Netra Mantena's wedding: ਕੌਣ ਹੈ ਨੇਤਰਾ ਮੰਟੇਨਾ, ਜਿਸ ਦੇ ਵਿਆਹ ਵਿਚ ਜੂਨੀਅਰ ਟਰੰਪ ਸਣੇ ਨੱਚਿਆ ਹੌਲੀਵੁੱਡ ਤੇ ਬੌਲੀਵੁੱਡ
Netra Mantena's wedding: ਅਮਰੀਕੀ ਸਨਅਤਕਾਰ ਰਾਜੂ ਰਾਮਲਿੰਗਾ ਮੰਟੇਲਾਂ ਦੀ ਧੀ ਨੇਤਰਾ ਮੰਟੇਨਾ ਦੇ ਵਿਆਹ ਨਾਲ ਜੁੜੇ ਜਸ਼ਨ ਝੀਲਾਂ ਦੀ ਨਗਰੀ ਕਹੇ ਜਾਂਦੇ ਉਦੈਪੁਰ ਵਿਚ ਸ਼ੁਰੂ ਹੋ ਗਏ ਹਨ। ਸ਼ੁੱਕਰਵਾਰ ਰਾਤੀਂ ਸਿਟੀ ਪੈਲੇਸ ਦੇ ਮਾਣਕ ਚੌਕ ਵਿਚ ‘ਸੰਗੀਤ ਦੀ ਰਸਮ’ ਦੌਰਾਨ ਬੌਲੀਵੁੱਡ ਦੇ ਕਈ ਕਲਾਕਾਰ ਸ਼ਾਮਲ ਹੋਏ।
ਪ੍ਰੋਗਰਾਮ ਦੀ ਮੇਜ਼ਬਾਨੀ ਕਰਨ ਜੌਹਰ ਤੇ ਸੌਫੀ ਚੌਧਰੀ ਨੇ ਕੀਤੀ। ਸਮਾਗਮ ਵਾਲੀ ਥਾਂ ਮੌਜੂਦ ਲੋਕਾਂ ਮੁਤਾਬਕ ਅਦਾਕਾਰ ਰਣਵੀਰ ਸਿੰਘ ਨੇ ਆਪਣੀ ਪੇਸ਼ਕਾਰੀ ਨਾਲ ਉਥੇ ਜੁੜੀ ਭੀੜ ਵਿਚ ਜੋਸ਼ ਭਰ ਦਿੱਤਾ। ਉਨ੍ਹਾਂ ਨੇ ਡੋਨਲਡ ਟਰੰਪ ਜੂਨੀਅਰ ਤੇ ਉਨ੍ਹਾਂ ਦੀ ਮਹਿਲਾ ਮਿੱਤਰ ਨੂੰ ਵੀ ਡਾਂਸ ਫਲੋਰ ’ਤੇ ਆਉਣ ਦਾ ਸੱਦਾ ਦਿੱਤਾ।
ਅਦਾਕਾਰਾ ਕ੍ਰਿਤੀ ਸੈਨਨ ਨੇ ਆਪਣੇ ਹਿੱਟ ਗੀਤ ‘ਪਰਮ ਸੁੰਦਰੀ’ ਉੱਤੇ ਪੇਸ਼ਕਾਰੀ ਦਿੱਤੀ ਜਦੋਂਕਿ ਜੈਕੁਲਿਨ ਫਰਨਾਂਡੇਜ਼ ਨੇ ‘ਲਾਲ ਛੜੀ’ ਉੱਤੇ ਡਾਂਸ ਕੀਤਾ। ਇਸ ਵਿਆਹ ਪ੍ਰੋਗਰਾਮ ਨਾਲ ਜੁੜੀ ਫਰਮ ਮੁਤਾਬਕ ਵਰੁਣ ਧਵਨ ਤੇ ਸ਼ਾਹਿਦ ਕਪੂਰ ਨੇ ਵੀ ਪੇਸ਼ਕਾਰੀ ਦਿੱਤੀ।
ਨੇਤਰਾ ਮੰਟੇਲਾ ਦਾ ਵਿਆਹ (Netra Mantena's wedding) ਭਾਰਤੀ ਮੂਲ ਦੇ ਵਾਮਸੀ ਗਡਿਰਾਜੂ ਨਾਲ ਹੋ ਰਿਹਾ ਹੈ।
