ਿਹਨ ਵਿੱਚ ਹਮੇਸ਼ਾਂ ਵੱਸਦੇ ਹਨ। ਇਸੇ ਲੜੀ ਵਿੱਚ ਗਾਇਕ ਨਛੱਤਰ ਗਿੱਲ ਦਾ ਗਾਇਆ ਗੀਤ ਹੈ;
ਰਹੀਆਂ ਅੱਖੀਆਂ ਬੇਚੈਨ
ਤੇਰਾ ਮੁੱਖ ਵੇਖੇ ਬਿਨ ਤੇਰਾ ਮੁੱਖ ਵੇਖੇ ਬਿਨ
ਉਸ ਨੇ ਹਰ ਵਿਸ਼ੇ ’ਤੇ ਗੀਤ ਲਿਖੇ ਚਾਹੇ ਉਹ ਬੀਟ ਵਾਲੇ ਗੀਤ ਹੋਣ, ਉਦਾਸ ਜਾਂ ਰੁਮਾਂਟਿਕ ਗੀਤ ਹੋਣ, ਨਿੰਮੇ ਦੇ ਲਿਖੇ ਸਾਰੇ ਗੀਤਾਂ ਨੂੰ ਬੇਸ਼ੁਮਾਰ ਸ਼ੁਹਰਤ ਹਾਸਲ ਹੋਈ ਅਤੇ ਉਨ੍ਹਾਂ ਨੂੰ ਗਾਉਣ ਵਾਲਿਆਂ ਨੂੰ ਇੱਜ਼ਤ, ਦੌਲਤ ਤੇ ਕਾਮਯਾਬੀ ਵੀ ਹਾਸਲ ਹੋਈ, ਪਰ ਇੱਕ ਗੀਤਕਾਰ ਵਜੋਂ ਨਿੰਮੇ ਨੂੰ ਜੋ ਸ਼ੁਹਰਤ, ਇੱਜ਼ਤ ਅਤੇ ਦੌਲਤ ਮਿਲਣੀ ਚਾਹੀਦੀ ਸੀ, ਉਹ ਉਸ ਤੋਂ ਮਹਿਰੂਮ ਹੀ ਰਿਹਾ। ਸ਼ਾਇਦ ਜ਼ਿਆਦਾਤਰ ਪੰਜਾਬੀ ਗੀਤਕਾਰਾਂ ਦੀ ਇਹੋ ਹੋਣੀ ਰਹੀ ਕਿ ਉਨ੍ਹਾਂ ਨੂੰ ਉਨ੍ਹਾਂ ਦਾ ਬਣਦਾ ਮਿਹਨਤਾਨਾ ਅਤੇ ਮਾਣ ਸਤਿਕਾਰ ਨਹੀਂ ਮਿਲਿਆ। ਨਿੰਮੇ ਦੀ ਇਹ ਖ਼ਾਸੀਅਤ ਹੈ ਕਿ ਉਹ ਗੀਤ ਲਿਖਣ ਲੱਗਿਆਂ ਉਸ ਦੀ ਕੰਪੋਜੀਸ਼ਨ ਵੀ ਖ਼ੁਦ ਤਿਆਰ ਕਰ ਲੈਂਦਾ ਹੈ। ਉਸ ਨੇ ਕੁਝ ਗੀਤ ਖ਼ੁਦ ਵੀ ਗਾਏ, ਜਿਨ੍ਹਾਂ ਵਿੱਚ ਕਿਸਾਨੀ ਅੰਦੋਲਨ ਵੇਲੇ ਲਿਖਿਆ ਅਤੇ ਗਾਇਆ ਗੀਤ ‘ਕਿਸਾਨ ਵੀਰੋ ਹੌਸਲਾ ਨਾ ਹਾਰਿਓ’ ਅਤੇ ਪ੍ਰਦੇਸ ਗਏ ਪੁੱਤਰ ਲਈ ਮਾਂ ਦੇ ਜਜ਼ਬਾਤ ‘ਪੁੱਤਰ ਭਾਵੇਂ ਗੱਲਾਂ ਦੋ ਦੋ ਘੰਟੇ ਵੀ ਕਰਦੇ, ਪਰ ਵੀਡਿਓ ਕਾਲਾਂ ਨਾਲ ਮਾਵਾਂ ਦੇ ਸੀਨੇ ਨਹੀਂ ਠਰਦੇ’ ਪ੍ਰਮੁੱਖ ਹਨ।
