ਸਪਰਿੰਟ ਦੌੜਾਂ ਦਾ ਸਿਰਤਾਜ ਮਾਈਕਲ ਜੌਹਨਸਨ
ਪ੍ਰਿੰਸੀਪਲ ਸਰਵਣ ਸਿੰਘ
ਮਾਈਕਲ ਜੌਹਨਸਨ ਨੂੰ ‘ਲੀਜੈਂਡਰੀ ਸਪ੍ਰਿੰਟਰ’ ਕਿਹਾ ਜਾਂਦੈ। ਜਦੋਂ ਉਹ ਦੌੜਦਾ ਸੀ ਤਾਂ ਇੰਜ ਲੱਗਦਾ ਸੀ ਜਿਵੇਂ ਟ੍ਰੈਕ ਵਿੱਚ ਵਾਵਰੋਲਾ ਆ ਗਿਆ ਹੋਵੇ। ਉਸ ਨੇ 3 ਓਲੰਪਿਕ ਖੇਡਾਂ ਤੇ 8 ਵਿਸ਼ਵ ਚੈਂਪੀਅਨਸ਼ਿਪਾਂ ਵਿੱਚ ਭਾਗ ਲਿਆ। ਉਹ 200 ਮੀਟਰ, 400 ਮੀਟਰ ਤੇ 4 400 ਮੀਟਰ ਦੌੜਾਂ ਦਾ ਓਲੰਪਿਕ ਤੇ ਵਿਸ਼ਵ ਚੈਂਪੀਅਨ ਬਣਦਾ ਰਿਹਾ। ਗੁੱਡਵਿੱਲ ਗੇਮਜ਼ ਵਿੱਚੋਂ ਵੀ ਉਸ ਨੇ 4 ਗੋਲਡ ਮੈਡਲ ਜਿੱਤੇ। ਐਟਲਾਂਟਾ-1996 ਦੀਆਂ ਓਲੰਪਿਕ ਖੇਡਾਂ ਸਮੇਂ ਉਹਦੀ ਗੁੱਡੀ ਸਿਖਰ ’ਤੇ ਸੀ। ਉਸ ਨੇ ਓਲੰਪਿਕ ਖੇਡਾਂ ਦੇ 4 ਤੇ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪਾਂ ਦੇ 8 ਗੋਲਡ ਮੈਡਲ ਜਿੱਤੇ। ਅਜਿਹਾ ਕਰ ਕੇ ਇੱਕ ਵਾਰ ਫਿਰ ਜੈਸੀ ਓਵੇਂਸ ਤੇ ਕਾਰਲ ਲੇਵਿਸ ਹੋਰਾਂ ਨੂੰ ਚੇਤੇ ਕਰਾ ਦਿੱਤਾ। ਉਹ 200 ਮੀਟਰ ਦੌੜ 19.32 ਸੈਕੰਡ ਵਿੱਚ ਦੌੜਿਆ ਤੇ 400 ਮੀਟਰ 43.18 ਸੈਕੰਡ ਵਿੱਚ। 100 ਮੀਟਰ 10.09 ਸੈਕੰਡ ਤੇ 300 ਮੀਟਰ 30.85 ਸੈਕੰਡ ਵਿੱਚ। ਉਸ ਨੇ 1993 ਤੋਂ 2001 ਦੌਰਾਨ ਵਿਸ਼ਵ ਪੱਧਰ ਦੀਆਂ 58 ਦੌੜਾਂ ਜਿੱਤੀਆਂ। ਬੰਦਾ ਕਾਹਦਾ, ਬਲਾ ਸੀ ਮਾਈਕਲ ਜੌਹਨਸਨ!
