ਕੌਮੀ ਪੁਰਸਕਾਰ ਮੇਰੇ ਲਈ ਬਹੁਤ ਮਾਇਨੇ ਰੱਖਦਾ ਹੈ: ਰਾਣੀ ਮੁਖਰਜੀ
ਅਦਾਕਾਰਾ ਰਾਣੀ ਮੁਖਰਜੀ ਨੇ ਬੁੱਧਵਾਰ ਨੂੰ ਕਿਹਾ ਕਿ 30 ਸਾਲਾਂ ਦੇ ਫ਼ਿਲਮੀ ਕਰੀਅਰ ਵਿਚ ਪਹਿਲਾ ਰਾਸ਼ਟਰੀ ਫਿਲਮ ਪੁਰਸਕਾਰ ਜਿੱਤਣਾ ਉਸ ਲਈ ਇੱਕ ਭਾਵੁਕ ਪਲ ਹੈ। ਅਦਾਕਾਰਾ ਨੇ ਇਹ ਸਨਮਾਨ ਆਪਣੇ ਮਰਹੂਮ ਪਿਤਾ ਰਾਮ ਮੁਖਰਜੀ ਨੂੰ ਸਮਰਪਿਤ ਕੀਤਾ।
ਮੁਖਰਜੀ ਨੂੰ ਮੰਗਲਵਾਰ ਨੂੰ 71ਵੇਂ ਰਾਸ਼ਟਰੀ ਫਿਲਮ ਪੁਰਸਕਾਰ ਸਮਾਰੋਹ ਵਿੱਚ ਰਾਸ਼ਟਰਪਤੀ ਦਰੋਪਦੀ ਮੁਰਮੂ ਵੱਲੋਂ ‘ਸ਼੍ਰੀਮਤੀ ਚੈਟਰਜੀ ਬਨਾਮ ਨਾਰਵੇ’ ਵਿੱਚ ਉਨ੍ਹਾਂ ਦੇ ਪ੍ਰਦਰਸ਼ਨ ਲਈ ਸਰਵੋਤਮ ਅਭਿਨੇਤਰੀ ਦਾ ਸਨਮਾਨ ਦਿੱਤਾ ਗਿਆ। ਆਸ਼ਿਮਾ ਛਿੱਬਰ ਵੱਲੋਂ ਨਿਰਦੇਸ਼ਤ ਇਹ ਫਿਲਮ ਮਾਰਚ 2023 ਵਿੱਚ ਰਿਲੀਜ਼ ਹੋਈ ਸੀ।
ਮੁਖਰਜੀ ਨੇ ਕਿਹਾ, ‘‘ਇੱਕ ਅਦਾਕਾਰ ਵਜੋਂ ਆਪਣੇ 30 ਸਾਲਾਂ ਦੇ ਸਫ਼ਰ ਵਿੱਚ ਆਪਣਾ ਪਹਿਲਾ ਕੌਮੀ ਪੁਰਸਕਾਰ ਪ੍ਰਾਪਤ ਕਰਕੇ ਮੈਂ ਸੱਚਮੁੱਚ ਬਹੁਤ ਖੁਸ਼ ਹਾਂ। ਇਹ ਸਨਮਾਨ ਮੇਰੇ ਲਈ ਬਹੁਤ ਮਾਇਨੇ ਰੱਖਦਾ ਹੈ, ਅਤੇ ਮੈਂ ਇਸ ਨੂੰ ਆਪਣੇ ਮਰਹੂਮ ਪਿਤਾ ਨੂੰ ਸਮਰਪਿਤ ਕਰਨਾ ਚਾਹੁੰਦੀ ਹਾਂ, ਜਿਨ੍ਹਾਂ ਨੇ ਹਮੇਸ਼ਾ ਮੇਰੇ ਲਈ ਇਸ ਪਲ ਦਾ ਸੁਪਨਾ ਦੇਖਿਆ ਸੀ।’’
47 ਸਾਲਾ ਅਦਾਕਾਰਾ ਨੇ ਇਕ ਬਿਆਨ ਵਿਚ ਕਿਹਾ, ‘‘ਮੈਨੂੰ ਅੱਜ ਉਨ੍ਹਾਂ ਦੀ ਬਹੁਤ ਯਾਦ ਆ ਰਹੀ ਹੈ, ਅਤੇ ਮੈਂ ਜਾਣਦੀ ਹਾਂ ਕਿ ਇਹ ਉਨ੍ਹਾਂ ਦਾ ਆਸ਼ੀਰਵਾਦ ਅਤੇ ਮੇਰੀ ਮਾਂ ਦੀ ਨਿਰੰਤਰ ਤਾਕਤ ਅਤੇ ਪ੍ਰੇਰਨਾ ਹੈ ਜਿਸ ਨੇ ਮੈਨੂੰ ਸ਼੍ਰੀਮਤੀ ਚੈਟਰਜੀ ਦੀ ਭੂਮਿਕਾ ਨਿਭਾਉਣ ਵਿਚ ਸੇਧ ਦਿੱਤੀ।’’
ਰਾਣੀ ਮੁਖਰਜੀ ਨੇ ਆਪਣੇ ਪ੍ਰਸ਼ੰਸਕਾਂ ਅਤੇ ‘ਮਿਸਿਜ਼ ਚੈਟਰਜੀ ਬਨਾਮ ਨਾਰਵੇ’ ਦੇ ਕਲਾਕਾਰਾਂ ਅਤੇ ਅਮਲੇ ਦਾ ਵੀ ਧੰਨਵਾਦ ਕੀਤਾ। ਇਹ ਫ਼ਿਲਮ ਨਾਰਵੇ ਵਿੱਚ ਰਹਿਣ ਵਾਲੀ ਇੱਕ ਭਾਰਤੀ ਮਾਂ ਦੇਬਿਕਾ ਚੈਟਰਜੀ (ਮੁਖਰਜੀ) ਦੀ ਕਹਾਣੀ ਬਿਆਨਦੀ ਹੈ, ਜੋ ਆਪਣੇ ਬੱਚਿਆਂ ਨੂੰ ਜ਼ਬਰਦਸਤੀ ਵੱਖ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਦੀ ਕਸਟਡੀ ਵਾਪਸ ਪ੍ਰਾਪਤ ਕਰਨ ਲਈ ਅਧਿਕਾਰੀਆਂ ਨਾਲ ਲੜਦੀ ਹੈ।
ਮੁਖਰਜੀ ਜਲਦੀ ਹੀ ਕ੍ਰਾਈਮ ਡਰਾਮਾ ਫ਼ਿਲਮ ਲੜੀ ‘ਮਰਦਾਨੀ’ ਦੇ ਤੀਜੇ ਭਾਗ ਵਿਚ ਨਜ਼ਰ ਆਏਗੀ।