ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸੁਨੱਖੀਆਂ ਤਰਜ਼ਾਂ ਦਾ ਸਿਰਜਕ ਮਨਪ੍ਰੀਤ ਸਿੰਘ

ਮਨਪ੍ਰੀਤ ਸਿੰਘ ਇੱਕ ਪ੍ਰਤਿਭਾਸ਼ਾਲੀ ਤੇ ਸਾਦਗੀ ਭਰਪੂਰ ਗਾਇਕ ਹੈ ਜਿਹੜਾ ਗਾਇਕੀ ਦੇ ਖੇਤਰ ਵਿੱਚ ਆਪਣੇ ਰਾਹ ਆਪ ਬਣਾ ਕੇ ਨਵੀਆਂ ਪੈੜਾਂ ਸਿਰਜ ਰਿਹਾ ਹੈ। ਜ਼ਿਲ੍ਹਾ ਸੰਗਰੂਰ ਦੇ ਪਿੰਡ ਲੌਂਗੋਵਾਲ ਦੇ ਇੱਕ ਆਮ ਜਿਹੇ ਪਰਿਵਾਰ ’ਚ ਜਨਮ ਲੈ ਕੇ ਮੈਟ੍ਰਿਕ ਤੇ...
Advertisement

ਮਨਪ੍ਰੀਤ ਸਿੰਘ ਇੱਕ ਪ੍ਰਤਿਭਾਸ਼ਾਲੀ ਤੇ ਸਾਦਗੀ ਭਰਪੂਰ ਗਾਇਕ ਹੈ ਜਿਹੜਾ ਗਾਇਕੀ ਦੇ ਖੇਤਰ ਵਿੱਚ ਆਪਣੇ ਰਾਹ ਆਪ ਬਣਾ ਕੇ ਨਵੀਆਂ ਪੈੜਾਂ ਸਿਰਜ ਰਿਹਾ ਹੈ। ਜ਼ਿਲ੍ਹਾ ਸੰਗਰੂਰ ਦੇ ਪਿੰਡ ਲੌਂਗੋਵਾਲ ਦੇ ਇੱਕ ਆਮ ਜਿਹੇ ਪਰਿਵਾਰ ’ਚ ਜਨਮ ਲੈ ਕੇ ਮੈਟ੍ਰਿਕ ਤੇ ਬਾਰ੍ਹਵੀਂ ਦੀ ਪੜ੍ਹਾਈ ਸਥਾਨਕ ਸਰਕਾਰੀ ਸਕੂਲਾਂ ਤੋਂ ਹਾਸਿਲ ਕਰਕੇ ਉਹ ਆਈ.ਆਈ.ਟੀ. ਦਿੱਲੀ ਤੋਂ ਮੈਥ ਦੀ ਪੀਐੱਚ.ਡੀ. ਤੱਕ ਪਹੁੰਚ ਗਿਆ ਕਿਉਂਕਿ ਗਣਿਤ ਨਾਲ ਉਸ ਨੂੰ ਖ਼ਾਸ ਲਗਾਅ ਹੈ।

ਇਹ ਆਮ ਧਾਰਨਾ ਹੈ ਕਿ ਗਣਿਤ ਇੱਕ ਖੁਸ਼ਕ ਵਿਸ਼ਾ ਹੈ ਜਿਸ ਦਾ ਗਾਇਕੀ ਦੇ ਸੂਖਮ ਵਿਸ਼ੇ ਨਾਲ ਦੂਰ-ਦੂਰ ਦਾ ਕੋਈ ਵਾਸਤਾ ਹੀ ਨਹੀਂ ਹੋ ਸਕਦਾ, ਪਰ ਮਨਪ੍ਰੀਤ ਇਸ ਦੇ ਵਿਪਰੀਤ ਹੈ। ਉਹ ਆਖਦਾ ਹੈ ਕਿ ਜਿਵੇਂ ਗਣਿਤ ਸਾਨੂੰ ਜ਼ਿੰਦਗੀ ਦੇ ਹਰ ਖੇਤਰ ਦੀਆਂ ਸਮੱਸਿਆਵਾਂ ਦਾ ਹੱਲ ਟੋਲਣ ਵਿੱਚ ਮਦਦਗਾਰ ਸਾਬਤ ਹੁੰਦਾ ਹੈ, ਇਸੇ ਤਰ੍ਹਾਂ ਇਹ ਕਲਾ ਦੇ ਖੇਤਰ ਵਿੱਚ ਵੀ ਕਿਸੇ ਕਿਸਮ ਦੀ ਅੜਚਣ ਦੀ ਬਜਾਏ ਸਹਾਇਕ ਬਣ ਕੇ ਸਾਡਾ ਸਾਥ ਨਿਭਾਉਣ ਦੇ ਕਾਬਲ ਹੈ।

