ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਤੇਰੀ ਚਿੱਠੀ ਨੂੰ ਫਰੇਮ ਮੜ੍ਹਾਵਾਂ...

ਬਹਾਦਰ ਸਿੰਘ ਗੋਸਲ ਅੱਜ ਦੇ ਸਮੇਂ ਦੀਆਂ ਗੱਲਾਂ ਤਾਂ ਕੁਝ ਹੋਰ ਹੀ ਹਨ ਕਿਉਂਕਿ ਤੁਸੀਂ ਆਪਣੇ ਸਾਕ ਸਬੰਧੀਆਂ, ਆਪਣੇ ਮਿੱਤਰਾਂ ਜਾਂ ਕਿਸੇ ਵੀ ਰਿਸ਼ਤੇਦਾਰ ਨਾਲ ਜਦੋਂ ਵੀ ਜੀ ਚਾਹੇ ਮੋਬਾਈਲ ’ਤੇ ਗੱਲਬਾਤ ਕਰ ਲੈਂਦੇ ਹੋ। ਹਰ ਇੱਕ ਮਨੁੱਖ ਦੇ ਹੱਥ...
Advertisement

ਬਹਾਦਰ ਸਿੰਘ ਗੋਸਲ

ਅੱਜ ਦੇ ਸਮੇਂ ਦੀਆਂ ਗੱਲਾਂ ਤਾਂ ਕੁਝ ਹੋਰ ਹੀ ਹਨ ਕਿਉਂਕਿ ਤੁਸੀਂ ਆਪਣੇ ਸਾਕ ਸਬੰਧੀਆਂ, ਆਪਣੇ ਮਿੱਤਰਾਂ ਜਾਂ ਕਿਸੇ ਵੀ ਰਿਸ਼ਤੇਦਾਰ ਨਾਲ ਜਦੋਂ ਵੀ ਜੀ ਚਾਹੇ ਮੋਬਾਈਲ ’ਤੇ ਗੱਲਬਾਤ ਕਰ ਲੈਂਦੇ ਹੋ। ਹਰ ਇੱਕ ਮਨੁੱਖ ਦੇ ਹੱਥ ਵਿੱਚ ਮੋਬਾਈਲ ਫੋਨ ਦੇਖਿਆ ਜਾ ਸਕਦਾ ਹੈ। ਤਾਂ ਹੀ ਤਾਂ ਕਿਹਾ ਜਾਂਦਾ ਹੈ ਕਿ ਵਿਗਿਆਨ ਨੇ ਸੰਸਾਰ ਨੂੰ ਮਨੁੱਖ ਦੀ ਮੁੱਠੀ ਵਿੱਚ ਬੰਦ ਕਰ ਦਿੱਤਾ ਹੈ। ਕਿੰਨੇ ਵੀ ਦੂਰ ਦੁਰਾਡੇ ਆਪਣੇ ਜਾਣ-ਪਹਿਚਾਣ ਵਾਲੇ ਨਾਲ ਗੱਲ ਕੀਤੀ ਜਾ ਸਕਦੀ ਹੈ, ਉਹ ਭਾਵੇਂ ਸੰਸਾਰ ਦੇ ਕਿਸੇ ਵੀ ਕੋਨੇ ਵਿੱਚ ਕਿਉਂ ਨਾ ਵਸਦਾ ਹੋਵੇ। ਵਿਗਿਆਨ ਦਾ ਚਮਤਕਾਰ ਹੈ ਹੀ, ਪਰ ਇਸ ਨੇ ਮਨੁੱਖਤਾ ਨੂੰ ਨੇੜਤਾ ਦੀ ਡੋਰੀ ਵਿੱਚ ਬੰਨ੍ਹ ਦਿੱਤਾ ਹੈ।

