ਮੋਹਨਲਾਲ ਨੂੰ ਮਿਲੇਗਾ 2023 ਦਾ ‘ਦਾਦਾਸਾਹਿਬ ਫਾਲਕੇ’ ਪੁਰਸਕਾਰ
ਮਲਿਆਲਮ ਸੁਪਰਸਟਾਰ ਮੋਹਨਲਾਲ ਨੂੰ ਭਾਰਤੀ ਸਿਨੇਮਾ ਦੇ ਸਰਵਉੱਚ ਸਨਮਾਨ, 2023 ਦੇ ਦਾਦਾਸਾਹਿਬ ਫਾਲਕੇ ਅਵਾਰਡ ਲਈ ਚੁਣਿਆ ਗਿਆ ਹੈ, ਜਿਸ ਦਾ ਐਲਾਨ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਕੀਤਾ।
ਮੰਤਰਾਲੇ ਨੇ ਐਕਸ ’ਤੇ ਪੋਸਟ ਕਰਕੇ ਕਿਹਾ ,“ 65 ਸਾਲਾ ਅਭਿਨੇਤਾ, ਨਿਰਦੇਸ਼ਕ ਅਤੇ ਨਿਰਮਾਤਾ ਨੂੰ ਭਾਰਤੀ ਸਿਨੇਮਾ ਵਿੱਚ ‘ਆਈਕਾਨਿਕ ਯੋਗਦਾਨ’ ਲਈ ਸਨਮਾਨਿਤ ਕੀਤਾ ਜਾ ਰਿਹਾ ਹੈ। ਅਵਾਰਡ 23 ਸਤੰਬਰ ਨੂੰ 71ਵੇਂ ਨੈਸ਼ਨਲ ਫਿਲਮ ਅਵਾਰਡ ਸਮਾਰੋਹ ਵਿੱਚ ਦਿੱਤਾ ਜਾਵੇਗਾ। ”
ਮੰਤਰਾਲੇ ਨੇ ਕਿਹਾ, “ਮੋਹਨਲਾਲ ਦੀ ਸਿਨੇਮਾਈ ਯਾਤਰਾ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਹੈ। ਉਨ੍ਹਾਂ ਦੀ ਪ੍ਰਤਿਭਾ ਅਤੇ ਮਿਹਨਤ ਨੇ ਭਾਰਤੀ ਸਿਨੇਮਾ ਵਿੱਚ ਸੁਨਹਿਰੀ ਮਿਸਾਲ ਕਾਇਮ ਕੀਤੀ।”
ਚਾਰ ਦਹਾਕਿਆਂ ਦੇ ਕਰੀਅਰ ਵਿੱਚ ਮੋਹਨਲਾਲ ਨੇ ਮਲਿਆਲਮ, ਤਾਮਿਲ, ਤੇਲਗੂ, ਹਿੰਦੀ ਅਤੇ ਕੰਨੜ ਵਿੱਚ 350 ਤੋਂ ਵੱਧ ਫਿਲਮਾਂ ਕੀਤੀਆਂ। ਉਨ੍ਹਾਂ ਦੀਆਂ ਪ੍ਰਸਿੱਧ ਫਿਲਮਾਂ ਵਿੱਚ ਥਨਮਾਤਰਾ, ਇਰੁਵਰ, ਦ੍ਰਿਸ਼ਯਮ, ਵਨਪ੍ਰਸਥਮ, ਕੰਪਨੀ, ਮੁੰਥਿਰੀਵੱਲਿਕਲ ਥਾਲਿਰਕੁੰਬੋਲ ਅਤੇ ਪੁਲੀਮੁਰੁਗਨ ਸ਼ਾਮਲ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੋਹਨਲਾਲ ਨੂੰ ਵਧਾਈ ਦਿੱਤੀ। ਸੂਚਨਾ ਮੰਤਰੀ ਅਸ਼ਵਨੀ ਵੈਸ਼ਨਾਵ ਅਤੇ ਕਾਂਗਰਸ ਨੇਤਾ ਸ਼ਸ਼ੀ ਥਰੂਰ ਨੇ ਵੀ ਵਧਾਈ ਦਿੱਤੀ।
ਜ਼ਿਕਰਯੋਗ ਮੋਹਨਲਾਲ ਨੂੰ ਦੋ ਨੈਸ਼ਨਲ ਫਿਲਮ ਅਵਾਰਡ, ਨੌਂ ਕੇਰਲ ਸਟੇਟ ਅਵਾਰਡ, 2001 ਵਿੱਚ ਪਦਮ ਸ਼੍ਰੀ ਅਤੇ 2019 ਵਿੱਚ ਪਦਮ ਭੂਸ਼ਣ ਮਿਲ ਚੁੱਕੇ ਹਨ।