ਸਦਾ ਆਉਂਦੇ ਰਹਿਣ ਠੰਢੇ ਬੁੱਲੇ
ਕਰਨੈਲ ਸਿੰਘ ਸੋਮਲ
ਕਹਿਰ ਦੀ ਗਰਮੀ ਦੇ ਸਤਾਇਆਂ ਨੂੰ ਇੱਕ ਸਵੇਰ ਠੰਢੀ ’ਵਾ ਦੇ ਬੁੱਲਿਆਂ ਨੇ ਮਾਵਾਂ, ਦਾਦੀਆਂ, ਨਾਨੀਆਂ ਦੇ ਬੋਲ ਯਾਦ ਕਰਾ ਦਿੱਤੇ। ਉਹ ਵਿਆਹੀ ਧੀ ਦੇ ਘਰੋਂ ਕੋਈ ਸੁਖਾਵੀਂ ਖ਼ਬਰ ਮਿਲਣ ’ਤੇ ਆਖਦੀਆਂ ‘ਸ਼ੁਕਰ ਐ ਰੱਬ ਦਾ! ਮਾਪਿਆਂ ਨੂੰ ਧੀਆਂ ਵੱਲੋਂ ਵੀ ਸਦਾ ’ਵਾ ਦੇ ਠੰਢੇ ਬੁੱਲੇ ਮਿਲਦੇ ਰਹਿਣ।’ ਇਹ ਸੋਚਦਿਆਂ ਮੈਨੂੰ ਪੰਜਾਬੀ ਬੋਲੀ ਦੀ ਅਮੀਰੀ ਦਾ ਖ਼ਿਆਲ ਆਇਆ। ਧਰਤੀ ਦੇ ਜਿਸ ਖਿੱਤੇ ਵਿੱਚ ਵਧੇਰੇ ਕਰਕੇ ਗਰਮੀ ਰਹਿੰਦੀ ਹੋਵੇ, ਉੱਥੇ ਠੰਢੇ ਪਾਣੀ ਅਤੇ ਮੀਂਹ ਪੈਣ ਨੂੰ ਧੰਨ ਸਮਝਿਆ ਜਾਂਦਾ ਹੈ। ਮਾੜੀਆਂ ਖ਼ਬਰਾਂ ਆਉਣ ਤਾਂ ‘ਤਪਾ ਕੇ ਰੱਖ ਦਿੱਤੇ’ ਜਿਹੇ ਸ਼ਬਦ ਬੋਲੇ ਜਾਂਦੇ ਹਨ।
ਦੇਰ ਪਿੱਛੋਂ ਧੀ ਮਾਪਿਆਂ ਨੂੰ ਮਿਲਣ ਆਵੇ ਤਾਂ ਸਹਿਜ-ਸੁਭਾਅ ਆਖਣ ਨੂੰ ਹੁੰਦਾ ਹੈ ‘ਕਾਲਜੇ ਠੰਢ ਪੈ ਗਈ’, ‘ਆਂਦਰਾਂ ਠਰ ਗਈਆਂ।’ ਧੀ ਸੁਖੀਂ ਵੱਸਦੀ ਹੋਵੇ ਤਾਂ ਮਾਂ ਮਾਣ ਨਾਲ ਇਹ ਵੀ ਕਹਿੰਦੀ ਹੈ ‘ਮੇਰੀ ਧੀ ਰਾਜ ਰਾਜਦੀ ਹੈ।’ ਅਸੀਸਾਂ ਦੀ ਝੜੀ/ਲੜੀ ਵਿੱਚ ‘ਤੂੰ ਧਰ ਧਰ ਭੁੱਲੇਂ!’ ਦੇ ਸ਼ਬਦ ਵੀ ਆਖੀ ਜਾਂਦੀ ਹੈ। ਵਾਹ ਜੀ ਵਾਹ! ਸਾਡੀ ਪੰਜਾਬੀ ਵਿੱਚ ‘ਭੁੱਲਣ’ ਸ਼ਬਦ ਨੂੰ ਕਿਵੇਂ ਹਾਂ-ਵਾਚੀ ਬਣਾਇਆ ਜਾਂਦਾ ਹੈ।
ਬੋਲੀ ਨੂੰ ਰੰਗ ਤਾਂ ਕਵੀ ਲਾਉਂਦੇ ਹਨ। ਆਪਣੇ ਢਿੱਡੋਂ ਜੰਮਿਆਂ ਨੂੰ ਲਾਡ ਲਡਾਉਂਦੀਆਂ ਮਾਵਾਂ, ਘਰਾਂ ਨੂੰ ਸੰਵਾਰ-ਸੰਵਾਰ ਰੱਖਦੀਆਂ ਸੁਆਣੀਆਂ ਕਵਿਤਾ ਹੀ ਤਾਂ ਜਿਊਂਦੀਆਂ ਹਨ। ਧਰਤੀ ਵਿੱਚ ਬੀਜ ਪਾਉਣ ਤੋਂ ਪਹਿਲਾਂ ਕਿਸਾਨ ਜੋ ਆਪਣੇ ਹੀ ਢੰਗ ਨਾਲ ਉੱਘੜ-ਦੁੱਗੜ ਸ਼ਬਦਾਂ ਵਿੱਚ ਦੁਆਵਾਂ ਕਰਦਾ ਹੈ ; ਫਿਰ ਆਪ ਹੀ ਰੱਬਤਾ ਵਿੱਚ ਉੱਚਾ ਉੱਠਦਾ ਅੰਨ-ਧਨ ਕਿੰਨਿਆਂ ਦੇ ਹੀ ਮੂੰਹ ਵਿੱਚ ਪੈਂਦਾ ਚਿਤਵਦਾ ਹੈ। ਧਰਤੀ ’ਤੇ ਭਾਂਤ-ਭਾਂਤ ਦੇ ਓੜਨ ਓੜ੍ਹਦੀਆਂ ਫ਼ਸਲਾਂ ਨੂੰ ਨਿਹਾਰਦਾ, ਰੋਮ-ਰੋਮ ਕਾਦਰ ਦੇ ਸ਼ੁਕਰਾਨੇ ਨਾਲ ਭਰਿਆ, ਉਹ ਵੀ ਕਵੀ ਹੀ ਹੋਇਆ। ਕਵੀ ਹੋਵੇ ਜਾਂ ਕੋਈ ਕਲਾਕਾਰ, ਕੋਈ ਗਾਇਕ ਜਾਂ ਕੋਈ ਕਿਸੇ ਸਾਜ਼ ਵਿੱਚ ਸਿਰਜਣਾ ਨੂੰ ਧਿਆਉਂਦਾ ਸਾਜ਼ਿੰਦਾ-ਇਹ ਸਾਰੇ ਰੰਗ ਬਰਸਾਉਂਦੇ, ਸਾਡੇ ਠੰਢੇ ਬੁੱਲੇ ਹੀ ਤਾਂ ਹਨ। ਪਿਆਸੀਆਂ ਫ਼ਸਲਾਂ ਦੀ ਦੁਰਦਸ਼ਾ ਵੇਖ ਰੋਣਹਾਕਾ ਹੋਇਆ ਕਿਸਾਨ ਚਾਣਚੱਕ ਅੰਬਰ ’ਤੇ ਛਾਈ ਕਾਲੀ ਘਟਾ ਨੂੰ ਵੇਖ ਕਵੀ ਹੀ ਤਾਂ ਬਣ ਜਾਂਦਾ ਹੈ। ਤਦ ਕੌਣ ਸੱਦਦਾ ਹੈ ਮੋਰਾਂ ਨੂੰ ਕਿ ਉਹ ਜਿੱਥੇ ਵੀ ਹੋਣ ਆਪਣੇ ਕੰਠ ਵਿੱਚੋਂ ਸੰਖ ਵਜਾਉਣ। ‘ਮੋਰੀ ਰੁਣ ਝੁਣ ਲਾਇਆ ਭੈਣੇ ਸਾਵਣੁ ਆਇਆ’ ਵਾਲਾ ਬਾਬਾ ਨਾਨਕ ਕਿਤੇ ਗਿਆ ਨਹੀਂ ਹੁੰਦਾ। ਅਸੀਂ ਜਿੱਥੇ ਵੀ ਉਸ ਨੂੰ ਯਾਦ ਕਰਦੇ ਹਾਂ ਉਹ ਸਾਡੇ ਸਾਹਾਂ ਵਿੱਚ ਹਾਜ਼ਰ ਹੁੰਦਾ ਹੈ।
ਗੀਤ, ਸੰਗੀਤ, ਨ੍ਰਿਤ ਤੇ ਧਰਤੀ ਦੇ ਜ਼ਰੇ ਜ਼ਰੇ ਨੂੰ ਰੰਗੀਜਦੇ ਰੰਗਸਾਜ਼ ਸਾਡੇ ਜ਼ਿਹਨ ਵਿੱਚ ਜਾਗ ਪੈਂਦੇ ਹਨ। ਕਿਵੇਂ? ਸਾਵਣ ਦੇ ਭਰਵੇਂ ਛਰਾਟੇ ਤੋਂ ਪਿੱਛੋਂ ਪਲ-ਪਲ ਸਰੂਪ ਬਦਲਦੀ ‘ਮਾਤਾ ਧਰਤਿ’ ਨੂੰ ਨੀਝ ਤੇ ਰੀਝ ਨਾਲ ਵੇਖਦੇ ਜਾਓ, ‘ਭਰਪੂਰ’ ਸ਼ਬਦ ਦੇ ਗਹਿਰੇ ਅਰਥ ਸਮਝ ਆਉਣਗੇ। ਕੋਈ ਸੰਤ-ਰੂਪ ਬਜ਼ੁਰਗ ਉੱਚਰਦਾ ਹੈ, ਭਾਈ ਇਹ ਧਰਤੀ ਮਾਂ ਸਾਰੇ ਜੀਵਾਂ ਦੇ ਉਦਰ ਲਈ ਕੁਛ ਨਾ ਕੁਛ ਦਿੰਦੀ ਹੈ। ਤਦ ਮੂੰਹੋਂ ‘ਬਲਿਹਾਰੇ’ ਧੁਨੀ ਨਿਕਲਦੀ ਜਾਵੇਗੀ। ਇੱਥੇ ਹੀ ਸਭ ਕੁਝ ਹੈ, ਕਿਉਂ ਉਕਤਾਉਣਾ ਹੈ, ਸਾਰੇ ਮੂੰਹੋਂ-ਮੂੰਹੀਂ ਭਰ ਜਾਣਗੇ, ਕਿਸੇ ਦਾ ਪਾਤਰ ਖਾਲੀ ਨਹੀਂ ਰਹੇਗਾ। ਸੂਰਜ ਦਾ ਸੁਨੇਹਾ ਵੀ ਇਹੋ ਹੈ, ਤੁਸੀਂ ਜਿੱਥੇ ਵੀ ਹੋਵੋਗੇ, ਇਸ ਦਾ ਕੋਸ ਕੋਸਾ ਪ੍ਰਕਾਸ਼ ਆਪ ਤੁਹਾਡਾ ਸਪਰਸ਼ ਕਰੇਗਾ। ਝੁੱਗੀਆਂ ਤੱਕ ਤੇ ਸਰਦੀਆਂ ਵਿੱਚ ਠਰਦੇ ਜੀਵ-ਜੰਤੂਆਂ ਤੀਕ ਵੀ ਜਾਵੇਗਾ। ਸਿਆਣੀਆਂ ਸੁਆਣੀਆਂ ਅਤੇ ਹੋਰ ਉਮਰ ਦਰਾਜ਼ ਲੋਕਾਂ ਦਾ ਬਚਨ ਹੁੰਦਾ ਹੈ ਕਿ ਵਾਹ ਲੱਗਦੇ ‘ਹੈਨੀ’ (ਹੈ ਨਹੀਂ) ਕਦੇ ਨਹੀਂ ਉਚਰਨਾ। ਬਹੁਲਤਾ ਨੂੰ ਸਿਮਰਦਿਆਂ ਕੋਲ ‘ਬੋਹਲ’, ‘ਅੰਬਾਰ’ ਆਪੇ ਤੁਰੇ ਆਉਣਗੇ। ਮੀਂਹ ਦੀ ਹਰ ਬੂੰਦ ਇਹੋ ਸੁਨੇਹਾ ਦਿੰਦੀ ਹੈ। ਉੱਦਮੀ ਬੰਦਿਆਂ ਦਾ ਹਰ ਕਦਮ ਬਹੁਤਾਤ ਵੱਲ ਹੀ ਤਾਂ ਉੱਠਦਾ ਹੈ।
ਇਸ ਬੋਲੀ ਨੂੰ ਪ੍ਰਗਟਾਵੇ ਦਾ ਵਾਹਨ ਬਣਾਉਣ ਵਾਲਿਆਂ ਨੇ ਸਾਧਾਰਨ ਸ਼ਬਦਾਂ ਵਿੱਚ ਗੱਲ ਘੱਟ ਹੀ ਕੀਤੀ ਹੈ। ‘ਧਰਤੀ ਨੂੰ ਕਲੀ ਕਰਾ ਦੇ, ਨੱਚੂੰਗੀ ਸਾਰੀ ਰਾਤ।’ ਇੱਕ ਲਲਕਾਰ ਵਜੋਂ ਕੋਈ ਦੂਜੀ ਧਿਰ ਨੂੰ ਆਖਦਾ ਹੈ, ‘ਤੂੰ ਰੱਬ ਐਂ? ਅਸਮਾਨ ਨੂੰ ਟਾਕੀਆਂ ਲਾਉਂਦਾ ਫਿਰਦੈਂ।’ ‘ਆਹੋ! ਇਸ ਘੜੀ ਮੈਂ ਰੱਬ ਤੋਂ ਵੀ ਉੱਪਰ ਹਾਂ’ ਮੱਘੇ ਕੱਢਦਾ ਅਗਲਾ ਪਤਾ ਨਹੀਂ ਕੀ ਕੀ ਬੋਲੀ ਜਾਂਦਾ ਹੈ।
ਉਂਜ ਤਾਂ ਸਾਰਾ ਗੰਨਾ ਮਿੱਠਾ ਹੁੰਦੈ, ਪਰ ਜੜ੍ਹਾਂ ਵੱਲ ਵਧਦਿਆਂ ਹਰ ਪੋਰੀ ਭਾਵੇਂ ਛੋਟੀ ਹੁੰਦੀ, ਪਰ ਰਸ ਮਿਠਾਸ ਪੱਖੋਂ ਨਿਰਾ ਗੁੜ। ਇਹੋ ਖ਼ੂਬੀ ਪੱਕੀ ਉਮਰ ਦੀ ਹੁੰਦੀ ਹੈ। ਗੁੜ੍ਹੀ ਅਵਸਥਾ ਵਿੱਚ ਹੀ ਮਨੁੱਖ ਹੋਣ ਦਾ ਮਾਅਨਾ ਸਮਝ ਵਿੱਚ ਆਉਂਦਾ ਹੈ। ਉਹ ਇਸ ਜੀਵਨ ਦੇ, ਇਸ ਕਾਇਨਾਤ ਦੇ, ਜਾਣੋ ਜੀਵਨ ਦੇ ਨਵੇਂ ਤੋਂ ਨਵੇਂ ਰਹੱਸ ਬੁੱਝਣ ਲੱਗ ਪੈਂਦਾ ਹੈ। ਇਸੇ ਲਈ ਅਡੋਲ ਰਹਿਣ ਦੀ ਅਵਸਥਾ ਵੱਲ ਵਧਣ ਲੱਗਦਾ ਹੈ। ਹਾਂ ਜੀ, ਜਿਵੇਂ ਬੇੜੀ ਪਾਣੀਆਂ ਵਿੱਚ ਅਨੇਕਾਂ ਨੂੰ ਪਾਰ ਲੰਘਾਉਂਦੀ ਟਿਕਾਅ ਦੀ ਹਾਲਤ ਵਿੱਚ ਆ ਜਾਂਦੀ ਹੈ: ਮਲਾਹ ਦੀ ਮਰਜ਼ੀ, ਸੂਰਜ ਦੁਆਲੇ ਗੇੜੇ ਕੱਢਦੀ ਧਰਤੀ ਦੀ ਮਰਜ਼ੀ ਤੇ ਕਈ ਹੋਰ ਮਰਜ਼ੀਆਂ। ਕਿਸੇ ਲਿਖਤ ਦੇ ਇੱਕ ਵਾਕ ਮੁੱਕਣ ਅਤੇ ਅਗਲੇ ਵਾਕ ਦੇ ਅਰੰਭ ਹੋਣ ਤੋਂ ਪਹਿਲਾਂ ਜਿਵੇਂ ਖਾਲੀ ਥਾਂ ਦੇ ਰੂਪ ਵਿੱਚ ਵਿਰਾਮ ਆ ਜਾਂਦਾ ਹੈ, ਲਗਭਗ ਤਿਵੇਂ ਹੀ।
ਬਜ਼ੁਰਗੀ ਸਿਖਾਉਂਦੀ ਹੈ ਕਿ ਵਕਤ ਦਾ ਹਰ ਪਲ ਹੈਰਾਨੀਜਨਕ ਰਹੱਸਾਂ ਦਾ ਪੁੰਜ ਹੁੰਦਾ ਹੈ। ‘ਕੱਖ ਓਹਲੇ ਲੱਖ’ ਜਿਵੇਂ ਕਲਪਿਤ ਕੀਤਾ ਜਾਂਦਾ ਹੈ, ਤਿਵੇਂ ਜੀਵਨ ਦੀ ਕੋਈ ਵੀ ਅਵਸਥਾ ਅਚੰਭਿਆਂ ਤੋਂ ਸੱਖਣੀ ਨਹੀਂ ਹੁੰਦੀ। ਇਸ ਲੇਖੇ ਸੱਖਣਾ ਕੁਝ ਵੀ ਨਹੀਂ ਹੁੰਦਾ, ਅਰਥ ਮੁਕਤ ਵੀ ਕਦੇ ਨਹੀਂ ਹੁੰਦਾ। ਖੇਤ ਦਾ ‘ਵੱਢ’ ਅਖਾਉਂਦਾ ਰੂਪ ਵੀ ਕਦੇ ਖਾਲੀ ਨਹੀਂ ਹੁੰਦਾ। ਅਜਿਹਾ ਹੁੰਦਾ ਮੱਝਾਂ, ਗਾਵਾਂ ਅਤੇ ਕੱਟਰੂ-ਵੱਛਰੂ ਉੱਥੇ ਕਦੇ ਵੀ ਨਾ ਚਰਦੇ-ਚੁਗਦੇ। ਤੰਗ ਨਜ਼ਰੀਏ ਦੀ ਥਾਂ ਮੋਕਲੀ ਦ੍ਰਿਸ਼ਟੀ ਨਾਲ ਵਿਚਰਦਿਆਂ ਇਹ ਸੰਸਾਰ ਕਿੰਨਾ ਮੌਲਿਆ, ਸੁਖਾਵਾਂ ਅਤੇ ਵਿਲੱਖਣ ਲੱਗਦਾ ਹੈ।
ਸੰਪਰਕ: 98141-57137