ਪਰਮ ਆਨੰਦ ਦਾ ਨਿਰਮਲ ਸੋਮਾ ਹੈ ਸੰਗੀਤ
ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ
ਮਹਾਨ ਦਾਰਸ਼ਨਿਕ ਪਲੈਟੋ ਨੇ ਕਿਹਾ ਸੀ, ‘ਸੰਗੀਤ ਇਸ ਬ੍ਰਹਿਮੰਡ ਦੀ ਆਤਮਾ ਹੈ। ਇਹ ਮਨ ਨੂੰ ਖੰਭ, ਚੇਤਨਾ ਨੂੰ ਉਡਾਣ ਅਤੇ ਸੰਸਾਰ ਦੀ ਹਰ ਸ਼ੈਅ ਨੂੰ ਜੀਵਨ ਪ੍ਰਦਾਨ ਕਰਦਾ ਹੈ।’ ਪਲੈਟੋ ਦੇ ਇਹ ਬੋਲ ਨਿਰੋਲ ਅਤੇ ਪੂਰਨ ਸੱਚ ਬੋਲਦੇ ਹਨ। ਇਸੇ ਤਰ੍ਹਾਂ ਵਿਸ਼ਵ ਦੇ ਮਹਾਨ ਸਾਹਿਤਕਾਰ ਵਿਕਟਰ ਹਿਊਗੋ ਨੇ ਵੀ ਸੰਗੀਤ ਦੀ ਉਸਤਤ ਕਰਦਿਆਂ ਆਖਿਆ ਸੀ, ‘ਸੰਗੀਤ ਤਾਂ ਮਨੁੱਖ ਦੇ ਉਹ ਜਜ਼ਬਾਤ ਹਨ ਜੋ ਸ਼ਬਦਾਂ ’ਚ ਬਿਆਨ ਨਹੀਂ ਕੀਤੇ ਜਾ ਸਕਦੇ ਹਨ ਤੇ ਜਿਨ੍ਹਾਂ ਨੂੰ ਖ਼ਾਮੋਸ਼ੀ ਵੀ ਬਿਆਨ ਨਹੀਂ ਕਰ ਸਕਦੀ।’
ਅੱਜ ਵਿਸ਼ਵ ਸੰਗੀਤ ਦਿਵਸ ਹੈ ਅਤੇ ਇਹ ਦਿਵਸ ਸਾਨੂੰ ਇਹ ਚੇਤੇ ਕਰਵਾਉਂਦਾ ਹੈ ਕਿ ਸੰਗੀਤ ਉਹ ਮਾਧਿਅਮ ਹੈ ਜਿਸ ਰਾਹੀਂ ਮਨੁੱਖ ਆਪਣੇ ਦੁਖ, ਸੁਖ, ਖ਼ੁਸ਼ੀ ਅਤੇ ਗ਼ਮੀ ਆਦਿ ਦੇ ਭਾਵ ਪ੍ਰਗਟ ਕਰਕੇ ਸਕੂਨ ਅਤੇ ਅਨੰਦ ਹਾਸਿਲ ਕਰਦਾ ਆਇਆ ਹੈ। ਭਾਰਤ ਸਮੇਤ ਦੁਨੀਆ ਦੇ ਹੋਰ ਮੁਲਕਾਂ ਵਿੱਚ ਵੀ ਸੰਗੀਤ ਦਾ ਉਪਯੋਗ ਮਨੋਰੰਜਨ ਤੋਂ ਇਲਾਵਾ ਭਗਤੀ ਦੇ ਮਾਧਿਅਮ ਵਜੋਂ ਕੀਤਾ ਗਿਆ ਹੈ ਤੇ ਸੰਗੀਤ ਨੂੰ ਰੱਬੀ ਦਰਗਾਹ ’ਚੋਂ ਹਾਸਿਲ ਕੀਤੀ ਦਾਤ ਦੱਸਿਆ ਗਿਆ ਹੈ। ਗੱਲ ਚਾਹੇ ਸੂਫ਼ੀ ਸੰਗੀਤ ਦੀ ਹੋਵੇ ਜਾਂ ਫਿਰ ਭਾਰਤੀ ਸ਼ਾਸਤਰੀ ਸੰਗੀਤ ਵਿੱਚ ਗੁੰਨ੍ਹੇ ਗੁਰਮਤਿ ਸੰਗੀਤ ਦੀ, ਇਹ ਦੋਵੇਂ ਆਤਮਾ ਦਾ ਪਰਮਾਤਮਾ ਨਾਲ ਮੇਲ ਕਰਵਾਉਣ ਦਾ ਸਫਲ ਸਾਧਨ ਸਿੱਧ ਹੋਏ ਹਨ।
ਵਿਗਿਆਨੀਆਂ ਦਾ ਤਾਂ ਇੱਥੋਂ ਤੱਕ ਵੀ ਮੰਨਣਾ ਹੈ ਕਿ ਕੇਵਲ ਮਨੁੱਖ ਹੀ ਨਹੀਂ ਸਗੋਂ ਜਲ, ਥਲ ਅਤੇ ਆਕਾਸ਼ ਵਿੱਚ ਵਿਚਰਨ ਵਾਲੇ ਸਮੂਹ ਪਸ਼ੂ, ਪੰਛੀ ਅਤੇ ਹੋਰ ਜੀਵ ਵੀ ਸੰਗੀਤ ਦਾ ਹਾਂ-ਪੱਖੀ ਪ੍ਰਭਾਵ ਕਬੂਲਦੇ ਹਨ। ਸੰਗੀਤ ਦੀ ਲੜੀ ਦਾ ਹੀ ਇੱਕ ਹੋਰ ਮਣਕਾ ਭਾਰਤੀ ਫਿਲਮ ਸੰਗੀਤ ਤਾਂ ਭਾਰਤੀ ਜਨਜੀਵਨ ਦਾ ਅਨਿਖੱੜਵਾਂ ਅੰਗ ਬਣ ਚੁੱਕਾ ਹੈ। ਸਾਡਾ ਰੇਡੀਓ, ਟੈਲੀਵਿਜ਼ਨ ਅਤੇ ਸਿਨੇਮਾ ਤਾਂ ਬਿਨਾਂ ਸੰਗੀਤ ਤੋਂ ਇੱਕ ਪਲ ਵੀ ਨਹੀਂ ਕੱਢ ਸਕਦਾ।
ਗੱਲ ਸੰਨ 1970 ਦੀ ਹੈ ਜਦੋਂ ਅਮਰੀਕੀ ਸੰਗੀਤਕਾਰ ਜੋਇਲ ਕੋਹੇਨ ਜੋ ਕਿ ਇੱਕ ਫਰਾਂਸੀਸੀ ਰੇਡੀਓ ’ਤੇ ਕੰਮ ਕਰਦਾ ਸੀ, ਨੇ ਇਹ ਵਿਚਾਰ ਦਿੱਤਾ ਸੀ ਕਿ 21 ਜੂਨ ਦੇ ਦਿਨ ਇੱਕ ਵਿਸ਼ਾਲ ਸੰਗੀਤ ਸਭਾ ਹਰ ਦੇਸ਼ ਅਤੇ ਹਰ ਸੂਬੇ ਵਿੱਚ ਕੀਤੀ ਜਾਣੀ ਚਾਹੀਦੀ ਹੈ ਤੇ ਹਰ ਪਾਸੇ ਸੰਗੀਤ ਹੀ ਸੰਗੀਤ ਗੂੰਜਣਾ ਚਾਹੀਦਾ ਹੈ। 