Advertisement

ਦੇਖਣ ਵਿੱਚ ਆਉਂਦਾ ਹੈ ਕਿ ਪੰਜਾਬ ਦੇ ਹਜ਼ਾਰਾਂ ਨਹੀਂ, ਲੱਖਾਂ ਧੀਆਂ-ਪੁੱਤਰ ਵਿਦੇਸ਼ਾਂ ਵਿੱਚ ਪੜ੍ਹਦੇ ਹਨ ਜਾਂ ਕਿਸੇ ਰੁਜ਼ਗਾਰ ਲਈ ਵਿਦੇਸ਼ ਗਏ ਹੋਏ ਹਨ। ਪੰਜਾਬ ਵਿੱਚ ਬੈਠੇ ਮਾਪੇ, ਪੁੱਤਰਾਂ-ਧੀਆਂ ਨੂੰ ਮਿਲਣ ਤਾਂ ਨਹੀਂ ਜਾ ਸਕਦੇ, ਪਰ ਮੋਬਾਈਲ ’ਤੇ ਉਨ੍ਹਾਂ ਨਾਲ ਹਰ ਰੋਜ਼ ਹੀ ਗੱਲਬਾਤ ਕਰਕੇ ਆਪਣੇ ਮੋਹ ਦੀਆਂ ਤੰਦਾਂ ਨੂੰ ਸ਼ਾਂਤ ਕਰ ਲੈਂਦੇ ਹਨ। ਹੁਣ ਤਾਂ ਹੋਰ ਵੀ ਕਮਾਲ ਹੋ ਚੁੱਕਿਆ ਹੈ, ਦੂਰ ਵਿਦੇਸ਼ ਵਿੱਚ ਬੈਠੇ ਆਪਣੇ ਧੀ-ਪੁੱਤਰ ਨਾਲ ਕੋਈ ਵੀ ਮਾਂ ਜਾਂ ਬਾਪ ਉਸ ਨਾਲ ਸਾਹਮਣੇ ਦੇਖ ਕੇ ਗੱਲ ਕਰ ਸਕਦਾ ਹੈ। ਇਸ ਤਰ੍ਹਾਂ ਹਜ਼ਾਰਾਂ ਮੀਲ ਦੂਰ ਬੈਠੇ ਆਪਣੇ ਪੁੱਤ ਨਾਲ ਗੱਲ ਕਰਕੇ ਮਾਂ ਦੇ ਮਨ ਨੂੰ ਕੁਝ ਢਾਰਸ ਜ਼ਰੂਰ ਮਿਲਦਾ ਹੈ, ਮਾਂ ਨੂੰ ਤਸੱਲੀ ਹੋ ਜਾਂਦੀ ਹੈ ਕਿ ਉਸ ਨੇ ਆਪਣੇ ਪੁੱਤਰ ਨਾਲ ਗੱਲਬਾਤ ਕਰ ਲਈ ਹੈ।

ਹੁਣ ਤੋਂ 50-60 ਸਾਲ ਪਹਿਲਾਂ ਦਾ ਸਮਾਂ ਅਜਿਹਾ ਨਹੀਂ ਸੀ। ਲੋਕਾਂ ਕੋਲ ਮੋਬਾਈਲ ਨਹੀਂ ਸਨ, ਕਿਸੇ-ਕਿਸੇ ਅਮੀਰ ਘਰ ਵਿੱਚ ਟੈਲੀਫੋਨ ਲੱਗਿਆ ਹੋਇਆ ਸੀ, ਪਰ ਜੇ ਉਸ ਸਮੇਂ ਤੋਂ ਵੀ ਕੁਝ ਪਿੱਛੇ ਚਲੇ ਜਾਈਏ ਤਾਂ ਕਿਸੇ ਦੀ ਖ਼ਬਰ ਸਾਰ ਲੈਣੀ ਜਾਂ ਕਿਸੇ ਨੂੰ ਕੋਈ ਸੁਨੇਹਾ ਭੇਜਣਾ ਹੁੰਦਾ ਸੀ ਤਾਂ ਇੱਕੋ ਇੱਕ ਸਾਧਨ ਹੁੰਦਾ ਸੀ ਚਿੱਠੀਆਂ ਦਾ। ਅੰਗਰੇਜ਼ਾਂ ਦੇ ਕਾਲ ਤੋਂ ਪੰਜਾਬ ਵਿੱਚ ਚਿੱਠੀਆਂ ਪਾਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਕਿਉਂਕਿ ਲੋਕਾਂ ਨੂੰ ਡਾਕਖਾਨੇ ਬਾਰੇ ਪਤਾ ਚੱਲ ਗਿਆ ਸੀ ਕਿ ਸੁਨੇਹੇ ਭੇਜਣ ਲਈ ਡਾਕਖਾਨੇ ਕਿਸ ਤਰ੍ਹਾਂ ਕੰਮ ਕਰਦੇ ਸਨ। ਕਿਸੇ ਡਾਕਖਾਨੇ ਦੇ ਬਾਹਰ ਪਏ ਲਾਲ ਰੰਗ ਦੇ ਲੈਟਰ ਬਾਕਸ ਨੂੰ ਦੇਖ ਕੇ ਉਹ ਖ਼ੁਸ਼ ਹੋ ਜਾਂਦੇ ਸਨ, ਪਰ ਇਹ ਚਿੱਠੀਆਂ ਲਿਖਣ ਅਤੇ ਪੜ੍ਹਨ ਦਾ ਕੰਮ ਵੀ ਕੋਈ ਸੌਖਾ ਨਹੀਂ ਸੀ। ਵਧੇਰੇ ਜਨਤਾ ਅਨਪੜ੍ਹ ਸੀ, ਬਹੁਤ ਘੱਟ ਲੋਕ ਪੜ੍ਹੇ ਲਿਖੇ ਸਨ ਜੋ ਚਿੱਠੀ ਲਿਖ ਜਾਂ ਪੜ੍ਹ ਸਕਦੇ ਸਨ।

