ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮਿੰਨੀ ਕਹਾਣੀਆਂ

ਮਗਰਮੱਛ ਦੇ ਹੰਝੂ ਰਜਵਿੰਦਰ ਪਾਲ ਸ਼ਰਮਾ ਗੁਆਂਢ ਵਿੱਚ ਰਹਿੰਦਾ ਅੱਸੀ ਸਾਲ ਨੂੰ ਢੁਕਿਆ ਬਾਬਾ ਕਰਤਾਰ ਸਿੰਘ ਇਸ ਫ਼ਾਨੀ ਦੁਨੀਆਂ ਨੂੰ ਸਦਾ ਲਈ ਅਲਵਿਦਾ ਕਹਿ ਗਿਆ। ਧਾਹਾਂ ਮਾਰਦੀ ਨੂੰਹ ਵੱਲ ਦੇਖਦਿਆਂ ਬੀਬੀ ਜੰਗੀਰੋ ਕਰਨੈਲ ਕੌਰ ਨੂੰ ਕਹਿਣ ਲੱਗੀ, ਦੇਖ ਨੀ ਕਰਨੈਲ...
Advertisement

ਮਗਰਮੱਛ ਦੇ ਹੰਝੂ

ਰਜਵਿੰਦਰ ਪਾਲ ਸ਼ਰਮਾ

Advertisement

ਗੁਆਂਢ ਵਿੱਚ ਰਹਿੰਦਾ ਅੱਸੀ ਸਾਲ ਨੂੰ ਢੁਕਿਆ ਬਾਬਾ ਕਰਤਾਰ ਸਿੰਘ ਇਸ ਫ਼ਾਨੀ ਦੁਨੀਆਂ ਨੂੰ ਸਦਾ ਲਈ ਅਲਵਿਦਾ ਕਹਿ ਗਿਆ। ਧਾਹਾਂ ਮਾਰਦੀ ਨੂੰਹ ਵੱਲ ਦੇਖਦਿਆਂ ਬੀਬੀ ਜੰਗੀਰੋ ਕਰਨੈਲ ਕੌਰ ਨੂੰ ਕਹਿਣ ਲੱਗੀ, ਦੇਖ ਨੀ ਕਰਨੈਲ ਕੁਰੇ ਸਤਵੰਤ ਕੌਰ ਕਿਵੇਂ ਧਾਹਾਂ ਮਾਰਦੀ ਪਈ ਆ, ਜਿਉਂਦੇ ਨੂੰ ਤਾਂ ਇਹਨੇ ਕਦੇ ਪਾਣੀ ਦਾ ਗਲਾਸ ਨੀ ਫੜਾਇਆ, ਉਹ ਭੁੱਖ ਨਾਲ ਤੜਫਦਾ ਰਿਹਾ, ਜਦੋਂ ਜੀ ਕਰਦਾ ਰੋਟੀ ਫੜਾ ਦਿੰਦੀ, ਦਿਨ ਵਿਚਦੀ ਸੌ ਵਾਰ ਗਾਲਾਂ ਕੱਢਦੀ, ਅੱਜ ਦੇਖ ਲਾ ਮਗਰਮੱਛ ਦੇ ਹੰਝੂ ਵਹਾ ਕੇ ਪੂਰੇ ਪਿੰਡ ਅਤੇ ਰਿਸ਼ਤੇਦਾਰਾਂ ਨੂੰ ਦੱਸਣ ਲੱਗੀ ਆ ਜਿਵੇਂ ਬਾਬੇ ਕਰਤਾਰੇ ਦੇ ਜਾਣ ਦਾ ਸਭ ਤੋਂ ਵੱਧ ਦੁੱਖ ਇਸੇ ਨੂੰ ਹੋਵੇ, ਜੰਗੀਰੋ ਦੀ ਗੱਲ ਸੁਣ ਚੁੱਪ ਰਹਿਣ ਦਾ ਇਸ਼ਾਰਾ ਕਰਦਿਆਂ ਕਰਨੈਲ ਕੌਰ ਨੇ ਵੀ ਹਾਂਅ ’ਚ ਸਿਰ ਹਿਲਾ ਦਿੱਤਾ।

