ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਭਾਰਤੀ ਕ੍ਰਿਕਟ ਦਾ ਪਿਤਾਮਾ ਲਾਲਾ ਅਮਰ ਨਾਥ

ਲਾਲਾ ਅਮਰ ਨਾਥ ਪੰਜਾਬ ਦਾ ਮਾਣਮੱਤਾ ਕ੍ਰਿਕਟ ਖਿਡਾਰੀ ਸੀ। ਉਹਦੀ ਬੱਲੇਬਾਜ਼ੀ, ਗੇਂਦਬਾਜ਼ੀ ਤੇ ਬੋਲਬਾਜ਼ੀ ਤਿੰਨੇ ਚਰਚਾ ਦਾ ਵਿਸ਼ਾ ਰਹੇ। ਜਿੱਥੇ ਜੋਸ਼ੀਲੀ ਬੱਲੇਬਾਜ਼ੀ ਤੇ ਤੇਜ਼ ਗੇਂਦਬਾਜ਼ੀ ਨੇ ਉਹਨੂੰ ਉੱਪਰ ਚੜ੍ਹਾਇਆ, ਭਾਰਤੀ ਟੀਮਾਂ ਦਾ ਕਪਤਾਨ ਬਣਾਇਆ, ਉੱਥੇ ਮੂੰਹਫੱਟ ਬੋਲਬਾਜ਼ੀ ਨੇ ਉਸ ਨੂੰ...
Advertisement

ਲਾਲਾ ਅਮਰ ਨਾਥ ਪੰਜਾਬ ਦਾ ਮਾਣਮੱਤਾ ਕ੍ਰਿਕਟ ਖਿਡਾਰੀ ਸੀ। ਉਹਦੀ ਬੱਲੇਬਾਜ਼ੀ, ਗੇਂਦਬਾਜ਼ੀ ਤੇ ਬੋਲਬਾਜ਼ੀ ਤਿੰਨੇ ਚਰਚਾ ਦਾ ਵਿਸ਼ਾ ਰਹੇ। ਜਿੱਥੇ ਜੋਸ਼ੀਲੀ ਬੱਲੇਬਾਜ਼ੀ ਤੇ ਤੇਜ਼ ਗੇਂਦਬਾਜ਼ੀ ਨੇ ਉਹਨੂੰ ਉੱਪਰ ਚੜ੍ਹਾਇਆ, ਭਾਰਤੀ ਟੀਮਾਂ ਦਾ ਕਪਤਾਨ ਬਣਾਇਆ, ਉੱਥੇ ਮੂੰਹਫੱਟ ਬੋਲਬਾਜ਼ੀ ਨੇ ਉਸ ਨੂੰ ਭਾਰਤ ਦੀ ਟੀਮ ’ਚੋਂ ਬਾਹਰ ਕਢਵਾਇਆ ਤੇ ਕਪਤਾਨੀ ਵੀ ਖੋਹੀ। ਫਿਰ ਵੀ ਉਹ ਭਾਰਤੀ ਕ੍ਰਿਕਟ ਦਾ ਬਹੁ-ਚਰਚਿਤ ਖਿਡਾਰੀ ਬਣਿਆ ਰਿਹਾ ਤੇ ਜਿੰਨਾ ਚਿਰ ਜੀਵਿਆ ਮੜਕ ਨਾਲ ਜੀਵਿਆ। ਉਹਦੇ ਪੁੱਤਰ ਸੁਰਿੰਦਰ ਅਮਰ ਨਾਥ ਤੇ ਮਹਿੰਦਰ ਅਮਰ ਨਾਥ ਵੀ ਭਾਰਤ ਦੇ ਅੰਤਰਰਾਸ਼ਟਰੀ ਟੈੱਸਟ ਮੈਚਾਂ ਦੇ ਖਿਡਾਰੀ ਬਣੇ। ਤੀਜਾ ਪੁੱਤ ਰਾਜਿੰਦਰ ਤੇ ਪੋਤਾ ਦਿਗਵਿਜੇ ਵੀ ਫਸਟ ਕਲਾਸ ਕ੍ਰਿਕਟ ਖੇਡੇ। ਕ੍ਰਿਕਟ ਦੀ ਖੇਡ ਲਾਲਾ ਅਮਰ ਨਾਥ ਪਰਿਵਾਰ ਦੀ ਜੱਦੀ ਪੁਸ਼ਤੀ ਖੇਡ ਬਣੀ ਆ ਰਹੀ ਹੈ।

