ਜਗਾਈਏ ਆਤਮ-ਨਿਰੀਖਣ ਦਾ ਦੀਵਾ
ਇਹ ਮਨੁੱਖੀ ਸੁਭਾਅ ਹੈ ਕਿ ਜਦੋਂ ਉਹ ਦੂਸਰਿਆਂ ਦੇ ਦੋਸ਼ ਵੇਖ ਕੇ ਹੱਸਦਾ ਹੈ ਤਾਂ ਆਪਣੇ ਦੋਸ਼ ਉਸ ਨੂੰ ਯਾਦ ਨਹੀਂ ਆਉਂਦੇ ਜਿਨ੍ਹਾਂ ਦਾ ਨਾ ਆਰੰਭ ਹੈ, ਨਾ ਅੰਤ। ਦੂਸਰਿਆਂ ਦੇ ਦੋਸ਼ ਵੇਖਣ ਦੀ ਥਾਂ ਜੇ ਹਰ ਵਿਅਕਤੀ ਆਪਣੇ ਮਨ ਦੀ ‘ਅਮਾਵਸ’ ਦੂਰ ਕਰਕੇ ਉਸ ਨੂੰ ਸੱਚਾਈ ਅਤੇ ਮਾਨਵਤਾ ਦੀ ਰੋਸ਼ਨੀ ਵਿੱਚ ਬਦਲਣ ਦੀ ਕੋਸ਼ਿਸ਼ ਕਰੇ, ਤਾਂ ਇਹ ਨਾ ਸਿਰਫ਼ ਸਮਾਜ ਲਈ ਬਲਕਿ ਆਪਣੇ ਲਈ ਵੀ ਬਹੁਤ ਲਾਭਕਾਰੀ ਹੋਵੇਗਾ। ਸਾਨੂੰ ਆਪਣੇ ਮਨ ਨੂੰ ਅਸ਼ਾਂਤੀ ਅਤੇ ਦੁਸ਼ਮਣੀ ਤੋਂ ਮੁਕਤ ਕਰਨ ਦੀ ਦਿਸ਼ਾ ਵਿੱਚ ਲਗਾਤਾਰ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸੀ ਸੋਚ ਨਾਲ ਨੈਤਿਕਤਾ ਅਤੇ ਇਨਸਾਨੀਅਤ ਵੱਲ ਇੱਕ ਕਦਮ ਵਧਾ ਕੇ ਅਸੀਂ ਇੱਕ ਸੋਹਣੇ ਸਮਾਜ ਦੀ ਰਚਨਾ ਕਰ ਸਕਦੇ ਹਾਂ।
ਅੱਜ ਸਮਾਜ ਵਿੱਚ ਹਰ ਪਾਸੇ ਹਿੰਸਾ, ਅਰਾਜਕਤਾ ਅਤੇ ਝੂਠ ਦਾ ਬੋਲਬਾਲਾ ਹੈ। ਯੁੱਧ ਦੇ ਮਾਹੌਲ ਵਿੱਚ ਇਨਸਾਨੀਅਤ ਨੂੰ ਤਾਰ-ਤਾਰ ਕੀਤਾ ਜਾ ਰਿਹਾ ਹੈ। ਹਿੰਸਾ ਅਤੇ ਨਫ਼ਰਤ ਭਰੇ ਮਾਹੌਲ ਦੇ ਕਾਰਨ ਅੱਜ ਇਹ ਹਾਲਾਤ ਬਣ ਰਹੇ ਹਨ ਕਿ ਇਨਸਾਨੀਅਤ ਅਤੇ ਹੈਵਾਨੀਅਤ ਦੀਆਂ ਦੂਰੀਆਂ ਘਟਦੀਆਂ ਜਾ ਰਹੀਆਂ ਹਨ। ਇਹ ਸੱਚ ਹੈ ਕਿ ਜਦੋਂ ਸਮਾਜ ਵਿੱਚ ਹਿੰਸਾ, ਨਫ਼ਰਤ ਅਤੇ ਅਰਾਜਕਤਾ ਬੋਲਬਾਲਾ ਕਰਦੇ ਹਨ, ਤਾਂ ਇਸ ਦਾ ਅਸਰ ਹਰ ਵਿਅਕਤੀ ਉੱਤੇ ਪੈਂਦਾ ਹੈ। ਸਾਡੇ ਮਨ ਵਿੱਚ ਭਰੀ ਹੋਈ ਨਕਾਰਾਤਮਕਤਾ ਅਤੇ ਦੂਸਰਿਆਂ ’ਤੇ ਦੋਸ਼ ਲਗਾਉਣ ਦੀ ਪ੍ਰਵਿਰਤੀ ਸਮਾਜ ਵਿੱਚ ਨੈਤਿਕਤਾ ਦੇ ਪੱਧਰ ਨੂੰ ਘਟਾ ਰਹੀ ਹੈ।