ਵਿਆਹ ਸਮਾਗਮ ਨਾਲ ਜੁੜੇ ਪ੍ਰੋਗਰਾਮ 21 ਨਵੰਬਰ ਤੋਂ 24 ਨਵੰਬਰ ਤੱਕ ਚੱਲਣਗੇ। ਜਾਣਕਾਰੀ ਮੁਤਾਬਕ ਵਿਚ ਸੰਗੀਤ ਜਗਤ ਵਿਚ ਜਾਣਿਆ ਪਛਾਣਿਆ ਨਾਮ ਜੈਨੀਫਰ ਲੋਪੇਜ਼ ਤੇ ਦੱਖਣੀ ਅਫਰੀਕਾ ਦੇ ਡੀਜੇ ਪ੍ਰੋਡਿਊਸਰ ਬਲੈਕ ਕੌਫੀ ਵੀ ਆਪਣੇ ਪੇਸ਼ਕਾਰੀ ਦੇਣਗੇ।
‘ਡਚ ਡੀਜੇ ਪ੍ਰੋਡਿਊਸਰ ਟਿਏਸਟੋ’ ਨੇ ਵੀਰਵਾਰ ਰਾਤੀਂ ‘ਦਿ ਲੀਲਾ ਪੈਲੇਸ’ ਵਿਚ ਪੇਸ਼ਕਾਰੀ ਦਿੱਤੀ। ਰਵਾਇਤੀ ਰਾਜਸਥਾਨੀ ਨ੍ਰਿਤ ਸਮੂਹ ਤੇ ਹੋਰ ਕਲਾਕਾਰਾਂ ਨੈ ਪੇਸ਼ਕਾਰੀ ਦਿੱਤੀ। ਵਿਆਹ ਦੇ ਵੱਖ ਵੱਖ ਪ੍ਰੋਗਰਾਮ ਉਦੈਪੁਰ ਸਿਟੀ ਪੈਲੇਸ ਦੇ ਮਾਣਕ ਚੌਕ ਤੇ ਜ਼ਨਾਨਾ ਮਹਿਲਾ ਦੇ ਨਾਲ ਨਾਲ ਜਗਮੰਦਰ ਤੇ ਦਿ ਲੀਲਾ ਪੈਲੇਸ ਹੋਟਲ ਵਿਚ ਹੋਣਗੇ।
ਇਸ ਵਿਆਹ ਲਈ ‘ਦਿ ਲੀਲਾ ਪੈਲੇਸ’ ਹੋਟਲ ਨੂੰ ਮਹਿਮਾਨਾਂ ਦੇ ਸਵਾਗਤ ਲਈ ਸ਼ਾਨਦਾਰ ਲਾਲ ‘ਥੀਮ’ ਉੱਤੇ ਸਜਾਇਆ ਗਿਆ ਹੈ। ਮਹਿਰਾਬਾਂ ਤੋਂ ਫੁੱਲਾਂ ਦੇ ਗੁਲਦਸਤੇ ਲਟਕੇ ਹੋਏ ਹਨ ਤੇ ਇਸ ਨੂੰ ਸ਼ਾਹੀ ਦਰਬਾਰ ਦੀ ਦਿੱਖ ਦੇਣ ਲਈ ਵੱਡੇ ਵੱਡੇ ਝੂਮਰ ਲਾਏ ਗਏ ਹਨ।
ਬੈਠਣ ਵਾਲੀ ਥਾਂ ਖ਼ੂਬਸੂਰਤ ‘ਕੁਸ਼ਨ’ ਤੇ ਸੁਨਹਿਰੇ ਲੈਂਪ ਵਾਲੇ ਲਾਲ ਸੋਫੇ ਹਨ। ਹੋਰਨਾਂ ਥਾਵਾਂ ਨੂੰ ਵੀ ਸ਼ਾਨਦਾਰ ਢੰਗ ਨਾਲ ਸਜਾਇਆ ਜਾ ਰਿਹਾ ਹੈ। ਵਿਆਹ ਸਮਾਗਮ ਵਿਚ ਕਈ ਵੱਡੀਆਂ ਸ਼ਖ਼ਸੀਅਤਾਂ ਦੇ ਸ਼ਾਮਲ ਹੋਣ ਕਰਕੇ ਸ਼ਹਿਰ ਵਿਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।
ਸ਼ਹਿਰ ਵਿਚ ਵਾਧੂ ਪੁਲੀਸ ਬਲ ਤਾਇਨਾਤ ਕੀਤੇ ਗਏ ਹਨ। ਪ੍ਰੋਗਰਾਮ ਮੁਤਾਬਕ ਵਿਆਹ ਲਈ ਹਲਦੀ ਦੀ ਰਸਮ 22 ਨਵੰਬਰ ਨੂੰ ਹੋਵੇਗੀ ਅਤੇ ਭਲਕੇ 23 ਨਵੰਬਰ ਦੀ ਸਵੇਰੇ ਜਗਮੰਦਿਰ ਵਿਚ ਵਿਆਹ ਸਮਾਗਮ ਹੋਵੇਗਾ ਤੇ ਉਸੇ ਸ਼ਾਮਲ ਦਾਅਵਤ ਹੋਵੇਗੀ।