ਕੁੜੀਆਂ ਬਹੁਤੀਆਂ ਅਨਪੜ੍ਹ ਹੀ ਸਨ, ਇਸੇ ਕਰਕੇ ਉਨ੍ਹਾਂ ਨੂੰ ਵਿਆਹ ਤੋਂ ਬਾਅਦ ਆਪਣੇ ਪੇਕਿਆਂ ਨੂੰ ਚਿੱਠੀ ਰਾਹੀਂ ਸੁਨੇਹਾ ਭੇਜਣਾ ਮੁਸ਼ਕਿਲ ਹੁੰਦਾ। ਜੇ ਕਿਤੇ ਕਿਸੇ ਮੁਟਿਆਰ ਦਾ ਘਰਵਾਲਾ ਨੌਕਰੀ ਬਾਹਰ ਕਰਦਾ ਜਾਂ ਫੌਜ ਵਿੱਚ ਭਰਤੀ ਹੋ ਜਾਂਦਾ ਤਾਂ ਉਹ ਜਾਣਦੀ ਸੀ ਕਿ ਉਸ ਦਾ ਪਤੀ ਨੂੰ ਸੁਨੇਹਾ ਜਾਂ ਸੁੱਖ-ਸਾਂਦ ਭੇਜਣ ਦਾ ਇੱਕੋ ਇੱਕ ਰਸਤਾ ਚਿੱਠੀਆਂ ਹਨ। ਜੇ ਉਸ ਨੂੰ ਚਿੱਠੀ ਲਿਖਣੀ ਨਹੀਂ ਸੀ ਆਉਂਦੀ ਤਾਂ ਉਹ ਡਾਕੀਏ ਜਾਂ ਕਿਸੇ ਪੜ੍ਹੇ ਲਿਖੇ ਇਨਸਾਨ ਦੀਆਂ ਮਿੰਨਤਾਂ ਕਰਦੀ ਤਾਂ ਉਹ ਆਪ ਹੀ ਕੋਈ ਪੜ੍ਹਾਕੂ ਲੱਭ ਕੇ ਕਹਿੰਦੀ;

ਮੇਰੇ ਖ਼ਤ ’ਤੇ ਪਾ ਦੇ ਸਿਰਨਾਵਾਂ

ਵੇ ਬਹੁਤਿਆਂ ਪੜ੍ਹਾਕੂ ਮੁੰਡਿਆਂ।

ਪਰ ਕਈ ਵਾਰ ਜਦੋਂ ਕਿਸੇ ਮੁਟਿਆਰ ਦਾ ਫੌਜੀ ਉਸ ਨੂੰ ਆਪਣੇ ਆਉਣ ਬਾਰੇ ਨਾ ਲਿਖਦਾ ਤਾਂ ਉਹ ਦੁਖੀ ਮਨ ਨਾਲ ਕਹਿ ਦਿੰਦੀ;