21 ਜੂਨ ਦੇ ਦਿਨ ਦਾ ਖ਼ਾਸ ਨਾਂ ਲਏ ਜਾਣ ਦਾ ਕਾਰਨ ਇਹ ਸੀ ਕਿ ਇਹ ਦਿਨ ਸਾਲ ਦਾ ਸਭ ਤੋਂ ਲੰਮਾ ਦਿਨ ਹੁੰਦਾ ਹੈ ਤੇ ਠੰਢੇ ਮੁਲਕਾਂ ਵਿੱਚ ਇਹ ਗਰਮੀਆਂ ਦੀ ਸ਼ੁਰੂਆਤ ਹੋਣ ਦਾ ਪ੍ਰਤੀਕ ਹੋਣ ਕਰਕੇ ਉੱਥੋਂ ਦੇ ਲੋਕਾਂ ਦਾ ਸਭ ਤੋਂ ਮਨਪਸੰਦ ਦਿਨ ਹੁੰਦਾ ਹੈ।
ਜੋਇਲ ਕੋਹੇਨ ਦੇ ਇਸ ਸੁਫ਼ਨੇ ਨੂੰ ਸਾਕਾਰ ਕਰਨ ਦਾ ਖ਼ਿਆਲ 1981 ਵਿੱਚ ਫਰਾਂਸ ਦੇ ਮੌਰਿਸ ਫਲਾਰੈੱਟ ਦੇ ਮਨ ਵਿੱਚ ਵੀ ਉੱਠਿਆ ਸੀ ਜਦੋਂ ਉਹ ਸੱਭਿਆਚਾਰਕ ਮਾਮਲਿਆਂ ਦੇ ਮੰਤਰਾਲੇ ਅਧੀਨ ਸੰਗੀਤ ਅਤੇ ਨਾਚ ਵਿਭਾਗ ਦਾ ਨਿਰਦੇਸ਼ਕ ਬਣਿਆ ਸੀ। ਉਸ ਨੇ ਅਤੇ ਫਰਾਂਸ ਦੇ ਸੱਭਿਅਚਾਰਕ ਮਾਮਲਿਆਂ ਦੇ ਮੰਤਰੀ ਜੈਕ ਲੈਂਗ ਨੇ ਦੁਨੀਆ ਭਰ ਵਿੱਚ ਸੰਗੀਤ ਦੀ ਖ਼ੁਸ਼ਬੂ ਫੈਲਾਉਣ ਲਈ ਸਮੂਹ ਸੰਗੀਤ ਪ੍ਰੇਮੀਆਂ ਨੂੰ 21 ਜੂਨ ਦੇ ਦਿਨ ਘਰਾਂ, ਗਲੀਆਂ, ਬਾਜ਼ਾਰਾਂ ਤੇ ਪਾਰਕਾਂ ਵਿੱਚ ਇਕੱਤਰ ਹੋ ਕੇ ਸਾਰਾ ਵਾਤਾਵਰਨ ਸੰਗੀਤਮਈ ਕਰ ਦੇਣ ਦਾ ਹੋਕਾ ਦਿੱਤਾ ਸੀ। 1982 ਦੀ 21 ਜੂਨ ਨੂੰ 50 ਲੱਖ ਦੇ ਕਰੀਬ ਲੋਕ ਫਰਾਂਸ ਦੀਆਂ ਗਲੀਆਂ ਵਿੱਚ ਉਤਰ ਆਏ ਸਨ ਤੇ ਸਾਰਾ ਦਿਨ ਸੰਗੀਤਕ ਸਮਾਗਮ ਚੱਲਦੇ ਰਹੇ ਤੇ ਲੋਕ ਸੰਗੀਤ ਦੀਆਂ ਧੁਨਾਂ ਦਾ ਅਨੰਦ ਲੈਂਦੇ ਰਹੇ ਸਨ। 1982 ਤੋਂ ਬਾਅਦ ਇਹ ਦਿਨ ਦੁਨੀਆ ਦੇ ਲਗਪਗ 172 ਦੇਸ਼ਾਂ ਵਿੱਚ ‘ਵਿਸ਼ਵ ਸੰਗੀਤ ਦਿਵਸ’ ਵਜੋਂ ਮਨਾਉਣਾ ਸ਼ੁਰੂ ਹੋ ਗਿਆ ਸੀ ਤੇ ਅੱਜ ਵੀ ਇਹ ਦਿਨ ਧੂਮਧਾਮ ਨਾਲ ਮਨਾਇਆ ਜਾਂਦਾ ਹੈ।