ਸੰਪਰਕ: 70873-67969

* * *

ਛਲਾਵਾ

ਅਮਰਜੀਤ ਸਿੰਘ ਫ਼ੌਜੀ

ਨਾਂ ਤਾਂ ਉਹਦਾ ਭਾਵੇਂ ਗੁਰਮੇਲ ਸਿੰਘ ਸੀ ਪਰ ਪੈਸੇ ਵੱਲੋਂ ਤੰਗੀ ਤੁਰਸ਼ੀ ਕਰਕੇ ਲੋਕਾਂ ਨੇ ਉਸ ਦਾ ਨਾਮ ਗੇਲਾ ਹੀ ਪਕਾਅ ਦਿੱਤਾ। ਅੱਜ ਗੇਲਾ ਜਦੋਂ ਖੇਤੋਂ ਘਰੇ ਆਇਆ ਤਾਂ ਮੋਢੇ ਤੋਂ ਲਾਹ ਕੇ ਕਹੀ ਰੱਖੀ ਤੇ ਖਾਲ਼ ਘੜਦਿਆਂ ਲੱਤਾਂ ਨੂੰ ਲੱਗੀ ਮਿੱਟੀ ਪੂੰਝਦਾ ਹੋਇਆ ਬੋਲਿਆ ‘ਬੇਬੇ, ਠੰਢ ਬਹੁਤ ਐ ਗੜਵੀ ਕੁ ਕਰੜੀ ਜੀ ਚਾਹ ਕਰਦੇ’ ਬੇਬੇ ਚਾਹ ਬਣਾਉਣ ਲਗ ਪਈ ਤੇ ਗੇਲਾ ਮੰਜੇ ਉੱਤੇ ਬੈਠਾ ਕਿਸੇ ਗਹਿਰੀ ਸੋਚ ਵਿੱਚ ਡੁੱਬ ਗਿਆ।

ਗੁਰਮੇਲ ਸਿੰਘ ਨੇ ਭਾਵੇਂ ਬੀ ਏ ਕੀਤੀ ਸੀ ਪਰ ਨੌਕਰੀ ਨਾ ਮਿਲਣ ਕਰਕੇ ਖੇਤੀ ਕਰਨਾ ਉਸ ਦੀ ਮਜਬੂਰੀ ਸੀ, ਕੁੱਝ ਜ਼ਮੀਨ ਵੇਚ ਕੇ ਉਸ ਨੇ ਕੈਂਪਸ ਨਾਲ ਤੜਪ ਰਹੇ ਬਾਪੂ ਦਾ ਇਲਾਜ ਕਰਵਾਇਆ ਪਰ ਉਸ ਨੂੰ ਬਚਾ ਨਾ ਸਕਿਆ। ਫਿਰ ਕੁਝ ਜ਼ਮੀਨ ਵੇਚ ਕੇ ਉਸ ਛੋਟੀ ਭੈਣ ਦਾ ਵਿਆਹ ਕੀਤਾ।

ਸਿਰਫ਼ ਡੂਢ ਕਿੱਲਾ ਜ਼ਮੀਨ ਉਸ ਕੋਲ ਸੀ ਜਿਸ ਨਾਲ ਘਰ ਦਾ ਗੁਜ਼ਾਰਾ ਹੀ ਮਸਾਂ ਚਲਦਾ ਸੀ। ਮੰਜੇ ’ਤੇ ਲੇਟੇ ਗੇਲੇ ਨੂੰ ਚਿੰਤਾ ਸਤਾ ਰਹੀ ਸੀ ਕਿ ਇੰਨੀ ਕੁ ਆਮਦਨ ਨਾਲ ਘਰ ਦੀਆਂ ਸਾਰੀਆਂ ਲੋੜਾਂ ਕਿਵੇਂ ਪੂਰੀਆਂ ਹੋ ਸਕਣਗੀਆਂ। ਉਸ ਨੂੰ ਵੱਡੇ ਵੱਡੇ ਬੈਨਰਾਂ ’ਤੇ ਲਿਖਿਆ ‘ਜੈ ਜਵਾਨ ਜੈ ਕਿਸਾਨ’ ਦਾ ਨਾਹਰਾ ਝੂਠਾ ਤੇ ਛਲਾਵਾ ਲੱਗਿਆ। ਉੱਧਰ ਬੇਬੇ ਚਾਹ ਬਣਾਉਂਦੀ ਹੋਈ ਆਪਣੇ 32 ਸਾਲਾਂ ਨੂੰ ਢੁਕੇ ਪੁੱਤਰ ਦੇ ਵਿਆਹ ਦੀ ਚਿੰਤਾ ਕਰ ਰਹੀ ਸੀ, ਜਿਸ ਲਈ ਕਿਤੋਂ ਵੀ ਕੋਈ ਸਾਕ ਸਹੇੜਨਾ ਉਸ ਲਈ ਔਖਾ ਹੋਇਆ ਪਿਆ ਸੀ। ਉਸ ਦੇ ਅੰਦਰ ਇੱਕ ਚੀਸ ਉੱਠੀ ਪਰ ਆਪਣਾ ਦਰਦ ਲੁਕੋ ਉਹ ਖਿੜੇ ਮੱਥੇ ਗੇਲੇ ਨੂੰ ਚਾਹ ਦੇਣ ਤੁਰ ਪਈ।

ਸੰਪਰਕ: 95011-27033

* * *

ਰਾਣੀ ਕੇ ਨੌਕਰਾਣੀ

ਮਦਨ ਬੰਗੜ ਮੈਂ ਤੈਨੂੰ ਰਾਣੀ ਬਣਾ ਕੇ ਰੱਖਾਂਗਾ, ਦੁਨੀਆਂ ਦੀ ਹਰ ਖੁਸ਼ੀ ਤੇਰੇ ਕਦਮਾ ’ਚ ਹੋਵੇਗੀ। ਮੈਂ ਤੇਰੇ ਲਈ ਚੰਨ ਤਾਰੇ ਤੋੜ ਕੇ ਲਿਆਵਾਂਗਾ। ਮੈਂ ਤੈਨੂੰ ਤੱਤੀ ਹਵਾ ਨੀ ਲੱਗਣ ਦੇਵਾਂਗਾ। ਖੇਸ ਧੋ ਰਹੀ ਕਮਲੀ ਨੂੰ ਘਰ ਵਾਲੇ ਵੱਲੋਂ ਕੀਤੇ ਵਾਅਦਿਆਂ ਦੀ ਯਾਦ ਆਈ ਤਾਂ ਉਸ ਸਾਰਾ ਗੁੱਸਾ ਥਾਪੀ ਰਾਹੀਂ ਖੇਸ ’ਤੇ ਕੱਢ ਦਿੱਤਾ। ਕੱਪੜਿਆਂ ਮਗਰੋਂ ਹਾਲੇ ਜੂਠੇ ਭਾਂਡੇ ਤੇ ਵੇਹੜੇ ’ਚ ਪਿਆ ਖਿਲਾਰਾ ਉਸ ਵੱਲ ਮੂੰਹ ਟੱਡੀ ਪਏ ਸਨ।

ਸੰਪਰਕ: 95015-75511

* * *

ਰਾਹ ਰੋਸ਼ਨੀ ਦਾ

ਡਾ. ਅਮਰਜੀਤ ਟਾਂਡਾ

ਪਿੰਡ ਦੀ ਬਾਹਰਲੀ ਪੱਟੀ ’ਤੇ ਗੁਰਦਿਆਲ ਸਿੰਘ ਦਾ ਕੱਚਾ ਘਰ ਸੀ। ਘਰ ਦੀਆਂ ਕੰਧਾਂ ’ਤੇ ਮਿੱਟੀ ਦੀ ਖੁਸ਼ਬੂ, ਵਿਹੜੇ ਵਿੱਚ ਟਾਹਲੀ ਦੀ ਠੰਢੀ ਛਾਂ ਤੇ ਬਾਗ ਦੀਆਂ ਗੁਲਾਬੀ ਕਲੀਆਂ ਮਿਲ ਕੇ ਉਸ ਘਰ ਨੂੰ ਸਵਰਗੀ ਝਲਕਾਰਾ ਦੇ ਰਹੀਆਂ ਸਨ। ਗੁਰਦਿਆਲ ਕਦੇ ਸਕੂਲ ਨਹੀਂ ਸੀ ਗਿਆ ਪਰ ਜਿੰਦਗੀ ਨੇ ਉਸ ਨੂੰ ਕਈ ਵੱਡੀਆਂ ਕਿਤਾਬਾਂ ਨਾਲੋਂ ਵੱਧ ਸਿੱਖਿਆ ਦਿੱਤੀ ਸੀ। ਉਹ ਹਮੇਸ਼ਾਂ ਕਹਿੰਦਾ, ‘ਜੀਵਨ ਸਾਨੂੰ ਉਹ ਨਹੀਂ ਦਿੰਦਾ ਜੋ ਅਸੀਂ ਸੋਚਦੇ ਹਾਂ, ਜੀਵਨ ਸਾਨੂੰ ਉਹ ਦਿੰਦਾ ਹੈ ਜਿਸ ਨਾਲ ਅਸੀਂ ਹੋਰ ਮਜ਼ਬੂਤ ਹੋ ਸਕੀਏ।’

ਕੁਝ ਸਾਲ ਪਹਿਲਾਂ ਮੀਂਹ ਕਰਕੇ ਉਸ ਦੀ ਫ਼ਸਲ ਡੁੱਬ ਗਈ ਸੀ। ਉਹ ਸਮਾਂ ਗੁਰਦਿਆਲ ਲਈ ਸਭ ਤੋਂ ਵੱਡੇ ਇਮਤਿਹਾਨ ਵਾਂਗ ਸੀ। ਸਭ ਨੂੰ ਲੱਗਦਾ ਸੀ ਕਿ ਹੁਣ ਗੁਰਦਿਆਲ ਮੁੜ ਖੜ੍ਹਾ ਨਹੀਂ ਹੋ ਸਕੇਗਾ ਪਰ ਉਸ ਨੇ ਹੌਸਲਾ ਨਾ ਛੱਡਿਆ। ਉਹ ਅਕਸਰ ਰਾਤ ਨੂੰ ਟਾਹਲੀ ਹੇਠ ਬੈਠ ਕੇ ਖ਼ੁਦ ਨਾਲ ਗੱਲਾਂ ਕਰਦਾ ਕਹਿੰਦਾ, ‘ਰੁੱਖ ਜਦੋਂ ਡਿੱਗਦਾ ਹੈ ਤਾਂ ਨਵੀਂ ਟਾਹਣੀ ਉੱਗਦੀ ਹੈ। ਜੇ ਧਰਤੀ ਹਰ ਬਾਰ ਸੁੱਕਣ ਤੋਂ ਬਾਅਦ ਹਰੀ ਹੋ ਸਕਦੀ ਹੈ ਤਾਂ ਮੈਂ ਕਿਉਂ ਨਹੀਂ?’ ਇਹੀ ਸੋਚ ਹਰ ਵਾਰ ਉਸ ਨੂੰ ਮੁੜ ਉੱਠਣ ਦਾ ਹੌਸਲਾ ਦਿੰਦੀ ਰਹੀ। ਕੁਝ ਸਮੇਂ ਵਿੱਚ ਹੀ ਉਸ ਨੇ ਖੇਤ ਮੁੜ ਹਰੇ ਕਰ ਲਏ। ਗੁਰਦਿਆਲ ਦੇ ਇਹ ਅਨੁਭਵ ਸਿਰਫ਼ ਖੇਤੀ ਤੱਕ ਸੀਮਿਤ ਨਹੀਂ ਸੀ। ਉਸ ਨੇ ਇਸ ਹਿੰਮਤ, ਦਲੇਰੀ, ਸਹਿਜਤਾ, ਦ੍ਰਿੜ ਇਰਾਦੇ ਤੇ ਮਿਹਨਤ ਕਰਦੇ ਰਹਿਣ ਦੀ ਸਿੱਖਿਆ ਆਪਣੇ ਬੱਚਿਆਂ ਨੂੰ ਵੀ ਦਿੱਤੀ।