ਲਾਲਾ, ਮੀਆਂ ਤੇ ਸਰਦਾਰ ਪੰਜਾਬੀਆਂ ਦੇ ਸਤਿਕਾਰਯੋਗ ਸੰਬੋਧਨ ਹਨ। ਪੰਜਾਬੀਆਂ ’ਚ ਹਿੰਦੂ ਨੂੰ ਲਾਲਾ, ਮੁਸਲਮਾਨ ਨੂੰ ਮੀਆਂ ਤੇ ਸਿੱਖ ਨੂੰ ਸਰਦਾਰ ਕਹਿ ਕੇ ਬੁਲਾਉਣਾ ਉਨ੍ਹਾਂ ਨੂੰ ਸਤਿਕਾਰ ਦੇਣਾ ਹੁੰਦਾ ਹੈ। ਸਿਆਸਤ ਵਿੱਚ ਲਾਲਾ ਲਾਜਪਤ ਰਾਏ, ਪੱਤਰਕਾਰੀ ਵਿੱਚ ਲਾਲਾ ਜਗਤ ਨਰਾਇਣ, ਕ੍ਰਿਕਟ ਵਿੱਚ ਲਾਲਾ ਅਮਰਨਾਥ ਤੇ ਪੰਜਾਬੀ ਕਵਿਤਾ ਵਿੱਚ ਲਾਲਾ ਧਨੀ ਰਾਮ ਚਾਤ੍ਰਿਕ ਪੰਜਾਬ ਦੇ ਨਾਮੀ ਵਿਅਕਤੀ ਹੋਏ ਹਨ। ਲਾਲਾ ਅਮਰ ਨਾਥ ਭਾਰਦਵਾਜ ਪੰਜਾਬ ਦਾ ਲੀਜੈਂਡਰੀ ਕ੍ਰਿਕਟਰ ਸੀ। ਉਹ ਭਾਰਤੀ ਕ੍ਰਿਕਟ ਟੀਮ ਦਾ ਮੈਂਬਰ, ਕਪਤਾਨ, ਚੋਣਕਾਰ, ਮੈਨੇਜਰ ਤੇ ਕੌਮਾਂਤਰੀ ਕ੍ਰਿਕਟ ਦਾ ਕੁਮੈਂਟੇਟਰ ਰਿਹਾ। ਸ਼ਾਨ ਨਾਲ ਖੇਡਿਆ ਤੇ ਮੜਕ ਨਾਲ ਜੀਵਿਆ।

Advertisement

ਉਹਦਾ ਜਨਮ 11 ਸਤੰਬਰ 1911 ਨੂੰ ਕਪੂਰਥਲੇ ਵਿੱਚ ਹੋਇਆ ਸੀ। ਵਡੇਰੀ ਉਮਰ ਦੇ ਮੈਰਾਥਨ ਦੌੜਾਕ ਬਾਬਾ ਫੌਜਾ ਸਿੰਘ ਦਾ ਜਨਮ ਵੀ 1911 ਵਿੱਚ ਹੀ ਹੋਇਆ ਸੀ। ਦੋਹਾਂ ਦੇ ਜਨਮ ਸਥਾਨ ਨਜ਼ਦੀਕ ਹਨ। ਜਿੱਥੇ ਲਾਲਾ ਅਮਰ ਨਾਥ ਨੇ ਕ੍ਰਿਕਟ ਦੀ ਖੇਡ ਵਿੱਚ ਨਾਮਣਾ ਖੱਟਿਆ, ਉੱਥੇ ਬਾਬਾ ਫੌਜਾ ਸਿੰਘ ਨੇ 101ਵੇਂ ਸਾਲ ਦੀ ਉਮਰੇ 26 ਮੀਲ ਦੀ ਮੈਰਾਥਨ ਦੌੜ ਲਾ ਕੇ ਵਿਸ਼ਵ ਰਿਕਾਰਡ ਰੱਖਿਆ। 5 ਅਗਸਤ 2000 ਨੂੰ 89 ਸਾਲ ਦੀ ਉਮਰੇ ਲਾਲਾ ਜੀ ਦੀ ਮੌਤ ਹੋ ਗਈ। ਬਾਬਾ ਫੌਜਾ ਸਿੰਘ 2000 ਵਿੱਚ ਪਹਿਲੀ ਵਾਰ ਲੰਡਨ ਦੀ ਮੈਰਾਥਨ ਦੌੜਿਆ ਤੇ 14 ਜੁਲਾਈ 2025 ਨੂੰ ਪਰਲੋਕ ਸਿਧਾਰਿਆ।

ਪਰਲੋਕ ਸਿਧਾਰ ਜਾਣ ਪਿੱਛੋਂ ਵੀ ਲਾਲਾ ਅਮਰ ਨਾਥ ਦੀ ਜੋਸ਼ੀਲੀ ਖੇਡ ਦੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਹਨ। ਉਹਨੂੰ ਬੇਸ਼ੱਕ ਬੜਬੋਲਾ ਕਿਹਾ ਜਾਂਦਾ ਸੀ, ਪਰ ਉਹਦਾ ਫੰਨੇ ਖਾਂ ਕ੍ਰਿਕਟਰ ਹੋਣਾ, ਭਾਰਤੀ ਟੀਮਾਂ ਦਾ ਕਪਤਾਨ ਹੋਣਾ, ਭਾਰਤੀ ਕ੍ਰਿਕਟ ਟੀਮਾਂ ਦਾ ਚੋਣਕਾਰ ਹੋਣਾ ਤੇ ਕ੍ਰਿਕਟ ਮੈਚਾਂ ਦਾ ਕੁਮੈਂਟੇਟਰ ਹੋਣਾ ਉਸ ਨੂੰ ਅਮਰ ਕਰ ਗਿਆ। ਉਹ ਜਿੰਨਾ ਚਿਰ ਜੀਵਿਆ, ਮੜਕ ਨਾਲ ਤੁਰਿਆ ਤੇ ਮਿਜਾਜ਼ ਨਾਲ ਵਿਚਰਿਆ।

