ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਭਾਦੋਂ ਚੰਦਰੀ ਵਿਛੋੜੇ ਪਾਵੇ...

ਭਾਵੇਂ ਮਨੁੱਖ ਨੇ ਬਹੁਤ ਤਰੱਕੀ ਕਰ ਲਈ ਹੈ, ਪਰ ਫਿਰ ਵੀ ਉਹ ਕੁਦਰਤ ਦੀ ਥਾਹ ਨਹੀਂ ਪਾ ਸਕਿਆ ਕਿਉਂਕਿ ਕੁਦਰਤ ਇੱਕ ਉਹ ਸ਼ਕਤੀ ਹੈ ਜੋ ਆਪਣੇ ਫ਼ੈਸਲੇ ਆਪ ਹੀ ਕਰਕੇ ਦਿਖਾ ਦਿੰਦੀ ਹੈ। ਰੁੱਤਾਂ ਬਦਲਦੀਆਂ ਹਨ। ਇਹ ਸਭ ਨੂੰ ਪਤਾ...
Advertisement

ਭਾਵੇਂ ਮਨੁੱਖ ਨੇ ਬਹੁਤ ਤਰੱਕੀ ਕਰ ਲਈ ਹੈ, ਪਰ ਫਿਰ ਵੀ ਉਹ ਕੁਦਰਤ ਦੀ ਥਾਹ ਨਹੀਂ ਪਾ ਸਕਿਆ ਕਿਉਂਕਿ ਕੁਦਰਤ ਇੱਕ ਉਹ ਸ਼ਕਤੀ ਹੈ ਜੋ ਆਪਣੇ ਫ਼ੈਸਲੇ ਆਪ ਹੀ ਕਰਕੇ ਦਿਖਾ ਦਿੰਦੀ ਹੈ। ਰੁੱਤਾਂ ਬਦਲਦੀਆਂ ਹਨ। ਇਹ ਸਭ ਨੂੰ ਪਤਾ ਹੈ। ਕਿਸ ਰੁੱਤ ਵਿੱਚ ਕਦੋਂ ਮੀਂਹ ਪੈਣਾ ਹੈ ਅਤੇ ਕਦੋਂ ਮੌਸਮ ਸੁੱਕਾ ਰਹਿਣਾ ਹੈ, ਇਹ ਵੀ ਕੁਦਰਤ ਦੇ ਵੱਸ ਵਿੱਚ ਹੀ ਹੈ। ਅੱਸੂ ਕੱਤੇ ਸੁਹਾਵਣੇ ਮੌਸਮ ਵਿੱਚ ਵੀ ਕਈ ਵਾਰ ਇੰਨੇ ਤਕੜੇ ਮੀਂਹ ਪੈ ਜਾਂਦੇ ਹਨ ਕਿ ਲੋਕਾਂ ਨੂੰ ਘਰੋਂ ਬੇਘਰ ਕਰ ਦਿੰਦੇ ਹਨ। ਇਸ ਲਈ ਕੁਦਰਤ ਨੂੰ ਤਾਕਤਵਰ ਮੰਨ ਕੇ ਹੀ ਮਨੁੱਖ ਨੂੰ ਉਸ ਅਨੁਸਾਰ ਚੱਲਣਾ ਪੈਂਦਾ ਹੈ।

