ਇਕੱਲਤਾ ਅਤੇ ਮਨੋਰੋਗ
ਅਕਸਰ ਲੋਕ ਅਕੇਵੇਂ ਜਾਂ ਬੋਰੀਅਤ ਦੀ ਸ਼ਿਕਾਇਤ ਕਰਦੇ ਵੇਖੇ ਜਾਂਦੇ ਹਨ। ਬੋਰੀਅਤ ਜਾਂ ਅਕੇਵਾਂ ਆਮ ਹੀ ਮਹਿਸੂਸ ਕੀਤੀ ਜਾਣ ਵਾਲੀ ਇੱਕ ਅਜਿਹੀ ਭਾਵਨਾਤਮਕ ਅਵਸਥਾ ਹੈ ਜਿਸ ਵਿੱਚ ਆਦਮੀ ਦਾ ਮੌਜੂਦਾ ਹਾਲਾਤ ਤੋਂ ਜਾਂ ਮੌਜੂਦਾ ਕੰਮ ਤੋਂ ਮਨ ਅੱਕ ਜਾਂਦਾ ਹੈ। ਅਕੇਵਾਂ ਅਤੇ ਮਾਨਸਿਕ ਉਦਾਸੀ ਕਿਸੇ ਨੂੰ ਵੀ ਚੰਗੀ ਨਹੀਂ ਲੱਗਦੀ। ਫਿਰ ਵੀ ਕਦੀ ਨਾ ਕਦੀ ਹਰੇਕ ਮਨੁੱਖ ਨੂੰ ਇਸ ਅਵਸਥਾ ਵਿੱਚੋਂ ਲੰਘਣਾ ਹੀ ਪੈਂਦਾ ਹੈ।
ਆਮ ਵਿਚਾਰਧਾਰਾ ਵਿੱਚ ਅਕੇਵੇਂ ਨੂੰ ਇੱਕ ਭੈੜੀ ਮਾਨਸਿਕ ਅਵਸਥਾ ਮੰਨਿਆ ਜਾਂਦਾ ਹੈ ਕਿਉਂਕਿ ਇਸ ਅਵਸਥਾ ਵਿੱਚ ਆਦਮੀ ਦੇ ਮਨ ਅੰਦਰ ਮੌਜੂਦਾ ਕੰਮ ਨੂੰ ਕਰਨ ਦੀ ਦਿਲਚਸਪੀ ਜਾਂ ਉਤਸ਼ਾਹ ਨਹੀਂ ਰਹਿੰਦਾ। ਆਦਮੀ ਦਾ ਚਿੱਤ ਉਦਾਸੀ ਅਤੇ ਬੇਚੈਨੀ ਮਹਿਸੂਸ ਕਰਦਾ ਹੈ। ਅਜਿਹੀ ਅਵਸਥਾ ਪੈਦਾ ਹੋਣ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਜ਼ਿੰਦਗੀ ਵਿੱਚ ਕਿਸੇ ਪ੍ਰੇਰਣਾ ਦਾ ਨਾ ਹੋਣਾ, ਮੌਜੂਦਾ ਕੰਮ ਆਦਮੀ ਦੀ ਮਨਮਰਜ਼ੀ ਦਾ ਨਾ ਹੋਣਾ ਜਾਂ ਵਾਰ-ਵਾਰ ਇੱਕੋ ਹੀ ਕੰਮ ਨੂੰ ਕੀਤੇ ਜਾਣ ਕਾਰਨ ਪੈਦਾ ਹੋਇਆ ਅਕੇਵਾਂ ਆਦਿ। ਉਂਜ ਅਜੋਕੇ ਸਮੇਂ ਵਿੱਚ ਅਕੇਵਾਂ, ਤਣਾਅ, ਚਿੜਚਿੜਾਪਣ, ਉਦਾਸੀ ਜਾਂ ਕਿਸੇ ਵੀ ਮਾਨਸਿਕ ਪਰੇਸ਼ਾਨੀ ਦਾ ਪੈਦਾ ਹੋਣ ਦਾ ਸਭ ਤੋਂ ਵੱਡਾ ਕਾਰਨ ਅੱਜਕੱਲ੍ਹ ਦੇ ਇਨਸਾਨ ਦਾ ਇਕੱਲੇ ਰਹਿਣ ਦਾ ਸੁਭਾਅ, ਜਿਸ ਨੂੰ ਮਾਡਰਨ ਭਾਸ਼ਾ ਵਿੱਚ ‘ਪ੍ਰਾਈਵੇਸੀ’ ਕਹਿ ਦਿੱਤਾ ਜਾਂਦਾ ਹੈ।
ਪੁਰਾਣੇ ਸਮੇਂ ਵਿੱਚ ਲੋਕ ਸਮਾਜ ਵਿੱਚ ਵਿਚਰਨਾ ਪਸੰਦ ਕਰਦੇ ਸਨ ਅਤੇ ਇੱਕ ਦੂਜੇ ਨਾਲ ਘੁਲਣਾ ਮਿਲਣਾ ਪਸੰਦ ਕਰਦੇ ਸਨ, ਜਿਸ ਨਾਲ ਦਿਮਾਗ਼ ਉੱਤੇ ਕਿਸੇ ਕਿਸਮ ਦਾ ਬੋਝ ਨਹੀਂ ਸੀ ਬਣਦਾ। ਅੱਜ ਹਰ ਕੋਈ ਆਪਣੀ ਵੱਖਰੀ ਅਤੇ ਇਕੱਲੀ ਜਗ੍ਹਾ ਭਾਵ ਪ੍ਰਾਈਵੇਟ ਜਗ੍ਹਾ ਮੰਗਦਾ ਹੈ, ਜਿਸ ਨੂੰ ਪ੍ਰਾਈਵੇਸੀ ਕਹਿ ਲਿਆ ਜਾਂਦਾ ਹੈ। ਇਸੇ ਪ੍ਰਾਈਵੇਸੀ ਨੇ ਮਾਨਸਿਕ ਤਣਾਅ, ਅਕੇਵਾਂ, ਉਦਾਸੀ ਅਤੇ ਹੋਰ ਮਾਨਸਿਕ ਪਰੇਸ਼ਾਨੀਆਂ ਪੈਦਾ ਕੀਤੀਆਂ ਹਨ। ਅਕੇਵੇਂ ਜਾਂ ਉਦਾਸੀ ਦੀ ਭਾਵਨਾ ਹਰ ਵਰਗ ਜਿਵੇਂ ਆਦਮੀਆਂ, ਔਰਤਾਂ, ਬੱਚਿਆਂ, ਅੱਲੜ੍ਹ ਉਮਰ ਦੇ ਨੌਜਵਾਨ ਲੜਕੇ-ਲੜਕੀਆਂ, ਵਿਆਹੇ ਅਤੇ ਕੁਆਰਿਆਂ ਆਦਿ ਸਾਰਿਆਂ ਵਿੱਚ ਵੇਖੀ ਜਾਂਦੀ ਹੈ। ਆਧੁਨਿਕ ਤਕਨਾਲੌਜੀ ਦੇ ਦੌਰ ਵਿੱਚ ਹਰ ਆਦਮੀ ਮੋਬਾਈਲ, ਟੀ.ਵੀ. ਅਤੇ ਕੰਪਿਊਟਰ ਆਦਿ ਨਾਲ ਗੂੰਦ ਵਾਂਗ ਚਿੰਬੜਿਆ ਹੋਇਆ ਹੈ। ਜਾਗਦਿਆਂ ਹੋਇਆਂ ਲੋਕਾਂ ਦਾ ਮਨ ਇਨ੍ਹਾਂ ਦੇ ਦੁਆਲੇ ਹੀ ਭਟਕਦਾ ਰਹਿੰਦਾ ਹੈ।