ਕਦੇ ਆਉਣ ਦੀ ਚਿੱਠੀ ਨਾ ਪਾਈ

ਕਾਗਜ਼ਾਂ ਦਾ ਘਰ ਭਰ ’ਤਾ।

ਕਈ ਵਾਰ ਫੌਜੀ ਚਿੱਠੀਆਂ ਤਾਂ ਭੇਜ ਦਿੰਦਾ, ਪਰ ਉਸ ’ਤੇ ਸਿਰਨਾਵਾਂ ਆਮ ਕਰਕੇ ਬਜ਼ੁਰਗਾਂ ਦਾ ਲਿਖਿਆ ਹੁੰਦਾ। ਜਾਂ ਕਦੇ ਕੋਈ ਫੌਜਣ ਨੂੰ ਪੁੱਛਦਾ ਰਹਿੰਦਾ ਕਿ ਉਸ ਦੇ ਘਰਵਾਲਾ ਉਸ ਦੇ ਨਾਂ ’ਤੇ ਚਿੱਠੀ ਕਿਉਂ ਨਹੀਂ ਭੇਜਦਾ ਤਾਂ ਉਹ ਫੌਜੀ ਨੂੰ ਉਲਾਂਭਾ ਦਿੰਦੀ ਅਤੇ ਨਾਲ ਹੀ ਪ੍ਰੇਮ ਵੀ ਜਤਾਉਂਦੀ;

ਤੇਰੀ ਚਿੱਠੀ ਨੂੰ ਫਰੇਮ ਮੜ੍ਹਾਵਾਂ

ਵੇ ਮੇਰੇ ਨਾਂ ’ਤੇ ਪਾ ਨੌਕਰਾਂ।

ਚਿੱਠੀਆਂ ਦਾ ਇਹ ਸਿਲਸਿਲਾ ਬਹੁਤ ਹੀ ਮਨਭਾਉਂਦਾ ਸੀ। ਜਦੋਂ ਕਦੇ ਛੁੱਟੀਆਂ ਕਾਰਨ ਜਾਂ ਸਰਕਾਰ ਵੱਲੋਂ ਕੋਈ ਡਾਕਖਾਨਾ ਬੰਦ ਕਰ ਦਿੱਤਾ ਜਾਂਦਾ ਤਾਂ ਨੌਕਰ ਦੇ ਘਰਵਾਲੀ ਨੂੰ ਪੁਰਾਣੇ ਸਮੇਂ ਯਾਦ ਆਉਂਦੇ ਜਦੋਂ ਸੁਨੇਹੇ ਚਿੱਠੀਆਂ ਦੀ ਥਾਂ ਕਬੂਤਰਾਂ ਰਾਹੀਂ ਭੇਜੇ ਜਾਂਦੇ ਸਨ। ਰਾਜੇ-ਮਹਾਰਾਜੇ ਆਪਣੇ ਸੁਨੇਹੇ ਭੇਜਣ ਲਈ ਚੀਨੇ ਕਬੂਤਰ ਪਾਲਦੇ ਸਨ। ਅਜਿਹੇ ਵਿੱਚ ਡਾਕਖਾਨਾ ਬੰਦ ਹੋਣ ਤੋਂ ਦੁਖੀ ਪਤਨੀ ਆਪਣੇ ਮਨ ਨੂੰ ਸਮਝਾਉਂਦੀ ਹੋਈ ਕਹਿੰਦੀ;