ਗਰਮੀਆਂ ਦੀ ਇੱਕ ਦੁਪਹਿਰ ਉਸ ਦੀ ਧੀ ਰੂਪ ਕਵਿਤਾ ਦੀ ਕਿਤਾਬ ਖੋਲ੍ਹ ਕੇ ਬੈਠੀ ਸੀ। ਉਸ ਦੇ ਬੋਰਡ ਦੇ ਇਮਤਿਹਾਨ ਸਨ ਤੇ ਡਰ ਕਾਰਨ ਉਸ ਦਾ ਹੌਸਲਾ ਡਿੱਗਦਾ ਜਾ ਰਿਹ ਸੀ। ਗੁਰਦਿਆਲ ਨੇ ਧੀ ਦੀ ਬੇਚੈਨੀ ਵੇਖੀ ਤਾਂ ਉਸ ਰੂਪ ਦੇ ਸਿਰ ’ਤੇ ਹੱਥ ਫੇਰਦਿਆਂ ਕਿਹਾ, ‘ਧੀਏ, ਸਮੁੰਦਰ ਡੂੰਘਾ ਇਸ ਕਰਕੇ ਨਹੀਂ ਹੁੰਦਾ ਕਿ ਉਸ ਕੋਲ ਬਹੁਤ ਪਾਣੀ ਹੈ। ਉਹ ਡੂੰਘਾ ਇਸ ਲਈ ਹੈ ਕਿਉਂਕਿ ਉਹ ਹਰ ਦਰਿਆ ਨੂੰ ਆਪਣੇ ਵਿੱਚ ਸਮਾ ਲੈਂਦਾ ਹੈ। ਅਸੀਂ ਵੀ ਸਾਹਮਣੇ ਆਈ ਹਰ ਸਥਿਤੀ ਨਾਲ ਨਜਿੱਠ ਕੇ ਉਸ ’ਚੋਂ ਸਿਖ ਕੇ ਵਿਸ਼ਾਲ ਹੋ ਸਕਦੇ ਹਾਂ। ਡਰ, ਹਾਰ, ਜਿੱਤ ਸਭ ਕੁੱਝ ਅੰਦਰ ਰੱਖ ਕੇ ਹੀ ਰੌਸ਼ਨੀ ਬਣਿਆ ਜਾ ਸਕਦਾ ਹੈ।

ਰੂਪ ਦੀਆਂ ਅੱਖਾਂ ਦੀ ਚਮਕ ਮੁੜ ਆਈ ਤੇ ਉਸ ਨੇ ਨਵੀਂ ਤਾਕਤ ਨਾਲ ਪੜ੍ਹਾਈ ਸ਼ੁਰੂ ਕੀਤੀ। ਰੂਪ ਨਾ ਸਿਰਫ਼ ਆਪਣੇ ਇਮਤਿਹਾਨ ਵਿੱਚ ਕਾਮਯਾਬ ਹੋਈ, ਸਗੋਂ ਉੱਖ ਪੜ੍ਹਾਈ ਕਰਕੇ ਅਧਿਆਪਕਾ ਵੀ ਬਣੀ। ਰੂਪ ਵੀ ਜਦੋਂ ਆਪਣੇ ਕਿਸੇ ਵਿਦਿਆਰਥੀ ਨੂੰ ਹਾਰਦਾ ਵੇਖਦੀ ਤਾਂ ਆਪਣੇ ਪਿਤਾ ਦੀ ਦਿੱਤੀ ਮੱਤ ਅੱਗੇ ਵੰਡ ਦਿੰਦੀ।