ਪੰਜਾਬੀ ਸੰਗੀਤ ਜਗਤ ਵਿੱਚ ਵਿਲੱਖਣ ਪੈੜਾਂ ਪਾਉਣ ਉਪਰੰਤ ਉਸ ਨੇ ਪੰਜਾਬੀ ਫਿਲਮਾਂ ਲਈ ਵੀ ਗੀਤ ਲਿਖੇ। ‘ਇੱਕ ਕੁੜੀ ਪੰਜਾਬ ਦੀ’ ਵਿੱਚ ਉਸ ਦਾ ਲਿਖਿਆ ਇੱਕ ਗੀਤ ਸ਼ਾਮਲ ਕੀਤਾ। ਅਮਰਿੰਦਰ ਗਿੱਲ ਅਤੇ ਪਾਮੇਲਾ ਜੈਨ ਦੀ ਆਵਾਜ਼ ਵਿੱਚ ਗਾਏ ਇਸ ਗੀਤ ਦੇ ਬੋਲ ਹਨ ‘ਤੇਰਾ ਮੇਰਾ ਨਾਂ’। ਜਸਪਾਲ ਭੱਟੀ ਦੀ ਫਿਲਮ ‘ਪਾਵਰ ਕੱਟ’ ਵਿੱਚ ਨਿੰਮੇ ਦਾ ਲਿਖਿਆ ਅਤੇ ਲਹਿੰਬਰ ਹੁਸੈਨਪੁਰੀ ਦੀ ਆਵਾਜ਼ ਵਿੱਚ ਰਿਕਾਰਡ ਗੀਤ ‘ਘੁੱਟ ਚਾੜ੍ਹ ਕੇ ਅਸਾਂ ਨੇ ਅੱਜ ਨੱਚਣਾ’ ਸ਼ਾਮਲ ਕੀਤਾ ਗਿਆ। ਫਿਲਮ ‘ਡੈਡੀ ਕੂਲ ਮੁੰਡੇ ਫੂਲ’ ਵਿੱਚ ਨਿੰਮੇ ਦੇ ਲਿਖੇ ਤਿੰਨ ਗੀਤ ਸ਼ਾਮਲ ਕੀਤੇ ਗਏ। ਤਿੰਨੋਂ ਗੀਤਾਂ ਨੂੰ ਅਮਰਿੰਦਰ ਗਿੱਲ ਨੇ ਹੀ ਗਾਇਆ। 2023 ਵਿੱਚ ਰਿਲੀਜ਼ ਹੋਈ ਫਿਲਮ ‘ਅੰਨ੍ਹੀ ਦਿਆ ਮਜ਼ਾਕ ਏ’ ਵਿੱਚ ਉਸ ਦਾ ਲਿਖਿਆ ਗੀਤ ਅਮਰਿੰਦਰ ਗਿੱਲ ਦੀ ਆਵਾਜ਼ ਵਿੱਚ ਜਿਸ ਦੇ ਬੋਲ ਹਨ, ‘ਅੱਖੀਆਂ ਨਿਮਾਣੀਆਂ ਮਰ ਮੁੱਕ ਜਾਣੀਆਂ ਪਾਉਂਦੀਆਂ ਕਹਾਣੀਆਂ ਪਿਆਰ ਦੀਆਂ’ ਸ਼ਾਮਲ ਕੀਤਾ ਗਿਆ। ਫਿਲਮਾਂ ਲਈ ਗੀਤ ਲਿਖਣ ਤੋਂ ਇਲਾਵਾ ਉਸ ਨੇ ਕੁਝ ਫਿਲਮਾਂ ਵਿੱਚ ਅਦਾਕਾਰੀ ਵੀ ਕੀਤੀ ਜਿਨ੍ਹਾਂ ਵਿੱਚ ਪੰਜਾਬੀ ਫਿਲਮ ‘ਕੁਲਚੇ ਛੋਲੇ’ ਅਤੇ ਇੱਕ ਲਘੂ ਪੰਜਾਬੀ ਫਿਲਮ ‘ਪਛਤਾਵਾ’ ਪ੍ਰਮੁੱਖ ਹਨ। ਭਵਿੱਖ ਵਿੱਚ ਵੀ ਉਸ ਦੀ ਕਲਮ ਤੋਂ ਕਈ ਗੀਤ ਸੁਣਨ ਨੂੰ ਮਿਲਣਗੇ।
ਸੰਪਰਕ: 94646-28857