ਲਾਲਾ ਅਮਰ ਨਾਥ ਅਜੇ ਬਾਲਕ ਹੀ ਸੀ ਕਿ ਉਨ੍ਹਾਂ ਦਾ ਪਰਿਵਾਰ ਲਾਹੌਰ ਚਲਾ ਗਿਆ। ਉੱਥੇ ਅੰਗਰੇਜ਼ਾਂ ਨੂੰ ਕ੍ਰਿਕਟ ਖੇਡਦਿਆਂ ਵੇਖ ਕੇ ਬਾਲਕ ਅਮਰ ਨਾਥ ਕ੍ਰਿਕਟ ਦੀ ਖੇਡ ਵੱਲ ਖਿੱਚਿਆ ਗਿਆ। ਪੜ੍ਹਾਈ ਕਰਨ ਦੇ ਨਾਲ ਉਹ ਕ੍ਰਿਕਟ ਵੀ ਖੇਡਦਾ ਰਿਹਾ ਜਿਸ ਨਾਲ ਕ੍ਰਿਕਟ ਦਾ ਨਾਮੀ ਖਿਡਾਰੀ ਬਣ ਗਿਆ। ਲਾਹੌਰ ਦੇ ਕ੍ਰਿਕਟ ਮੈਦਾਨਾਂ ਵਿੱਚ ਖੇਡਦਿਆਂ ਉਹਦੀ ਗੁੱਡੀ ਅਸਮਾਨੀ ਚੜ੍ਹਦੀ ਗਈ। ਉਦੋਂ ਉਹ 22 ਸਾਲਾਂ ਦਾ ਸੀ ਜਦੋਂ ਇੰਗਲੈਂਡ ਦੀ ਕ੍ਰਿਕਟ ਟੀਮ ਭਾਰਤ ’ਚ ਟੈਸਟ ਮੈਚ ਖੇਡਣ ਆਈ। ਦਸੰਬਰ 1933 ਦੇ ਦਿਨ ਸਨ। ਲਾਲਾ ਅਮਰ ਨਾਥ ਦੀ ਹੋਣਹਾਰੀ ਵੇਖ ਕੇ ਨੂੰ ਉਸ ਨੂੰ ਭਾਰਤ ਦੀ ਕ੍ਰਿਕਟ ਟੀਮ ਵਿੱਚ ਚੁਣ ਲਿਆ ਗਿਆ।

ਮੇਰਲੀਬੋਨ ਕ੍ਰਿਕਟ ਕਲੱਬ ਇੰਗਲੈਂਡ ਦੀ ਟੀਮ ਉਦੋਂ ਵਿਸ਼ਵ ਭਰ ’ਚ ਮੰਨੀ ਪ੍ਰਮੰਨੀ ਸੀ। ਉਸ ਟੀਮ ਦਾ ਕਪਤਾਨ ਹੰਢਿਆ ਵਰਤਿਆ ਕ੍ਰਿਕਟਰ ਡਗਲਸ ਜਾਰਡੀਨ ਸੀ। ਕੁਝ ਖੇਤਰੀ ਮੈਚ ਖੇਡਣ ਪਿੱਛੋਂ ਬੰਬਈ ਦੇ ਜਿਮਖਾਨਾ ਕ੍ਰਿਕਟ ਮੈਦਾਨ ਵਿੱਚ 15 ਦਸੰਬਰ 1933 ਨੂੰ ਇੰਗਲੈਂਡ ਤੇ ਇੰਡੀਆ ਵਿਚਕਾਰ ਪਹਿਲਾ ਟੈਸਟ ਮੈਚ ਸ਼ੁਰੂ ਹੋਇਆ। ਇੰਡੀਆ ਦੇ ਕੈਪਟਨ ਸੀ.ਕੇ. ਨਾਇਡੂ ਨੇ ਟੌਸ ਜਿੱਤਿਆ ਤੇ ਬੱਲੇਬਾਜ਼ੀ ਸ਼ੁਰੂ ਕੀਤੀ। ਲਾਹੌਰ ਦੇ ਅਮਰ ਨਾਥ ਲਈ ਇਹ ਪਹਿਲਾ ਟੈਸਟ ਮੈਚ ਸੀ ਜਿਸ ਲਈ ਉਹ ਪੂਰਾ ਤਿਆਰ ਸੀ। ਪਹਿਲੀ ਪਾਰੀ ਵਿੱਚ ਉਹ ਤੀਜੇ ਨੰਬਰ ’ਤੇ ਬੱਲੇਬਾਜ਼ੀ ਕਰਨ ਆਇਆ ਤੇ 38 ਦੌੜਾਂ ਬਣਾ ਕੇ ਪਵੇਲੀਅਨ ਪਰਤ ਗਿਆ। ਉਸ ਨੂੰ ਅਹਿਸਾਸ ਹੋਇਆ ਕਿ ਉਹ ਦਰਸ਼ਕਾਂ ਦੀਆਂ ਉਮੀਦਾਂ ’ਤੇ ਖਰਾ ਨਹੀਂ ਉਤਰਿਆ, ਪਰ ਆਪਣੇ ਟੈਸਟ ਕਰੀਅਰ ਦੀ ਪਹਿਲੀ ਪਾਰੀ ਵਿੱਚ 38 ਰਨ ਵੀ ਬਾਕੀ ਸਾਰੇ ਖਿਡਾਰੀਆਂ ਨਾਲੋਂ ਵੱਧ ਸਨ। ਸਾਰੀ ਦੀ ਸਾਰੀ ਟੀਮ ਕੁਲ 219 ਦੌੜਾਂ ਬਣਾ ਕੇ ਆਊਟ ਹੋ ਗਈ ਸੀ।

