ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਹੰਕਾਰੀ ਦਾ ਸਿਰ ਨੀਵਾਂ

ਬਾਲ ਕਹਾਣੀ
Advertisement

ਰਘੁਵੀਰ ਸਿੰਘ ਕਲੋਆ

ਇੱਕ ਕਿਸਾਨ ਨੇ ਆਪਣੇ ਖੇਤ ਦੇ ਇੱਕ ਕਿਨਾਰੇ ਕੁਝ ਫ਼ਲਦਾਰ ਰੁੱਖ ਲਾਏ ਹੋਏ ਸਨ। ਇਨ੍ਹਾਂ ਵਿੱਚ ਅੰਬ, ਆੜੂ, ਅਮਰੂਦ, ਲੀਚੀ ਅਤੇ ਲੁਕਾਠ ਦੇ ਰੁੱਖ ਤਾਂ ਸਨ ਹੀ, ਇਨ੍ਹਾਂ ਸਭ ਦੇ ਵਿਚਕਾਰ ਇੱਕ ਉੱਚਾ ਲੰਮਾ ਸਫੈਦੇ ਦਾ ਰੁੱਖ ਵੀ ਸੀ। ਬਾਕੀ ਸਭ ਤੋਂ ਉੱਚਾ ਹੋਣ ਕਰਕੇ ਸਫੈਦਾ ਇਨ੍ਹਾਂ ਸਭ ਉੱਤੇ ਰੋਅਬ ਰੱਖਦਾ ਸੀ। ਜਦੋਂ ਵੀ ਹਵਾ ਜ਼ਰਾ ਤੇਜ਼ ਵਗਦੀ ਤਾਂ ਇਹ ਇੱਧਰ ਉੱਧਰ ਝੂਮਦਾ ਹੋਇਆ ਆਪਣੇ ਆਸੇ-ਪਾਸੇ ਖੜ੍ਹੇ ਇਨ੍ਹਾਂ ਫ਼ਲਦਾਰ ਰੁੱਖਾਂ ਨੂੰ ਡਰਾਉਂਦਾ,

Advertisement

“ਓਹ ਪਿੱਦੂਓ ਜਿਹੋ! ਮੇਰੇ ਤੋਂ ਬਚਕੇ ਰਹਿਓ, ਐਵੇਂ ਨਾ ਕਿਤੇ ਮੇਰੇ ਥੱਲੇ ਆ ਕੇ ਆਪਣਾ ਕਚੂੰਮਰ ਕਢਵਾ ਲਿਓ।”

ਰੋਅਬਦਾਰ ਆਵਾਜ਼ ਵਿੱਚ ਸਫੈਦੇ ਦੁਆਰਾ ਦਿੱਤਾ ਇਹ ਡਰਾਵਾ ਲੀਚੀ ਅਤੇ ਲੁਕਾਠ ਨੂੰ ਕੁਝ ਜ਼ਿਆਦਾ ਹੀ ਡਰਾ ਜਾਂਦਾ। ਲੀਚੀ ਅਤੇ ਲੁਕਾਠ ਇੱਕ ਤਾਂ ਸਫੈਦੇ ਦੇ ਨੇੜੇ ਸਨ ਤੇ ਦੂਜਾ ਸਨ ਵੀ ਦੱਖਣ ਦੀ ਦਿਸ਼ਾ ਵੱਲ। ਜ਼ਿਆਦਾਤਰ ਹਵਾ ਪੱਛੋਂ ਦੀ ਹੀ ਚੱਲਦੀ ਸੀ ਤੇ ਤੇਜ਼ ਹਨੇਰੀਆਂ ਵੀ ਇਸੇ ਪਾਸੋਂ ਆਉਂਦੀਆਂ ਸਨ। ਜਦੋਂ ਵੀ ਕਦੇ ਪੱਛੋਂ ਵੱਲੋਂ ਹਨੇਰੀ ਆਉਂਦੀ ਤਾਂ ਲੁਕਾਠ ਅਤੇ ਲੀਚੀ ਦੀ ਜਾਨ ਮੁੱਠੀ ਵਿੱਚ ਆ ਜਾਂਦੀ। ਅੰਬ, ਆੜੂ ਅਤੇ ਅਮਰੂਦ ਇੱਕ ਤਾਂ ਸਫੈਦੇ ਤੋਂ ਕੁਝ ਹਟਵੇ ਸਨ ਅਤੇ ਦੂਜਾ ਸਨ ਵੀ ਪੱਛੋਂ ਵੱਲ। ਇਸੇ ਕਰਕੇ ਪੱਛੋਂ ਵੱਲੋਂ ਆਉਂਦੀਆਂ ਹਨਰੀਆਂ ਵੇਲੇ ਤਾਂ ਇਨ੍ਹਾਂ ਦਾ ਬਚਾਅ ਰਹਿੰਦਾ ਪਰ ਗਰਮੀਆਂ ਦੀ ਰੁੱਤੇ ਜਦੋਂ ਦੱਖਣ ਵੱਲੋਂ ਮਾਨਸੂਨ ਪੌਣਾਂ ਉੁੱਠਦੀਆਂ ਤਾਂ ਇਹ ਤਿੰਨੇ ਵੀ ਚਿੰਤਾ ਵਿੱਚ ਪੈ ਜਾਂਦੇ ਸਨ। ਸਫੈਦੇ ਉੱਪਰ ਆਪਣੇ ਉੱਚੇ ਕੱਦ ਅਤੇ ਲਚਕਦਾਰ ਤਣੇ ਦਾ ਹੰਕਾਰ ਦਿਨੋਂ ਦਿਨ ਭਾਰੀ ਹੁੰਦਾ ਜਾ ਰਿਹਾ ਸੀ। ਇਨ੍ਹਾਂ ਰੁੱਖਾਂ ਉੇੱਪਰ ਰਹਿਣ ਵਾਲੇ ਪੰਛੀ ਵੀ ਸਫੈਦੇ ਦੇ ਇਸ ਹੰਕਾਰੀ ਸੁਭਾਅ ਕਾਰਨ ਪਰੇਸ਼ਾਨ ਰਹਿੰਦੇ ਸਨ। ਇੱਕ ਦਿਨ ਉਨ੍ਹਾਂ ਸਭ ਨੇ ਇਕੱਠੇ ਹੋ ਕੇ ਸਫੈਦੇ ਦੇ ਰੁੱਖ ਨੂੰ ਸਮਝਾਇਆ।