ਕਹਿੰਦੇ ਹਨ ਕਿ ‘ਆਤਮ-ਨਿਰੀਖਣ ਹੀ ਆਤਮ-ਸੁਧਾਰ ਦਾ ਪਹਿਲਾ ਕਦਮ ਹੈ।’ ਜੇ ਅਸੀਂ ਆਪਣੇ ਦੋਸ਼ਾਂ ਅਤੇ ਕਮਜ਼ੋਰੀਆਂ ਨੂੰ ਪਛਾਣ ਕੇ ਉਨ੍ਹਾਂ ਵਿੱਚ ਸੁਧਾਰ ਕਰਨ ਦੀ ਕੋਸ਼ਿਸ਼ ਕਰੀਏ ਤਾਂ ਇਸ ਨਾਲ ਸਮਾਜ ਵਿੱਚ ਸਹੀ ਪ੍ਰਭਾਵ ਵਾਲਾ ਬਦਲਾਅ ਆ ਸਕਦਾ ਹੈ। ਮਨ ਵਿੱਚ ਮੌਜੂਦ ਅਮਾਵਸ ਕਾਰਨ ਹੀ ਅਸੀਂ ਦੂਸਰਿਆਂ ਦੇ ਦੋਸ਼ਾਂ ਦੀ ਚਰਚਾ ਤਾਂ ਬਹੁਤ ਕਰਦੇ ਹਾਂ, ਪਰ ਆਪਣੀਆਂ ਗ਼ਲਤੀਆਂ ’ਤੇ ਪਰਦਾ ਪਾ ਲੈਂਦੇ ਹਾਂ। ਦੂਸਰਿਆਂ ਦੇ ਦੋਸ਼ ਸਾਨੂੰ ਦਿਖਾਈ ਦੇ ਜਾਂਦੇ ਹਨ, ਪਰ ਆਪਣੇ ਵੱਡੇ ਤੋਂ ਵੱਡੇ ਦੋਸ਼ਾਂ ’ਤੇ ਵੀ ਆਤਮ-ਨਿਰੀਖਣ ਕਰਨ ਦੀ ਕੋਸ਼ਿਸ਼ ਨਹੀਂ ਕਰਦੇ।
ਆਤਮ-ਨਿਰੀਖਣ ਕਰਕੇ ਆਪਣੀਆਂ ਗ਼ਲਤੀਆਂ ਸੁਧਾਰਨ ਦੀ ਬਜਾਏ, ਅਸੀਂ ਆਪਣੇ ਸਿਆਣਪ ਦੇ ਦਰਪਣ ਵਿੱਚ ਉਹੀ ਕੁਝ ਦੇਖਣਾ ਚਾਹੁੰਦੇ ਹਾਂ ਜੋ ਸਾਡਾ ਮਨ ਕਰਦਾ ਹੈ। ਕਬੂਤਰ ਵਾਂਗ ਅੱਖਾਂ ਮੁੰਦਿਆਂ ਰਹਿਣ ਦੀ ਸੋਚ ਨੇ ਸਮਾਜ ਨੂੰ ਭਟਕਾਅ ਦਿੱਤਾ ਹੈ। ਰਾਜਨੀਤਿਕ ਤੌਰ ’ਤੇ ਬਦਲੇ ਦੀ ਭਾਵਨਾ ਇੰਨੀ ਵਧ ਗਈ ਹੈ ਕਿ ਨੈਤਿਕਤਾ ਦੇ ਸਾਰੇ ਪੱਖਾਂ ਨੂੰ ਚੁਣੌਤੀ ਮਿਲ ਰਹੀ ਹੈ। ਆਪਣੇ ਮਨ ਦੀ ਅਮਾਵਸ ਵਿੱਚ ਆਤਮ-ਮੰਥਨ ਦੇ ਦੀਪਕ ਨੂੰ ਜਲਾਉਣ ਦੀ ਇੱਕ ਵੀ ਕੋਸ਼ਿਸ਼ ਨਹੀਂ ਕਰਦੇ। ਆਪਣੇ ਗੁਣ ਅਤੇ ਦੋਸ਼ਾਂ ਦੀ ਸਹੀ ਸਮੀਖਿਆ ਕਰਨ ਤੋਂ ਵੀ ਕਤਰਾ ਰਹੇ ਹਾਂ। ਇਹੀ ਕਾਰਨ ਹੈ ਕਿ ਸਮਾਜਿਕ ਅਪਰਾਧਾਂ ਵਿੱਚ ਵਾਧਾ ਹੋ ਰਿਹਾ ਹੈ।
ਪਰਿਵਾਰ, ਸਮਾਜ ਦੀ ਪਹਿਲੀ ਇਕਾਈ ਹੋਣ ਦੇ ਨਾਤੇ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਜੇ ਪਰਿਵਾਰ ਵਿੱਚ ਹੀ ਅਪਰਾਧ, ਹਿੰਸਾ ਅਤੇ ਔਰਤਾਂ ਪ੍ਰਤੀ ਸ਼ੋਸ਼ਣ ਹੋਵੇ ਤਾਂ ਸਮਾਜ ’ਤੇ ਗਹਿਰਾ ਪ੍ਰਭਾਵ ਪੈਂਦਾ ਹੈ। ਘਰੇਲੂ ਹਿੰਸਾ, ਔਰਤਾਂ ਅਤੇ ਬੱਚਿਆਂ ਪ੍ਰਤੀ ਜਿਨਸੀ ਅਪਰਾਧ ਦੀਆਂ ਘਟਨਾਵਾਂ ਨਾ ਸਿਰਫ਼ ਪੀੜਤ ਲਈ, ਬਲਕਿ ਪੂਰੇ ਸਮਾਜ ਲਈ ਵੀ ਡੂੰਘਾ ਜ਼ਖ਼ਮ ਹਨ। ਇਸ ਸਥਿਤੀ ਨੇ ਸਾਨੂੰ ਸੋਚਣ ’ਤੇ ਮਜਬੂਰ ਕੀਤਾ ਹੈ ਕਿ ਅਸੀਂ ਸਹੀ ਦਿਸ਼ਾ ਵਿੱਚ ਜਾ ਰਹੇ ਹਾਂ ਜਾਂ ਨਹੀਂ ਅਤੇ ਸਮਾਜਿਕ ਕਦਰਾਂ ਕੀਮਤਾਂ ਕਿੱਥੇ ਗੁੰਮ ਹੋ ਰਹੀਆਂ ਹਨ।
ਜਦੋਂ ਪਰਿਵਾਰ ਵਿੱਚ ਆਦਰ, ਸੁਰੱਖਿਆ ਅਤੇ ਹਮਦਰਦੀ ਦੀ ਘਾਟ ਹੋਵੇ ਤਾਂ ਸਮਾਜ ਦਾ ਢਾਂਚਾ ਕਮਜ਼ੋਰ ਹੋ ਜਾਂਦਾ ਹੈ। ਔਰਤਾਂ ਅਤੇ ਬੱਚਿਆਂ ਦੀ ਸੁਰੱਖਿਆ, ਸਿੱਖਿਆ ਅਤੇ ਮਾਨਸਿਕ ਸਿਹਤ ਨੂੰ ਪਹਿਲਾਂ ਰੱਖਣਾ ਜ਼ਰੂਰੀ ਹੈ ਕਿਉਂਕਿ ਇੱਕ ਮਜ਼ਬੂਤ ਪਰਿਵਾਰ ਹੀ ਸਿਹਤਮੰਦ ਅਤੇ ਨੈਤਿਕ ਸਮਾਜ ਦੀ ਬੁਨਿਆਦ ਰੱਖਦਾ ਹੈ। ਪਰਿਵਾਰ ਵਿੱਚ ਬੱਚਿਆਂ ਨੂੰ ਸਮਾਨਤਾ, ਕਰੂਣਾ ਅਤੇ ਔਰਤਾਂ ਪ੍ਰਤੀ ਆਦਰ ਸਿਖਾਉਣ ਨਾਲ ਹੀ ਸਮਾਜ ਵਿੱਚ ਸਕਾਰਾਤਮਕ ਬਦਲਾਅ ਲਿਆ ਜਾ ਸਕਦਾ ਹੈ। ਇਸ ਲਈ ਸਮਾਂ ਆ ਗਿਆ ਹੈ ਕਿ ਅਸੀਂ ਆਪਣੀ ਸਮਾਜਿਕ ਬੁਨਿਆਦ ’ਤੇ ਦੁਬਾਰਾ ਵਿਚਾਰ ਕਰੀਏ ਅਤੇ ਇਹ ਯਕੀਨੀ ਬਣਾਈਏ ਕਿ ਪਰਿਵਾਰਾਂ ਵਿੱਚ ਅਜਿਹਾ ਮਾਹੌਲ ਹੋਵੇ ਜਿੱਥੇ ਸਾਰੇ ਮੈਂਬਰ, ਖ਼ਾਸ ਕਰਕੇ ਔਰਤਾਂ ਅਤੇ ਬੱਚੇ, ਸਮਾਨ ਅਧਿਕਾਰ ਅਤੇ ਸੁਰੱਖਿਆ ਪ੍ਰਾਪਤ ਕਰਨ।
