ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕੱਤਕ ਮਹੀਨੇ ਆਉਣ ਕੂੰਜਾਂ...

ਜੱਗਾ ਸਿੰਘ ਆਦਮਕੇ ਹਰ ਖਿੱਤੇ ਦੇ ਦੇਸੀ ਮਹੀਨਿਆਂ ਦੀ ਆਪਣੀ ਆਪਣੀ ਵਿਲੱਖਣਤਾ ਹੁੰਦੀ ਹੈ। ਕੁਝ ਇਸੇ ਤਰ੍ਹਾਂ ਹੀ ਪੰਜਾਬੀ ਜਨ-ਜੀਵਨ ਵਿੱਚ ਵੀ ਦੇਸੀ ਮਹੀਨਿਆਂ ਦਾ ਵਿਸ਼ੇਸ਼ ਮਹੱਤਵ ਅਤੇ ਪਹਿਚਾਣ ਹੈ। ਹਰ ਮਹੀਨੇ ਨਾਲ ਜਨ-ਜੀਵਨ ਦਾ ਕਾਫ਼ੀ ਕੁਝ ਸਬੰਧਤ ਹੁੰਦਾ ਹੈ।...
Advertisement

ਜੱਗਾ ਸਿੰਘ ਆਦਮਕੇ

ਹਰ ਖਿੱਤੇ ਦੇ ਦੇਸੀ ਮਹੀਨਿਆਂ ਦੀ ਆਪਣੀ ਆਪਣੀ ਵਿਲੱਖਣਤਾ ਹੁੰਦੀ ਹੈ। ਕੁਝ ਇਸੇ ਤਰ੍ਹਾਂ ਹੀ ਪੰਜਾਬੀ ਜਨ-ਜੀਵਨ ਵਿੱਚ ਵੀ ਦੇਸੀ ਮਹੀਨਿਆਂ ਦਾ ਵਿਸ਼ੇਸ਼ ਮਹੱਤਵ ਅਤੇ ਪਹਿਚਾਣ ਹੈ। ਹਰ ਮਹੀਨੇ ਨਾਲ ਜਨ-ਜੀਵਨ ਦਾ ਕਾਫ਼ੀ ਕੁਝ ਸਬੰਧਤ ਹੁੰਦਾ ਹੈ। ਮਹੀਨੇ ਕੇਵਲ ਸਮੇਂ ਦੀ ਵੰਡ ਦਾ ਪੈਮਾਨਾ ਹੀ ਨਹੀਂ, ਸਗੋਂ ਇਨ੍ਹਾਂ ਨਾਲ ਰੁੱਤਾਂ, ਤਿਉਹਾਰਾਂ, ਫ਼ਸਲਾਂ ਅਤੇ ਕੰਮਾਂ ਦਾ ਸਿੱਧਾ ਸਬੰਧ ਹੁੰਦਾ ਹੈ। ਹਰ ਮਹੀਨੇ ਦਾ ਵੱਖ ਵੱਖ ਪੱਖਾਂ ਨਾਲ ਸਬੰਧਤ ਵਖਰੇਵਾਂ ਸਪੱਸ਼ਟ ਵਿਖਾਈ ਦਿੰਦਾ ਹੈ।