ਬਰਸਾਤ ਹਰ ਪ੍ਰਾਣੀ ਨੂੰ ਖ਼ੁਸ਼ੀ ਦਿੰਦੀ ਹੈ। ਇਸ ਨਾਲ ਧਰਤੀ ਹੇਠਲੇ ਜੀਵ ਜੰਤੂਆਂ ਨੂੰ ਅਤੇ ਧਰਤੀ ਦੇ ਉੱਤੇ ਰਹਿਣ ਵਾਲੇ ਪ੍ਰਾਣੀਆਂ ਨੂੰ ਰਾਹਤ ਮਿਲਦੀ ਹੈ। ਸਾਉਣ ਤੋਂ ਬਾਅਦ ਮੌਸਮ ਵਿੱਚ ਤਬਦੀਲੀ ਆਉਣੀ ਸ਼ੁਰੂ ਹੋ ਜਾਂਦੀ ਹੈ। ਭਾਦੋਂ ਦਾ ਮਹੀਨਾ ਚੜ੍ਹਦੇ ਹੀ ਰਾਤ ਨੂੰ ਤਰੇਲ ਪੈਣੀ ਸ਼ੁਰੂ ਹੋ ਜਾਂਦੀ, ਪਰ ਦਿਨ ਵੇਲੇ ਪੂਰੀ ਤਿੱਖੀ ਧੁੱਪ ਪੈਂਦੀ ਹੈ ਜੋ ਬਰਦਾਸ਼ਤ ਕਰਨੀ ਔਖੀ ਹੋ ਜਾਂਦੀ ਹੈ। ਭਾਦੋਂ ਦੇ ਮਹੀਨੇ ਵਿੱਚ ਖੇਤਾਂ ਵਿੱਚ ਕੰਮ ਕਰਦੇ ਕਾਮਿਆਂ ਨੂੰ ਇਹ ਤੇਜ਼ ਧੁੱਪ ਬਹੁਤ ਔਖਾ ਕਰਦੀ ਹੈ। ਬਜ਼ੁਰਗਾਂ ਦੇ ਕਹਿਣ ਮੁਤਾਬਕ ਭਾਦੋਂ ਦੀ ਧੁੱਪ ਦੇ ਸਤਾਏ ਹੋਏ ਲੋਕ ਸਾਧ ਬਣਨ ਲਈ ਮਜਬੂਰ ਹੋ ਜਾਂਦੇ ਹਨ। ਇਸ ਤਰ੍ਹਾਂ ਭਾਦੋਂ ਦੀ ਧੁੱਪ ਬਾਰੇ ਸਿਆਣਿਆਂ ਨੇ ਇੰਜ ਕਿਹਾ ਹੈ;

Advertisement

ਭਾਦੋਂ ਦੀ ਤਿੜਕੀ ਤੇ ਮਤਰੇਈ ਦੀ ਝਿੜਕੀ।

ਇਸ ਦਾ ਭਾਵ ਇਹ ਹੈ ਕਿ ਭਾਦੋਂ ਦੀ ਤਿੜਕੀ ਹੋਈ ਧੁੱਪ ਇੰਨਾ ਸਤਾਉਂਦੀ ਹੈ ਜਿਵੇਂ ਕਿ ਮਤਰੇਈ ਮਾਂ ਦੀ ਦਿੱਤੀ ਹੋਈ ਝਿੜਕ ਮਤਲਬ ਕੁਰੱਖਤ ਬੋਲ ਵਿਅਕਤੀ ਨੂੰ ਪਰੇਸ਼ਾਨ ਕਰਦੇ ਹਨ। ਸਾਉਣ ਦਾ ਮਹੀਨਾ ਕੁੜੀਆਂ ਲਈ ਖ਼ੁਸ਼ੀ ਦਾ ਹੁੰਦਾ ਹੈ ਅਤੇ ਕੁੜੀਆਂ ਪੇਕੇ ਆ ਕੇ ਆਪਣੇ ਹਾਣ ਦੀਆਂ ਨਾਲ ਖ਼ੁਸ਼ੀਆਂ ਮਨਾਉਂਦੀਆਂ ਹਨ। ਤੀਆਂ ਵਿੱਚ ਜਾ ਕੇ ਕੁੜੀਆਂ ਆਪਣੇ ਮਨ ਦੇ ਭਾਵਾਂ ਨੂੰ ਪ੍ਰਗਟ ਕਰਦੀਆਂ ਅਤੇ ਖ਼ੁਸ਼ੀ ਮਨਾਉਂਦੀਆਂ ਹਨ। ਚਿਰ ਦੀਆਂ ਵਿਆਹੀਆਂ ਹੋਈਆਂ ਕੁੜੀਆਂ ਨੂੰ ਸੰਧਾਰੇ ਦਿੱਤੇ ਜਾਂਦੇ ਹਨ ਅਤੇ ਨਾਲ ਹੀ ਪੇਕੇ ਆਈਆਂ ਨੂੰ ਜੋ ਸੱਜ ਵਿਆਹੀਆਂ ਹੁੰਦੀਆਂ ਹਨ, ਉਨ੍ਹਾਂ ਨੂੰ ਸਹੁਰਿਆਂ ਵੱਲੋਂ ਸੰਧਾਰਾ ਦਿੱਤਾ ਜਾਂਦਾ ਹੈ। ਇਸ ਸੰਧਾਰੇ ਵਿੱਚ ਸੂਟ, ਮਠਿਆਈ ਅਤੇ ਇਸ ਤੋਂ ਇਲਾਵਾ ਸ਼ਿੰਗਾਰ ਦਾ ਸਾਮਾਨ ਹੁੰਦਾ ਹੈ। ਪੀਂਘ ਝੂਟਣ ਲਈ ਫੱਟੀ ਅਤੇ ਲੱਜ (ਲੰਮਾ ਰੱਸਾ) ਵੀ ਦਿੱਤਾ ਜਾਂਦਾ ਹੈ। ਸਾਉਣ ਵਿੱਚ ਕੁੜੀਆਂ ਇਕੱਠੀਆਂ ਹੁੰਦੀਆਂ ਹਨ, ਪਰ ਭਾਦੋਂ ਵਿੱਚ ਉਨ੍ਹਾਂ ਨੇ ਆਪੋ ਆਪਣੇ ਸਹੁਰੇ ਘਰ ਜਾਣਾ ਹੀ ਹੁੰਦਾ ਹੈ ਤਾਂ ਹੀ ਕੁੜੀਆਂ ਬੋਲੀ ਪਾਉਂਦੀਆਂ ਕਹਿੰਦੀਆਂ ਹਨ;