ਭਾਰਤ ਦੀ ਦੂਜੀ ਪਾਰੀ ਦਾ ਆਰੰਭ ਹੋਇਆ ਤਾਂ ਸਲਾਮੀ ਬੱਲੇਬਾਜ਼ ਵਜ਼ੀਰ ਅਲੀ ਤੇ ਨਵਲੇ ਸਿਰਫ਼ 5 ਤੇ 4 ਦੌੜਾਂ ਬਣਾ ਕੇ ਚੱਲਦੇ ਬਣੇ। ਇੰਡੀਆ ਦੀ ਟੀਮ ਲਈ ਆਪਣੇ ਹੀ ਗਰਾਊਂਡ ਵਿੱਚ ਸਥਿਤੀ ਬੜੀ ਨਾਜ਼ਕੁ ਸੀ। ਇੰਗਲੈਂਡ ਦੇ ਟੂਰ ’ਤੇ ਜਾ ਕੇ ਮੈਚ ਹਾਰਨਾ ਹੋਰ ਗੱਲ ਹੁੰਦੀ ਹੈ, ਪਰ ਘਰ ਦੇ ਮੈਦਾਨ ਵਿੱਚ ਆਪਣੇ ਹਮਵਤਨਾਂ ਸਾਹਵੇਂ ਹਾਰਨਾ ਹੋਰ। ਉੱਧਰ ਧੁਨੰਤਰ ਗੇਂਦਬਾਜ਼ ਕਲਾਰਕ ਤੇ ਨਿਕਲਸ ਤੇਜ਼ਤਰਾਰ ਬਾਲਾਂ ਸੁੱਟ ਰਹੇ ਸਨ। ਉਨ੍ਹਾਂ ਦਾ ਟਾਕਰਾ ਕਰਨ ਲਈ ਪੰਜਾਬ ਦੇ ਚੰਚਲ ਚੋਬਰ ਅਮਰ ਨਾਥ ਨੂੰ ਮੈਦਾਨ ’ਚ ਧੱਕ ਦਿੱਤਾ ਗਿਆ। ਉਸ ਨੇ ਕਲਾਰਕ ਤੇ ਨਿਕਲਸ ਦੀਆਂ ਖ਼ੌਫ਼ਨਾਕ ਬਾਲਾਂ ਨੂੰ ਪੈਂਦੀ ਸੱਟੇ ਅਜਿਹੇ ਟੋਲੇ ਮਾਰਨੇ ਸ਼ੁਰੂ ਕੀਤੇ ਕਿ ਸਟੇਡੀਅਮ ’ਚ ਬੈਠੇ 40 ਹਜ਼ਾਰ ਦਰਸ਼ਕ ਹੈਰਾਨ ਰਹਿ ਗਏ। ਲਹੌਰੀਏ ਗੱਭਰੂ ਨੇ ਬੱਲਾ ਐਸਾ ਘੁੰਮਾਇਆ ਕਿ ਇੱਕ ਘੰਟੇ ’ਚ ਹੀ ਅਰਧ ਸੈਂਕੜੇ ਦੀਆਂ 50 ਦੌੜਾਂ ਬਣਾ ਕੇ ਗੋਰਿਆਂ ਨੂੰ ਹੈਰਾਨੀ ਦੇ ਸਾਗਰ ’ਚ ਡੋਬ ਦਿੱਤਾ। ਕ੍ਰਿਕਟ ਜਗਤ ਦੇ ਮਾਹਿਰ ਭਾਰਤ ਦੇ ਉੱਤਰ ਵੱਲੋਂ ਚੜ੍ਹਦੇ ਸਿਤਾਰੇ ਨੂੰ ਨੀਝ ਨਾਲ ਵੇਖਣ ਲੱਗੇ। ਲਹੌਰੀਏ ਭਾਊ ਦਾ ਬੱਲਾ ਬਿਜਲੀ ਦੀ ਚਮਕ ਵਾਂਗ ਘੁੰਮ ਰਿਹਾ ਸੀ। ਉਹ ਵੀ ਆਪਣੇ ਪਹਿਲੇ ਹੀ ਕੌਮਾਂਤਰੀ ਟੈਸਟ ਮੈਚ ਵਿੱਚ ਤੇ ਕ੍ਰਿਕਟ ਦੇ ਕਿੰਗ ਕਹਾਉਂਦੇ ਆਪਣੇ ਮਾਲਕਾਂ ਇੰਗਲੈਂਡ ਵਿਰੁੱਧ। ਦਰਸ਼ਕ ਸਕਤੇ ਵਿੱਚ ਸਨ ਕਿ ਵੇਖੋ ਅਮਰ ਨਾਥ ਸੈਂਚਰੀ ਮਾਰਦਾ ਹੈ ਜਾਂ ਨਹੀਂ?

