ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪਿਆਰ-ਮੁਹੱਬਤ, ਜਾਤਪਾਤ ਤੇ ਸਿਨਮਾ

ਪਿਛਲੇ ਕੁਝ ਅਰਸੇ ਵਿੱਚ ਕਈ ਭਾਸ਼ਾਵਾਂ ਦੀਆਂ ਫਿਲਮਾਂ ਰਿਲੀਜ਼ ਹੋਈਆਂ ਹਨ, ਪਰ ਉਨ੍ਹਾਂ ਵਿੱਚੋਂ ਹਿੰਦੀ ਫਿਲਮਾਂ ਪਹਿਲੀ ‘ਸੈਯਾਰਾ’ ਤੇ ਦੂਸਰੀ ‘ਧੜਕ-2’ ਅਜਿਹੀਆਂ ਹਨ ਜਿਨ੍ਹਾਂ ਦਾ ਜ਼ਿਕਰ ਕਰਨਾ ਜ਼ਰੂਰੀ ਹੋ ਜਾਂਦਾ ਹੈ। ਦੋਵੇਂ ਫਿਲਮਾਂ ਪ੍ਰੇਮ ਕਹਾਣੀਆਂ ਉੱਪਰ ਆਧਾਰਿਤ ਹਨ। ‘ਸੈਯਾਰਾ’ ਇੱਕ...
Advertisement

ਪਿਛਲੇ ਕੁਝ ਅਰਸੇ ਵਿੱਚ ਕਈ ਭਾਸ਼ਾਵਾਂ ਦੀਆਂ ਫਿਲਮਾਂ ਰਿਲੀਜ਼ ਹੋਈਆਂ ਹਨ, ਪਰ ਉਨ੍ਹਾਂ ਵਿੱਚੋਂ ਹਿੰਦੀ ਫਿਲਮਾਂ ਪਹਿਲੀ ‘ਸੈਯਾਰਾ’ ਤੇ ਦੂਸਰੀ ‘ਧੜਕ-2’ ਅਜਿਹੀਆਂ ਹਨ ਜਿਨ੍ਹਾਂ ਦਾ ਜ਼ਿਕਰ ਕਰਨਾ ਜ਼ਰੂਰੀ ਹੋ ਜਾਂਦਾ ਹੈ। ਦੋਵੇਂ ਫਿਲਮਾਂ ਪ੍ਰੇਮ ਕਹਾਣੀਆਂ ਉੱਪਰ ਆਧਾਰਿਤ ਹਨ। ‘ਸੈਯਾਰਾ’ ਇੱਕ ਨੌਜਵਾਨ ਮੁੰਡੇ ਤੇ ਨੌਜਵਾਨ ਕੁੜੀ ਦੀ ਪ੍ਰੇਮ ਕਹਾਣੀ ਹੈ। ਕੁੜੀ ਨੂੰ ਇੱਕ ਵਿਸ਼ੇਸ਼ ਬਿਮਾਰੀ ਹੋ ਜਾਂਦੀ ਹੈ। ਮੁੰਡਾ ਤੇ ਕੁੜੀ ਪਿਆਰ ਲਈ ਇੱਕ ਦੂਸਰੇ ਵਾਸਤੇ ਆਪਣੇ ਨਿੱਜੀ ਸੁਆਰਥਾਂ ਦੀ ਕੁਰਬਾਨੀ ਦਿੰਦੇ ਹਨ। ਅੱਜ ਦੀ ਭੱਜਦੌੜ ਨਾਲ ਭਰੀ ਜ਼ਿੰਦਗੀ ਤੋਂ ਸਤਾਏ ਦਰਸ਼ਕਾਂ ਨੂੰ ਫਿਲਮ ਦੀ ਪ੍ਰੇਮ ਕਹਾਣੀ ਨੇ ਮੋਹ ਲਿਆ। ਫਿਲਮ ਦੇ ਦੋਵੇਂ ਮੁੱਖ ਕਲਾਕਾਰ ਭਾਵੇਂ ਨਵੇਂ ਹਨ, ਪਰ ਫਿਲਮ ਨੇ ਆਰਥਿਕ ਮੁਨਾਫ਼ੇ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ।