Advertisement

ਮਨਪ੍ਰੀਤ ਦੱਸਦਾ ਹੈ ਕਿ ਉਸ ਦੇ ਬਚਪਨ ਵਿੱਚ ਉਸ ਦੇ ਘਰ ਆਉਣ ਵਾਲੀਆਂ ਧਾਰਮਿਕ ਟੇਪਾਂ ਦੀ ਆਵਾਜ਼ ਅਕਸਰ ਉਹਦੇ ਕੰਨੀਂ ਪੈਂਦੀ ਰਹਿੰਦੀ ਸੀ। ਸਕੂਲ ਪੜ੍ਹਦਿਆਂ ਉਸ ਨੇ ਛੇਵੀਂ-ਸੱਤਵੀਂ ਵਿੱਚ ‘ਨਹੀਂ ਭੁੱਲਣਾ ਦੁੱਖ ਸੰਗਤਾਂ ਨੂੰ ਵਿੱਛੜੇ ਨਨਕਾਣੇ ਦਾ’ ਗਾ ਕੇ ਭਰਵੀਂ ਦਾਦ ਲਈ ਅਤੇ ਗਾਇਕੀ ਦੇ ਘਰ ਵੱਲ ਮਿੱਠੀ ਜਿਹੀ ਲੋਚ ਨਾਲ ਝਾਕਿਆ। ਜ਼ਿਕਰਯੋਗ ਹੈ ਕਿ ਮਨਪ੍ਰੀਤ ਸਕੂਲ ਤੋਂ ਯੂਨੀਵਰਸਿਟੀ ਦੀ ਪੜ੍ਹਾਈ ਕਰਦਿਆਂ ਬਿਹਤਰੀਨ ਭੰਗੜਚੀ ਵੀ ਬਣਦਾ ਰਿਹਾ। ਕੁਝ ਸਮਾਂ ਉਸ ਨੇ ਦਿੱਲੀ ਵਿਖੇ ਉਸਤਾਦ ਵਿਨੋਦ ਕੁਮਾਰ ਤੋਂ ਗਾਇਨ ਕਲਾ ਦੀਆਂ ਸੂਖਮ ਘੁੰਡੀਆਂ ਦਾ ਗਿਆਨ ਵੀ ਹਾਸਿਲ ਕੀਤਾ।

ਬੇਸ਼ੱਕ ਉਹ ਸ਼ੁਰੂਆਤੀ ਸਮਿਆਂ ਤੋਂ ਹੀ ਗਾਹੇ-ਬਗਾਹੇ ਸਕੂਲ/ਕਾਲਜ ਦੀਆਂ ਸਟੇਜਾਂ ਉੱਪਰ ਗਾਉਂਦਾ ਰਿਹਾ, ਪਰ ਅਸਲ ਵਿੱਚ ਉਹ ਯੂਨੀਵਰਸਿਟੀ ਪੜ੍ਹਦਿਆਂ ਹਰਮਨਜੀਤ ਰਾਣੀਤੱਤ ਦੀ ਇੱਕ ਕਵਿਤਾ ‘ਸੁਪਨ ਸਲਾਈ’ ਦੀ ਤਰਜ਼ ਖ਼ੁਦ ਬਣਾ ਕੇ ਤੇ ਗਾ ਕੇ ਗਾਇਕੀ ਦੇ ਸਮੁੰਦਰ ਵਿੱਚ ਆਪਣੀ ਬੇੜੀ ਬੜੀ ਕਾਬਲੀਅਤ ਨਾਲ ਠਿੱਲ੍ਹਣ ਲੱਗਦਾ ਹੈ। ਇਹੀ ਵਕਤ ਹੈ ਜਦੋਂ ਹਰਮਨਜੀਤ ਤੇ ਮਨਪ੍ਰੀਤ ਦੀ ਪੱਕੀ ਸਾਂਝ ਪਈ। ਉਸ ਦਾ ਹਰਮਨਜੀਤ ਦੀਆਂ ਲਿਖਤਾਂ ਨਾਲ ਅਜਿਹਾ ਸੁਮੇਲ ਹੋਇਆ ਕਿ ਉਹਨੇ ਉਦੋਂ ਤੋਂ ਹੁਣ ਤੱਕ ਹਰਮਨਜੀਤ ਨੂੰ ਬੜੀ ਰੀਝ ਨਾਲ ਤੇ ਬੜਾ ਨਿੱਠ ਕੇ ਗਾਇਆ ਹੈ। ਦੋਵਾਂ ਦੇ ਕਈ ਦਰਜਨ ਗੀਤ ਰਿਕਾਰਡ ਹੋ ਚੁੱਕੇ ਹਨ।