ਜਦੋਂ ਵਿਅਕਤੀ ਆਪਣੇ ਅੰਦਰ ਝਾਕ ਕੇ ਆਪਣੀਆਂ ਕਮਜ਼ੋਰੀਆਂ ਅਤੇ ਖਾਮੀਆਂ ਨੂੰ ਪਛਾਣਦਾ ਅਤੇ ਸੁਧਾਰ ਕਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਉਹ ਸਮਾਜ ਲਈ ਇੱਕ ਉਦਾਹਰਨ ਬਣਦਾ ਹੈ। ‘ਵਸੁਧੈਵ ਕੁਟੁੰਬਕਮ’ ਦੀ ਮਿਸਾਲ ਤਦ ਹੀ ਸਾਕਾਰ ਹੋ ਸਕਦੀ ਹੈ ਜਦੋਂ ਸਮਾਜ ਦਾ ਹਰ ਮੈਂਬਰ, ਖ਼ਾਸ ਕਰਕੇ ਸ਼ਾਸਨ ਤੰਤਰ ਵਿੱਚ ਬੈਠੇ ਲੋਕ ਆਪਣੇ ਕਰਤੱਵਾਂ ਪ੍ਰਤੀ ਇਮਾਨਦਾਰ ਅਤੇ ਜ਼ਿੰਮੇਵਾਰ ਹੋਣ। ਇਸ ਲਈ ਜ਼ਰੂਰੀ ਹੈ ਕਿ ਸ਼ਾਸਨ ਤੰਤਰ ਵਿੱਚ ਬੈਠੇ ਸਾਡੇ ਨੇਤਾ ਅਤੇ ਲੋਕ-ਪ੍ਰਤੀਨਿਧੀ ਆਪਣੇ ਕਰਤੱਵਾਂ ਅਤੇ ਨੈਤਿਕ ਜ਼ਿੰਮੇਵਾਰੀਆਂ ਪ੍ਰਤੀ ਸੁਚੇਤ ਹੋਣ। ਨਾਲ ਹੀ ਹਰ ਨਾਗਰਿਕ ਨੂੰ ਆਪਣੇ ਪੱਧਰ ’ਤੇ ਆਤਮ-ਨਿਰੀਖਣ ਅਤੇ ਆਤਮ-ਸੁਧਾਰ ਦਾ ਸੰਕਲਪ ਲੈਣਾ ਚਾਹੀਦਾ ਹੈ। ਤਦ ਹੀ ਅਸੀਂ ਸੁਰੱਖਿਅਤ ਅਤੇ ਸ਼ਾਂਤਮਈ ਸਮਾਜ ਦਾ ਨਿਰਮਾਣ ਕਰ ਸਕਦੇ ਹਾਂ, ਜਿੱਥੇ ‘ਵਸੁਧੈਵ ਕੁਟੁੰਬਕਮ’ ਦੇ ਆਦਰਸ਼ ਦਾ ਅਹਿਸਾਸ ਹੋਵੇ।
ਇੱਕ ਸ਼ਾਂਤ ਅਤੇ ਸੁਚੇਤ ਮਨ ਨਾਲ ਆਪਣੇ ਵਰਤਾਰੇ ’ਤੇ ਵਿਚਾਰ ਕਰਨਾ ਸਾਨੂੰ ਆਤਮ-ਸੁਧਾਰ ਦੇ ਮਾਰਗ ’ਤੇ ਲੈ ਜਾਂਦਾ ਹੈ। ਇਸ ਤਰ੍ਹਾਂ ਦਾ ਆਤਮ-ਨਿਰੀਖਣ ਸਾਡੀ ਸੋਚ ਨੂੰ ਬਦਲਣ ਅਤੇ ਸਾਡੇ ਵਤੀਰੇ ਨੂੰ ਜ਼ਿਆਦਾ ਸਕਾਰਾਤਮਕ, ਸਹਿਣਸ਼ੀਲ ਅਤੇ ਦਿਆਲੂ ਬਣਾਉਣ ਵਿੱਚ ਸਹਾਇਕ ਹੁੰਦਾ ਹੈ। ਜੇ ਅਸੀਂ ਸਾਰੇ ਇਸ ਦਿਸ਼ਾ ਵਿੱਚ ਵਧੀਏ ਤਾਂ ਨਿਸ਼ਚਿਤ ਤੌਰ ’ਤੇ ਸਕਾਰਾਤਮਕ ਬਦਲਾਅ ਆਵੇਗਾ ਅਤੇ ਆਤਮਿਕ ਸ਼ਾਂਤੀ ਦਾ ਅਨੁਭਵ ਹੋਵੇਗਾ। ਇਸ ਨੂੰ ਅਪਣਾ ਕੇ ਹੀ ਅਸੀਂ ‘ਮਨ ਦੀ ਅਮਾਵਸ’ ਨੂੰ ‘ਰੋਸ਼ਨੀ’ ਵਿੱਚ ਬਦਲ ਸਕਦੇ ਹਾਂ।
ਸੰਪਰਕ: 70271-20349