ਪੈਣਾ ਪਾਲਣਾ ਕਬੂਤਰ ਚੀਨਾ

ਡਾਕਘਰ ਬੰਦ ਹੋ ਗਿਆ।

ਗੱਲ ਵੀ ਸੱਚ ਸੀ ਜਦੋਂ ਚਿੱਠੀਆਂ ਭੇਜਣ ਤੋਂ ਸਿਵਾ ਹੋਰ ਕੋਈ ਰਸਤਾ ਨਾ ਹੋਵੇ ਤਾਂ ਕੋਈ ਨਾ ਕੋਈ ਤਰੀਕਾ ਤਾਂ ਲੱਭਣਾ ਹੀ ਹੈ। ਜਦੋਂ ਕੋਈ ਫੌਜੀ ਲਾਮ ’ਤੇ ਗਿਆ ਹੋਵੇ ਤਾਂ ਉਸ ਦੀ ਘਰਵਾਲੀ ਦਾ ਚਿੱਠੀਆਂ ਉਡੀਕਦੀ ਦਾ ਦਿਨ ਰਾਤ ਭਰੇ ਮਨ ਵਿੱਚ ਹੀ ਲੰਘਦਾ। ਜੇ ਕਦੇ ਲਾਮ ਤੋਂ ਚਿੱਠੀ ਆ ਵੀ ਜਾਂਦੀ ਤਾਂ ਉਹ ਚਿੱਠੀ ਨੂੰ ਦੇਖ ਕੇ ਹੀ ਰੋ-ਰੋ ਕੇ ਆਪਣਾ ਬੁਰਾ ਹਾਲ ਕਰ ਲੈਂਦੀ;

ਚਿੱਠੀ ਢੋਲ ਦੀ ਲਾਮ ਤੋਂ ਆਈ

ਤਿਪ ਤਿਪ ਰੋਈਆਂ ਅੱਖੀਆਂ।

ਪਰ ਅਜਿਹੀ ਹੀ ਚਿੱਠੀ ਜੇ ਕਿਸੇ ਦੇ ਪ੍ਰਦੇਸ ਗਏ ਚੰਨ ਦੀ ਆਈ ਹੋਵੇ ਤਾਂ ਉਹ ਚਿੱਠੀ ਸਾਰੇ ਪਰਿਵਾਰ ਲਈ ਖ਼ੁਸ਼ੀਆਂ ਦਾ ਹੜ੍ਹ ਲੈ ਆਉਂਦੀ ਸੀ। ਜਿਵੇਂ ਵਲਾਇਤ ਗਏ ਭਰਾ ਦੀ ਚਿੱਠੀ ਆਉਣ ’ਤੇ ਨਣਦ-ਭਰਜਾਈ ਦੋਹਾਂ ਦੀ ਖ਼ੁਸ਼ੀ ਠਾਠਾਂ ਮਾਰਨ ਲੱਗਦੀ ਅਤੇ ਭੱਜੀ ਆਉਂਦੀ ਨਣਦ ਆਪਣੀ ਭਰਜਾਈ ਨੂੰ ਕਹਿੰਦੀ ਫਿਰਦੀ;

ਚਿੱਠੀ ਵੀਰ ਦੀ ਵਲੈਤੋਂ ਆਈ

ਬਹਿ ਜਾ ਨੀਂ ਸੁਣਾਵਾਂ ਭਾਬੀਏ।

ਇਸੇ ਤਰ੍ਹਾਂ ਮੈਨੂੰ ਯਾਦ ਹੈ ਕਿ 1962 ਵਿੱਚ ਜਦੋਂ ਹਿੰਦ-ਚੀਨ ਦੀ ਲੜਾਈ ਲੱਗੀ ਸੀ ਤਾਂ ਇਨ੍ਹਾਂ ਚਿੱਠੀਆਂ ਨੇ ਬਹੁਤ ਦੇਸ਼ ਪਿਆਰ ਵਾਲਾ ਸੱਭਿਆਚਾਰਕ ਰੰਗ ਲਿਆਂਦਾ ਸੀ। ਉਸ ਸਮੇਂ ਕਈ ਵਾਰ ਫੌਜੀਆਂ ਨੂੰ ਸਮਾਂ ਹੀ ਨਾ ਲੱਗਦਾ ਕਿ ਉਹ ਡਾਕਖਾਨੇ ਜਾ ਕੇ ਆਪਣੇ ਪਰਿਵਾਰ ਨੂੰ ਜਾਂ ਖ਼ਾਸ ਕਰਕੇ ਆਪਣੀ ਘਰਵਾਲੀ ਨੂੰ ਚਿੱਠੀ ’ਤੇ ਡਾਕ ਟਿਕਟ ਲਗਵਾ ਸਕੇ। ਅਜਿਹੇ ਵਿੱਚ ਉਹ ਕਾਹਲੀ ਵਿੱਚ ਚਿੱਠੀ ਨੂੰ ਬੇਰੰਗ ਹੀ ਭੇਜ ਦਿੰਦਾ, ਪਰ ਇਹ ਬੇਰੰਗ ਚਿੱਠੀਆਂ ਪਾ ਕੇ ਘਰਵਾਲੀ ਕੁਝ ਨਾਰਾਜ਼ਗੀ ਦਿਖਾਉਂਦੀ ਹੋਈ ਕਹਿੰਦੀ;