ਕਹਿੰਦੇ ਹਨ ਕਿ 400 ਮੀਟਰ ਦੀ ਦੌੜ ਦੌੜਨੀ ਸਭ ਤੋਂ ਵੱਧ ਔਖੀ ਹੁੰਦੀ ਹੈ। ਆਖ਼ਰੀ ਸੌ ਮੀਟਰ ਦੌੜਨ ਦਾ ਹਰ ਕਦਮ ਘਾਇਲ ਹੋਣ ਵਾਲਾ ਹੁੰਦਾ ਹੈ। ਨਬਜ਼ ਦੀ ਧੜਕਣ ਡੇਢ ਸੌ ਤੋਂ ਟੱਪ ਜਾਂਦੀ ਹੈ। ਲੱਤਾਂ ਭਾਰੀਆਂ ਹੋ ਗਈਆਂ ਲੱਗਦੀਆਂ ਹਨ। ਸਾਹਸੱਤ ਚੂਸਿਆ ਜਾਂਦਾ ਹੈ। ਕਹਿੰਦੇ ਹਨ ਕਿ ਕਈਆਂ ਨੂੰ ਤਾਂ ਅੰਤਲੀ ਲਾਈਨ ਦਿਸਣੀ ਹੀ ਬੰਦ ਹੋ ਜਾਂਦੀ ਹੈ, ਪਰ ਦੌੜ ਜਿੱਤਣ ਲਈ ਦੌੜਾਕ ਸਾਹੋ-ਸਾਹ ਹੁੰਦੇ ਦੌੜ ਮੁੱਕਣ ਤੱਕ ਅੱਡੀ ਚੋਟੀ ਦਾ ਜ਼ੋਰ ਲਾਈ ਜਾਂਦੇ ਹਨ। ‘ਫਲਾਈਂਗ ਸਿੱਖ’ ਮਿਲਖਾ ਸਿੰਘ ਵੀ ਇਹੋ ਦੌੜ ਦੌੜਿਆ ਕਰਦਾ ਸੀ ਤੇ ਵਿਤੋਂ ਵੱਧ ਜ਼ੋਰ ਲਾਉਣ ਕਰਕੇ ਲਹੂ ਦੀਆਂ ਉਲਟੀਆਂ ਤੱਕ ਵੀ ਪੁੱਜ ਜਾਂਦਾ ਸੀ। ਰੋਮ ਦੀਆਂ ਓਲੰਪਿਕ ਖੇਡਾਂ ’ਚ ਉਸ ਨੇ 400 ਮੀਟਰ ਦੀ ਦੌੜ 45.6 ਸੈਕੰਡ ਵਿੱਚ ਲਾ ਕੇ ਚੌਥਾ ਸਥਾਨ ਹਾਸਲ ਕੀਤਾ ਸੀ। ਉਹਦਾ ਰਿਕਾਰਡ ਫਿਰ ਭਾਰਤ ਦੇ ਕਿਸੇ ਅਥਲੀਟ ਤੋਂ ਕਈ ਦਹਾਕੇ ਨਹੀਂ ਸੀ ਟੁੱਟਾ। ਜਿਵੇਂ ਟੋਕੀਓ-1958 ਦੀਆਂ ਏਸ਼ਿਆਈ ਖੇਡਾਂ ’ਚ 200 ਤੇ 400 ਮੀਟਰ ਦੀਆਂ ਦੌੜਾਂ ਜਿੱਤ ਕੇ ਮਿਲਖਾ ਸਿੰਘ ਏਸ਼ੀਆ ਦਾ ਬੈਸਟ ਅਥਲੀਟ ਬਣਿਆ ਸੀ, ਉਵੇਂ ਐਟਲਾਂਟਾ-1996 ਦੀਆਂ ਓਲੰਪਿਕ ਖੇਡਾਂ ’ਚੋਂ 200 ਤੇ 400 ਮੀਟਰ ਦੀਆਂ ਦੌੜਾਂ ਜਿੱਤ ਕੇ ਮਾਈਕਲ ਜੌਹਨਸਨ ਵਿਸ਼ਵ ਦਾ ਬੈਸਟ ਅਥਲੀਟ ਬਣਿਆ। ਮਿਲਖਾ ਸਿੰਘ 1950ਵਿਆਂ ਦਾ ਚੈਂਪੀਅਨ ਦੌੜਾਕ ਸੀ, ਮਾਈਕਲ ਜੌਹਨਸਨ 1990ਵਿਆਂ ਦਾ ਚੈਂਪੀਅਨ ਦੌੜਾਕ ਹੈ।