Advertisement

ਨਾਨਕਸ਼ਾਹੀ ਕੈਲੰਡਰ, ਸੰਮਤ ਕੈਲੰਡਰ ਅਨੁਸਾਰ ਦੇਸੀ ਮਹੀਨੇ ਚੇਤ ਤੋਂ ਸ਼ੁਰੂ ਹੁੰਦੇ ਹਨ। ਕੱਤਕ ਦੇਸੀ ਸਾਲ ਦਾ ਅੱਠਵਾਂ ਮਹੀਨਾ ਹੈ। ਇਸ ਮਹੀਨੇ ਪੰਜਾਬ ਸਮੇਤ ਉੱਤਰੀ ਭਾਰਤ ਵਿੱਚ ਮੌਸਮ ਸਰਦੀ ਵੱਲ ਨੂੰ ਵਧਦਾ ਹੈ। ਹੁੰਮਸ ਤੇ ਤਨ ਸਾੜਦੀ ਗਰਮੀ ਦੀ ਥਾਂ ਨਿੱਘੇ ਨਿੱਘੇ ਦਿਨ ਅਤੇ ਠੰਢੀਆਂ ਰਾਤਾਂ ਲੈ ਲੈਂਦੀਆਂ ਹਨ। ਕੱਤਕ ਮਹੀਨਾ ਕਈ ਪੱਖਾਂ ਕਾਰਨ ਮਹੱਤਵਪੂਰਨ ਹੈ। ਇਸ ਮਹੀਨੇ ਸ੍ਰੀ ਰਾਮ ਚੰਦਰ ਜੀ ਦੇ ਅਯੁੱਧਿਆ ਪਰਤਣ ਦੀ ਖ਼ੁਸ਼ੀ ਵਜੋਂ ਦੀਵਾਲੀ ਮਨਾਈ ਜਾਂਦੀ ਹੈ। ਇਸ ਤਰ੍ਹਾਂ ਇਹ ਦਿਨ ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਦੇ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਬਵੰਜਾ ਰਾਜਿਆਂ ਸਮੇਤ ਬਾਹਰ ਆਉਣ ਦੇ ਸਬੰਧ ਵਿੱਚ ਬੰਦੀ ਛੋੜ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਪਤਨੀਆਂ ਦੁਆਰਾ ਪਤੀ ਦੀ ਲੰਬੀ ਉਮਰ ਦੀ ਕਾਮਨਾ ਲਈ ਕਰਵਾ ਚੌਥ ਅਤੇ ਬੱਚਿਆਂ ਦੀ ਲੰਬੀ ਉਮਰ ਲਈ ‘ਝੱਕਰੀ ਦਾ ਵਰਤ’ ਵੀ ਇਸੇ ਮਹੀਨੇ ਆਉਂਦੇ ਹਨ। ਗੁਰਬਾਣੀ ਵਿੱਚ ਬਾਰਹਮਾਹ ਵਿੱਚ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਅਰਜਨ ਦੇਵ ਜੀ ਵੱਲੋਂ ਕੱਤਕ ਮਹੀਨੇ ਸਬੰਧੀ ਇਸ ਤਰ੍ਹਾਂ ਫਰਮਾਇਆ ਮਿਲਦਾ ਹੈ;

ਕਤਕਿ ਕਿਰਤੁ ਪਾਇਆ ਜੋ ਪ੍ਰਭ ਭਾਇਆ॥

ਦੀਪਕੁ ਸਹਜਿ ਬਲੈ ਤਤਿ ਜਲਾਇਆ॥

***

ਕਤਿਕਿ ਕਰਮ ਕਮਾਵਣੇ ਦੋਸੁ ਨ ਕਾਹੂ ਜੋਗੁ॥

ਪਰਮੇਸਰ ਤੇ ਭੁਲਿਆਂ ਵਿਆਪਨਿ ਸਭੇ ਰੋਗ॥

ਕੱਤਕ ਮਹੀਨੇ ਪਰਵਾਸੀ ਪੰਛੀ ਕੂੰਜ ਦਾ ਵੀ ਪੰਜਾਬ ਵਿੱਚ ਆਗਮਨ ਹੁੰਦਾ ਹੈ। ਠੰਢੇ ਖੇਤਰਾਂ ਤੋਂ ਸਰਦੀ ਦੀ ਰੁੱਤ ਬਤੀਤ ਕਰਨ ਲਈ ਪੂਰਨ ਅਨੁਸ਼ਾਸਿਤ ਕੂੰਜਾਂ ਅੰਗਰੇਜ਼ੀ ਦੇ ਅੱਖਰ ‘ਵੀ’ ਆਕਾਰ ਵਿੱਚ ਉੱਡਦੀਆਂ ਅਤੇ ਦਿਲ ਖਿੱਚਵੀਂ ਆਵਾਜ਼ ਵਿੱਚ ਇੱਕ ਦੂਸਰੀ ਨੂੰ ਜਵਾਬ ਦਿੰਦੀਆਂ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚਦੀਆਂ ਹਨ। ਅਜਿਹੇ ਪੱਖ ਕਾਰਨ ਬਾਬਾ ਸ਼ੇਖ ਫ਼ਰੀਦ ਜੀ ਫਰਮਾਉਂਦੇ ਹਨ;