ਸਾਉਣ ਵੀਰ ਇਕੱਠੀਆਂ ਕਰੇ

ਭਾਦੋਂ ਚੰਦਰੀ ਵਿਛੋੜੇ ਪਾਵੇ।

ਪਹਿਲਾਂ ਕੁੜੀਆਂ ਨੂੰ ਵਿਆਹ ਤੋਂ ਬਾਅਦ ਉਸੇ ਵਕਤ ਸਹੁਰੇ ਨਹੀਂ ਭੇਜਿਆ ਜਾਂਦਾ ਸੀ ਬਲਕਿ ਉਸ ਨੂੰ ਕੁਝ ਮਹੀਨਿਆਂ ਬਾਅਦ ਭੇਜਿਆ ਜਾਂਦਾ ਸੀ। ਜਦੋਂ ਕੁੜੀ ਦੂਜੀ ਵਾਰ ਸਹੁਰੇ ਜਾਂਦੀ ਤਾਂ ਉਸ ਸਮੇਂ ਵੀ ਉਸ ਨੂੰ ਕਾਫ਼ੀ ਕੁਝ ਦਿੱਤਾ ਜਾਂਦਾ, ਜਿਵੇਂ ਬਿਸਤਰੇ ਅਤੇ ਸੂਟ ਤੋਂ ਇਲਾਵਾ ਮਠਿਆਈ ਵਗੈਰਾ। ਦੂਜੀ ਵਾਰ ਇਹ ਸਾਮਾਨ ਦੇਣ ਕਰਕੇ ਇਸ ਨੂੰ ਦਰੌਜਾ ਵੀ ਕਿਹਾ ਜਾਂਦਾ ਸੀ। ਸੌਣ ਦੀਆਂ ਤੀਆਂ ਤੋਂ ਬਾਅਦ ਭਾਦੋਂ ਵਿੱਚ ਕੁੜੀਆਂ ਨੂੰ ਸਹੁਰੇ ਘਰ ਭੇਜਿਆ ਜਾਂਦਾ ਸੀ ਤਾਂ ਇਹ ਸ਼ਬਦ ਵੀ ਇਸ ਤਰ੍ਹਾਂ ਵਰਤਦੇ ਸਨ;

ਤੀਆਂ ਸੌਣ ਦੀਆਂ, ਭਾਦੋਂ ਦੇ ਮੁਕਲਾਵੇ

ਇਸ ਤਰ੍ਹਾਂ ਲੋਕ ਗੀਤਾਂ ਵਿੱਚ ਵੀ ਭਾਦੋਂ ਦੇ ਮੁਕਲਾਵਿਆਂ ਦਾ ਜ਼ਿਕਰ ਆਉਂਦਾ ਹੈ;