ਅਖ਼ੀਰ ਉਹੀ ਗੱਲ ਹੋਈ। ਜਦੋਂ ਅਮਰ ਨਾਥ ਨੇ ਸੈਂਕੜਾ ਮਾਰ ਕੇ ਬੱਲੇ ਦੀ ਸਲਾਮੀ ਦਿੱਤੀ ਤਾਂ ਸਾਰਾ ਸਟੇਡੀਅਮ ਖ਼ੁਸ਼ੀ ਨਾਲ ਝੂਮ ਉੱਠਿਆ। ਤਾੜੀਆਂ ਦਾ ਸ਼ੋਰ ਸਟੇਡੀਅਮ ਤੋਂ ਬਾਹਰ ਵੀ ਸੁਣਾਈ ਦੇਣ ਲੱਗਾ। ਉਹਦੇ ਖੇਡ ਪ੍ਰਸੰਸਕ ਹਾਰ ਲੈ ਕੇ ਮੈਦਾਨ ਵੱਲ ਨੱਠੇ ਤੇ ਆਪਣੇ ਹੀਰੋ ਨੂੰ ਵਧਾਈਆਂ ਦੇਣ ਲੱਗੇ। ਇੰਗਲੈਂਡ ਦੇ ਕੈਪਟਨ ਨੇ ਉਸ ਨੂੰ ਸਭ ਤੋਂ ਪਹਿਲਾਂ ਮੁਬਾਰਕਬਾਦ ਦਿੱਤੀ। ਅਮਰ ਨਾਥ ਨੇ ਆਪਣੇ ਪਹਿਲੇ ਹੀ ਇੰਟਰਨੈਸ਼ਨਲ ਟੈਸਟ ਮੈਚ ਵਿੱਚ ਆਪਣੇ ਕਰੀਅਰ ਦੀ ਪਹਿਲੀ ਵੱਡੀ ਮੱਲ ਮਾਰਨ ਪਿੱਛੋਂ ਵੀ ਆਪਣੇ ਬੱਲੇ ਨੂੰ ਉਸੇ ਤੇਜ਼ੀ ਨਾਲ ਘੁੰਮਾਇਆ ਤੇ 118 ਦੌੜਾਂ ਜੋੜ ਕੇ ਮੈਦਾਨ ਛੱਡਿਆ। ਉਹਦੀ ਇਸ ਸਫਲਤਾ ’ਤੇ ਬੰਬਈ ਦੇ ਖੇਡ ਪ੍ਰੇਮੀਆਂ ਨੇ ਤੋਹਫ਼ਿਆਂ ਦੀ ਝੜੀ ਲਾ ਦਿੱਤੀ। ਪ੍ਰਸੰਸਕਾਂ ਨੇ ਉਸ ਨੂੰ ਸੋਨੇ ਦਾ ਕਟੋਰਾ ਭੇਟ ਕੀਤਾ। ਪਿੱਛੋਂ ਸੋਆਂ ਨਿਕਲੀਆਂ ਕਿ ਬੰਬਈ ਦੀਆਂ ਔਰਤਾਂ ਨੇ ਉਹਦੀ ਖੇਡ ਉਤੋਂ ਆਪਣੇ ਗਹਿਣੇ ਵੀ ਵਾਰ ਦਿੱਤੇ ਸਨ!

ਅਜੋਕੇ ਦੌਰ ਵਾਂਗ ਉਦੋਂ ਕ੍ਰਿਕਟ ਦੀ ਖੇਡ ਦਾ ਬਹੁਤਾ ਖਿਲਾਰਾ ਨਹੀਂ ਸੀ ਹੁੰਦਾ। ਸਿਰਫ਼ ਟੈਸਟ ਮੈਚ ਹੀ ਹੁੰਦੇ ਸਨ ਤੇ ਉਹ ਵੀ ਗਿਣਤੀ ਮਿਣਤੀ ਦੇ। ਅਮਰ ਨਾਥ ਨੇ ਇੰਟਨੈਸ਼ਨਲ ਪੱਧਰ ’ਤੇ ਕੁਲ 24 ਟੈਸਟ ਮੈਚ ਖੇਡੇ ਜਿਨ੍ਹਾਂ ’ਚ 15 ਟੈਸਟ ਮੈਚਾਂ ਵਿੱਚ ਉਹ ਭਾਰਤੀ ਟੀਮ ਦਾ ਕਪਤਾਨ ਸੀ। ਟੈਸਟ ਮੈਚਾਂ ਵਿੱਚ ਉਸ ਨੇ 24.38 ਦੀ ਔਸਤ ਨਾਲ ਕੁਲ 878 ਦੌੜਾਂ ਬਣਾਈਆਂ ਜੋ ਅਜੋਕੇ ਦੌਰ ਵਿੱਚ ਮਾਮੂਲੀ ਸਮਝੀਆਂ ਜਾਂਦੀਆਂ ਹਨ, ਪਰ ਖਿਡਾਰੀਆਂ ਦੀਆਂ ਖੇਡ ਪ੍ਰਾਪਤੀਆਂ ਨੂੰ ਸਮੇਂ ਦੇ ਪ੍ਰਸੰਗ ਵਿੱਚ ਹੀ ਪਰਖਣਾ ਚਾਹੀਦਾ ਹੈ।

ਅਮਰ ਨਾਥ ਜਿੰਨਾ ਤਕੜਾ ਬੱਲੇਬਾਜ਼ ਸੀ ਓਨਾ ਹੀ ਵਧੀਆ ਗੇਂਦਬਾਜ਼ ਵੀ ਸੀ। ਇੱਥੋਂ ਤੱਕ ਕਿ ਵਿਕਟ ਕੀਪਰ ਵੀ ਚੰਗਾ ਸੀ। ਉਸ ਨੇ ਗੇਂਦਬਾਜ਼ ਵਜੋਂ 32.91 ਦੀ ਔਸਤ ਨਾਲ 45 ਵਿਕਟਾਂ ਲਈਆਂ ਸਨ। ਉਸ ਦਾ ਇੰਗਲੈਂਡ ਵਿਰੁੱਧ ਸਰਬੋਤਮ ਸਕੋਰ 118, ਆਸਟਰੇਲੀਆ ਵਿਰੁੱਧ 46, ਵੈਸਟ ਇੰਡੀਜ਼ ਵਿਰੁੱਧ 62 ਤੇ ਪਾਕਿਸਤਾਨ ਵਿਰੁੱਧ 61 ਸੀ। ਇੰਗਲੈਂਡ ਵਿਰੁੱਧ ਖੇਡਦਿਆਂ ਇੱਕ ਵਾਰ ਉਸ ਨੇ 118 ਦੌੜਾਂ ਦੇ ਕੇ 5 ਵਿਕਟਾਂ ਲਈਆਂ ਸਨ ਤੇ ਦੂਜੀ ਵਾਰ 96 ਦੌੜਾਂ ਦੇ ਕੇ 5 ਵਿਕਟਾਂ।

ਉਸ ਨੂੰ ਕਪਤਾਨਾਂ ਦਾ ਕਪਤਾਨ ਵੀ ਕਿਹਾ ਜਾਂਦਾ ਸੀ। ਰਣਜੀ ਟਰਾਫੀ ਲਈ ਉਹ 1933 ਤੋਂ 1958 ਤੱਕ ਖੇਡਿਆ ਸੀ ਤੇ 25 ਸਾਲ ਕਿਸੇ ਨਾ ਕਿਸੇ ਟੀਮ ਦਾ ਕਪਤਾਨ ਹੀ ਬਣਦਾ ਰਿਹਾ ਸੀ। 1947-48 ਵਿੱਚ ਉਸ ਨੂੰ ਆਜ਼ਾਦ ਭਾਰਤ ਦੀ ਪਹਿਲੀ ਭਾਰਤੀ ਟੀਮ ਦਾ ਕਪਤਾਨ ਬਣਾਇਆ ਗਿਆ ਸੀ। ਉਹ ਟੀਮ ਆਸਟਰੇਲੀਆ ਦੇ ਦੌਰੇ ’ਤੇ ਗਈ ਸੀ। ਉਦੋਂ ਆਸਟਰੇਲੀਆ ਦੀ ਟੀਮ ਦਾ ਕਪਤਾਨ ਕ੍ਰਿਕਟ ਦਾ ਮਹਾਨ ਖਿਡਾਰੀ ਡੋਨਾਲਡ ਬਰਾਡਮਨ ਸੀ। ਉੱਥੇ ਅਮਰ ਨਾਥ ਨੇ ਇੰਨੀ ਵਧੀਆ ਖੇਡ ਵਿਖਾਈ ਕਿ ਖੇਡ ਲੇਖਕ ਆਥਰ ਮੈਲੀ ਨੇ ਲਿਖਿਆ, “ਦਰਸ਼ਕਾਂ ਦੀਆਂ ਬਹੁਤੀਆਂ ਭੀੜਾਂ ਹੁਣ ਬਰਾਡਮਨ ਨੂੰ ਨਹੀਂ, ਲਾਲਾ ਅਮਰ ਨਾਥ ਦੀ ਖੇਡ ਵੇਖਣ ਆਉਂਦੀਆਂ ਹਨ। ਬਰਾਡਮਨ ਨੇ ਖ਼ੁਦ ਆਪਣੀ ਪੁਸਤਕ ‘ਫੇਅਰਵੈੱਲ ਟੂ ਕ੍ਰਿਕਟ’ ਵਿੱਚ ਅਮਰ ਨਾਥ ਦੀ ਖੇਡ ਨੂੰ ਰੱਜ ਕੇ ਸਲਾਹਿਆ ਤੇ ਉਹਦੀ ਕਪਤਾਨੀ ਦਾ ਸਿੱਕਾ ਮੰਨਿਆ।

1948-49 ਵਿੱਚ ਜਦੋਂ ਵੈਸਟ ਇੰਡੀਜ਼ ਦੀ ਟੀਮ ਭਾਰਤ ਦੇ ਦੌਰੇ ’ਤੇ ਆਈ ਤਾਂ ਭਾਰਤੀ ਟੀਮ ਦੀ ਕਪਤਾਨੀ ਦੁਬਾਰਾ ਲਾਲਾ ਅਮਰ ਨਾਥ ਨੂੰ ਸੌਂਪੀ ਗਈ। 1952 ਵਿੱਚ ਪਾਕਿਸਤਾਨ ਦੀ ਟੀਮ ਦੇ ਭਾਰਤੀ ਦੌਰੇ ਸਮੇਂ ਉਹ ਫਿਰ ਭਾਰਤੀ ਟੀਮ ਦਾ ਕਪਤਾਨ ਸੀ। ਉਦੋਂ ਭਾਰਤ-ਪਾਕਿ ਟੈਸਟ ਲੜੀ ਭਾਰਤ ਨੇ ਜਿੱਤੀ। 1954-55 ਵਿੱਚ ਭਾਰਤੀ ਟੀਮ ਪਾਕਿਸਤਾਨ ਦੇ ਦੌਰੇ ’ਤੇ ਗਈ ਤਾਂ ਲਾਲਾ ਅਮਰ ਨਾਥ ਟੀਮ ਦਾ ਮੈਨੇਜਰ ਸੀ। ਉਸ ਨੇ ਭਾਰਤ-ਪਾਕਿ ਸਬੰਧ ਸੁਧਾਰਨ ਵਿੱਚ ਵਿਸ਼ੇਸ਼ ਰੋਲ ਨਿਭਾਇਆ। ਹਾਲਾਂਕਿ 1947 ਵਿੱਚ ਦੇਸ਼ ਵੰਡ ਸਮੇਂ ਲੱਖਾਂ ਪੰਜਾਬੀਆਂ ਦਾ ਘਾਣ ਹੋਇਆ ਸੀ ਤੇ ਅਮਰ ਨਾਥ ਦਾ ਪਰਿਵਾਰ ਵੀ ਮਸੀਂ ਜਾਨ ਬਚਾ ਕੇ ਪਟਿਆਲੇ ਪੁੱਜਾ ਸੀ। ਉਸ ਦਾ ਬਚਪਨ ਕਪੂਰਥਲਾ, ਜਵਾਨੀ ਲਾਹੌਰ, ਅਧੇੜ ਉਮਰ ਪਟਿਆਲੇ ਤੇ ਬੁਢਾਪਾ ਦਿੱਲੀ ਵਿੱਚ ਬੀਤਿਆ ਸੀ। ਉਹ ਰਵਾਇਤੀ ਪੰਜਾਬੀ ਸੀ ਜੋ ਢਿੱਡ ਦੀ ਗੱਲ ਮੂੰਹ ’ਤੇ ਕਹਿਣ ਵਾਲਾ ਸੀ। ਮੂੰਹ ’ਤੇ ਗੱਲ ਕਹਿਣ ਕਰਕੇ ਉਹ ਇੱਕ ਵਾਰ ਟੀਮ ਤੋਂ ਬਾਹਰ ਵੀ ਹੋਇਆ ਤੇ ਇੱਕ ਵਾਰ ਭਾਰਤੀ ਟੀਮ ਦੀ ਕਪਤਾਨੀ ਵੀ ਗੁਆਉਣੀ ਪਈ ਸੀ।