ਇਹ ਕਹਿਣ ਵਿੱਚ ਕੋਈ ਅਤਿ-ਕਥਨੀ ਨਹੀਂ ਹੋਏਗੀ ਕਿ ਸਮਾਜ ਦਾ ਇੱਕ ਵੱਡਾ ਵਰਗ ਇਨ੍ਹਾਂ ਚੀਜ਼ਾਂ ਦਾ ਗ਼ੁਲਾਮ ਬਣ ਚੁੱਕਾ ਹੈ। ਇਨ੍ਹਾਂ ਤਕਨੀਕੀ ਸਾਧਨਾਂ ਦਾ ਨਸ਼ਾ ਲੋਕਾਂ ਦੇ ਮਨਾਂ ਨੂੰ ਚੌਵੀ ਘੰਟੇ ਆਪਣੇ ਵੱਲ ਖਿੱਚੀ ਰੱਖਦਾ ਹੈ, ਜਿਸ ਨਾਲ ਉਨ੍ਹਾਂ ਦੀ ਖਾਲੀ ਸਮੇਂ ਨੂੰ ਬਿਤਾਉਣ ਦੀ ਸਹਿਣਸ਼ੀਲਤਾ ਖ਼ਤਮ ਹੋ ਗਈ ਹੈ ਜੋ ਕਿ ਅਕੇਵੇਂ ਦੀ ਭਾਵਨਾ ਨੂੰ ਪੈਦਾ ਕਰਨ ਲਈ ਮੋਟੇ ਤੌਰ ’ਤੇ ਜ਼ਿੰਮੇਵਾਰ ਹੈ। ਸੋਸ਼ਲ ਮੀਡੀਆ ਨੇ ਤਾਂ ਇੱਕ ਕਦਮ ਹੋਰ ਅੱਗੇ ਜਾ ਕੇ ਇਸ ਤੋਂ ਵੀ ਜ਼ਿਆਦਾ ਭੱਠਾ ਬਿਠਾਇਆ ਹੋਇਆ ਹੈ। ਲੋਕਾਂ ਦੇ ਆਨ-ਲਾਈਨ ਜਾਂ ਸੋਸ਼ਲ ਮੀਡੀਆ ਉੱਤੇ ਹਜ਼ਾਰਾਂ ਮਿੱਤਰ ਬਣੇ ਹੁੰਦੇ ਹਨ, ਪਰ ਆਫ-ਲਾਈਨ ਭਾਵ ਅਸਲ ਜ਼ਿੰਦਗੀ ਵਿੱਚ ਕੋਈ ਨਜ਼ਦੀਕੀ ਮਿੱਤਰ ਨਹੀਂ ਹੁੰਦਾ। ਇਸ ਤਰ੍ਹਾਂ ਤਕਨਾਲੌਜੀ ਦੀਆਂ ਸਾਈਟਾਂ ਦੇ ਜੰਗਲ ਨੇ ਸਮਾਜ ਵਿੱਚ ਮਿੱਤਰਹੀਣਤਾ ਅਤੇ ਲੋਕਾਂ ਵਿੱਚ ਅਕੇਵਾਂ ਪੈਦਾ ਕਰਨ ਵਿੱਚ ਵੱਡੀ ਭੂਮਿਕਾ ਨਿਭਾਈ ਹੈ। ਬੋਰੀਅਤ ਜਾਂ ਅਕੇਵੇਂ ਨੂੰ ਭਾਵੇਂ ਲੋਕ ਅਕਸਰ ਇੱਕ ਮਾੜੀ ਮਾਨਸਿਕ ਅਵਸਥਾ ਜਾਂ ਮਾਯੂਸੀ ਦਾ ਦੌਰ ਹੀ ਸਮਝਦੇ ਹਨ, ਪਰ ਦੂਜੇ ਪੱਖ ਤੋਂ ਵੇਖੀਏ ਤਾਂ ਇਹ ਇੱਕ ਨਵੇਂ ਵਿਚਾਰ ਪੈਦਾ ਕਰਨ ਵਾਲੀ ਅਤੇ ਨਵੀਂ ਊਰਜਾ ਪੈਦਾ ਕਰਨ ਵਾਲੀ ਹਾਂ-ਪੱਖੀ ਅਵਸਥਾ ਵੀ ਹੋ ਸਕਦੀ ਹੈ। ਅਕੇਵੇਂ ਦੇ ਨਾਂਹ-ਪੱਖੀ ਲੱਛਣ ਜੋ ਅਕਸਰ ਵੇਖੇ ਜਾਂਦੇ ਹਨ, ਉਹ ਹਨ ਮਾਨਸਿਕ ਨਿਰਾਸ਼ਾ, ਕਿਸੇ ਵੀ ਕੰਮ ਨੂੰ ਕਰਨ ਦਾ ਮਨ ਨਾ ਕਰਨਾ, ਜੇ ਕੰਮ ਕਰ ਵੀ ਰਹੇ ਹਾਂ ਤਾਂ ਕੰਮ ਨੂੰ ਪੂਰਾ ਨਾ ਕਰ ਸਕਣਾ ਜਾਂ ਕੰਮ ਨੂੰ ਵਿੱਚ ਵਿਚਾਲੇ ਹੀ ਛੱਡ ਦੇਣਾ ਆਦਿ। ਅਕੇਵੇਂ ਦੀ ਭਾਵਨਾ ਦੇ ਰਹਿੰਦਿਆਂ ਵਿਅਕਤੀ ਸਰੀਰਕ ਕਮਜ਼ੋਰੀ ਦਾ ਅਹਿਸਾਸ ਵੀ ਕਰਨ ਲੱਗਦਾ ਹੈ।
ਉਕਤ ਨਾਂਹ-ਪੱਖੀ ਪ੍ਰਭਾਵਾਂ ਤੋਂ ਇਲਾਵਾ ਅਕੇਵੇਂ ਦੇ ਕਈ ਹਾਂ-ਪੱਖੀ ਪ੍ਰਭਾਵ ਵੀ ਵੇਖੇ ਜਾਂਦੇ ਹਨ। ਜਿਵੇਂ ਕਿ ਇਹ ਆਦਮੀ ਦੇ ਦਿਮਾਗ਼ੀ ਆਰਾਮ ਦੀ ਅਵਸਥਾ ਵੀ ਹੁੰਦੀ ਹੈ ਕਿਉਂਕਿ ਇਸ ਅਵਸਥਾ ਵਿੱਚ ਉਸ ਵਿੱਚ ਕੋਈ ਵੀ ਕੰਮ ਕਰਨ ਦਾ ਉਤਸ਼ਾਹ ਪੈਦਾ ਨਹੀਂ ਹੁੰਦਾ ਭਾਵ ਦਿਮਾਗ਼ ਆਰਾਮ ਅਵਸਥਾ ਵਿੱਚ ਹੀ ਰਹਿੰਦਾ ਹੈ। ਇਸ ਲਈ ਨਵੀਂ ਊਰਜਾ ਅਤੇ ਨਵਾਂ ਜੋਸ਼ ਹਾਸਿਲ ਕਰਨ ਦਾ ਇਹ ਇੱਕ ਢੁੱਕਵਾਂ ਮੌਕਾ ਹੁੰਦਾ ਹੈ। ਅਕੇਵੇਂ ਦੌਰਾਨ ਆਦਮੀ ਨੂੰ ਆਤਮ-ਸੰਜਮ ਕਰਕੇ ਬਦਲੇ ਹਾਲਾਤ ਦਾ ਸਾਹਮਣਾ ਕਰਨ ਦੀ ਜਾਚ ਆ ਜਾਂਦੀ ਹੈ। ਇਹ ਉਹ ਅਵਸਥਾ ਹੁੰਦੀ ਹੈ ਜਿਸ ਵਿੱਚ ਮਨੁੱਖ ਕੁਝ ਵੀ ਨਹੀਂ ਕਰ ਰਿਹਾ ਹੁੰਦਾ। ਇਸ ਲਈ ਇਸ ਸਮੇਂ ਦੌਰਾਨ ਸਰੀਰ ਨੂੰ ਨਵੀਂ ਊਰਜਾ ਇਕੱਠੀ ਕਰਨ ਦਾ ਮੌਕਾ ਮਿਲ ਜਾਂਦਾ ਹੈ ਭਾਵ ਅਕੇਵੇਂ ਤੋਂ ਬਾਅਦ ਆਦਮੀ ਦਾ ਸਰੀਰ ਨਵੀਂ ਉੂਰਜਾ ਨਾਲ ਕੰਮ ਕਰਨ ਦੇ ਸਮਰੱਥ ਹੋ ਜਾਂਦਾ ਹੈ। ਬੋਰੀਅਤ ਦੌਰਾਨ ਕਿਉਂਕਿ ਆਦਮੀ ਦਾ ਧਿਆਨ ਇੱਧਰ-ਉੱਧਰ ਭਟਕਦਾ ਰਹਿੰਦਾ ਹੈ, ਇਸ ਲਈ ਕਿਸੇ ਸਮੱਸਿਆ ਦੇ ਹੱਲ ਲਈ ਉਸ ਦੇ ਦਿਮਾਗ਼ ਵਿੱਚ ਨਵੇਂ-ਨਵੇਂ ਵਿਚਾਰ ਆਉਂਦੇ ਰਹਿੰਦੇ ਹਨ ਅਤੇ ਇਸ ਤਰ੍ਹਾਂ ਆਦਮੀ ਮੁਸ਼ਕਿਲਾਂ ਦੇ ਹੱਲ ਲੱਭਣ ਲਈ ਨਵੀਆਂ-ਨਵੀਆਂ ਖੋਜਾਂ ਕਰਦਾ ਰਹਿੰਦਾ ਹੈ। ਇਸ ਲਈ ਮੁਸ਼ਕਿਲ ਤੋਂ ਮੁਸ਼ਕਿਲ ਸਮੱਸਿਆਵਾਂ ਦੇ ਹੱਲ ਜਾਣਨ ਦਾ ਇਹ ਇੱਕ ਆਦਰਸ਼ ਸਮਾਂ ਕਿਹਾ ਜਾ ਸਕਦਾ ਹੈ।
ਅਕੇਵੇਂ ਦੌਰਾਨ ਕਿਉਂਕਿ ਆਦਮੀ ਦਾ ਦਿਮਾਗ਼ ਕਿਸੇ ਖ਼ਾਸ ਕੰਮ ਉੱਤੇ ਧਿਆਨ ਕੇਂਦਰਿਤ ਨਹੀਂ ਕਰ ਰਿਹਾ ਹੁੰਦਾ, ਇਸ ਲਈ ਇਸ ਦੌਰ ਵਿੱਚ ਆਦਮੀ ਨੂੰ ਆਤਮ-ਚਿੰਤਨ ਕਰਨ ਦਾ ਮੌਕਾ ਵੀ ਮਿਲ ਜਾਂਦਾ ਹੈ ਭਾਵ ਮਨੁੱਖ ਆਪਣੀਆਂ ਖਾਮੀਆਂ ਅਤੇ ਊਣਤਾਈਆਂ ਬਾਰੇ ਜਾਣਨ ਲੱਗ ਜਾਂਦਾ ਹੈ। ਬੋਰੀਅਤ ਵਿਅਕਤੀ ਨੂੰ ਅਹਿਸਾਸ ਕਰਾਉਂਦੀ ਹੈ ਕਿ ਜਿਹੜਾ ਕੰਮ ਉਹ ਹੁਣ ਕਰ ਰਿਹਾ ਹੈ, ਉਹ ਉਸ ਤੋਂ ਸੰਤੁਸ਼ਟ ਨਹੀਂ ਹੈ। ਇਸ ਲਈ ਅਕੇਵਾਂ ਮਨੁੱਖ ਵਿੱਚ ਨਵੇਂ ਕੰਮ ਦੀ ਭਾਲ ਕਰਨ ਲਈ ਜੋਸ਼ ਭਰਨ ਦਾ ਕੰਮ ਵੀ ਕਰਦਾ ਹੈ। ਅਕੇਵੇਂ-ਕਾਲ ਦੌਰਾਨ ਆਦਮੀ ਦਾ ਮਨ ਘੱਟ ਤਣਾਅ ਅਤੇ ਘੱਟ ਉਤੇਜਿਤ ਸਥਿਤੀ ਵਿੱਚ ਹੁੰਦਾ ਹੈ, ਇਸ ਲਈ ਮਾਨਸਿਕ ਤਣਾਅ ਨੂੰ ਘਟਾਉਣ ਦਾ ਅਤੇ ਦਿਮਾਗ਼ੀ ਸੰਤੁਲਨ ਨੂੰ ਕਾਇਮ ਰੱਖਣ ਦਾ ਇਹ ਇੱਕ ਅਹਿਮ ਜ਼ਰੀਆ ਸਾਬਤ ਹੁੰਦਾ ਹੈ।