ਪੰਜ ਭਾਦੋਂ ਨੂੰ ਆਈਂ ਵੇ

ਵੇ ਮੇਰਾ ਲੈਣ ਦਰੌਜਾ।

ਭਾਦੋਂ ਦੇ ਦਿਨ ਬੀਤਣ ਨਾਲ ਨਿਉਲੇ ਬਾਹਰ ਆਉਣ ਲੱਗ ਜਾਂਦੇ ਹਨ, ਇਸ ਕਰਕੇ ਸੱਪਾਂ ਦਾ ਡਰ ਘਟ ਜਾਂਦਾ ਹੈ ਕਿਉਂਕਿ ਨਿਉਲਾ ਸੱਪ ਦਾ ਦੁਸ਼ਮਣ ਹੈ ਅਤੇ ਉਹ ਉਸ ਨੂੰ ਦੇਖਦਿਆਂ ਹੀ ਉਸ ਉੱਤੇ ਵਾਰ ਕਰ ਦਿੰਦਾ ਹੈ।

ਇਨ੍ਹਾਂ ਦਿਨਾਂ ਵਿੱਚ ਮੌਸਮ ਸਾਫ਼ ਹੋਣ ਲੱਗ ਜਾਂਦਾ ਹੈ ਅਤੇ ਖੇਤਾਂ ਵਿੱਚ ਕਿਤੇ ਕਿਤੇ ਕਪਾਹਾਂ ਵੀ ਤਿੜਕਣ ਲੱਗ ਜਾਂਦੀਆਂ ਹਨ। ਕਈ ਵਾਰ ਤਾਂ ਭਾਦੋਂ ਦੇ ਪਿਛਲੇ ਪੱਖ ਕਪਾਹਾਂ ਖਿੜ ਜਾਂਦੀਆਂ ਹਨ ਅਤੇ ਲੋਕ ਇੱਕ ਇੱਕ ਵਾਰੀ ਲਾ ਵੀ ਲੈਂਦੇ ਹਨ। ਖੇਤਾਂ ਵਿੱਚ ਖਿੜੀਆਂ ਕਪਾਹਾਂ ਦੇਖਣ ਵਿੱਚ ਬਹੁਤ ਹੀ ਸੁੰਦਰ ਲੱਗਦੀਆਂ ਹਨ ਤੇ ਰਾਹ ਜਾਂਦੇ ਦਾ ਕਪਾਹ ਚੁਗਣ ਦਾ ਜੀਅ ਹੋ ਜਾਂਦਾ ਹੈ। ਇਨ੍ਹਾਂ ਦਿਨਾਂ ਵਿੱਚ ਦਿਨ ਵੇਲੇ ਗਰਮੀ ਹੁੰਦੀ ਹੈ ਅਤੇ ਰਾਤ ਨੂੰ ਠੰਢ ਹੋਣ ਲੱਗ ਜਾਂਦੀ ਹੈ।

ਇਸ ਮੌਸਮ ਵਿੱਚ ਕਪਾਹ ਅਤੇ ਨਰਮੇ ਦੇ ਖੇਤ ਫ਼ਸਲ ਨਾਲ ਭਰਪੂਰ ਤਾਂ ਹੁੰਦੇ ਹੀ ਹਨ, ਨਾਲ ਹੀ ਇਸ ਵਿੱਚ ਆਪੇ ਉੱਗੇ ਨਦੀਨ ਚਿੱਭੜ ਅਤੇ ਫੁੱਟਾਂ ਹੋ ਜਾਂਦੀਆਂ ਹਨ ਜਿਸ ਨੂੰ ਲੋਕ ਚਾਹ ਕੇ ਖਾਂਦੇ ਹਨ ਅਤੇ ਚਿੱਭੜਾਂ ਦੀ ਚਟਨੀ ਵੀ ਬਣਾਈ ਜਾਂਦੀ ਹੈ। ਕਪਾਹ ਚੁਗਣ ਵੇਲੇ ਰੋਟੀ ਨਾਲ ਚਿੱਭੜਾਂ ਦੀ ਚਟਣੀ ਦਾ ਸਵਾਦ 36 ਪਦਾਰਥਾਂ ਨਾਲੋਂ ਵੀ ਵੱਧ ਲੱਗਦਾ ਹੈ। ਇਨ੍ਹਾਂ ਦਿਨਾਂ ਵਿੱਚ ਮਲ੍ਹਿਆਂ ਦੇ ਬੇਰ ਵੀ ਲੱਗਦੇ ਹਨ।