ਕਤਿਕ ਕੂੰਜਾਂ ਚੇਤਿ ਡਉ ਸਾਵਣਿ ਬਿਜੁਲੀਆਂ॥

ਕੂੰਜਾਂ ਦਾ ਆਉਣਾ, ਕੱਤਕ ਤੇ ਸਰਦੀ ਦੀ ਰੁੱਤ ਦੇ ਅਗਾਜ਼ ਦਾ ਅਹਿਸਾਸ ਕਰਵਾਉਂਦਾ ਹੈ। ਅੰਬਰਾਂ ਵਿੱਚ ਉੱਡਦੀਆਂ ਕੂੰਜਾਂ ਵੱਖਰਾ ਜਿਹਾ ਮਾਹੌਲ ਸਿਰਜਦੀਆਂ ਹਨ;

ਕੱਤਕ ਮਹੀਨੇ ਆਉਣ ਕੂੰਜਾਂ

ਆਪਣਾ ਰਾਗ ਸਣਾਉਣ ਕੂੰਜਾਂ

ਵੱਖਰੀ ਰੌਣਕ ਲਗਾਉਣ ਕੂੰਜਾਂ

ਆਉਣ ਸਰਦੀ ਲੰਘਾਉਣ ਲਈ।

ਕਿਸੇ ਨੂੰ ਆਪਣੇ ਪ੍ਰਦੇਸ ਗਏ ਮੀਤ ਦੀ ਘਾਟ ਹਮੇਸ਼ਾ ਮਹਿਸੂਸ ਹੁੰਦੀ ਰਹਿੰਦੀ ਹੈ, ਪ੍ਰੰਤੂ ਕੱਤਕ ਮਹੀਨੇ ਉੱਤਰੀ ਭਾਰਤ ਵਿੱਚ ਪਰਵਾਸੀ ਪੰਛੀ ਕੂੰਜਾਂ ਉਡਾਰੀ ਭਰਦੀਆਂ ਅੰਬਰਾਂ ਵਿੱਚ ਕਰਲਾਉਂਦੀਆਂ ਹਨ, ਤਦ ਇਹ ਪ੍ਰਦੇਸ ਗਏ ਪ੍ਰੀਤਮ ਦੀ ਯਾਦ ਦਿਵਾਉਣ ਦਾ ਕੰਮ ਕਰਦੀਆਂ ਹਨ;