‘‘ਦੇਖ ਵੀਰੇ! ਐਵੇਂ ਆਪਣੇ ਉੱਚੇ ਹੋਣ ਦਾ ਮਾਣ ਨਹੀਂ ਕਰੀਦਾ। ਆਹ ਵੇਖ ਜਿਹੜੇ ਨੀਵੇਂ ਅਤੇ ਨਿਮਰਤਾ ਵਿੱਚ ਰਹਿੰਦੇ ਹਨ ਉਨ੍ਹਾਂ ਨੂੰ ਕਿੰਨੇ ਮਿੱਠੇ ਫ਼ਲ ਲੱਗਦੇ ਹਨ। ਤੂੰ ਵੀ ਨਿਮਰਤਾ ’ਚ ਰਹਿਣਾ ਸਿੱਖ ਤਾਂ ਕਿ ਕੁਦਰਤ ਤੈਨੂੰ ਵੀ ਮਿੱਠੇ ਫ਼ਲਾਂ ਦੀ ਸੌਗਾਤ ਦੇਵੇ।’’

ਪਰ ਹੰਕਾਰ ਤਾਂ ਸਫੈਦੇ ਦੇ ਸਿਰ ਚੜ੍ਹ ਬੋਲਣ ਲੱਗਾ ਸੀ। ਇਹ ਸੁਣ ਉਹ ਇਕਦਮ ਭੜਕਿਆ, “ਜਾਓ ਪਰਾਂ! ਆ ਗਏ ਵੱਡੇ ਮੱਤਾਂ ਦੇਣ ਵਾਲੇ, ਤੁਹਾਨੂੰ ਤਾਂ ਬਸ ਆਪਣੇ ਖਾਣ ਦਾ ਲਾਲਚ ਆ ਤਾਂ ਹੀ ਤੁਸੀਂ ਇਨ੍ਹਾਂ ਪਿੱਦੂਆਂ ਦਾ ਪੱਖ ਪੂਰਦੇ ਹੋ।’

ਪੰਛੀ ਵੀ ਸਫੈਦੇ ਦੇ ਹੰਕਾਰੀ ਮਨ ਨੂੰ ਨਾ ਬਦਲ ਸਕੇ ਪਰ ਜਾਂਦੇ-ਜਾਂਦੇ ਉਨ੍ਹਾਂ ਨੇ ਸਫੈਦੇ ਦੇ ਰੁੱਖ ਨੂੰ ਇਹ ਨਸੀਹਤ ਯਾਦ ਕਰਵਾਈ, ‘‘ਇਹ ਕੁਦਰਤ ਬੜੀ ਬੇਅੰਤ ਆ, ਹੰਕਾਰੀ ਦਾ ਇਹ ਇੱਕ ਦਿਨ ਸਿਰ ਨੀਵਾਂ ਕਰਕੇ ਹੀ ਰਹਿੰਦੀ ਹੈ, ਇਹ ਗੱਲ ਯਾਦ ਰੱਖੀਂ।’