ਭਾਦੋਂ ਦੇ ਚਾਨਣੇ ਪੱਖ ਵਿੱਚ ਭਗਵਾਨ ਸ਼ਿਵ ਦੀ ਪੂਜਾ ਕਰਨ ਵਾਲੇ ਇੱਕ ਧਾਗਾ ਬੰਨ੍ਹਦੇ ਹਨ ਜੋ ਲਗਭਗ ਢਾਈ ਮਹੀਨਿਆਂ ਦੇ ਬਾਅਦ ਖੋਲ੍ਹਿਆ ਜਾਂਦਾ ਹੈ। ਇਹ ਧਾਗਾ ਕੱਚੇ ਸੂਤ ਦਾ ਬਣਾ ਕੇ ਤਿਆਰ ਕੀਤਾ ਜਾਂਦਾ ਹੈ ਅਤੇ ਉਸ ਨੂੰ ਪੀਲੇ ਰੰਗ ਦਾ ਰੰਗਿਆ ਜਾਂਦਾ ਹੈ। ਇਸ ਮਹੀਨੇ ਦੇ ਚਾਨਣੇ ਪੱਖ ਦੇ ਕਿਸੇ ਵੀ ਸੋਮਵਾਰ ਨੂੰ ਇਹ ਧਾਗਾ ਬੰਨ੍ਹਿਆ ਜਾਂਦਾ ਹੈ ਅਤੇ ਇਸ ਨੂੰ ਢਾਈ ਮਹੀਨਿਆਂ ਦੇ ਬਾਅਦ ਖੋਲ੍ਹਿਆ ਜਾਂਦਾ ਹੈ। ਇਨ੍ਹਾਂ ਢਾਈ ਮਹੀਨਿਆਂ ਦੇ ਦੌਰਾਨ ਧਾਗਾ ਬੰਨ੍ਹਣ ਵਾਲੇ ਨੇ ਜਵਾਰ ਨਹੀਂ ਖਾਣੀ ਹੁੰਦੀ। ਇੱਥੋਂ ਤੱਕ ਕਿ ਜਵਾਰ ਭਾਵ ਚਰ੍ਹੀ ਦਾ ਗੰਨਾ ਵੀ ਨਹੀਂ ਚੂਪਿਆ ਜਾਂਦਾ। ਇਸ ਤੋਂ ਬਾਅਦ ਮੱਘਰ ਦੇ ਚਾਨਣੇ ਪੱਖ ਵਿੱਚ ਇਹ ਧਾਗਾ ਖੋਲ੍ਹਿਆ ਜਾਂਦਾ ਹੈ ਅਤੇ ਉਸ ਦਿਨ ਜਵਾਰ ਦੀ ਰੋਟੀ ਖਾਧੀ ਜਾਂਦੀ ਹੈ। ਇਸ ਆਟੇ ਦੀ ਚੂਰੀ ਕੁੱਟੀ ਜਾਂਦੀ ਹੈ ਅਤੇ ਫਿਰ ਇਸ ਚੂਰੀ ਨੂੰ ਖਾ ਕੇ ਵਰਤ ਤੋੜਿਆ ਜਾਂਦਾ ਹੈ।

ਸਾਉਣ ਅਤੇ ਭਾਦੋਂ ਦਾ ਭਾਵੇਂ ਫ਼ਰਕ ਹੈ, ਪਰ ਸਾਉਣ ਦਾ ਪਿਛਲਾ ਪੱਖ ਤੇ ਭਾਦੋਂ ਦਾ ਪਹਿਲਾ ਪੱਖ ਇੱਕੋ ਜਿਹੇ ਹੀ ਬਣ ਜਾਂਦੇ ਹਨ। ਭਾਦੋਂ ਦੇ ਮਹੀਨੇ ਵਿੱਚ ਮੀਂਹ ਇੱਕ ਛਰਾਟੇ ਵਾਂਗ ਆਉਂਦਾ ਹੈ ਅਤੇ ਫਿਰ ਮੌਸਮ ਠੀਕ ਵੀ ਹੋ ਜਾਂਦਾ ਹੈ। ਦੋਵਾਂ ਮਹੀਨਿਆਂ ਦੀ ਮਾਮੂਲੀ ਸਮਾਨਤਾ ਕਰਕੇ ਬੁਝਾਰਤਾਂ ਵਿੱਚ ਵੀ ਇਨ੍ਹਾਂ ਨੂੰ ਪੇਸ਼ ਕੀਤਾ ਗਿਆ ਹੈ;