ਦੂਸਰੀ ਫਿਲਮ ਹੈ ‘ਧੜਕ-2’। ਇਸ ਵਿੱਚ ਵੀ ਨੌਜਵਾਨ ਕੁੜੀ-ਮੁੰਡੇ ਦੀ ਪ੍ਰੇਮ ਕਹਾਣੀ ਹੈ, ਪਰ ਸਮੱਸਿਆ ਇਹ ਹੈ ਕਿ ਇਸ ਵਿੱਚ ਮੁੰਡਾ ਅਖੌਤੀ ਛੋਟੀ ਜਾਤ ਤੇ ਕੁੜੀ ਅਖੌਤੀ ਉੱਚੀ ਜਾਤ ਨਾਲ ਸਬੰਧ ਰੱਖਦੀ ਹਨ। ਆਜ਼ਾਦੀ ਦੇ ਭਾਵੇਂ ਅਠੱਤਰ ਸਾਲ ਹੋ ਗਏ ਹਨ, ਪਰ ਜਾਤ ਆਧਾਰਿਤ ਨਫ਼ਰਤ ਵਾਲਾ ਲਾਵਾ ਸੁੱਕਿਆ ਨਹੀਂ ਸਗੋਂ ਵਧਦਾ ਤੇ ਫੈਲਦਾ ਜਾ ਰਿਹਾ ਹੈ। ‘ਸੈਯਾਰਾ’ ਤੇ ‘ਧੜਕ-2’ ਫਿਲਮ ਦੀ ਪ੍ਰੇਮ ਕਹਾਣੀ ਦੇ ਨਾਇਕ ਤੇ ਨਾਇਕਾ ਦੀਆਂ ਸਮੱਸਿਆਵਾਂ, ਮੁਸ਼ਕਿਲਾਂ ਤੇ ਚੁਣੌਤੀਆਂ ਇਕਦਮ ਵੱਖਰੀਆਂ ਹਨ। ਉਨ੍ਹਾਂ ਦੇ ਸੁਆਲ ਤੇ ਹੱਲ ਵੀ ਵੱਖਰੇ ਹਨ।

Advertisement

‘ਧੜਕ-2’ ਵਿੱਚ ਹਿੰਦੀ ਦੇ ਪ੍ਰਸਿੱਧ ਮਰਹੂਮ ਕਵੀ ਓਮਪ੍ਰਕਾਸ਼ ਵਾਲਮਿਕੀ ਦੀ ਮਸ਼ਹੂਰ ਕਵਿਤਾ ‘ਠਾਕੁਰ ਕਾ ਕੂਆਂ’ ਭਾਵ ‘ਠਾਕੁਰ ਦਾ ਖੂਹ’ ਨੂੰ ਇੱਕ ਪਾਤਰ ਰਾਹੀਂ ਵਰਤਿਆ ਗਿਆ ਸੀ, ਪਰ ਸੈਂਸਰ ਬੋਰਡ ਨੇ ਨਿਰਮਾਤਾਵਾਂ ਨੂੰ ਉਸ ਨੂੰ ਫਿਲਮ ਵਿੱਚੋਂ ਕੱਢਣ ਵਾਸਤੇ ਹਦਾਇਤ ਦਿੱਤੀ। ਉਸ ਦੀ ਜਗ੍ਹਾ ਮਰਹੂਮ ਮਸ਼ਹੂਰ ਕਵੀ ਤੇ ਗੀਤਕਾਰ ਸ਼ੈਲੇਂਦਰ ਦੀ ਕਵਿਤਾ ਵਰਤੀ ਗਈ ਹੈ। ਕਹਿੰਦੇ ਹਨ ਕਿ ਸ਼ੈਲੇਂਦਰ ਆਪਣੇ ਜ਼ਮਾਨੇ ਦੇ ਪ੍ਰਸਿੱਧ ਫਿਲਮਸਾਜ਼ ਰਾਜ ਕਪੂਰ ਦੇ ਬਹੁਤ ਕਰੀਬੀਆਂ ਵਿੱਚੋਂ ਇੱਕ ਸੀ, ਪਰ ਉਸ ਦੇ ਬਾਵਜੂਦ ਸ਼ੈਲੇਂਦਰ ਨੂੰ ਰਾਜ ਕਪੂਰ ਤੋਂ ਆਪਣੀ ਅਖੌਤੀ ਛੋਟੀ ਜਾਤ ਛੁਪਾਉਣੀ ਪਈ ਸੀ। ਸ਼ਾਇਦ ਤਾਂ ਹੀ ਕਿਸੇ ਨੇ ਕਿਹਾ ਹੈ ਕਿ ‘ਜਾਤ ਹੈ ਕਿ ਜਾਤੀ ਹੀ ਨਹੀਂ।’ ਤੁਸੀਂ ਭਾਵੇਂ ਰਾਸ਼ਟਰਪਤੀ ਬਣ ਜਾਓ, ਇਸ ਦੁਨੀਆ ਤੋਂ ਰੁਖ਼ਸਤ ਹੋ ਜਾਓ, ਤੁਹਾਡੀ ਜਾਤ ਨੇ ਤੁਹਾਡੇ ਨਾਲ ਚਿੱਚੜ ਵਾਂਗ ਚਿੰਬੜੇ ਹੀ ਰਹਿਣਾ ਹੈ। ਫਿਲਮ ’ਚ ਪੇਸ਼ ਕੀਤੀ ਗਈ ਸ਼ੈਲੇਂਦਰ ਦੀ ਕਵਿਤਾ ਦਾ ਪੰਜਾਬੀ ਰੂਪਾਂਤਰ ਕੁਝ ਇਸ ਤਰ੍ਹਾਂ ਹੈ;