ਕੱਤਕ ਕੂੰਜਾਂ ਜਦ ਆ ਕੇ ਅੰਬਰਾਂ ਦੇ ਵਿੱਚ ਗਾਉਂਦੀਆਂ

ਯਾਦ ਆਉਂਦੀ ਪ੍ਰਦੇਸੀਆਂ ਦੀ, ਸੀਨੇ ਸੱਲ ਪਾਉਂਦੀਆਂ

ਕਦੇ ਪੰਜਾਬ ਦੇ ਖੇਤੀ ਹੇਠਲੇ ਜ਼ਿਆਦਾਤਰ ਖੇਤਰ ਵਿੱਚ ਸਾਉਣੀ ਦੀ ਫ਼ਸਲ ਦੇ ਰੂਪ ਵਿੱਚ ਕਪਾਹ ਦੀ ਫ਼ਸਲ ਬੀਜੀ ਜਾਂਦੀ ਸੀ। ਅਜਿਹਾ ਹੋਣ ਕਾਰਨ ਕੱਤਕ ਮਹੀਨੇ ਜਿੱਥੇੇ ਕਪਾਹਾਂ ਦੀ ਚੁਗਾਈ ਜ਼ੋਰਾ ’ਤੇ ਹੁੰਦੀ, ਉੱਥੇ ਮੂੰਗੀ, ਤਿਲ, ਬਾਜਰਾ, ਗੁਆਰੇ ਵਰਗੀਆਂ ਫ਼ਸਲਾਂ ਘਰ ਆਉਣ ਕਾਰਨ ਕਿਸਾਨੀ ਘਰਾਂ ਵਿੱਚ ਮਾਹੌਲ ਬਦਲਿਆ ਹੁੰਦਾ। ਛੱਪੜਾਂ, ਟੋਭਿਆਂ ਵਿੱਚ ਸਣ ਦੀਆਂ ਪੂਲੀਆਂ ਤੈਰ ਰਹੀਆਂ ਹੁੰਦੀਆਂ;

ਕੱਤਕ ਮਹੀਨੇ ਖਿੜੀ ਕਪਾਹ

ਜਿਉਂ ਰਾਤੀਂ ਅੰਬਰੀਂ ਤਾਰੇ।

ਘਰ ਆਏ ਤਿਲ, ਬਾਜਰਾ

ਮੋਠ, ਮੂੰਗੀਆਂ, ਸਣ ਤੇ ਗੁਆਰੇ।

ਹੋਰਨਾਂ ਮਹੀਨਿਆਂ ਵਾਂਗ ਕਈ ਲੋਕ ਵਿਸ਼ਵਾਸ ਵੀ ਕੱਤਕ ਮਹੀਨੇ ਨਾਲ ਜੁੜੇ ਹੋਏ ਹਨ। ਇਸ ਮਹੀਨੇ ਗੰਨਾ ਚੂਪਣਾ ਸ਼ੁਭ ਮੰਨਿਆ ਜਾਂਦਾ ਹੈ। ਸ਼ਾਇਦ ਇਸ ਦੇ ਪਿੱਛੇ ਵਿਗਿਆਨਕ ਕਾਰਨ ਇਸ ਸਮੇੇਂ ਗੰਨੇ ਦੇ ਪੱਕ ਕੇ ਸੁਆਦਲੇ ਰਸ ਨਾਲ ਭਰਪੂਰ ਹੋਣਾ ਹੈ। ਇਸੇ ਤਰ੍ਹਾਂ ਸਿੰਚਾਈ ਦੇ ਬਣਾਉਟੀ ਸਾਧਨਾਂ ਦੀ ਘਾਟ ਕਾਰਨ ਇਸ ਮਹੀਨੇ ਮੀਂਹ ਪੈਣਾ ਹਾੜ੍ਹੀ ਦੀ ਫ਼ਸਲ ਲਈ ਸ਼ੁਭ ਸੰਕੇਤ ਮੰਨਿਆ ਜਾਂਦਾ ਹੈ;

ਹਾੜ੍ਹੀ ਹੋਵੇ ਖੂਬ ਨਿਰਾਲੀ

ਕੱਤਕ ਬਰਸੇ ਜੇ ਕੁਦਰਤ ਦਾ ਬਾਲੀ

ਕੱਤਕ ਮਹੀਨੇ ਮੌਸਮ ਖ਼ੁਸ਼ਗਵਾਰ ਹੋਣ ਦੇ ਨਾਲ ਨਾਲ ਕੱਤਕ ਦੀਆਂ ਰਾਤਾਂ ਵੀ ਸੁੰਦਰ ਹੁੰਦੀਆਂ ਹਨ। ਚੰਦਰਮਾ ਦੀ ਰੋਸ਼ਨੀ ਵਿੱਚ ਇਹ ਰਾਤਾਂ ਹਰ ਕਿਸੇ ਨੂੰ ਮੋਹਣ ਦਾ ਕੰਮ ਕਰਦੀਆਂ ਹਨ। ਇਸ ਕਰਕੇ ਪ੍ਰਸਿੱਧ ਹੈ;

