KBC 17: ਜਦੋਂ ਦਿਲਜੀਤ ਦੋਸਾਂਝ ਨੇ ਅਮਿਤਾਭ ਬੱਚਨ ਨੂੰ ਕਿਹਾ, ‘ਸਰ, ਇੱਕ ਫ਼ਿਲਮ ਮੈਨੂੰ ਚੰਗੀ ਨਹੀਂ ਲੱਗੀ’
ਮੈਗਾਸਟਾਰ ਅਮਿਤਾਭ ਬੱਚਨ ਵੱਲੋਂ ਹੋਸਟ ਕੀਤੇ ਜਾਂਦੇ ਪ੍ਰੋਗਰਾਮ 'ਕੌਨ ਬਣੇਗਾ ਕਰੋੜਪਤੀ 17' ਵਿੱਚ ਦਿਲਜੀਤ ਦੀ ਐਂਟਰੀ ਦੀਆਂ ਵੀਡੀਓ’ਜ਼ ਨਾਲ ਸੋਸ਼ਲ ਮੀਡੀਆ ਵੱਡੇ ਪੱਧਰ ’ਤੇ ਭਰਿਆ ਪਿਆ ਹੈ। ਆਉਣ ਵਾਲਾ ਐਪੀਸੋਡ 31 ਅਕਤੂਬਰ ਨੂੰ ਪ੍ਰਸਾਰਿਤ ਹੋਵੇਗਾ, ਉਸ ਵਿੱਚ ਪੰਜਾਬੀ ਸੁਪਰਸਟਾਰ ਦਿਲਜੀਤ ਦੋਸਾਂਝ ਹੌਟ ਸੀਟ ’ਤੇ ਬੈਠਿਆ ਦਿਖਾਈ ਦੇਵੇਗਾ।
ਹਾਲ ਹੀ ਵਿੱਚ ਨਿਰਮਾਤਾਵਾਂ ਨੇ ਇੰਸਟਾਗ੍ਰਾਮ 'ਤੇ ਇੱਕ ਰੌਚਕ ਪ੍ਰੋਮੋ ਜਾਰੀ ਕੀਤਾ ਹੈ ਜਿਸ ਵਿੱਚ ਦਿਲਜੀਤ ਦੋਸਾਂਝ ਬਿੱਗ ਬੀ ਨਾਲ ਮਜ਼ੇਦਾਰ ਗੱਲਬਾਤ ਕਰਦੇ ਨਜ਼ਰ ਆ ਰਹੇ ਹਨ।
ਆਪਣੀ ਗੱਲਬਾਤ ਦੌਰਾਨ ਦਿਲਜੀਤ ਨੇ ਮਹਾਨ ਅਦਾਕਾਰ ਦੀ ਪ੍ਰਸ਼ੰਸਾ ਕੀਤੀ ਪਰ ਇੱਕ ਹੈਰਾਨੀਜਨਕ ਟਿੱਪਣੀ ਵੀ ਕੀਤੀ, ਉਹ ਅਮਿਤਾਭ ਬੱਚਨ ਦੀ ਇੱਕ ਫ਼ਿਲਮ ਬਾਰੇ ਸੀ ਜੋ ਉਨ੍ਹਾਂ ਨੂੰ ਜ਼ਿਆਦਾ ਪਸੰਦ ਨਹੀਂ ਆਈ।
ਦਿਲਜੀਤ ਨੇ ਸਾਂਝਾ ਕੀਤਾ, “ ਜਦੋਂ ਤੁਹਾਡੀ ਫ਼ਿਲਮ ਆਉਂਦੀ ਸੀ, ਤਾਂ ਮੈਂ ਬਹੁਤ ਖੁਸ਼ ਹੁੰਦਾ ਸੀ ਪਰ ਸਰ, ਤੁਹਾਡੀ ਇੱਕ ਫ਼ਿਲਮ ਮੈਨੂੰ ਚੰਗੀ ਨਹੀਂ ਲੱਗੀ – ਸੌਦਾਗਰ।’’
ਆਪਣਾ ਕਾਰਨ ਸਮਝਾਉਂਦੇ ਹੋਏ, ਗਾਇਕ-ਅਦਾਕਾਰ ਨੇ ਅੱਗੇ ਕਿਹਾ, “ਉਸ ਫ਼ਿਲਮ ਵਿੱਚ, ਸਰ, ਉਨ੍ਹਾਂ ਨੇ ਐਲਾਨ ਕੀਤਾ ਕਿ ਅਮਿਤਾਭ ਬੱਚਨ ਦੀ ਫ਼ਿਲਮ ਆ ਰਹੀ ਹੈ ਅਤੇ ਫਿਰ ਤੁਹਾਨੂੰ ਗੁੜ ਵੇਚਦੇ ਹੋਏ ਦਿਖਾਇਆ ਗਿਆ।’’ ਦਿਲਜੀਤ ਅਤੇ ਅਮਿਤਾਭ ਦੀ ਇਸ ਗੱਲਬਾਤ ’ਤੇ ਲੋਕਾਂ ਵੱਲੋਂ ਖੂਬ ਕਮੈਂਟ ਕੀਤੇ ਜਾ ਰਹੇ ਹਨ।
1973 ਵਿੱਚ ਰਿਲੀਜ਼ ਹੋਈ 'ਸੌਦਾਗਰ' ਫ਼ਿਲਮ ਵਿੱਚ ਅਮਿਤਾਭ ਬੱਚਨ ਨੂੰ ਮੋਤੀ ਨਾਮ ਦੇ ਇੱਕ ਵਪਾਰੀ ਵਜੋਂ ਦਰਸਾਇਆ ਗਿਆ ਸੀ ਜੋ ਗੁੜ ਵੇਚਦਾ ਸੀ।
ਇਸ ਦੌਰਾਨ ਜਾਰੀ ਕੀਤੇ ਇੱਕ ਹੋਰ ਪ੍ਰੋਮੋ ਵਿੱਚ ਦਿਲਜੀਤ ਨੂੰ ਆਪਣੇ ਜੋਸ਼ੀਲੇ ਪ੍ਰਦਰਸ਼ਨ "ਮੈਂ ਹੂੰ ਪੰਜਾਬ" ਨਾਲ KBC ਸਟੇਜ 'ਤੇ ਸ਼ਾਨਦਾਰ ਐਂਟਰੀ ਕਰਦੇ ਹੋਏ ਦਿਖਾਇਆ ਗਿਆ ਹੈ।
ਗਾਇਕ ਦਾ ਸਵਾਗਤ ਕਰਦੇ ਹੋਏ ਅਮਿਤਾਭ ਬੱਚਨ ਨੇ ਕਿਹਾ, “ਪੰਜਾਬ ਦੇ ਪੁੱਤਰ, ਦਿਲਜੀਤ ਦੋਸਾਂਝ ਕਾ ਮੈਂ ਹਾਰਦਿਕ ਅਭਿਨੰਦਨ ਕਰਤਾ ਹੂੰ।” ਇੱਕ ਭਾਵੁਕ ਪਲ ਵਿੱਚ, ਦਿਲਜੀਤ ਨੇ ਅਮਿਤਾਭ ਦੇ ਪੈਰੀ ਹੱਥ ਲਾਏ।
