‘ਨਿੱਕਾ ਜ਼ੈਲਦਾਰ 4’ ਦੀ ਰਿਲੀਜ਼ 2 ਅਕਤੂਬਰ ਤੱਕ ਮੁਲਤਵੀ
ਐਮੀ ਵਿਰਕ ਅਤੇ ਸੋਨਮ ਬਾਜਵਾ ਦੀ ਮੁੱਖ ਭੂਮਿਕਾ ਵਾਲੀ ਪੰਜਾਬੀ ਫ਼ਿਲਮ ‘ਨਿੱਕਾ ਜ਼ੈਲਦਾਰ 4’ ਦੇ ਫਿਲਮਸਾਜ਼ਾਂ ਨੇ ਪੰਜਾਬ ਵਿੱਚ ਆਏ ਹੜ੍ਹਾਂ ਦੀ ਗੰਭੀਰ ਸਥਿਤੀ ਦੇ ਮੱਦੇਨਜ਼ਰ ਇਸ ਦੀ ਰਿਲੀਜ਼ 2 ਅਕਤੂਬਰ ਤੱਕ ਮੁਲਤਵੀ ਕਰਨ ਦਾ ਫ਼ੈਸਲਾ ਕੀਤਾ ਹੈ।
ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਕਾਰਨ ਪੰਜਾਬ ਵਿੱਚ ਸਤਲੁਜ, ਬਿਆਸ ਅਤੇ ਰਾਵੀ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਵਧਿਆ ਹੋਇਆ ਹੈ ਅਤੇ ਕਈ ਜ਼ਿਲ੍ਹਿਆਂ ਵਿੱਚ ਹੜ੍ਹਾਂ ਦੀ ਸਥਿਤੀ ਗੰਭੀਰ ਹੈ। ਬਾਜਵਾ ਨੇ ਐਤਵਾਰ ਨੂੰ ਆਪਣੇ ਇੰਸਟਾਗ੍ਰਾਮ ਹੈਂਡਲ ’ਤੇ ਫ਼ਿਲਮ ਦੀ ਨਵੀਂ ਰਿਲੀਜ਼ ਦੀ ਤਰੀਕ ਦਾ ਐਲਾਨ ਕਰਦਿਆਂ ਨੋਟ ਸਾਂਝਾ ਕੀਤਾ।
ਪਹਿਲਾਂ ਇਹ ਫ਼ਿਲਮ 12 ਸਤੰਬਰ ਨੂੰ ਵੱਡੇ ਪਰਦੇ ’ਤੇ ਰਿਲੀਜ਼ ਹੋਣੀ ਸੀ। ਨੋਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਫਿਲਮ ਦੀ ਟੀਮ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨ ਅਤੇ ਮਦਦ ਪਹੁੰਚਾਉਣ ਦੀ ਯੋਜਨਾ ਬਣਾ ਰਹੀ ਹੈ।
ਪੋਸਟ ਵਿੱਚ ਲਿਖਿਆ, ‘‘ਪੰਜਾਬ ਦੇ ਕਈ ਇਲਾਕਿਆਂ ਵਿੱਚ ਅਚਾਨਕ ਆਏ ਹੜ੍ਹਾਂ ਕਾਰਨ ‘ਨਿੱਕਾ ਜ਼ੈਲਦਾਰ 4’ ਦੀ ਪੂਰੀ ਟੀਮ ਨੇ ਫਿਲਮ ਦੀ ਰਿਲੀਜ਼ 2 ਅਕਤੂਬਰ ਤੱਕ ਮੁਲਤਵੀ ਕਰਨ ਦਾ ਫ਼ੈਸਲਾ ਕੀਤਾ ਹੈ। ਸਾਡਾ ਮੰਨਣਾ ਹੈ ਕਿ ਇਸ ਮੁਸ਼ਕਲ ਘੜੀ ਪੰਜਾਬ ਦੇ ਲੋਕਾਂ ਨਾਲ ਖੜ੍ਹਨਾ ਸਾਡਾ ਫਰਜ਼ ਹੈ। ਇਸ ਲਈ ‘ਨਿੱਕਾ ਜ਼ੈਲਦਾਰ’ ਦੀ ਟੀਮ ਨੇ ਬਹੁਤ ਜਲਦੀ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਅਤੇ ਪੀੜਤ ਲੋਕਾਂ ਨੂੰ ਰਾਸ਼ਨ ਤੇ ਹੋਰ ਜ਼ਰੂਰੀ ਵਸਤਾਂ ਭੇਜਣ ਦਾ ਫ਼ੈਸਲਾ ਕੀਤਾ ਹੈ। ਅਸੀਂ ਪੰਜਾਬ ਦੇ ਨਾਲ ਖੜ੍ਹੇ ਹਾਂ।’’ 36 ਸਾਲਾ ਅਦਾਕਾਰ ਨੇ ਕੈਪਸ਼ਨ ਵਿੱਚ ਲਿਖਿਆ, ‘‘‘ਨਿੱਕਾ ਜ਼ੈਲਦਾਰ 4’ ਦੀ ਰਿਲੀਜ਼ ਹੁਣ 2 ਅਕਤੂਬਰ 2025 ਨੂੰ ਹੋਣ ਵਾਲੀ ਹੈ। ਇਨ੍ਹਾਂ ਚੁਣੌਤੀਪੂਰਨ ਸਮਿਆਂ ਵਿੱਚ ਸਾਡੀ ਟੀਮ ਪੰਜਾਬ ਨਾਲ ਖੜ੍ਹੀ ਹੈ ਅਤੇ ਪ੍ਰਭਾਵਿਤ ਪਰਿਵਾਰਾਂ ਦਾ ਸਮਰਥਨ ਕਰਦੀ ਹੈ।’’ ਫ਼ਿਲਮ ਦਾ ਨਿਰਦੇਸ਼ਨ ਸਿਮਰਜੀਤ ਸਿੰਘ ਨੇ ਕੀਤਾ ਹੈ, ਜਦੋਂਕਿ ਇਸ ਵਿੱਚ ਨਿਰਮਲ ਰਿਸ਼ੀ ਅਤੇ ਪਰਮਿੰਦਰ ਗਿੱਲ ਨੇ ਵੀ ਭੂਮਿਕਾ ਨਿਭਾਈ ਹੈ।
‘ਨਿੱਕਾ ਜ਼ੈਲਦਾਰ 4’ ਤੋਂ ਇਲਾਵਾ ਬਾਜਵਾ ‘ਬਾਗੀ’ ਫ਼ਿਲਮ ਦੇ ਚੌਥੀ ਭਾਗ ਵਿੱਚ ਟਾਈਗਰ ਸ਼ਰਾਫ ਨਾਲ ਨਜ਼ਰ ਆਵੇਗੀ। ਇਹ ਫਿਲਮ 5 ਸਤੰਬਰ ਨੂੰ ਰਿਲੀਜ਼ ਹੋਣ ਵਾਲੀ ਹੈ ਅਤੇ ਇਸ ਵਿੱਚ ਹਰਨਾਜ਼ ਕੌਰ ਸੰਧੂ ਵੀ ਮੁੱਖ ਭੂਮਿਕਾ ਵਿੱਚ ਹੈ।