ਪਰ ਸਫੈਦਾ ਤਾਂ ਹੁਣ ਹੋਰ ਹੰਕਾਰੀ ਹੋ ਗਿਆ ਸੀ, ਹਵਾ ਦੱਖਣ ਦੀ ਚੱਲੇ ਜਾਂ ਪੱਛੋਂ ਦੀ ਉਹ ਟੇਢਾ ਹੋ ਫ਼ਲਦਾਰ ਰੁੱਖਾਂ ਨੂੰ ਡਰਾਉਂਦਾ ਹੀ ਰਹਿੰਦਾ।

ਇੱਕ ਦਿਨ ਮੌਸਮ ਬਿਲਕੁਲ ਸਾਫ਼ ਸੀ। ਸਫੈਦਾ ਆਪਣੀ ਧੌਣ ਅਕੜਾ ਕੇ ਆਲੇ-ਦੁਆਲੇ ਕੌੜ-ਕੌੜਾ ਝਾਕ ਰਿਹਾ ਸੀ। ਇਕਦਮ ਹਵਾ ਤੇਜ਼ ਚੱਲਣ ਲੱਗੀ ਪਰ ਇਸ ਵਾਰ ਇਸ ਦੀ ਦਿਸ਼ਾ ਬਿਲਕੁਲ ਵੱਖਰੀ ਹੀ ਸੀ। ਇਹ ਦੂਰ ਪਰਬਤਾਂ ਵੱਲੋਂ ਆ ਰਹੀ ਪੁਰੇ ਦੀ ਹਵਾ ਸੀ। ਲੱਗਦਾ ਅੱਜ ਕੁਦਰਤ ਕਰੋਧ ਵਿੱਚ ਆ ਗਈ ਸੀ। ਛੇਤੀ ਹੀ ਹਵਾ ਨੇ ਤੂਫ਼ਾਨ ਦਾ ਰੂਪ ਧਾਰ ਲਿਆ। ਅੰਬ, ਆੜੂ, ਅਮਰੂਦ, ਲੀਚੀ ਅਤੇ ਲੁਕਾਠ ਨੀਵੇਂ ਹੋ ਧਰਤੀ ਨਾਲ ਵਿਛ ਗਏ। ਅਚਾਨਕ ਜ਼ੋਰਦਾਰ ਖੜਾਕ ਹੋਇਆ। ਆਕੜਖੋਰ ਸਫੈਦਾ ਅੱਧ ਵਿਚਕਾਰੋਂ ਟੁੱਟ ਲਹਿੰਦੇ ਵੱਲ ਜਾ ਡਿੱਗਿਆ ਸੀ।

ਹਵਾ ਦਾ ਜ਼ੋਰ ਕੁਝ ਘਟਿਆ ਤਾਂ ਪੰਜੇ ਫ਼ਲਦਾਰ ਰੁੱਖ ਇੱਕ ਦੂਜੇ ਨੂੰ ਸਹੀ ਸਲਾਮਤ ਦੇਖ ਬਹੁਤ ਖ਼ੁਸ਼ ਹੋਏ। ਜਦੋਂ ਉਨ੍ਹਾਂ ਦੀ ਨਜ਼ਰ ਲਹਿੰਦੇ ਵੱਲ ਟੁੱਟੇ ਪਏ ਸਫੈਦੇ ’ਤੇ ਪਈ ਤਾਂ ਅੰਬ ਦਾ ਰੁੱਖ ਸੁਭਾਵਿਕ ਹੀ ਬੋਲਿਆ:

“ਸਾਥੀਓ! ਸਿਆਣਿਆਂ ਐਵੇਂ ਤਾਂ ਨਹੀਂ ਕਿਹਾ, ਹੰਕਾਰੀ ਦਾ ਸਿਰ ਨੀਵਾਂ।”

ਸਿਆਣਿਆਂ ਦਾ ਇਹ ਕਥਨ ਮਾਨੋ ਉਨ੍ਹਾਂ ਨੇ ਸਾਕਾਰ ਹੁੰਦਾ ਵੇਖ ਲਿਆ ਸੀ।

ਸੰਪਰਕ: 98550-24495

Advertisement
Show comments