ਅਕੇਵੇਂ ਨੂੰ ਘੱਟ ਕਰਨ ਦਾ ਹੱਲ ਇਹ ਹੈ ਕਿ ਇਸ ਨੂੰ ਸਵੀਕਾਰਦਿਆਂ ਹੋਇਆਂ ਇਹ ਮਨ ਲੈਣਾ ਚਾਹੀਦਾ ਹੈ ਕਿ ਅਕੇਵਾਂ ਇੱਕ ਕੁਦਰਤੀ ਵਰਤਾਰਾ ਹੈ ਅਤੇ ਕਦੀ ਵੀ ਇਸ ਨੂੰ ਕਾਹਲੀ ਵਿੱਚ ਖ਼ਤਮ ਕਰਨ ਲਈ ਦਿਮਾਗ਼ ਉੱਤੇ ਦਬਾਅ ਨਹੀਂ ਪਾਉਣਾ ਚਾਹੀਦਾ। ਇਸ ਲਈ ਥੋੜ੍ਹੇ ਸਮੇਂ ਲਈ ‘ਕੁਝ ਨਾ ਕਰੋ’ ਭਾਵ ਕਿ ਵਿਹਲੇ ਬੈਠੇ ਰਹੋ। ਸਮਾਂ ਪਾ ਕੇ ਆਪਣੇ-ਆਪ ਨਵੀਂ ਸੁਰਤੀ ਆਉਂਦੀ ਹੈ ਅਤੇ ਨਵੀਆਂ ਤਰਕੀਬਾਂ ਆਉਂਦੀਆਂ ਹਨ, ਜਿਨ੍ਹਾਂ ਤੋਂ ਨਵੇਂ ਰਾਹ ਖੁੱਲ੍ਹਦੇ ਹਨ। ਹਾਂ, ਇਹ ਜ਼ਰੂਰ ਹੈ ਕਿ ਜੇ ਅਸੀਂ ਚਾਹੁੰਦੇ ਹਾਂ ਕਿ ਜ਼ਿੰਦਗੀ ’ਚ ਅਕੇਵਾਂ ਆਵੇ ਹੀ ਨਾ ਤਾਂ ਇਸ ਤੋਂ ਬਚਣ ਲਈ ਆਦਮੀ ਨੂੁੰ ਆਪਣੇ ਜੀਵਨ ਵਿੱਚ ਨਵੇਂ ਸ਼ੌਕ ਪੈਦਾ ਕਰਨੇ ਚਾਹੀਦੇ ਹਨ, ਨਵੀਆਂ ਗਤੀਵਿਧੀਆਂ ਵਿੱਚ ਭਾਗ ਲੈਣਾ ਚਾਹੀਦਾ ਹੈ ਅਤੇ ਨਵੇਂ ਵਾਤਾਵਰਨ ਵਿੱਚ ਜਾ ਕੇ ਆਪਣੇ ਮਨ ਨੂੰ ਤਰੋ-ਤਾਜ਼ਾ ਕਰਨਾ ਚਾਹੀਦਾ ਹੈ। ਇਸ ਨਾਲ ਸਰੀਰ ਅੰਦਰ ਨਵੀਂ ਊਰਜਾ ਪੈਦਾ ਹੁੰਦੀ ਹੈ ਅਤੇ ਕੰਮ ਕਰਨ ਲਈ ਮਨ ਵਿੱਚ ਉਤਸ਼ਾਹ ਪੈਦਾ ਹੁੰਦਾ ਹੈ।
ਸੰਪਰਕ: 62842-20595