ਮਹਾਨ ਵਿਦਵਾਨ ਹੈਨਰੀ ਲੌਂਗਫੈਲੋ ਦਾ ਕਥਨ ਹੈ, ‘ਸੰਗੀਤ ਇੱਕ ਅਜਿਹੀ ਭਾਸ਼ਾ ਹੈ ਜਿਸ ਨੂੰ ਸਮੁੱਚੀ ਲੋਕਾਈ ਆਸਾਨੀ ਨਾਲ ਸਮਝ ਸਕਦੀ ਹੈ।’’ ਅੱਜ ਦੇ ਦਿਨ ਦੁਨੀਆ ਭਰ ਵਿੱਚ ਸਿਖਾਂਦਰੂ ਤੇ ਉਸਤਾਦ ਸੰਗੀਤਕਾਰ ‘ਮੇਕ ਮਿਊਜ਼ਿਕ’ ਦੇ ਉਦੇਸ਼ ਨਾਲ ਗਲੀਆਂ-ਬਾਜ਼ਾਰਾਂ ਵਿੱਚ ਇਕੱਤਰ ਹੁੰਦੇ ਹਨ ਜਾਂ ਵੱਡੇ ਮੈਦਾਨਾਂ ਵਿੱਚ ਵੱਡੇ ਸੰਗੀਤਕ ਸਮਾਗਮ ਕਰਦੇ ਹਨ ਤੇ ਆਮ ਲੋਕਾਂ ਨੂੰ ਹਰ ਪ੍ਰਕਾਰ ਦੇ ਸੰਗੀਤ ਨਾਲ ਸਰਾਬੋਰ ਕਰ ਦਿੰਦੇ ਹਨ, ਪਰ ਇਸ ਗੱਲ ਦਾ ਧਿਆਨ ਜ਼ਰੂਰ ਰੱਖਦੇ ਹਨ ਕਿ ਸੰਗੀਤ ਅਨੰਦ ਦੇਵੇ ਤੇ ਸ਼ੋਰ ਨਾ ਬਣ ਜਾਵੇ ਜਿਸ ਨਾਲ ਕਿਸੇ ਵਿਅਕਤੀ ਨੂੰ ਪਰੇਸ਼ਾਨੀ ਨਾ ਮਹਿਸੂਸ ਹੋਵੇ।
ਸਾਲ 1985 ਦੇ ਵਰ੍ਹੇ ਨੂੰ ‘ਯੂਰਪੀਅਨ ਯੀਅਰ ਆਫ਼ ਮਿਊਜ਼ਿਕ’ ਵਜੋਂ ਮਨਾਇਆ ਗਿਆ ਸੀ ਤੇ ਹੰਗਰੀ ਦੀ ਰਾਜਧਾਨੀ ਬੁੱਢਾਪੈਸਟ ਵਿਖੇ ‘ਮਿਊਜ਼ਿਕ ਚਾਰਟਰ’ ਸਾਈਨ ਕੀਤਾ ਗਿਆ ਸੀ ਜਿਸ ਰਾਹੀਂ ਯੂਰਪ ਤੋਂ ਬਾਹਰਲੇ ਮੁਲਕਾਂ ਨੂੰ ਵੀ ਇਹ ਦਿਨ ‘ਸੰਗੀਤ ਦਿਵਸ’ ਵਜੋਂ ਮਨਾਉਣ ਲਈ ਪ੍ਰੇਰਿਤ ਕੀਤਾ ਗਿਆ ਸੀ। ਮਹਾਨ ਸਾਹਿਤਕਾਰ ਲੀਓ ਟਾਲਸਟਾਏ ਨੇ ਬਿਲਕੁਲ ਸੱਚ ਕਿਹਾ ਸੀ, ‘ਸੰਗੀਤ ਤਾਂ ਮਨੁੱਖੀ ਭਾਵਨਾਵਾਂ ਤੇ ਸੰਵੇਦਨਾਵਾਂ ਦਾ ਅਤਿ ਸੰਖੇਪ ਤੇ ਸੂਖਮ ਰੂਪ ਵਿੱਚ ਸਫਲ ਪ੍ਰਗਟਾਵਾ ਹੈ।’