ਉਹ ਜਾਣਦੀ ਸੀ ਕਿ ਉਸ ਦੇ ਪਿਤਾ ਦੀਆਂ ਗੱਲਾਂ ਬੇਸ਼ਕ ਸਾਦਗੀ ਨਾਲ ਭਰੀਆਂ ਹੋਈਆਂ ਹਨ ਪਰ ਇਨ੍ਹਾਂ ਵਿੱਚਲੀ ਸਿਆਣਪ ਦਰਿਆਵਾਂ ਨੂੰ ਸੰਭਾਲਣ ਵਾਲੇ ਸਮੁੰਦਰ ਵਾਂਗ ਹੀ ਹੈ।

* * *

ਮੁਆਵਜ਼ਾ

ਗੁਰਮੀਤ ਸਿੰਘ ਸੋਹੀ

ਕਰਨੈਲ ਦੀਆਂ ਚਾਰ ਬੱਕਰੀਆਂ, ਬਾਰਾਂ ਮੁਰਗੀਆਂ ਤੇ ਕੁੱਤਾ ਹੜ ਵਿੱਚ ਰੁੜ੍ਹ ਗਏ ਪਰ ਚੰਗੀ ਕਿਸਮਤ ਨੂੰ ਇਹ ਸਾਰੇ ਜਾਨਵਰ ਕਿਸੇ ਉੱਚੇ ਟਿੱਬੇ ’ਤੇ ਜਾ ਰੁਕੇ। ਕੁਝ ਦਿਨਾਂ ਬਾਅਦ ਇਨ੍ਹਾਂ ਸਾਰੇ ਜਾਨਵਰਾਂ ਨੇ ਸਲਾਹ ਬਣਾਈ ਕਿ ਹੁਣ ਆਪਾਂ ਨੂੰ ਆਪਣੇ ਘਰ ਵਾਪਸ ਜਾਣਾ ਚਾਹੀਦਾ ਹੈ। ਹੁਣ ਪਾਣੀ ਵੀ ਘੱਟ ਗਿਆ ਤੇ ਨਾਲੇ ਆਪਣਾ ਮਾਲਕ ਵੀ ਸਾਡੇ ਲਈ ਪ੍ਰੇਸ਼ਾਨ ਹੁੰਦਾ ਹੋਣਾ। ਇੱਕ ਸਿਆਣੀ ਬੱਕਰੀ ਨੇ ਸਲਾਹ ਦਿੱਤੀ ਕਿ ਪਹਿਲਾਂ ਉੱਥੇ ਜਾ ਕੇ ਦੇਖ ਲਿਆ ਜਾਵੇ ਕਿ ਸਭ ਸੁੱਕ ਪਕਾ ਹੋ ਗਿਆ ਹੈ ਕਿ ਨਹੀਂ। ਕੁੱਤੇ ਨੇ ਹਾਮੀ ਭਰਦਿਆਂ ਕਿਹਾ ਕਿ ਮੈਂ ਦੇਖ ਕੇ ਆਉਂਦਾ ਹਾਂ ਤੇ ਨਾਲੇ ਮਾਲਕ ਨੂੰ ਵੀ ਦੱਸ ਦਿਆਂਗਾ ਕਿ ਅਸੀਂ ਸਾਰੇ ਸਹੀ ਸਲਾਮਤ ਹਾਂ ਤੇ ਜਲਦੀ ਘਰ ਆਵਾਂਗੇ।

ਕੁੱਤਾ ਤੇਜ਼ੀ ਨਾਲ ਆਪਣੇ ਘਰ ਪਹੁੰਚਿਆ ਤਾਂ ਦੇਖਿਆ ਕਿ ਦੋ ਬੰਦੇ ਉਸ ਦੇ ਮਾਲਕ ਕੋਲ ਖੜ੍ਹੇ ਕਾਪੀ ’ਤੇ ਕੁਝ ਲਿਖ ਰਹੇ ਹਨ। ਜਦੋਂ ਉਹ ਦੋਵੇਂ ਬੰਦੇ ਚਲੇ ਗਏ ਤਾਂ ਕੁੱਤਾ ਆਪਣੇ ਮਾਲਕ ਕੋਲ ਪਹੁੰਚਿਆ। ਮਾਲਕ ਉਸ ਨੂੰ ਦੇਖ ਬਹੁਤ ਖੁਸ਼ ਹੋਇਆ, ਕੁੱਤੇ ਨੇ ਦੱਸਿਆ ਕਿ ਉਹ ਸਾਰੇ ਛੇਤੀ ਹੀ ਘਰ ਪਰਤਣਗੇ। ਉਸ ਕਰਨੈਲ ਨੂੰ ਉਨ੍ਹਾਂ ਦੋ ਬੰਦੀਆਂ ਬਾਰੇ ਪੁੱਛਿਆ ਤਾਂ ਕਰਨੈਲ ਨੇ ਦੱਸਿਆ ਕਿ ਇਹ ਸਰਕਾਰ ਵੱਲੋਂ ਭੇਜੇ ਸਰਕਾਰੀ ਕਰਮਚਾਰੀ ਸਨ, ਜਿਨ੍ਹਾਂ ਮੈਨੂੰ ਮੇਰੀਆਂ ਰੁੜ੍ਹ ਗਈਆਂ ਬੱਕਰੀਆਂ ਤੇ ਮੁਰਗੀਆਂ ਲਈ ਮੁਆਵਜ਼ਾ ਦੇਣਾ ਹੈ। ਉਸ ਨੇ ਉਨ੍ਹਾਂ ਕੋਲ ਦਸ ਬੱਕਰੀਆਂ ਤੇ ਪੈਂਤੀ ਮੁਰਗੀਆਂ ਦੀ ਗਿਣਤੀ ਦੱਸੀ ਹੈ। ਕਰਨੈਲ ਨੇ ਉਸ ਨੂੰ ਕਿਹਾ ਕਿ ਹਾਲੇ ਬੱਕਰੀਆਂ ਤੇ ਮੁਰਗੀਆਂ ਘਰੇ ਨਾ ਆਉਣ। ਜਦੋਂ ਮੁਆਵਜ਼ਾ ਮਿਲ ਗਿਆ ਤਾਂ ਉਨ੍ਹਾਂ ਨੂੰ ਲੈ ਆਵੀਂ। ਕੁੱਤਾ ਰੋਜ਼ ਘਰ ਗੇੜਾ ਮਾਰਿਆ ਕਰੇ ਤੇ ਮਾਲਕ ਰੋਜ਼ ਕੁਝ ਹੋਰ ਦਿਨ ਉਡੀਕਣ ਨੂੰ ਆਖ ਦਿਆ ਕਰੇ। ਕਈ ਕਈ ਮਹੀਨੇ ਬੀਤ ਗਏ ਪਰ ਨਾ ਮੁਆਵਜ਼ਾ ਮਿਲਿਆ ਤੇ ਨਾ ਹੀ ਉਸ ਦੀਆਂ ਬੱਕਰੀਆਂ ਤੇ ਮੁਰਗੀਆਂ ਦੀ ਘਰ ਪਰਤੀਆਂ।

ਸੰਪਰਕ: 92179-81404

* * *

ਰਾਜ਼ੀਨਾਮਾ

ਲਾਲ ਸਿੰਘ

ਗੱਲ ਪਾਣੀ ਦੀ ਵਾਰੀ ਤੋਂ ਵਿਗੜੀ। ਰਾਮਾ, ਸ਼ਾਮਾ ਦੋਵੇਂ ਭਰਾ, ਦੋਵੇਂ ਬੀਬੇ, ਗਊ ਸੁਭਾਅ। ਦੋਵੇਂ ਰਲ ਕੇ ਅੱਧੇ ਪਿੰਡ ਦੀ ਬਿਜਾਈ ਕਰਦੇ, ਰੱਜ ਕੇ ਪੈਸੇ ਕਮਾਏ, ਦੋ ਖੇਤ ਹੋਰ ਖ਼ਰੀਦ ਲਏ। ਸਸਤਾ ਵੇਲਾ ਸੀ, ਦੋਵੇਂ ਵਿਆਹੇ-ਵਰ੍ਹੇ ਗਏ। ਪਰਿਵਾਰ ਵਧੇ ਤੇ ਦੋਵੇਂ ਭਰਾਵਾਂ ਦਾ ਰਿਸ਼ਤਾ ਤਿੜਕ ਗਿਆ।

ਵੱਡੇ ਨੇ ਹਵੇਲੀ ਸਾਂਭ ਲਈ, ਛੋਟੇ ਨੇ ਘਰ। ਪੰਜ-ਪੰਜ, ਛੇ-ਛੇ ਨਿਆਣੇ ਹੋਏ। ਮਾਂ ਚਲ ਵਸੀ। ਦੋਵੇਂ ਭਰਾਵਾਂ ਦੇ ਪਰਿਵਾਰਾਂ ’ਚ ਬੋਲ-ਕੁਬੋਲ ਹੋਏ ਤੇ ਕੰਮ ਵੀ ਵੱਖ-ਵੱਖ ਹੋ ਗਿਆ। ਇਕੱਲੇ ਇਕੱਲੇ ਖੇਤੀਆਂ ’ਚ ਨਿਬੇੜਾ ਘੱਟ ਤੇ ਖਰਚੇ ਵੱਧ ਗਏ, ਗੱਲ ਹੋਰ ਵਿਗੜ ਗਈ। ਮੁੱਲ ਖਰੀਦੇ ਦੋਵੇਂ ਖੇਤ ਵੰਡ ਲਏ, ਇੱਕ-ਇੱਕ ਹੀਸੇ ਆਇਆ।