ਕੱਤਕ ਵੰਡੇ ਚਾਨਣੀਆਂ

ਰਾਤਾਂ ਨੂੰ ਬਹਿ ਮਾਨਣੀਆਂ।

ਕੱਤਕ ਮਹੀਨੇ ਦੇ ਅਖੀਰ ਠੰਢ ਆਪਣੀ ਦਸਤਕ ਦੇ ਦਿੰਦੀ ਹੈ। ਅਜਿਹਾ ਹੋਣ ਕਾਰਨ ਉਸ ਲਈ ਅਗਾਊਂ ਤਿਆਰੀਆਂ ਦੇ ਰੂਪ ਵਿੱਚ ਰਜਾਈਆਂ ਦੀ ਭਰਵਾਈ ਅਤੇ ਨਗੰਦੇ ਪਾਉਣ ਵਰਗੇ ਕੰਮਾਂ ਵਿੱਚ ਸੁਆਣੀਆਂ ਰੁੱਝ ਜਾਂਦੀਆਂ ਹਨ। ਇਨ੍ਹੀਂ ਦਿਨੀਂ ਔਰਤਾਂ ਇਸ ਦੇ ਨਾਲ ਗਰਮੀ ਵਾਲੇ ਖੇੇਸ, ਖੇਸੀਆਂ ਤੇ ਹੋਰ ਕੱਪੜਿਆਂ ਦੀ ਧੋ-ਧੁਆਈ ਅਤੇ ਸਾਂਭ ਸੰਭਾਲ ਵਰਗੇ ਕੰਮ ਵੀ ਕਰਨ ਵਿੱਚ ਰੁੁੱਝੀਆਂ ਹੁੰਦੀਆਂ ਹਨ;

ਕੱਤਕ ਆਇਆ

ਲਈ ਕਰਵਟ ਰੁੱਤ ਨੇ

ਕੀਤੀ ਲੋਕਾਂ

ਸਿਆਲ ਦੀ ਤਿਆਰੀ ਐ

ਪੰਜਾਈ ਰੂੰ

ਤੇ ਭਰਾਈਆਂ ਰਜਾਈਆਂ

ਸੰਦੂਕੋਂ ਕੱਢ ਲਏ

ਲੋਕਾਂ ਕੱਪੜੇ ਭਾਰੀ ਐ।

ਇਸ ਤਰ੍ਹਾਂ ਹੋਰਨਾਂ ਮਹੀਨਿਆਂ ਵਾਂਗ ਕੱਤਕ ਦੇ ਆਪਣੇ ਰੰਗ ਅਤੇ ਵਿਲੱਖਣਤਾ ਹੈ। ਅੱਸੂ ਮਹੀਨੇ ਦੀ ਹੁੰਮਸ ਭਰੀ ਗਰਮੀ ਦੀ ਥਾਂ ਦਿਨ ਸੁਹਾਵਣੇ ਤੇ ਰਾਤਾਂ ਲਗਾਤਾਰ ਠੰਢੀਆਂ ਹੁੰਦੀਆਂ ਜਾਂਦੀਆਂ ਹਨ। ਕਿਸਾਨੀ ਪਰਿਵਾਰਾਂ ਵਿੱਚ ਸਾਉਣੀ ਦੀਆਂ ਫ਼ਸਲਾਂ ਨੂੰ ਸਮੇਟਣ, ਸਾਂਭਣ, ਹਾੜ੍ਹੀ ਦੀ ਬਿਜਾਈ ਆਦਿ ਲਈ ਰੁਝੇਵੇਂ ਆਪਣੇ ਸਿਖਰ ’ਤੇ ਹੁੰਦੇ ਹਨ। ਬਹੁਤ ਸਾਰੇ ਪੱਖਾਂ ਤੋਂ ਕੱਤਕ ਦੀ ਵਿਲੱਖਣਤਾ ਅਤੇ ਵੱਖਰੀ ਪਹਿਚਾਣ ਹੁੰਦੀ ਹੈ।

ਸੰਪਰਕ: 81469-24800

Advertisement