ਅੱਜ ਆਲਮ ਇਹ ਹੈ ਕਿ ਦਿਲਜੀਤ ਦੁਸਾਂਝ ਸਮੇਤ ਹੋਰ ਪੰਜਾਬੀ ਗਾਇਕਾਂ ਵੱਲੋਂ ਗਾਏ ਗਏ ਅਨੇਕਾਂ ਪੰਜਾਬੀ ਗੀਤਾਂ ’ਤੇ ਦੁਨੀਆ ਦੇ ਹਰੇਕ ਮੁਲਕ ਦੇ ਲੋਕ ਝੂਮ ਉੱਠਦੇ ਹਨ ਤੇ ਪੰਜਾਬੀ ਜ਼ੁਬਾਨ ਨਾ ਜਾਣਨ ਵਾਲੇ ਮੁਲਕਾਂ ਦੇ ‘ਬਿਲਬੋਰਡਾਂ’ ਅਤੇ ਮਕਬੂਲੀਅਤ ਦੇ ਹੋਰ ਪੈਮਾਨਿਆਂ ’ਤੇ ਪੰਜਾਬੀ ਗੀਤ ਸਿਖਰਲੇ ਸਥਾਨ ਛੂੰਹਦੇ ਹਨ। ਕੋਈ ਵੇਲਾ ਅਜਿਹਾ ਵੀ ਸੀ ਜਦੋਂ ਭਾਰਤੀ ਫਿਲਮ ਜਗਤ ਦੇ ਵੱਡੇ ਗਾਇਕਾਂ ਦੇ ਗਾਏ ਨਗ਼ਮੇ ਰੂਸ, ਜਪਾਨ, ਅਮਰੀਕਾ, ਇੰਗਲੈਂਡ ਅਤੇ ਅਫ਼ਰੀਕਾ ਜਿਹੇ ਮੁਲਕਾਂ ਵਿੱਚ ਵੱਡੀ ਗਿਣਤੀ ਵਿੱਚ ਸੁਣੇ ਜਾਂਦੇ ਸਨ। ਮੁਹੰਮਦ ਰਫ਼ੀ, ਮੁਕੇਸ਼, ਕਿਸ਼ੋਰ ਕੁਮਾਰ, ਮਹਿੰਦਰ ਕਪੂਰ, ਮੰਨਾ ਡੇ, ਆਸ਼ਾ ਭੌਸਲੇ ਅਤੇ ਲਤਾ ਮੰਗੇਸ਼ਕਰ ਆਦਿ ਜਿਹੇ ਫ਼ਨਕਾਰਾਂ ਦੇ ਸੰਗੀਤਕ ਸ਼ੋਅ ਜਦੋਂ ਵਿਦੇਸ਼ੀ ਮੁਲਕਾਂ ਵਿੱਚ ਹੁੰਦੇ ਸਨ ਤਾਂ ਉੱਥੇ ਤਿਲ ਧਰਨ ਨੂੰ ਵੀ ਥਾਂ ਨਹੀਂ ਮਿਲਦੀ ਸੀ। ਇਹ ਸਾਰਾ ਕਮਾਲ ਸੁਰੀਲੇ ਤੇ ਦਿਲਕਸ਼ ਸੰਗੀਤ ਦਾ ਹੀ ਸੀ। ਦਰਅਸਲ, ਸੰਗੀਤ ਦੀ ਕੋਈ ਜ਼ੁਬਾਨ ਹੁੰਦੀ ਹੀ ਨਹੀਂ ਹੈ। ਇਹ ਤਾਂ ਹੱਦਾਂ-ਸਰਹੱਦਾਂ ਪਾਰ ਕਰ ਕੇ ਦਿਲਾਂ ਤੱਕ ਪੁੱਜ ਜਾਣ ਵਾਲੀ ਉਹ ਖ਼ੁਸ਼ਬੂ ਹੈ ਜੋ ਸਰੋਤੇ ਨੂੰ ਵਜਦ ਵਿੱਚ ਲਿਆ ਦਿੰਦੀ ਹੈ। ਸੁੱਚੇ ਸੰਗੀਤ ਦੀ ਲੋਰ ’ਚ ਆ ਕੇ ਕੋਈ ਬੁੱਲ੍ਹੇ ਵਾਂਗ ਨੱਚਣ ਲੱਗ ਜਾਂਦਾ ਹੈ ਤੇ ਕੋਈ ਬੁੱਧ ਵਾਂਗ ਸ਼ਾਂਤ ਹੋ ਜਾਦਾ ਹੈ।
ਕਿੰਨੀ ਹੈਰਾਨੀ ਦੀ ਗੱਲ ਹੈ ਕਿ ਸਾਰੇ ਧਰਮ ਗ੍ਰੰਥ ਇਹ ਮੰਨਦੇ ਹਨ ਕਿ ਪਰਮਾਤਮਾ ਨਿਰਾਕਾਰ ਹੈ, ਅਬਿਨਾਸ਼ੀ ਹੈ, ਪਰਮਾਨੰਦ ਹੈ। ਹਰੇਕ ਮਨੁੱਖ ਜਦੋਂ ਆਪਣੀਆਂ ਗਿਆਨ ਇੰਦਰੀਆਂ ਦੇ ਨੌਂ ਦੁਆਰੇ ਬੰਦ ਕਰਕੇ ਸੁਰਤ ਨੂੰ ਇਕਾਗਰ ਕਰਦਾ ਹੈ ਤਾਂ ਫਿਰ ਉਸ ਦੇ ਧੁਰ ਅੰਦਰ ਦਸਵਾਂ ਦੁਆਰ ਖੁੱਲ੍ਹ ਜਾਂਦਾ ਹੈ ਜਿੱਥੇ ਨਿਰੰਤਰ ਵੱਜ ਰਹੇ ‘ਅਨਹਦ’ ਨਾਦ ਦੀਆਂ ਅਨੰਦਮਈ ਧੁਨਾਂ ਉਸ ਨੂੰ ਸੁਣਦੀਆਂ ਹਨ ਤੇ ਅਨਹਦ ਨਾਦ ਦੀਆਂ ਇਹੋ ਧੁਨਾਂ ਉਸ ਨੂੰ ਪਰਮੇਸ਼ਰ ਅਤੇ ਉਸ ਦੀ ਬਣਾਈ ਪ੍ਰਕਿਰਤੀ ਵਿੱਚ ਇਕਮਿਕ ਕਰ ਦਿੰਦੀਆਂ ਹਨ। ਕੁਝ ਭਾਰਤੀ ਧਰਮ ਤਾਂ ‘ਅਨਹਦ ਨਾਦ’ ਨੂੰ ਸੁਣਨਾ ਹੀ ਜਨਮ-ਮਰਨ ਦੇ ਕੁਚੱਕਰ ਤੋਂ ‘ਮੁਕਤੀ’ ਦਾ ਸਾਧਨ ਐਲਾਨਦੇ ਹਨ।
ਕਾਸ਼! ਭਾਰਤ ਵਿੱਚ ਵੀ ਅਜਿਹਾ ਹੁੰਦਾ ਕਿ ਇਸ ਦਿਨ ਦੇਸ਼ ਦੇ ਹਰ ਗਲੀ-ਮੋੜ ’ਤੇ ਭਾਰਤੀ ਲੋਕ ਸੰਗੀਤ ਅਤੇ ਖੇਤਰੀ ਸੰਗੀਤ ਦੀਆਂ ਵੱਖ-ਵੱਖ ਵੰਨ੍ਹਗੀਆਂ ਦੀ ਗੂੰਜ ਸੁਣਾਈ ਦਿੰਦੀ ਤੇ ਸਾਡੀ ਅਜੋਕੀ ਨੌਜਵਾਨ ਪੀੜ੍ਹੀ ਸਾਡੇ ਬੇਸ਼ਕੀਮਤੀ ਤੇ ਵਿਰਾਸਤੀ ਸੰਗੀਤ ਦੇ ਰੂਬਰੂ ਹੋ ਕੇ ਉਸ ਦਾ ਅਨੰਦ ਲੈਂਦੀ ਅਤੇ ਉਸ ਤੋਂ ਪ੍ਰਭਾਵਿਤ ਹੋ ਕੇ ਉਸ ਨੂੰ ਰੂਹ ਨਾਲ ਸਾਂਭਦੀ, ਸੁਆਰਦੀ ਤੇ ਹਿਰਦੇ ਵਿੱਚ ਵਸਾਉਂਦੀ। ਇਹ ਦਿਨ ਫੂਹੜ ਤੇ ਫਾਹਸ਼ ਕਿਸਮ ਦੇ ਸੰਗੀਤ ਅਤੇ ਭੜਕਾਊ ਗੀਤਾਂ, ਗੀਤਕਾਰਾਂ ਅਤੇ ਗਾਇਕਾਂ ਦੇ ਬਾਈਕਾਟ ਦੇ ਦਿਨ ਵਜੋਂ ਵੀ ਮਨਾਇਆ ਜਾਣਾ ਚਾਹੀਦਾ ਹੈ ਤੇ ਸਭ ਨੂੰ ਦਰਸਾਇਆ ਜਾਣਾ ਚਾਹੀਦਾ ਹੈ ਕਿ ਸੰਗੀਤ ‘ਤਜਾਰਤ ਨਹੀਂ ਇਬਾਦਤ’ ਹੈ ਭਾਵ ਇਹ ਕੋਈ ਵਪਾਰ ਦਾ ਸਾਧਨ ਨਹੀਂ ਸਗੋਂ ‘ਭਗਤੀ, ਮਨੋਰੰਜਨ ਅਤੇ ਅਨੰਦ’ ਦਾ ਇੱਕ ਸੁੱਚਾ ਮਾਧਿਅਮ ਵੀ ਹੈ। ਸੱਚੇ-ਸੁੱਚੇ ਸੰਗੀਤ ਦੀ ਖ਼ਾਸੀਅਤ ਇਹ ਹੈ ਕਿ ਆਪ ਵੀ ਪਾਕ ਹੁੰਦਾ ਹੈ ਤੇ ਸੁਣਨ ਵਾਲੇ ਨੂੰ ਵੀ ਪਾਕ ਕਰਦਾ ਹੈ। ਇਹ ਸਾਡੀ ਰੂਹ ਨੂੰ ਅਮੁੱਕ ਅਨੰਦ ਦਾ ਅਹਿਸਾਸ ਕਰਵਾਉਂਦਾ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪੂਰੀ ਦੁਨੀਆ ਦਾ ਅਜਿਹਾ ਇਕਲੌਤਾ ਸਥਾਨ ਹੈ ਜਿੱਥੇ ਚੱਤੇ ਪਹਿਰ ਰਸਭਿੰਨਾ ਤੇ ਸੰਗੀਤਮਈ ਕੀਰਤਨ ਚੱਲਦਾ ਹੈ ਤੇ ਜਿੱਥੋਂ ਦੀ ਫ਼ਿਜ਼ਾ ਹਰ ਵੇਲੇ ਮਧੁਰ ਤੇ ਮਨਮੋਹਕ ਸੰਗੀਤ ਨਾਲ ਸਰਾਬੋਰ ਰਹਿੰਦੀ ਹੈ।