1939-45 ਦੀ ਦੂਜੀ ਵਿਸ਼ਵ ਜੰਗ ਤੋਂ ਪਹਿਲਾਂ ਉਸ ਨੂੰ ਇੰਡੀਆ ਦੀ ਟੀਮ ਤੋਂ ਲਾਂਭੇ ਕੀਤਾ ਗਿਆ ਸੀ। ਫਿਰ ਜੰਗ ਮੁੱਕੀ ਤੋਂ ਬਾਅਦ ਮੁੜ ਟੀਮ ਵਿੱਚ ਪਾਇਆ ਗਿਆ ਸੀ। 1946 ’ਚ ਇੰਗਲੈਂਡ ਦੇ ਦੌਰੇ ’ਤੇ ਗਈ ਭਾਰਤੀ ਟੀਮ ਦਾ ਗੇਂਦਬਾਜ਼ ਬਣ ਕੇ ਇੰਗਲੈਂਡ ਦੇ ਬੱਲੇਬਾਜ਼ਾਂ ਨੂੰ ਵਖਤ ਪਾਈ ਰੱਖਿਆ ਸੀ। ਰੂਸੀ ਮੋਦੀ ਨੇ ਆਪਣੀ ਪੁਸਤਕ ‘ਕੁਝ ਭਾਰਤੀ ਕ੍ਰਿਕਟ ਖਿਡਾਰੀ’ ਵਿੱਚ ਲਾਲਾ ਅਮਰ ਨਾਥ ਨੂੰ ਜੋਸ਼ੀਲੀ ਸ਼ਖ਼ਸੀਅਤ ਦਾ ਮਾਲਕ, ਬਹਾਦਰ ਪੰਜਾਬੀ, ਜਮਾਂਦਰੂ ਲੀਡਰ ਤੇ ਬਿਨਾਂ ਕਿਸੇ ਕਾਰਨ ਔਕੜਾਂ ਸਹੇੜਨ ਵਾਲਾ ਰਚਨਾਤਮਕ ਕ੍ਰਿਕਟਰ ਲਿਖਿਆ। ਬੱਲੇਬਾਜ਼ ਤੇ ਗੇਂਦਬਾਜ਼ ਹੋਣ ਦੇ ਨਾਲ ਨਾਲ ਉਹ ਵਧੀਆ ਵਿਕਟ ਕੀਪਰ ਵੀ ਸੀ। ਇੱਕੋ ਖਿਡਾਰੀ ਵਿੱਚ ਇਹ ਤਿੰਨੇ ਗੁਣ ਬੜੇ ਘੱਟ ਲੱਭਦੇ ਹਨ। ਉਹ ਫਜ਼ੂਲ ਗੱਲਾਂ ਵਿੱਚ ਸਮਾਂ ਬਰਬਾਦ ਨਹੀਂ ਸੀ ਕਰਦਾ ਤੇ ਸਿੱਧਾ ਸਪਾਟ ਬੋਲਦਾ ਸੀ। ਉਹ ਵੇਖ ਵਿਖਾਵੇ ਤੇ ਮੋਮੋਠਗਣੀਆਂ ਗੱਲਾਂ ਤੋਂ ਲਾਂਭੇ ਰਹਿ ਕੇ ਖ਼ੁਸ਼ ਸੀ ਜਿਸ ਕਰਕੇ ਕਈ ਬੰਦੇ ਉਸ ਨੂੰ ਆਪਮੱਤਾ ਤੇ ਮਾਣਮੱਤਾ ਵੀ ਸਮਝਦੇ।