ਖਾਲ ਦੋਵਾਂ ਨੂੰ ਇਕੋ, ਤੀਹ ਮਿੰਟਾਂ ਦੀ ਵਾਰੀ, ਸਤਵੇਂ ਦਿਨ। ਦੋਵਾਂ ਦੇ ਹਿੱਸੇ ਪੰਦਰਾਂ-ਪੰਦਰਾਂ ਮਿੰਟ। ਮੀਂਹ ਪਿਆ ਨਾ, ਬਿਜਾਈ ਝੋਨੇ ਦੀ। ਸ਼ਾਮੇ ਨੇ ਵੀਹ ਮਿੰਟ ਪਾਣੀ ਲਾ ਲਿਆ ਤਾਂ ਰਾਮਾ ਗਲ ਪੈ ਗਿਆ। ਕਹੀ ਮਾਰੀ ਛੜਵੀਂ, ਲੱਤ ਵੱਢੀ ਗਈ ਤੇ ਸ਼ਾਮਾ ਹਸਪਤਾਲ ਪਹੁੰਚ ਗਿਆ। ਡਾਕਟਰ ਨੂੰ ਪੈਸੇ ਖਵਾਏ ਪਰ ਪਰਚਾ ਪੱਚੀ ਦਾ ਨਾ ਬਣ ਕੇ ਚੌਵੀ ਦਾ ਹੀ ਬਣਿਆ। ਸਾਰੀ ਪੰਚਾਇਤ ਠਾਣੇ ਪਹੁੰਚ ਗਈ। ਠਾਣੇਦਾਰ ਪੰਚਾਂ ਦੇ ਗਲ ਪੈ ਗਿਆ। ਅਖੇ ਭਰਾ ਲੜਦੇ ਸੀ ਪੰਚਾਇਤ ਮਰੀ ਹੋਈ ਸੀ? ਭਰਾ ਨੇ ਭਰਾ ਵੱਢ ਦਿੱਤਾ, ਜੇ ਜਾਨ ਚਲੀ ਜਾਂਦੀ ਤਾਂ ਦੂਜਾ ਵੀ ਫਾਹੇ ਲੱਗ ਜਾਣਾ ਸੀ।

ਖੈਰ, ਗੱਲ ਰਾਜ਼ੀਨਾਮੇ ’ਤੇ ਨਿਬੜੀ। ਦੋਵਾਂ ਭਰਾਵਾਂ ਨੇ ਛੇ-ਛੇ ਸੌ ਦੇ ਕੇ ਆਪਣੀ ਖਲਾਸੀ ਕਰਵਾਈ। ਦੋਵੇਂ ਖੁਸ਼, ਜੱਫੀਆਂ ਪਾਉਣ। ਦੋਵੇਂ ਭਰਾ ਪਿੰਡ ਆਏ, ਪੰਚ ਸੱਦ ਕੇ ਏਕਾ ਕਰ ਲਿਆ। ਲੰਬੜ ਆਖੇ, ਇਹ ਆ ਅਸਲੀ ਰਾਜ਼ੀਨਾਮਾ। ਸਾਰੇ ਖੁਸ਼, ਰਾਮਾ ਵੀ ਤੇ ਸ਼ਾਮਾ ਵੀ, ਨਿਆਣੇ ਵੀ ਤੇ ਸਿਆਣੇ ਵੀ।

ਸੰਪਰਕ: 9465574866

* * *

ਰੁਜ਼ਗਾਰ

ਮਨਜੀਤ ਮਾਨ

ਜਿੰਦਰ ਪਿਛਲੇ ਦੋ-ਤਿੰਨ ਮਹੀਨਿਆਂ ਤੋਂ ਆਪਣੇ ਭਰਾ ਨਾਲ ਜ਼ਮੀਨ ਤਕਸੀਮ ਕਰਵਾਉਣ ਲਈ ਕਚਹਿਰੀ ਦੇ ਗੇੜੇ ਕੱਢ ਰਿਹਾ ਸੀ। ਪਰ ਪਟਵਾਰੀ ਆਪਣੀ ਮੁੱਠੀ ਗਰਮ ਨਾ ਹੁੰਦੀ ਵੇਖ ਕੇ ਐਵੇਂ ਉਸ ਨੂੰ ਕਾਗਜ਼ਾਂ ਵਿੱਚ ਕੋਈ ਨਾ ਕੋਈ ਕਮੀ ਕੱਢ ਕੇ ਮੋੜ ਦਿੰਦਾ। ਜਿੰਦਰ ਦੇ ਭਰਾ ਨੇ ਤਾਂ ਉਸ ਨੂੰ ਕਈ ਵਾਰ ਕਿਹਾ ਸੀ ਕਿ ਬਾਈ ਆਪਾਂ ਪਟਵਾਰੀ ਦੀ ਅੱਖ ਵਿੱਚ ਮਾੜਾ ਮੋਟਾ ਡੱਕਾ ਮਾਰ ਦਿੰਦੇ ਹਾਂ ਪਰ ਜਿੰਦਰ ਉਸ ਦੀ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਕਹਿ ਦਿੰਦਾ ਕਿ ਸਹੀ ਕੰਮ ਕਰਾਉਣ ਲਈ ਕਾਹਦੇ ਵਾਸਤੇ ਰਿਸ਼ਵਤ ਦੇਈਏ, ਆਪਾਂ ਆਪਣੇ ਪਿਉ ਦਾਦੇ ਵਾਲੀ ਜ਼ਮੀਨ ਹੀ ਆਪਣੇ ਨਾਂ ਲਵਾਂ ਰਹੇ ਹਾਂ ਕਿਸੇ ਹੋਰ ਤੀਜੇ ਬੰਦੇ ਦੀ ਜ਼ਮੀਨ ਤਾਂ ਨਹੀਂ ਖੋਹ ਰਹੇ। ਇਹ ਕੰਮ ਕਰਨਾ ਹੀ ਤਾਂ ਇਸ ਦੀ ਡਿਊਟੀ ਹੈ।