‘ਕੁੜੀਆਂ ਕੇਸ ਵਾਹੁੰਦੀਆਂ’, ‘ਉਸਤਤ’, ‘ਕਿਸੇ ਦਾ ਪਿਆਰ’, ‘ਸਖੀਏ ਸਰਬੱਤ’, ‘ਖੋਪੜ’, ‘ਚੱਕਰ ਅਨੋਖੇ’, ‘ਦਿਲਬਰ ਅਮੋਲਕ’, ‘ਕਿਤਾਬਾਂ ਵਾਲ਼ਾ ਰੱਖਣਾ’, ‘ਕੀ ਕਰੀਏ’, ‘ਕਰੂੰਬਲ’, ‘ਮੱਥੇ ਦੀ ਨਾੜ’, ‘ਖ਼ੂਬਸੂਰਤ’, ‘ਵੱਡਿਆ ਅਧਿਆਪਕਾ’ ਅਤੇ ਹੋਰ ਕਿੰਨੇ ਹੀ ਹਰਮਨਜੀਤ ਦੇ ਲਿਖੇ ਗੀਤ ਮਨਪ੍ਰੀਤ ਨੇ ਗਾਏ ਹਨ। ‘ਔਰਤ’ ਗੀਤ ਮਨਪ੍ਰੀਤ ਦੀ ਹੁਣ ਤੱਕ ਦੀ ਗਾਇਕੀ ਤੇ ਸੰਗੀਤ ਦਾ ਸਿਖਰ ਹੀ ਜਾਪਦਾ ਹੈ, ਜਿਹੜਾ ਉਸ ਦੀ 2024 ਵਿੱਚ ਆਈ ਟੇਪ ‘ਸ਼ਾਹਰਗ’ ਵਿੱਚ ਰਿਕਾਰਡ ਹੋਇਆ। ਮਨਪ੍ਰੀਤ ਨੇ ਹਰਮਨਜੀਤ ਦੇ ਕਈ ਫਿਲਮੀ ਗੀਤਾਂ ਜਿਵੇਂ ‘ਸਿਰ ਨਹੀਂ ਪਲੋਸਦਾ’ (ਗਾਇਕ ਐਮੀ ਵਿਰਕ, ਫਿਲਮ ‘ਆ ਜਾ ਮੈਕਸੀਕੋ ਚੱਲੀਏ’), ‘ਜਿੰਦੇ’ (ਗਾਇਕ ਅਮਰਿੰਦਰ ਗਿੱਲ, ਫਿਲਮ ‘ਜੋੜੀ’), ‘ਸ਼ੀਸ਼ਾ’ (ਗਾਇਕਾ ਮੰਨਤ ਨੂਰ, ਫਿਲਮ ‘ਲੌਂਗ ਲਾਚੀ’), ‘ਰੂਹ ਦੇ ਰੁੱਖ’ (ਗਾਇਕ ਪ੍ਰਭ ਗਿੱਲ, ਫਿਲਮ ‘ਲੌਂਗ ਲਾਚੀ’) ਆਦਿ ਨੂੰ ਆਪਣੀਆਂ ਬਣਾਈਆਂ ਧੁਨਾਂ ਨਾਲ ਨਿਵਾਜਿਆ।

ਦਿਲਜੀਤ ਦੁਸਾਂਝ ਦੇ ਗਾਏ ਅਤੇ ਹਰਮਨਜੀਤ ਦੇ ਲਿਖੇ ਧਾਰਮਿਕ ਗੀਤ ‘ਆਰ ਨਾਨਕ ਪਾਰ ਨਾਨਕ’, ‘ਨਾਨਕ ਆਦਿ ਜੁਗਾਦ ਜੀਓ’ ਅਤੇ ‘ਸੀਸ ਦੀ ਆਸੀਸ’ ਦੀ ਧੁਨ ਵੀ ਮਨਪ੍ਰੀਤ ਨੇ ਹੀ ਬਣਾਈ ਹੈ। ਤਰਜ਼ਕਾਰੀ ਨਾਲ ਉਸ ਦਾ ਵਿਲੱਖਣ ਕਿਸਮ ਦਾ ਰਿਸ਼ਤਾ ਹੈ। ਉਸ ਦੀ ਗਾਇਕੀ ਵਿੱਚ ਸ਼ੋਰ ਸ਼ਰਾਬੇ ਦੀ ਬਜਾਏ ਇੱਕ ਖ਼ਾਸ ਕਿਸਮ ਦਾ ਟਿਕਾਅ ਹੈ। ਉਹ ਅੰਤਾਂ ਦੇ ਸੁਖਾਂਤਕ ਗੀਤ ਅੰਦਰ ਜਦੋਂ ਆਪਣੀ ਗਹਿਰੀ ਅਤੇ ਭਾਵਪੂਰਨ ਆਵਾਜ਼ ਘੋਲਦਾ ਹੈ ਤਾਂ ਗੀਤ ਦਾ ਸ਼ਿੰਗਾਰ ਕੋਈ ਨਵਾਂ ਆਯਾਮ ਧਾਰਨ ਕਰ ਲੈਂਦਾ ਹੈ। ਗੀਤ ‘ਦੋ ਪਲਾਂ ਵਿੱਚ’ ਇਸ ਦੀ ਸੱਜਰੀ ਉਦਾਹਰਨ ਹੈ। ਉਸ ਦੀ ਆਵਾਜ਼ ਅੰਦਰਲਾ ਸਹਿਜਮਈ ਦਰਦ ਮਨੁੱਖੀ ਹੋਂਦ ਦੁਆਲੇ ਘੁੰਮਦੇ ਪ੍ਰਸ਼ਨਾਂ ਨੂੰ ਮੁਖਾਤਿਬ ਹੁੰਦਿਆਂ ਫ਼ਲਸਫ਼ਾਨਾ ਮਾਹੌਲ ਦੀ ਸਿਰਜਣਾ ਕਰਦਾ ਹੈ।