ਕਿਹੜੀ ਛਾਉਣੀ ’ਚ ਲਵਾ ਲਿਆ ਨਾਮਾ

ਚਿੱਠੀਆਂ ਬੇਰੰਗ ਭੇਜਦਾ।

ਕਿਸੇ ਵਿਆਹੀ ਮੁਟਿਆਰ ਨੇ ਆਪਣੀ ਚਿੱਠੀ ਵਿੱਚ ਕੁਝ ਪਿਆਰ ਇਸ਼ਕ ਦੀਆਂ ਗੱਲਾਂ ਵੀ ਲਿਖਣੀਆਂ ਹੁੰਦੀਆਂ ਸਨ ਤਾਂ ਉਹ ਇਹ ਕਿਸੇ ਤੋਂ ਨਹੀਂ ਸੀ ਲਿਖਵਾ ਸਕਦੀ। ਇਸ ਤਰ੍ਹਾਂ ਉਸ ਨੇ ਖ਼ੁਦ ਹੀ ਪੜ੍ਹਨਾ ਲਿਖਣਾ ਸ਼ੁਰੂ ਕੀਤਾ ਅਤੇ ਚਿੱਠੀਆਂ ਆਪ ਹੀ ਲਿਖਣ ਲੱਗੀ ਅਤੇ ਇਸ ਦੇ ਬਹਾਨੇ ਉਹ ਪੜ੍ਹਨਾ ਲਿਖਣਾ ਸਿੱਖ ਜਾਂਦੀ। ਉਸ ਨੂੰ ਪੰਜਾਬੀ ਪੈਂਤੀ ਦੇ ਅੱਖਰ ਸਿੱਖਣਾ ਬਹੁਤ ਚੰਗਾ ਲੱਗਦਾ। ਉਸ ਨੂੰ ਪੈਂਤੀ ਦੇ ਅੱਖਰਾਂ ਵਿੱਚੋਂ ਆਪਣੇ ਢੋਲ ਦੇ ਪਿਆਰ ਦਾ ਅਨੰਦ ਜਿਹਾ ਆਉਂਦਾ ਮਹਿਸੂਸ ਹੁੰਦਾ ਤਾਂ ਹੀ ਤਾਂ ਉਹ ਆਪਣੇ ਫੌਜੀ ਨੂੰ ਲਿਖ ਦਿੰਦੀ ਸੀ;