ਇਸ ਤਰ੍ਹਾਂ ਗੇੜੇ ਕੱਢਦਿਆਂ ਕੱਢਦਿਆਂ ਇੱਕ ਦਿਨ ਪਟਵਾਰੀ ਦੀ ਬਦਲੀ ਹੋ ਗਈ ਤੇ ਨਵੇਂ ਪਟਵਾਰੀ ਨੇ ਆਉਂਦਿਆਂ ਹੀ ਜਿੰਦਰ ਦਾ ਤਕਸੀਮ ਵਾਲਾ ਕੰਮ ਕਰ ਦਿੱਤਾ। ਤਕਸੀਮ ਹੋਣ ਤੋਂ ਅਗਲੇ ਦਿਨ ਜਦੋਂ ਦੋਵੇਂ ਭਰਾ ਤਕਸੀਮ ਦੀ ਨਕਲ ਲੈਣ ਕਚਹਿਰੀ ਗਏ ਤਾਂ ਜਿੰਦਰ ਦੇ ਭਰਾ ਨੇ ਪਟਵਾਰੀ ਦਾ ਧੰਨਵਾਦ ਕਰਦਿਆਂ ਪੁੱਛ ਲਿਆ ਕਿ ਪਟਵਾਰੀ ਸਾਬ ਕੋਈ ਸੇਵਾ ਹੋਏ ਤਾਂ ਦੱਸਣਾ। ਪਟਵਾਰੀ ਨੇ ਐਨਕ ਉੱਪਰ ਦੀ ਝਾਕਦਿਆਂ ਕਿਹਾ ਸੇਵਾ ਤਾਂ ਆਪਾਂ ਕਾਹਦੀ ਕਰਾਉਣੀ ਹੈ ਭਰਾਵਾ ਸੁੱਖ ਨਾਲ ਰੱਬ ਦਾ ਦਿੱਤਾ ਸਭ ਕੁਝ ਹੈ। ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਪਰ ਹਾਂ ਆਹ ਮੁੰਡਾ ਤੁਹਾਡੇ ਗੁਆਂਢੀ ਪਿੰਡ ਦਾ ਹੈ। ਇਹ ਚੰਗਾ ਪੜ੍ਹਿਆ ਲਿਖਿਆ ਤੇ ਘਰੋਂ ਗ਼ਰੀਬ ਹੋਣ ਕਰਕੇ ਮੈਂ ਇਸ ਨੂੰ ਆਪਣੇ ਨਾਲ ਰੱਖ ਕੇ ਰੁਜ਼ਗਾਰ ਲਗਾ ਦਿੱਤਾ ਹੈ। ਮੈਂ ਸੋਚਿਆ ਇਹ ਹੌਲੀ ਹੌਲੀ ਕੰਮ ਵੀ ਸਿੱਖ ਲਵੇਗਾ ਨਾਲੇ ਇਸ ਦੇ ਘਰ ਦਾ ਗੁਜ਼ਾਰਾ ਸੌਖਾ ਹੋ ਜਾਵੇਗਾ। ਪਟਵਾਰੀ ਦੀ ਗੱਲ ਸੁਣ ਕੇ ਜਿੰਦਰ ਦੇ ਭਰਾ ਨੇ ਪੰਜ ਸੌ ਦਾ ਨੋਟ ਉਸ ਮੁੰਡੇ ਦੀ ਜੇਬ ਵਿੱਚ ਪਾ ਦਿੱਤਾ। ਦੋਵੇਂ ਭਰਾ ਤਕਸੀਮ ਦੀ ਨਕਲ ਲੈ ਕੇ ਅਜੇ ਕਚਹਿਰੀ ਦੇ ਗੇਟ ਵਿੱਚੋਂ ਬਾਹਰ ਹੀ ਨਿਕਲੇ ਸਨ ਕਿ ਪਟਵਾਰੀ ਨੇ ਮੁੰਡੇ ਤੋਂ ਪੰਜ ਸੌ ਦਾ ਨੋਟ ਫੜ ਕੇ ਉਸ ਨੂੰ ਸੌ ਦਾ ਨੋਟ ਫੜਾ ਦਿੱਤਾ।

ਸੰਪਰਕ: 70098-98044

Advertisement
Show comments