1948 ਵਿੱਚ ਵੈਸਟ ਇੰਡੀਜ਼ ਵਿਰੁੱਧ ਮੈਚ ਖੇਡਣ ਲਈ ਬਤੌਰ ਕਪਤਾਨ ਉਹ ਬੰਬਈ ਗਿਆ ਤਾਂ ਉਸ ਨੇ ਭਾਰਤੀ ਕ੍ਰਿਕਟ ਬੋਰਡ ਦੇ ਪ੍ਰਧਾਨ ਐਂਥੋਨੀ ਡੀ.ਮੈਲੋ ਦੇ ਨਿਵਾਸ ਸਥਾਨ ’ਤੇ ਫੇਰਾ ਮਾਰਨਾ ਫਜ਼ੂਲ ਸਮਝਿਆ। ਡੀ.ਮੈਲੋ ਨੂੰ ਉਹਦਾ ਵਤੀਰਾ ਪਸੰਦ ਨਾ ਆਇਆ। ਪ੍ਰਧਾਨ ਨੇ ਸ਼ਾਮੀਂ 8 ਵਜੇ ਸਾਰੇ ਖਿਡਾਰੀਆਂ ਨੂੰ ‘ਰਚਨਾਤਮਕ ਗੱਲਬਾਤ’ ਦਾ ਸੱਦਾ ਦੇ ਕੇ ਆਪਣੀ ਸਰਦਾਰੀ ਜਤਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਰਚਨਾਤਮਕ ਗੱਲਬਾਤ ਅਮਰ ਨਾਥ ਤੇ ਡੀ.ਮੈਲੋ ਵਿਚਕਾਰ ਤੂੰ-ਤੂੰ ਮੈਂ-ਮੈਂ ਤੱਕ ਅੱਪੜ ਗਈ। ਡੀ.ਮੈਲੋ ਨੇ ਅਮਰ ਨਾਥ ਖਿਲਾਫ਼ ਕਈ ਦੋਸ਼ ਲਾ ਦਿੱਤੇ, ਪਰ ਇੱਕ ਵਾਰ ਫਿਰ ਅਮਰ ਨਾਥ ਨੂੰ ਦੋਸ਼ਾਂ ਤੋਂ ਬਰੀ ਕਰਾਰ ਦੇ ਦਿੱਤਾ ਗਿਆ ਕਿਉਂਕਿ ਉਹ ਸਾਰੇ ਦੋਸ਼ ਨਿਰਮੂਲ ਸਨ।

ਰਣਜੀ ਟਰਾਫੀ ਮੈਚ ਉਹ 1934-35 ਤੋਂ 1951-52 ਤੱਕ ਦੱਖਣੀ ਪੰਜਾਬ ਵੱਲੋਂ ਖੇਡਿਆ। 1952-53 ਵਿੱਚ ਗੁਜਰਾਤ ਵੱਲੋਂ ਖੇਡਿਆ, 1953-54 ਤੇ 1956-57 ਵਿੱਚ ਪਟਿਆਲਾ ਵੱਲੋਂ, 1954-55 ਵਿੱਚ ਉੱਤਰ ਪ੍ਰਦੇਸ਼ ਅਤੇ 1955-56 ਵਿੱਚ ਰੇਲਵੇ ਵੱਲੋਂ ਖੇਡਿਆ। 1958 ਵਿੱਚ ਆਖ਼ਰੀ ਵਾਰ ਰੇਲਵੇ ਵੱਲੋਂ ਖੇਡਦਿਆਂ ਇੱਕ ਮੈਚ ਵਿੱਚ ਬਿਨਾਂ ਕੋਈ ਦੌੜ ਦਿੱਤਿਆਂ ਉਸ ਨੇ 4 ਵਿਕਟਾਂ ਲਈਆਂ। ਰਣਜੀ ਟਰਾਫੀ ਮੈਚਾਂ ਵਿੱਚ ਉਸ ਨੇ ਕੁਲ 2764 ਦੌੜਾਂ ਦੇ ਕੇ 14.54 ਦੀ ਔਸਤ ਨਾਲ 190 ਵਿਕਟਾਂ ਬਟੋਰੀਆਂ। ਰਣਜੀ ਟਰਾਫੀ ਲਈ ਉਹ ਕੁਲ 57 ਪਾਰੀਆਂ ਖੇਡਿਆ ਤੇ 6 ਸੈਂਚਰੀਆਂ ਸਮੇਤ 2162 ਦੌੜਾਂ ਬਣਾਈਆਂ।

ਦੂਜੀ ਵਿਸ਼ਵ ਜੰਗ ਤੋਂ ਪਹਿਲਾਂ ਉਹ ਕੇਵਲ 3 ਟੈਸਟ ਮੈਚ ਖੇਡਿਆ ਸੀ, ਪਰ ਜੰਗ ਤੋਂ ਬਾਅਦ 21 ਟੈਸਟ ਮੈਚ ਖੇਡਿਆ। ਉਸ ਨੇ ਇੰਡੋ-ਪਾਕਿ ਕ੍ਰਿਕਟ ਮੈਚਾਂ ਰਾਹੀਂ ਦੋਹਾਂ ਗੁਆਂਢੀ ਮੁਲਕਾਂ ਵਿਚਕਾਰ ਸਦਭਾਵਨਾ ਵਧਾਉਣ ਲਈ ਅਹਿਮ ਰੋਲ ਨਿਭਾਇਆ। 1947 ਵਿੱਚ ਲਾਹੌਰ ਤੋਂ ਉੱਜੜ ਕੇ ਉਨ੍ਹਾਂ ਦਾ ਪਰਿਵਾਰ 1957 ਤੱਕ ਪਟਿਆਲੇ ਰਿਹਾ, ਫਿਰ ਦਿੱਲੀ ਚਲਾ ਗਿਆ ਸੀ ਜਿੱਥੇ ਲਾਲਾ ਜੀ ਦਾ ਦੇਹਾਂਤ ਹੋਇਆ। 1991 ਵਿੱਚ ਭਾਰਤ ਸਰਕਾਰ ਨੇ ਲਾਲਾ ਅਮਰ ਨਾਥ ਨੂੰ ਪਦਮ ਭੂਸ਼ਨ ਪੁਰਸਕਾਰ ਨਾਲ ਸਨਮਾਨਿਤ ਕੀਤਾ। ਅੱਜ ਵੀ ਭਾਰਤ ਦੇ ਕ੍ਰਿਕਟ ਪ੍ਰੇਮੀ ਉਸ ਨੂੰ ਕ੍ਰਿਕਟ ਦੇ ਪਿਤਾਮਾ ਵਜੋਂ ਯਾਦ ਕਰਦੇ ਹਨ।

ਈ-ਮੇਲ: principalsarwansingh@gmail.com

Advertisement
Show comments