ਸਾਉਣ ਭਾਦੋਂ ਇੱਕ ਰੁੱਤ

ਦੋ ਬੁੜ੍ਹੀਆਂ ਦੇ ਇੱਕ ਗੁੱਤ। (ਸੂਲਾਂ)

ਕਿਉਂਕਿ ਕਿੱਕਰ ਦੇ ਰੁੱਖ ’ਤੇ ਲੱਗਦੀਆਂ ਸੂਲਾਂ ਇਕੱਠੀਆਂ ਦੋ ਹੀ ਲੱਗਦੀਆਂ ਹਨ। ਸਾਡੇ ਸੱਭਿਆਚਾਰ ਵਿੱਚ ਇਹ ਖ਼ਾਸੀਅਤ ਹੈ ਕਿ ਇੱਥੇ ਹਰ ਮਹੀਨੇ ਕੋਈ ਨਾ ਕੋਈ ਤਿਉਹਾਰ ਜ਼ਰੂਰ ਮਨਾਇਆ ਜਾਂਦਾ ਹੈ ਅਤੇ ਇਸ ਤਰ੍ਹਾਂ ਖ਼ੁਸ਼ ਹੋਣ ਦੇ ਮੌਕੇ ਤਿਆਰ ਕੀਤੇ ਜਾਂਦੇ ਹਨ। ਖ਼ੁਸ਼ ਰਹਿਣਾ ਹੀ ਜ਼ਿੰਦਗੀ ਦਾ ਗਹਿਣਾ ਹੈ ਅਤੇ ਸਾਨੂੰ ਚੰਗਾ ਜੀਵਨ ਜਿਊਣ ਵਾਸਤੇ ਖ਼ੁਸ਼ ਰਹਿਣ ਦੀ ਲੋੜ ਵੀ ਹੈ। ਸਾਡੀਆਂ ਆਦਤਾਂ ਹੀ ਸਾਡੀ ਜੀਵਨਸ਼ੈਲੀ ਦਾ ਆਧਾਰ ਹਨ। ਸੋ ਮਨੁੱਖ ਨੇ ਆਪਣੇ ਆਪ ਨੂੰ ਖ਼ੁਸ਼ ਰੱਖਣ ਲਈ ਅਜਿਹੇ ਸਾਧਨ ਲੱਭੇ ਹਨ, ਜਿਸ ਨਾਲ ਸਭ ਇਕੱਠੇ ਹੋ ਕੇ ਆਪਣੀ ਖ਼ੁਸ਼ੀ ਮਨਾਉਂਦੇ ਹਨ। ਭਾਦੋਂ ਦੇ ਮਹੀਨੇ ਵਿੱਚ ਜਨਮ ਅਸ਼ਟਮੀ ਦਾ ਤਿਉਹਾਰ ਆਉਂਦਾ ਹੈ ਤੇ ਇਸ ਤੋਂ ਬਾਅਦ ਅਗਲੇ ਦਿਨ ਗੁੱਗਾ ਨੌਮੀ ਵੀ ਆਉਂਦੀ ਹੈ। ਇਹ ਦੋਵੇਂ ਦਿਨ ਧੂਮ ਧਾਮ ਨਾਲ ਮਨਾਏ ਜਾਂਦੇ ਹਨ। ਜਿਵੇਂ ਕਿਹਾ ਗਿਆ ਹੈ ਕਿ ਨਾਂ ਪਿੱਤਰਾਂ ਦਾ ਤੇ ਖਾਣਾ ਆਪਣਾ। ਤਿਉਹਾਰਾਂ ਦੇ ਨਾਲ ਹੀ ਮਨੁੱਖ ਆਪਣੇ ਅਤੇ ਆਪਣੇ ਸਹਿਯੋਗੀਆਂ ਨਾਲ ਖਾਣ ਪੀਣ ਸਾਂਝਾ ਕਰਦਾ ਹੈ। ਇਸੇ ਲਈ ਇਹ ਤਿਉਹਾਰ ਵੀ ਸਾਡੇ ਜੀਵਨ ਦਾ ਇੱਕ ਪ੍ਰਮੁੱਖ ਅੰਗ ਬਣ ਚੁੱਕੇ ਹਨ।

ਸੰਪਰਕ: 94178-40323

Advertisement