ਜੌਹਨਸਨ ਦਾ ਜਨਮ 13 ਸਤੰਬਰ 1967 ਨੂੰ ਅਮਰੀਕਾ ਦੀ ਟੈਕਸਾਸ ਸਟੇਟ ਦੇ ਸ਼ਹਿਰ ਡੈਲਸ ਵਿੱਚ ਹੋਇਆ। ਉਹ ਮਿਲਖਾ ਸਿੰਘ ਦੇ 5 ਫੁੱਟ 9 ਇੰਚ ਕੱਦ ਤੇ 60 ਕਿਲੋ ਵਜ਼ਨੀ ਜੁੱਸੇ ਦੇ ਮੁਕਾਬਲੇ 6 ਫੁੱਟ 1 ਇੰਚ ਕੱਦ ਤੇ 79 ਕਿਲੋ ਵਜ਼ਨ ਦੇ ਜੁੱਸੇ ਨਾਲ ਦੌੜਦਾ ਰਿਹਾ। ਉਸ ਦਾ ਰੰਗ ਸਾਂਵਲਾ, ਮੂੰਹ ਲੰਮੂਤਰਾ, ਦੰਦ ਚਿੱਟੇ ਮੋਤੀਆਂ ਵਰਗੇ, ਬੁੱਲ੍ਹ ਮੋਟੇ, ਨਾਸਾਂ ਚੌੜੀਆਂ ਤੇ ਠੋਡੀ ਛੋਟੀ ਹੈ। ਦੌੜਦਿਆਂ ਉਸ ਦੇ ਖੱਬੇ ਕੰਨ ਵਿੱਚ ਚਾਂਦੀ-ਰੰਗਾ ਬੁੰਦਾ, ਗਲ ’ਚ ਚਾਂਦੀ-ਰੰਗੀ ਜੰਜ਼ੀਰੀ ਤੇ ਖੱਬੇ ਗੁੱਟ ’ਤੇ ਘੜੀ ਬੱਧੀ ਹੁੰਦੀ ਸੀ। ਦੌੜਨ ਵੇਲੇ ਬੇਸ਼ੱਕ ਇਹ ਵਾਧੂ ਵਜ਼ਨ ਸੀ, ਪਰ ਉਸ ਨੇ ਕਦੇ ਲਾਹਿਆ ਨਹੀਂ ਸੀ। ਹੋ ਸਕਦੈ ਉਸ ਦਾ ਵਿਸ਼ਵਾਸ ਹੋਵੇ ਕਿ ਉਹ ਬੁੜ੍ਹਕਦੀ ਜੰਜ਼ੀਰੀ ਨਾਲ ਹੋਰ ਤੇਜ਼ ਦੌੜ ਸਕਦੈ! ਹੁਣ ਉਹਦੇ ਧੌਲੇ ਉੱਗ ਆਏ ਹਨ ਤੇ ਜੁੱਸਾ ਵੀ ਦੁਬਲਾ ਪਤਲਾ ਪੈ ਗਿਆ ਹੈ, ਪਰ ਉਸ ਨੇ ਆਪਣੇ ਰੁਝੇਵੇਂ ਕਾਇਮ ਰੱਖੇ ਹੋਏ ਹਨ। ਦੌੜਾਂ ਤੋਂ ਵਿਹਲਾ ਹੋ ਕੇ ਪਹਿਲਾਂ ਉਹ ਕੋਚ, ਟੀਵੀ ਕੁਮੈਂਟੇਟਰ, ਅਖ਼ਬਾਰੀ ਕਾਲਮ ਨਵੀਸ ਤੇ ਫਿਰ ਨਾਮਵਰ ਮੀਡੀਆਕਾਰ ਬਣ ਗਿਆ। ਉਸ ਨੇ ਕਿਤਾਬਾਂ ਵੀ ਲਿਖੀਆਂ ਹਨ ਤੇ ਫਿਲਮਾਂ ਵਿੱਚ ਵੀ ਰੋਲ ਅਦਾ ਕੀਤਾ ਹੈ।
1990 ਤੋਂ ਉਸ ਦਾ ਨੈਸ਼ਨਲ ਤੇ ਇੰਟਰਨੈਸ਼ਨਲ ਪੱਧਰ ਦੀਆਂ ਜਿੱਤਾਂ ਜਿੱਤਣ ਦਾ ਸਿਲਸਿਲਾ ਸ਼ੁਰੂ ਹੋ ਗਿਆ। 1991 ਵਿੱਚ ਟੋਕੀਓ ਦੀ ਵਿਸ਼ਵ ਅਥਲੈਟਿਕਸ ’ਚੋਂ ਉਸ ਨੇ 200 ਮੀਟਰ ਦੌੜ ਦਾ ਪਹਿਲਾ ਸੋਨ ਤਗ਼ਮਾ ਜਿੱਤਿਆ। 1992 ਦੀਆਂ ਓਲੰਪਿਕ ਖੇਡਾਂ ਸਪੇਨ ਦੇ ਸ਼ਹਿਰ ਬਾਰਸੀਲੋਨਾ ਵਿੱਚ ਹੋਣੀਆਂ ਸਨ। ਉਨ੍ਹਾਂ ਖੇਡਾਂ ਵਿੱਚ ਭਾਗ ਲੈਣ ਲਈ ਉਹ ਅਮਰੀਕਾ ਦੀ ਟੀਮ ਵਿੱਚ ਚੁਣਿਆ ਗਿਆ। ਉਸ ਦਾ ਮੁਕਾਬਲਾ ਉਸ ਵੇਲੇ ਦੇ ਵਿਸ਼ਵ ਜੇਤੂ ਅਥਲੀਟਾਂ ਵਿਰੁੱਧ ਸੀ। ਉਸ ਦੀ ਬਦਕਿਸਮਤੀ ਸਮਝੋ ਕਿ ਮੁਕਾਬਲੇ ਤੋਂ ਪਹਿਲਾਂ ਉਸ ਨੂੰ ਫੂਡ ਪੁਆਇਜ਼ਨਿੰਗ ਹੋ ਗਈ ਜਿਸ ਕਰਕੇ ਉਹ 200 ਮੀਟਰ ਦੀ ਵਿਅਕਤੀਗਤ ਦੌੜ ਵਿੱਚ ਭਾਗ ਨਾ ਲੈ ਸਕਿਆ, ਪਰ ਖ਼ੁਸ਼ਕਿਸਮਤੀ ਕਹੋ ਕਿ ਅਮਰੀਕਾ ਦੀ 4 400 ਮੀਟਰ ਰਿਲੇਅ ਦੌੜ ’ਚ ਸ਼ਾਮਲ ਹੋ ਕੇ ਉਹ ਓਲੰਪਿਕ ਖੇਡਾਂ ਦਾ ਪਹਿਲਾ ਸੋਨ ਤਗ਼ਮਾ ਜਿੱਤ ਗਿਆ। ਫਿਰ 2001 ਤੱਕ ਉਹ ਲਗਾਤਾਰ ਜਿੱਤਾਂ ਜਿੱਤਦਾ ਗਿਆ। ਉਸ ਦੇ 200 ਮੀਟਰ ਤੇ 400 ਮੀਟਰ ਦੌੜਾਂ ਦੇ ਓਲੰਪਿਕ ਤੇ ਵਿਸ਼ਵ ਰਿਕਾਰਡ ਕਈ ਸਾਲ ਅਥਲੈਟਿਕਸ ਦੇ ਵਿਸ਼ਵ ਰਿਕਾਰਡ ਬਣੇ ਰਹੇ। ਓਲੰਪਿਕ ਖੇਡਾਂ ਦੇ ਇਤਿਹਾਸ ਦਾ ਉਹ ਪਹਿਲਾ ਅਥਲੀਟ ਹੈ ਜੋ ਇੱਕੋ ਓਲੰਪਿਕਸ ਵਿੱਚੋਂ 200 ਤੇ 400 ਮੀਟਰ ਦੌੜਾਂ ਦੇ ਸੋਨ ਤਗ਼ਮੇ ਜਿੱਤ ਸਕਿਆ।
ਐਟਲਾਂਟਾ ਦੀਆਂ ਓਲੰਪਿਕ ਖੇਡਾਂ-1996 ਸਮੇਂ ਉਹ ਸਿਖਰ ਦੀ ਫਾਰਮ ਵਿੱਚ ਸੀ। ਉਂਜ ਵੀ ਉਹ ਖੇਡਾਂ ਉਸ ਦੇ ਆਪਣੇ ਮੁਲਕ ਅਮਰੀਕਾ ਵਿੱਚ ਹੋ ਰਹੀਆਂ ਸਨ। ਉਦੋਂ ਤੱਕ ਉਹ ਵਿਸ਼ਵ ਪੱਧਰ ਦੀਆਂ 54 ਦੌੜਾਂ ਜਿੱਤ ਚੁੱਕਾ ਸੀ। ਲਗਾਤਾਰ ਸੱਤ ਸਾਲ ਉਸ ਨੇ ਕਿਸੇ ਨੂੰ ਡਾਹੀ ਨਹੀਂ ਸੀ ਦਿੱਤੀ। 1996 ਵਿੱਚ ਓਲੰਪਿਕ ਮੁਕਾਬਲਿਆਂ ਤੋਂ ਪਹਿਲਾਂ ਹੀ ਉਸ ਨੂੰ ਜੇਤੂ ਸਮਝਿਆ ਜਾ ਰਿਹਾ ਸੀ। ਉਹੀ ਗੱਲ ਹੋਈ। ਉਹ 400 ਮੀਟਰ ਦੀ ਦੌੜ 10 ਮੀਟਰ ਦੀ ਲੀਡ ਨਾਲ ਜਿੱਤਿਆ ਜੋ ਓਲੰਪਿਕ ਖੇਡਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ।
400 ਮੀਟਰ ਦੀ ਦੌੜ ਜਿੱਤਣ ਪਿੱਛੋਂ ਤਿੰਨ ਰਾਤਾਂ ਬਾਅਦ 200 ਮੀਟਰ ਦੌੜ ਦਾ ਫਾਈਨਲ ਮੁਕਾਬਲਾ ਸੀ। ਅਮਰੀਕਾ ’ਚ ਹੋਏ ਟਰਾਇਲਾਂ ਸਮੇਂ ਜੌਹਨਸਨ ਨੇ 200 ਮੀਟਰ ਦੀ ਦੌੜ 19.32 ਸੈਕੰਡ ਵਿੱਚ ਲਾਉਂਦਿਆਂ 17 ਸਾਲ ਪਹਿਲਾਂ ਦਾ ਵਿਸ਼ਵ ਰਿਕਾਰਡ ਤੋੜਿਆ ਸੀ। ਉਦੋਂ ਤੱਕ ਕਿਸੇ ਦੌੜਾਕ ਨੇ ਇੱਕੋ ਓਲੰਪਿਕਸ ਵਿੱਚੋਂ 200 ਤੇ 400 ਮੀਟਰ ਦੀਆਂ ਦੌੜਾਂ ਨਹੀਂ ਸਨ ਜਿੱਤੀਆਂ, ਪਰ ਐਟਲਾਂਟਾ ਵਿੱਚ ਜੌਹਨਸਨ ਤੋਂ ਦੋਵੇਂ ਦੌੜਾਂ ਜਿੱਤਣ ਦੀ ਆਸ ਰੱਖੀ ਜਾ ਰਹੀ ਸੀ। ਜਿਸ ਦਿਨ 200 ਮੀਟਰ ਦੀ ਫਾਈਨਲ ਦੌੜ ਲੱਗਣੀ ਸੀ, ਅਮਰੀਕਨ ਦਰਸ਼ਕਾਂ ਵਿੱਚ ਬੇਮੁਹਾਰਾ ਜੋਸ਼ ਸੀ। ਉਸ ਸਮੇਂ 83 ਹਜ਼ਾਰ ਦਰਸ਼ਕ ਸਟੇਡੀਅਮ ਵਿੱਚ ਹਾਜ਼ਰ ਸਨ।
ਜੌਹਨਸਨ ਨੇ ਜੁੱਸਾ ਗਰਮਾ ਕੇ ਆਪਣੇ ਆਪ ਨੂੰ ਦੌੜ ਲਈ ਪੂਰਾ ਤਿਆਰ ਕਰ ਲਿਆ ਸੀ। ਮਾਈਕ ਤੋਂ ਤੀਜੀ ’ਵਾਜ਼ ਵੱਜਣ ’ਤੇ ਫਾਈਨਲ ਦੌੜ ਦੇ ਅੱਠੇ ਦੌੜਾਕ ਸਟਾਰਟਿੰਗ ਲਾਈਨ ਵੱਲ ਵਧੇ। ਉਨ੍ਹਾਂ ਦੇ ਪਸੀਨੇ ਨਾਲ ਸਿੰਮੇ ਪਿੰਡਿਆਂ ਤੋਂ ਨਿਗਾਹਾਂ ਤਿਲ੍ਹਕ ਤਿਲ੍ਹਕ ਜਾਂਦੀਆਂ ਸਨ। ਮਾਈਕਲ ਜੌਹਨਸਨ ਨੂੰ ਤੀਜੀ ਲੇਨ ਮਿਲੀ ਜੋ ਸੁਭਾਗੀ ਨਿਕਲੀ। ਅੱਠੇ ਦੌੜਾਕ ਸਟਾਰਟਿੰਗ ਬਲੌਕਾਂ ’ਤੇ ਸੈੱਟ ਹੋਏ ਤਾਂ ਦੌੜ ਸਟਾਰਟ ਕਰਨ ਦਾ ਫਾਇਰ ਹੋਇਆ। ਜੌਹਨਸਨ ਨੇ ਪਹਿਲੇ ਕਦਮ ਨਾਲ ਹੀ ਲੀਡ ਲੈ ਲਈ। ਸਟੇਡੀਅਮ ’ਚ ਹਜ਼ਾਰਾਂ ਦਰਸ਼ਕਾਂ ਤੇ ਟੀਵੀ ਸਕਰੀਨਾਂ ਤੋਂ ਵੇਖਦੇ ਕਰੋੜਾਂ ਲੋਕਾਂ ਦੀਆਂ ਨਜ਼ਰਾਂ ਦੌੜਾਕਾਂ ਉਤੇ ਗੱਡੀਆਂ ਹੋਈਆਂ ਸਨ। ਜਿਵੇਂ ਜਿਵੇਂ ਜੌਹਨਸਨ ਦੀ ਲੀਡ ਵਧਦੀ ਗਈ, ਦਰਸ਼ਕਾਂ ਦਾ ਉਤਸ਼ਾਹ ਵੀ ਵਧਦਾ ਗਿਆ। ਜੌਹਨਸਨ ਨੇ ਨਮੀਬਿਆ ਦੇ ਫਰੈਂਕ ਫੈਡਰਿਕਸ ਨੂੰ ਲਗਭਗ ਚਾਰ ਮੀਟਰ ਪਿੱਛੇ ਛੱਡਦਿਆਂ 19.32 ਸੈਕੰਡ ਦੇ ਨਵੇਂ ਵਿਸ਼ਵ ਰਿਕਾਰਡ ਨਾਲ ਦੌੜ ਪੂਰੀ ਕੀਤੀ ਤੇ ਦੂਜਾ ਗੋਲਡ ਮੈਡਲ ਜਿੱਤ ਲਿਆ। ਦਰਸ਼ਕਾਂ ਨਾਲ ਉਸ ਦੀ ਖ਼ੁਸ਼ੀ ਦਾ ਵੀ ਕੋਈ ਹੱਦ ਬੰਨਾ ਨਾ ਰਿਹਾ। ਉਸ ਨੇ ਅਮਰੀਕਨ ਝੰਡਾ ਫੜ ਕੇ ਟ੍ਰੈਕ ਦੀ ਜੇਤੂ ਗੇੜੀ ਲਾਈ ਜਿਸ ਦਾ ਅਮਰੀਕਨ ਦਰਸ਼ਕਾਂ ਨੇ ਤਾੜੀਆਂ ਮਾਰ ਕੇ ਭਰਪੂਰ ਸਵਾਗਤ ਕੀਤਾ। ਉਹ ਸੱਚਮੁੱਚ ਵਿਸ਼ਵ ਦਾ ਬੈਸਟ ਅਥਲੀਟ ਸਾਬਤ ਹੋ ਗਿਆ।