ਗ਼ਮ ਦੀ ਬੱਦਲੀ ਵਿੱਚ ਚਮਕਦਾ ਇੱਕ ਸਿਤਾਰਾ ਹੈ

ਅੱਜ ਸਾਡਾ ਹੋਵੇ ਨਾ ਹੋਵੇ ਪਰ ਕੱਲ੍ਹ ਸਾਡਾ ਹੈ

ਧਮਕੀ ਗ਼ੈਰਾਂ ਦੀ ਨਹੀਂ ਆਪਣਾ ਸਹਾਰਾ ਹੈ

ਅੱਜ ਸਾਡਾ ਹੋਵੇ ਨਾ ਹੋਵੇ ਪਰ ਕੱਲ੍ਹ ਸਾਡਾ ਹੈ

ਗਰਦਿਸ਼ ਤੋਂ ਹਾਰ ਕੇ ...ਓਹ ਬੈਠਣ ਵਾਲੇ..!

ਤੈਨੂੰ ਖ਼ਬਰ ਹੈ ਕਿ ਸਾਡੇ ਪੈਰਾਂ ਵਿੱਚ ਵੀ ਹਨ ਛਾਲੇ

ਪਰ ਨਹੀਂ ਰੁਕਦੇ ਕਿ ਮੰਜ਼ਲ ਨੇ ਸੱਦਿਆ ਹੈ

ਅੱਜ ਸਾਡਾ ਹੋਵੇ ਨਾ ਹੋਵੇ ਪਰ ਕੱਲ੍ਹ ਸਾਡਾ ਹੈ

ਇਹ ਕਦਮ ਅਜਿਹੇ ਜੋ ਸਾਗਰ ਉਖਾੜ ਦਿੰਦੇ ਨੇ

ਇਹ ਉਹ ਧਾਰਾਵਾਂ ਹਨ ਜੋ ਪਹਾੜ ਪਾੜ ਦਿੰਦੇ ਨੇ

ਸਵਰਗ ਉਨ੍ਹਾਂ ਹੱਥਾਂ ਹੀ ਧਰਤੀ ਉੱਪਰ ਉਤਾਰਿਆ ਹੈ

ਅੱਜ ਸਾਡਾ ਹੋਵੇ ਨਾ ਹੋਵੇ ਪਰ ਕੱਲ੍ਹ ਸਾਡਾ ਹੈ

ਸੱਚੀਂ ਡੁੱਬਿਆ ਜਿਹਾ ਹੈ ਦਿਲ ਜਦੋਂ ਤੱਕ ਹਨੇਰਾ ਹੈ

ਇਸ ਰਾਤ ਦੇ ਉਸ ਪਾਰ ਅਖੀਰ ਫਿਰ ਸਵੇਰਾ ਹੈ

ਹਰ ਸਮੁੰਦਰ ਦਾ ਕਿਤੇ ਨਾ ਕਿਤੇ ਤਾਂ ਕਿਨਾਰਾ ਹੈ

ਅੱਜ ਸਾਡਾ ਹੋਵੇ ਨਾ ਹੋਵੇ ਪਰ ਕੱਲ੍ਹ ਸਾਡਾ ਹੈ

ਇਸ ਕਵਿਤਾ ਨਾਲ ਮੇਲ ਖਾਂਦੀ, ਸਮਾਜ ਦੀਆਂ ਕੌੜੀਆਂ ਸੱਚਾਈਆਂ ਨੂੰ ਵਿਖਾਉਂਦੀ ਤੇ ਉਠਾਉਂਦੀ ਇਹ ਸ਼ਾਨਦਾਰ ਫਿਲਮ ਹੈ। ਨਿਰਦੇਸ਼ਿਕਾ ਸ਼ਾਜ਼ੀਆ ਇਕਬਾਲ, ਮੁੱਖ ਅਦਾਕਾਰ ਸਿਧਾਰਥ ਚਤੁਰਵੇਦੀ, ਤ੍ਰਿਪਤੀ ਡਿਮਰੀ ਸਣੇ ਸਾਰਿਆਂ ਨੇ ਆਪਣਾ ਕੰਮ ਬਾਖ਼ੂਬੀ ਨਿਭਾਇਆ ਹੈ। ਫਿਲਮ ਦੇ ਦਲਿਤ ਨਾਇਕ ਦਾ ਇਹ ਸੰਵਾਦ, “ਤੁਹਾਡੀਆਂ ਇਮਾਰਤਾਂ ਤਾਂ ਬਹੁਤ ਉੱਚੀਆਂ ਹਨ, ਪਰ ਤੁਹਾਡੀ ਇਨਸਾਨੀਅਤ ਪ੍ਰਤੀ ਸੋਚ ਬਹੁਤ ਨੀਵੀਂ ਹੈ।” ਬਹੁਤ ਮਾਅਨੇ ਰੱਖਦਾ ਹੈ। ਸਾਰੀ ਗੱਲ ਹੀ ਸੋਚ ਦੀ ਹੈ। ਇਸ ਫਿਲਮ ਵਿੱਚ ਇੱਕ ਵਚਿੱਤਰ ਪਾਤਰ ਵੀ ਦਰਸਾਇਆ ਗਿਆ ਹੈ। ਉਸ ਪਾਤਰ ਨੂੰ ਹਰ ਉਹ ਔਰਤ-ਮਰਦ ਪਸੰਦ ਨਹੀਂ ਹਨ ਜੋ ਆਪਸ ਵਿੱਚ ਪਿਆਰ ਕਰਦੇ ਹਨ ਤੇ ਜੇਕਰ ਉਹ ਔਰਤ-ਮਰਦ ਅੰਤਰ ਜਾਤੀ ਹੋਣ ਤਾਂ ਉਹ ਉਸ ਦੇ ਅੰਦਰ ਇੱਕ ਅਜੀਬ ਕਿਸਮ ਦਾ ਲਾਵਾ ਫੁਟਾਉਂਦੇ ਹਨ। ਉਹ ਉਨ੍ਹਾਂ ਨੂੰ ਜਾਨ ਤੋਂ ਮਾਰ ਦਿੰਦਾ ਹੈ। ਉਹ ਸਮਝਦਾ ਹੈ ਕਿ ਇੰਝ ਕਰਕੇ ਉਹ ਸਮਾਜ ਦੀ ਸਫ਼ਾਈ ਕਰ ਰਿਹਾ ਹੈ।

ਫਿਲਮ ਇਹ ਸੁਨੇਹਾ ਦੇਣ ਵਿੱਚ ਕਾਮਯਾਬ ਰਹਿੰਦੀ ਹੈ ਕਿ ਮਨੁੱਖ ਦੀ ਪਛਾਣ ਉਸ ਦੀ ਜਾਤ ਤੋਂ ਨਹੀਂ ਸਗੋਂ ਉਸ ਦੇ ਕਰਮਾਂ, ਵਿਚਾਰਾਂ ਤੇ ਸੋਚ ਨਾਲ ਹੋਣੀ ਚਾਹੀਦੀ ਹੈ। ਅਫ਼ਸੋਸ ਇਹ ਵੀ ਹੈ ਕਿ ਜਿੱਥੇ ‘ਸੈਯਾਰਾ’ ਵਰਗੀਆਂ ਪ੍ਰੇਮ ਕਹਾਣੀਆਂ ਉੱਪਰ ਆਧਾਰਿਤ ਫਿਲਮਾਂ ਟਿਕਟ ਖਿੜਕੀ ਉੱਪਰ ਧਮਾਲ ਮਚਾਉਂਦੀਆਂ ਹਨ, ਉੱਥੇ ਹੀ ਸਮਾਜ ਦੇ ਗੂੜ੍ਹੇ, ਗਹਿਰੇ ਤੇ ਕੌੜੇ ਸਰੋਕਾਰਾਂ ਨਾਲ ਲਵਰੇਜ਼ ਫਿਲਮ ‘ਧੜਕ-2’ ਦਰਸ਼ਕਾਂ ਨੂੰ ਉਡੀਕਦੀ ਰਹਿੰਦੀ ਹੈ। ਸਾਡੇ ਮੌਜੂਦਾ ਵੱਡੇ ਦਰਸ਼ਕ ਵਰਗ ਦੀ ਇਹ ਵੀ ਇੱਕ ਤ੍ਰਾਸਦੀ ਹੈ ਕਿ ਉਹ ਸਾਰਥਿਕ ਸਿਨਮਾ ਨੂੰ ਅਣਡਿੱਠਾ ਕਰ ਦਿੰਦਾ ਹੈ।

ਸੰਪਰਕ: 94171-73700

Advertisement