ਅੱਜ ਦੇ ਇਸ ਦਿਵਸ ਮੌਕੇ ਸਾਨੂੰ ਸਭ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਸੁੱਚੇ ਸੰਗੀਤ ਵਿੱਚ ਜ਼ਹਿਰ ਘੋਲਣ ਵਾਲਿਆਂ ਦੇ ਸੰਗੀਤ ਦੀ ਨਾ ਤਾਂ ਉਮਰ ਲੰਮੀ ਹੁੰਦੀ ਹੈ ਤੇ ਨਾ ਹੀ ਉਨ੍ਹਾਂ ਦਾ ਕਰੀਅਰ ਜ਼ਿਆਦਾ ਚਿਰ ਚੜ੍ਹਾਈ ’ਤੇ ਰਹਿੰਦਾ ਹੈ। ਅਜਿਹੇ ਲੋਕ ਹਵਾ ਦੇ ਉਸ ਬੁੱਲੇ ਵਰਗੇ ਹੁੰਦੇ ਹਨ ਜਿਸ ਦੀ ਮਿਆਦ ਚੰਦ ਪਲਾਂ ਤੋਂ ਵੱਧ ਨਹੀਂ ਹੁੰਦੀ। ਸੰਗੀਤ ਸੁੱਚਤਾ ਤੇ ਅਨੰਦ ਦਾ ਮਾਧਿਅਮ ਹੈ ਤੇ ਇਸ ਵਿੱਚ ਵਿਸ ਘੋਲਣ ਦੀ ਹਿਮਾਕਤ ਤੋਂ ਹਰ ਹਾਲ ਵਿੱਚ ਬਚਣਾ ਚਾਹੀਦਾ ਹੈ। ਭਾਰਤ ਵਿੱਚ ਅੱਜ ਦਾ ਇਹ ਦਿਨ ਬੈਜੂ ਬਾਵਰਾ, ਤਾਨਸੇਨ, ਬੜੇ ਗ਼ੁਲਾਮ ਅਲੀ ਖ਼ਾਂ, ਉਸਤਾਦ ਬਿਸਮਿੱਲਾ ਖ਼ਾਂ ਅਤੇ ਭਾਈ ਸਮੁੰਦ ਸਿੰਘ ਸਮੇਤ ਦੇਸ਼ ਦੇ ਹੋਰ ਉਸਤਾਦ ਸੰਗੀਤਕਾਰਾਂ ਅਤੇ ਕੇ. ਐੱਲ. ਸਹਿਗਲ, ਮੁਹੰਮਦ ਰਫ਼ੀ, ਲਤਾ ਮੰਗੇਸ਼ਕਰ, ਮੁਕੇਸ਼, ਤਲਤ ਮਹਿਮੂਦ, ਕਿਸ਼ੋਰ ਕੁਮਾਰ, ਮਹਿੰਦਰ ਕਪੂਰ, ਸੁਰਿੰਦਰ ਕੌਰ, ਗੁਰਮੀਤ ਬਾਵਾ, ਆਸਾ ਸਿੰਘ ਮਸਤਾਨਾ, ਕੁਲਦੀਪ ਮਾਣਕ ਤੇ ਲਾਲ ਚੰਦ ਯਮਲਾ ਜੱਟ ਜਿਹੀਆਂ ਕਈ ਹੋਰ ਮਹਾਨ ਸੰਗੀਤਕ ਹਸਤੀਆਂ ਨੂੰ ਯਾਦ ਕਰਨ ਤੇ ਸ਼ਰਧਾ ਦੇ ਫੁੱਲ ਭੇਂਟ ਕਰਨ ਦਾ ਦਿਨ ਵੀ ਹੈ।
ਸੰਪਰਕ: 97816-46008