2000 ਵਿੱਚ ਸਿਡਨੀ ਦੀਆਂ ਓਲੰਪਿਕ ਖੇਡਾਂ ਹੋਈਆਂ ਤਾਂ ਉਹ ਲਗਾਤਾਰ ਤੀਜੀ ਵਾਰ ਅਮਰੀਕਾ ਦੀ ਟੀਮ ਵਿੱਚ ਸ਼ਾਮਲ ਸੀ। ਉਦੋਂ ਤੱਕ ਉਹ ਲਗਾਤਾਰ ਵਰਲਡ ਚੈਂਪੀਅਨਸ਼ਿਪਾਂ ਵੀ ਜਿੱਤ ਚੁੱਕਾ ਸੀ। ਸਿਡਨੀ ਵਿੱਚ ਉਹ 400 ਮੀਟਰ ਦੀ ਦੌੜ ਦੁਬਾਰਾ ਜਿੱਤਿਆ ਜੋ ਉਸ ਤੋਂ ਪਹਿਲਾਂ ਕੋਈ ਹੋਰ ਦੌੜਾਕ ਦੁਬਾਰਾ ਨਹੀਂ ਸੀ ਜਿੱਤ ਸਕਿਆ। ਉਹ 4 400 ਮੀਟਰ ਰੀਲੇਅ ਰੇਸ ਵੀ ਅਮਰੀਕੀ ਟੀਮ ਨੂੰ ਜਿਤਾ ਗਿਆ। ਉਹ ਉਸ ਦਾ ਪੰਜਵਾਂ ਗੋਲਡ ਮੈਡਲ ਸੀ, ਪਰ ਬਾਅਦ ਵਿੱਚ ਇੱਕ ਦੌੜਾਕ ਦੇ ਡੋਪੀ ਸਿੱਧ ਹੋ ਜਾਣ ਕਾਰਨ ਰਿਲੇਅ ਰੇਸ ਵਾਲਾ ਗੋਲਡ ਮੈਡਲ ਵਾਪਸ ਲੈ ਲਿਆ ਗਿਆ।
ਭਾਵੇਂ 400 ਮੀਟਰ ਦੀ ਦੌੜ ਸਭ ਤੋਂ ਵੱਧ ਲਹੂ ਪੀਣੀ ਦੌੜ ਸਮਝੀ ਜਾਂਦੀ ਹੈ, ਪਰ ਜੌਹਨਸਨ ਨੇ ਇਹ ਦੌੜ ਸਾਲਾਂਬੱਧੀ ਦੌੜੀ ਜਿਸ ਕਰਕੇ ਉਸ ਦਾ ਸਥਾਨ ਨਿਵੇਕਲਾ ਹੈ। ਉਸ ਦੀ ਤੋਰ ਬਤਖ਼ ਵਾਂਗ ਹੁਲਾਰੇ ਮਾਰਵੀਂ ਹੋਣ ਕਰਕੇ ਉਸ ਦਾ ਨਾਂ ‘ਦਿ ਡੱਕ’ ਵੀ ਚੱਲਦਾ ਰਿਹਾ। ਸਿਡਨੀ ਦੀਆਂ ਓਲੰਪਿਕ ਖੇਡਾਂ ਸਮੇਂ ਉਹ 33 ਸਾਲਾਂ ਦਾ ਹੋ ਗਿਆ ਸੀ। ਉਸ ਨੇ ਓਲੰਪਿਕ ਖੇਡਾਂ ਦੇ 4, ਵਿਸ਼ਵ ਅਥਲੈਟਿਕਸ ਦੇ 8 ਤੇ ਗੁੱਡਵਿੱਲ ਗੇਮਜ਼ ਦੇ 4 ਗੋਲਡ ਮੈਡਲ ਜੋੜ ਕੇ ਵਿਸ਼ਵ ਪੱਧਰ ’ਤੇ 16 ਗੋਲਡ ਮੈਡਲ ਜਿੱਤੇ ਸਨ ਜੋ ਬਹੁਤ ਵੱਡੀ ਪ੍ਰਾਪਤੀ ਸੀ। ਏਨੀਆਂ ਵੱਡੀਆਂ ਜਿੱਤਾਂ ਤੋਂ ਬਾਅਦ ਉਸ ਦਾ ਸਰਗਰਮ ਅਥਲੈਟਿਕਸ ਤੋਂ ਰਿਟਾਇਰ ਹੋਣਾ ਹੀ ਬਣਦਾ ਸੀ। ਉਸ ਨੇ ਦੌੜਨ ਵਾਲੇ ਸੁਨਹਿਰੀ ਬੂਟ ਕਿੱਲੀ ਉੱਤੇ ਟੰਗ ਦਿੱਤੇ ਜੋ ਪੁਕਾਰ ਰਹੇ ਹਨ ਕਿ ਕੋਈ ਹੋਰ ਮਾਈ ਦਾ ਲਾਲ ਨਿੱਤਰੇ। ਆਖ਼ਰ 2016 ਦੀਆਂ ਓਲੰਪਿਕ ਖੇਡਾਂ ’ਚ ਦੱਖਣੀ ਅਫ਼ਰੀਕਾ ਦਾ ਦੌੜਾਕ ਵੇਡ ਵਾਂ ਨੀਕਰਕ ਨਿੱਤਰ ਹੀ ਪਿਆ।
2001 ਵਿੱਚ ਸਪਾਈਕਸ ਕਿੱਲੀ ’ਤੇ ਟੰਗਣ ਨਾਲ ਵੀ ਜੌਹਨਸਨ ਟਿਕ ਕੇ ਨਹੀਂ ਬੈਠਾ। ਬਿਜ਼ਨਸ ਦੀ ਡਿਗਰੀ ਉਹਦੇ ਪਾਸ ਸੀ, ਪਰ ਉਹ ਵਣਜ ਵਪਾਰ ਵਿੱਚ ਨਹੀਂ ਪਿਆ। ਉਸ ਨੇ ਬੇਲਰਜ਼ ਟ੍ਰੈਕ ਐਂਡ ਫੀਲਡ ਟੀਮ ਵੱਲੋਂ ਆਪਣਾ ਖੇਡ ਕਰੀਅਰ ਸ਼ੁਰੂ ਕੀਤਾ ਸੀ। ਰਿਟਾਇਰ ਹੋ ਕੇ ਉਸੇ ਟੀਮ ਦਾ ਉਹ ਸਹਾਇਕ ਕੋਚ ਬਣ ਗਿਆ। ਉਸ ਨੇ ਮਾਈਕਲ ਜੌਹਨਸਨ ਇਨਵੀਟੇਸ਼ਨਲ ਸੰਸਥਾ ਸਥਾਪਿਤ ਕਰ ਲਈ। ਪੁੰਗਰਦੇ ਅਥਲੀਟਾਂ ਨੂੰ ਉਹ ਖੇਡ ਸਾਮਾਨ ਤੇ ਸਿਖਲਾਈ ਦੇਣ ਲੱਗਾ। ਉਸ ਪਾਸ ਓਲੰਪਿਕ ਖੇਡਾਂ, ਵਿਸ਼ਵ ਚੈਂਪੀਅਨਸ਼ਿਪਾਂ, ਗੁੱਡਵਿੱਲ ਗੇਮਜ਼ ਤੇ ਗਰਾਂ ਪ੍ਰੀ ਫਾਈਨਲ ਦੇ ਨਿੱਜੀ ਤਜਰਬੇ ਸਨ। ਬੀਬੀਸੀ ਨੇ ਉਸ ਨੂੰ ਆਪਣੀ ਟੈਲੀਵਿਜ਼ਨ ਕੁਮੈਂਟਰੀ ਟੀਮ ਵਿੱਚ ਸ਼ਾਮਲ ਕਰ ਲਿਆ। ਉਸ ਨੇ ਯੂ.ਕੇ. ਵਿੱਚ ਵੱਡੇ ਖੇਡ ਮੁਕਾਬਲਿਆਂ ਦੀ ਕੁਮੈਂਟਰੀ ਕਰਨੀ ਸ਼ੁਰੂ ਕੀਤੀ। ਨਾਲ ‘ਡੇਲੀ ਟੈਲੀਗ੍ਰਾਫ’ ਤੇ ‘ਦਿ ਟਾਈਮਜ਼’ ਅਖ਼ਬਾਰਾਂ ’ਚ ਖੇਡ ਕਾਲਮ ਲਿਖਣ ਲੱਗਾ। ਉਸ ਨੇ 2001 ਦੀ ਵਰਲਡ ਅਥਲੈਟਿਕਸ ਚੈਂਪੀਅਨਸ਼ਿਪ ਅਤੇ 2002 ਵਿੱਚ ਮਾਨਚੈਟਰ ਵਿਖੇ ਹੋਈਆਂ ਕਾਮਨਵੈਲਥ ਖੇਡਾਂ ’ਚ ਵੀ ਕੁਮੈਂਟਰੀ ਕੀਤੀ।
ਫਿਰ ਉਹ ਏਥਨਜ਼-2004 ਦੀਆਂ ਓਲੰਪਿਕ ਖੇਡਾਂ ਤੋਂ ਲੈ ਕੇ ਬੀਜਿੰਗ-2008, ਲੰਡਨ-2012, ਰੀਓ- 2016, ਟੋਕੀਓ-2021 ਤੇ ਪੈਰਿਸ-2024 ਦੀਆਂ ਓਲੰਪਿਕ ਖੇਡਾਂ ਵਿੱਚ ਸਪਰਿੰਟ ਦੌੜਾਂ ਦੀ ਕੁਮੈਂਟਰੀ ਕਰਨ ਸਮੇਂ ਬੀਬੀਸੀ ਦੀਆਂ ਟੀਮਾਂ ’ਚ ਸ਼ਾਮਲ ਹੁੰਦਾ ਰਿਹਾ। ਰੀਓ ਦੀਆਂ ਓਲੰਪਿਕ ਖੇਡਾਂ ਵਿੱਚ ਜਦੋਂ ਦੱਖਣੀ ਅਫ਼ਰੀਕਾ ਦੇ ਵੇਡ ਵਾਂ ਨੀਕਰਕ ਨੇ ਉਹਦਾ 400 ਮੀਟਰ ਦਾ ਵਿਸ਼ਵ ਰਿਕਾਰਡ 43.18 ਸੈਕੰਡ ਤੋਂ 43.03 ਸੈਕੰਡ ਨਾਲ ਤੋੜਿਆ ਤਾਂ ਕੁਮੈਂਟਰੀ ਦਾ ਮਾਈਕ ਉਹਦੇ ਹੱਥ ਸੀ। 