ਉਸ ਦੀ ਗਾਇਨ ਸ਼ੈਲੀ ਦਾ ਬੁਨਿਆਦੀ ਰੰਗ ਬੇਸ਼ੱਕ ਰਵਾਇਤੀ ਹੈ, ਪਰ ਉਹ ਨਵੇਂ ਰਸਤਿਆਂ ’ਤੇ ਤੁਰਨ ਤੋਂ ਕਦੇ ਗੁਰੇਜ਼ ਨਹੀਂ ਕਰਦਾ। ਸਾਹਿਤ, ਸੱਭਿਆਚਾਰ ਤੇ ਫ਼ਲਸਫ਼ੇ ਨਾਲ ਜੁੜੇ ਉਸ ਦੇ ਗੀਤ ਕਿੰਨੀਆਂ ਹੀ ਗਾਇਨ-ਮਿੱਥਾਂ ਨੂੰ ਤੋੜਦੇ ਹਨ। ਉਹਨੂੰ ਗਾਉਂਦਿਆਂ ਸੁਣ ਕੇ ਜਿਵੇਂ ਹਵਾ ਵੀ ਆਪਣੀ ਕੁਦਰਤੀ ਰਵਾਨਗੀ ਰੋਕ ਕੇ ਉਸ ਤੋਂ ਵਾਰੇ-ਵਾਰੇ ਜਾਂਦੀ ਹੈ। ਉਹ ਚਾਹੁੰਦਾ ਹੈ ਕਿ ਸਟੇਜੀ ਵਿਖਾਵਿਆਂ ਦੀ ਬਜਾਏ ਗੀਤ ਅੰਦਰਲੇ ਉਚੇਰੇ ਵਿਚਾਰਾਂ, ਬੋਲਾਂ ਤੇ ਸੁਨੱਖੀਆਂ ਤਰਜ਼ਾਂ ਰਾਹੀਂ ਉਹ ਆਪਣੇ ਸੁਣਨ ਵਾਲਿਆਂ ਲਈ ਹਮੇਸ਼ਾਂ ਕੋਈ ਤਾਜ਼ੀ ਤੇ ਨਿਵੇਕਲੀ ਸੰਗੀਤਕ ਬੁਣਤੀ ਬੁਣਦਾ ਰਹੇ। ਪਿੱਛੇ ਜਿਹੇ ‘ਲੋਕ ਮਨ ਪੰਜਾਬ’ ਵੱਲੋਂ ਟੈਗੋਰ ਥੀਏਟਰ, ਚੰਡੀਗੜ੍ਹ ਅਤੇ ਗੁਰੂ ਨਾਨਕ ਭਵਨ, ਲੁਧਿਆਣਾ ਵਿਖੇ ਕਰਵਾਏ ਮਨਪ੍ਰੀਤ ਦੇ ਸ਼ੋਅ ਬੇਹੱਦ ਸਫਲ ਰਹੇ। ਮਨਪ੍ਰੀਤ ਅੱਜਕੱਲ੍ਹ ਬੰਗਲੁਰੂ ਵਿਖੇ ਆਪਣੀਆਂ ਅਧਿਆਪਨ ਸੇਵਾਵਾਂ ਦੇ ਰਿਹਾ ਹੈ ਤੇ ਨਾਲ ਦੀ ਨਾਲ ਹਰਮਨਜੀਤ ਨਾਲ ਮਿਲ ਕੇ ਆਪਣੀ ਅਗਲੀ ਐਲਬਮ, ਸ਼ੋਅ ਅਤੇ ਫਿਲਮੀ ਗੀਤਾਂ ਦੀ ਤਿਆਰੀ ਵਿੱਚ ਰੁੱਝਾ ਹੋਇਆ ਹੈ।

ਸੰਪਰਕ: 94173-63357

Advertisement
Show comments