ਤੈਨੂੰ ਚਿੱਠੀਆਂ ਲਿਖਣ ਦੀ ਮਾਰੀ

ਊੜਾ, ਐੜਾ ਪੜ੍ਹਾਂ ਮਿੱਤਰਾਂ।

ਇਹ ਆਮ ਹੀ ਹੁੰਦਾ ਸੀ ਕਿ ਇਹ ਚਿੱਠੀਆਂ ਘਰਾਂ ਵਿੱਚ ਵੰਡਣ ਵਾਲਾ ਸਰਕਾਰੀ ਮੁਲਾਜ਼ਮ ਡਾਕੀਆ ਸਦਾ ਖਾਕੀ ਵਰਦੀ ਪਾ ਕੇ ਪਿੰਡਾਂ ਦੀਆਂ ਗਲੀਆਂ ਵਿੱਚ ਫਿਰਦਾ, ਘਰ ਲੱਭ-ਲੱਭ ਕੇ ਚਿੱਠੀਆਂ ਵੰਡਦਾ। ਜਿਹੜੀਆਂ ਮੁਟਿਆਰਾਂ ਨੂੰ ਆਪਣੇ ਢੋਲ ਦੀ ਚਿੱਠੀ ਆਉਣ ਦੀ ਉਡੀਕ ਹੁੰਦੀ ਉਹ ਬਾਰੀ ਵਿੱਚੋਂ ਡਾਕੀਏ ਦਾ ਰਾਹ ਤੱਕਦੀ ਅਤੇ ਜੇ ਡਾਕੀਏ ਨੂੰ ਦੇਖ ਲੈਂਦੀ ਤਾਂ ਭੱਜ ਕੇ ਚਿੱਠੀ ਬਾਰੇ ਪੁੱਛਦੀ। ਤਾਂ ਹੀ ਉਹ ਕਹਿੰਦੀ ਸੀ;

ਕੀ ਮੇਰੇ ਢੋਲ ਦੀ ਚਿੱਠੀ ਕੋਈ ਆਈ

ਡਾਕੀਏ ਨੂੰ ਪੁੱਛਦੀ ਫਿਰਾਂ।

ਇਸ ਤਰ੍ਹਾਂ ਇਹ ਸਾਧਾਰਨ ਜਿਹੀਆਂ ਚਿੱਠੀਆਂ ਪੰਜਾਬ ਦੇ ਪਿੰਡਾਂ ਵਿੱਚ ਆਪਣੀ ਵਿਸ਼ੇਸ਼ ਪਹਿਚਾਣ ਬਣਾ ਲੈਂਦੀਆਂ ਅਤੇ ਇਨ੍ਹਾਂ ਚਿੱਠੀਆਂ ਦੇ ਮੋਹ ਨੇ ਹੀ ਪੰਜਾਬੀ ਸੱਭਿਆਚਾਰ ਨੂੰ ਇੱਕ ਨਵਾਂ ਰੰਗ ਦੇ ਦਿੱਤਾ। ਅੱਜ ਵਿਗਿਆਨ ਦੇ ਯੁੱਗ ਨੇ ਸਾਡੇ ਪਾਸੋਂ ਉਹ ਬਹੁਤ ਮਨੋਰੰਜਕ ਦ੍ਰਿਸ਼ ਅਤੇ ਸਨੇਹ ਭਰਿਆ ਮਾਹੌਲ ਹੀ ਖੋਹ ਲਿਆ ਹੈ ਅਤੇ ਡਾਕੀਏ ਵੀ ਵਿਰਲੇ-ਵਿਰਲੇ ਦਿਖਾਈ ਦਿੰਦੇ ਹਨ, ਪਰ ਕਦੇ ਸਮਾਂ ਸੀ ਜਦੋਂ ਕੋਈ ਚਿੱਠੀ ਅੱਲ੍ਹੜ ਮੁਟਿਆਰਾਂ ਦਾ ਕਾਲਜਾਂ ਕੱਢ ਕੇ ਲੈ ਜਾਂਦੀ ਸੀ ਅਤੇ ਉਹ ਮੁਟਿਆਰਾਂ ਖ਼ਾਸ-ਖ਼ਾਸ ਚਿੱਠੀਆਂ ਨੂੰ ਸੰਭਾਲ ਕੇ ਸੰਦੂਕਾਂ ਵਿੱਚ ਰੱਖਦੀਆਂ ਜਾਂ ਸ਼ੀਸ਼ਿਆਂ ਵਿੱਚ ਫਰੇਮ ਕਰਵਾ ਲੈਂਦੀਆਂ। ਇਨ੍ਹਾਂ ਫਰੇਮ ਕੀਤੀਆਂ ਚਿੱਠੀਆਂ ਵਿੱਚੋਂ ਹੀ ਉਨ੍ਹਾਂ ਨੂੰ ਆਪਣੇ ਢੋਲ ਦਾ ਪਿਆਰ ਝਲਕਦਾ ਨਜ਼ਰ ਆਉਂਦਾ।

ਸੰਪਰਕ: 98764-52223

Advertisement