17 ਸਾਲ ਪੁਰਾਣਾ ਵਿਸ਼ਵ ਰਿਕਾਰਡ ਤੋੜਨ ’ਤੇ ਉਸ ਨੇ ਨੀਕਰਕ ਦੀ ਰੱਜ ਕੇ ਤਾਰੀਫ਼ ਕੀਤੀ। 2004 ਵਿੱਚ ਮਾਈਕਲ ਜੌਹਨਸਨ ਦਾ ਨਾਂ ਯੂਨਾਈਟਿਡ ਸਟੇਟਸ ਟ੍ਰੈਕ ਐਂਡ ਫੀਲਡ ਹਾਲ ਆਫ ਫੇਮ ਲਈ ਚੁਣਿਆ ਗਿਆ ਜਿੱਥੇ ਉਸ ਦੀਆਂ 1996 ’ਚ ਮਾਰੀਆਂ ਮੱਲਾਂ ਦਾ ਉਚੇਚਾ ਜ਼ਿਕਰ ਕੀਤਾ ਗਿਆ।
2007 ਵਿੱਚ ਉਸ ਨੇ ਡੈਲਸ ਵਿਖੇ ਮਾਈਕਲ ਜੌਹਨਸਨ ਪ੍ਰਫਾਰਮੈਂਸ ਫਾਊਂਡੇਸ਼ਨ ਸਥਾਪਿਤ ਕੀਤੀ ਜੋ ਅਥਲੀਟਾਂ ਤੇ ਕੋਚਾਂ ਨੂੰ ਨਵੀਨਤਮ ਸਿਖਲਾਈ ਤੇ ਆਧੁਨਿਕ ਖੇਡ ਸਾਮਾਨ ਦੇਣ ਦਾ ਕਾਰਜ ਕਰਦੀ ਹੈ। 2018 ਵਿੱਚ ਜੌਹਨਸਨ ਨੂੰ ਸਟਰੋਕ ਹੋ ਗਿਆ ਜਿਸ ਨਾਲ ਉਸ ਦਾ ਸੱਜਾ ਪਾਸਾ ਕਸਰਿਆ ਗਿਆ। ਕੁਝ ਮਹੀਨੇ ਉਹਦੇ ਲਈ ਦੋ ਕਦਮ ਪੁੱਟਣੇ ਵੀ ਮੁਸ਼ਕਲ ਹੋ ਗਏ, ਪਰ ਉੱਚ ਪੱਧਰੀ ਇਲਾਜ ਨਾਲ ਉਹ 2019 ਤੱਕ ਸੰਭਲ ਗਿਆ। ਉਦੋਂ ਆਪਣੇ ਨਾਲ ਹੋਈ ਬੀਤੀ ਬਾਰੇ ਉਸ ਨੇ ‘ਦਿ ਗਾਰਡੀਅਨ’ ਅਖ਼ਬਾਰ ਵਿੱਚ ਲਿਖ ਕੇ ਆਪਣਾ ਦੁੱਖ ਦੁਨੀਆ ਨਾਲ ਸਾਂਝਾ ਕੀਤਾ। ਦੁੱਖ-ਸੁੱਖ ਵੀ ਦੌੜਾਂ ਜਿੱਤਣ-ਹਾਰਨ ਵਾਂਗ ਜੀਵਨ ਦੀ ਖੇਡ ਹੀ ਹੈ! ਉਸ ਨੇ ਮਾਰੂ ਸਟਰੋਕ ਨੂੰ ਵੀ ਮੁਕਾਬਲੇ ਦੀ ਦੌੜ ਵਾਂਗ ਲਿਆ ਤੇ ਲਿਖਿਆ ਕਿ ਮੈਂ ਹੁਣ ਸੌ ਫੀਸਦੀ ਤੰਦਰੁਸਤ ਹਾਂ। ਉਹ ਬੇਸ਼ੱਕ ਹੁਣ ਦੌੜ ਨਹੀਂ ਸਕਦਾ, ਪਰ ਸਟਰੋਕ ਐਸੋਸੀਏਸ਼ਨ ਦਾ ਰੀਬਿਲਡਿੰਗ ਅੰਗ ਬਣ ਕੇ ਲੋਕਾਂ ਨੂੰ ਜਾਗ੍ਰਿਤ ਜ਼ਰੂਰ ਕਰ ਰਿਹੈ। ਅਜਿਹੇ ਖਿਡਾਰੀ ਮਰ ਕੇ ਵੀ ਨਹੀਂ ਮਰਦੇ।
ਈ-ਮੇਲ: principalsarwansingh@gmail.com