ਕਪਿਲ ਦੇ ਸ਼ੋਅ ਲਈ ਨੈਟਫਲਿਕਸ ਨੂੰ 25 ਕਰੋੜ ਦਾ ਕਾਨੂੰਨੀ ਨੋਟਿਸ
ਨਿਰਮਾਤਾ ਫਿਰੋਜ਼ ਏ ਨਾਡੀਆਡਵਾਲਾ ਨੇ ਸੀਰੀਜ਼ ਦੇ ਨਿਰਮਾਤਾਵਾਂ ਅਤੇ ਨੈੱਟਫਲਿਕਸ ਨੂੰ 25 ਕਰੋੜ ਰੁਪਏ ਦਾ ਕਾਨੂੰਨੀ ਨੋਟਿਸ ਭੇਜਿਆ ਹੈ, ਜਿਸ ਵਿੱਚ ਉਨ੍ਹਾਂ ਖ਼ਿਲਾਫ਼ ਫਿਲਮ ‘ਹੇਰਾਫੇਰੀ’ ਦੇ ਮਸ਼ਹੂਰ ਬਾਬੂਰਾਓ ਗਣਪਤਰਾਓ ਆਪਟੇ ਦੇ ਕਿਰਦਾਰ ਦੀ ਗਲਤ ਵਰਤੋਂ ਕਰਨ ਦਾ ਦੋਸ਼ ਲਗਾਇਆ ਹੈ।
ਇਹ ਵਿਵਾਦ ਆਉਣ ਵਾਲੇ ਐਪੀਸੋਡ ਵਿੱਚ ਕਾਮੇਡੀਅਨ ਕੀਕੂ ਸ਼ਾਰਦਾ ਦੇ ਬਾਬੂਰਾਓ ਵਜੋਂ ਸਕਿੱਟ ਕਰਨ ਤੋਂ ਪੈਦਾ ਹੋਇਆ ਹੈ।
ਨਿਰਮਾਤਾ ਨੇ ਨੈੱਟਫਲਿਕਸ ਅਤੇ ਸ਼ੋਅ ਦੇ ਨਿਰਮਾਤਾਵਾਂ ’ਤੇ ਕਾਪੀਰਾਈਟ ਐਕਟ, 1957 ਦੀ ਧਾਰਾ 51 ਤਹਿਤ ਕਾਪੀਰਾਈਟ ਉਲੰਘਣਾ ਦੇ ਨਾਲ-ਨਾਲ ਟਰੇਡਮਾਰਕ ਐਕਟ ਦੀ ਧਾਰਾ 29 ਤਹਿਤ ਟਰੇਡਮਾਰਕ ਉਲੰਘਣਾ ਦਾ ਦੋਸ਼ ਲਗਾਇਆ ਹੈ।
ਨਾਡੀਆਡਵਾਲਾ ਦੀ ਟੀਮ ਕਿਰਦਾਰ ਬਾਬੂਰਾਓ ’ਤੇ ਮਾਲਕੀ ਨੂੰ ਇੱਕ ਰਜਿਸਟਰਡ ਟਰੇਡਮਾਰਕ ਵਜੋਂ ਦਾਅਵਾ ਪੇਸ਼ ਕਰਦੀ ਹੈ।
ਸ਼ਿਕਾਇਤ ਵਿੱਚ ਕਾਪੀਰਾਈਟ ਐਕਟ ਦੀ ਧਾਰਾ 14 ਦਾ ਵੀ ਹਵਾਲਾ ਦਿੱਤਾ ਹੈ, ਜੋ ਫਿਲਮਾਂ ਵਿੱਚ ਕਿਸੇ ਕੰਮ ਨੂੰ ਜਨਤਕ ਤੌਰ ’ਤੇ ਪ੍ਰਦਰਸ਼ਿਤ ਕਰਨ ਅਤੇ ਵਰਤਣ ਦੇ ਵਿਸ਼ੇਸ਼ ਅਧਿਕਾਰਾਂ ਦੀ ਰੱਖਿਆ ਕਰਦੀ ਹੈ।
ਇਸ ਕਿਰਦਾਰ ਨੂੰ ਅਸਲ ਵਿੱਚ ਪਰੇਸ਼ ਰਾਵਲ ਨੇ ਫਿਲਮ ‘ਹੇਰਾਫੇਰੀ’ ਵਿੱਚ ਨਿਭਾਇਆ ਸੀ।
ਨਾਡੀਆਡਵਾਲਾ ਨੇ ਇੱਕ ਬਿਆਨ ਵਿੱਚ ਕਿਹਾ, ‘‘ਬਾਬੂਰਾਓ ਸਿਰਫ਼ ਇੱਕ ਪਾਤਰ ਨਹੀਂ ਹੈ, ਸਗੋਂ ਹੇਰਾਫੇਰੀ ਦੀ ਰੂਹ ਹੈ।’’
ਉਸ ਨੇ ਕਿਹਾ, ‘‘ਇਹ ਕਿਰਦਾਰ ਸਾਡੀ ਮਿਹਨਤ, ਸੂਝ-ਬੂਝ ਅਤੇ ਸਿਰਜਣਾਤਮਕਤਾ ਨਾਲ ਬਣਾਇਆ ਗਿਆ ਸੀ। ਪਰੇਸ਼ ਰਾਵਲ ਜੀ ਨੇ ਆਪਣੇ ਦਿਲ ਅਤੇ ਰੂਹ ਨਾਲ ਇਸ ਭੂਮਿਕਾ ਨੂੰ ਨਿਭਾਇਆ। ਕਿਸੇ ਨੂੰ ਵੀ ਵਪਾਰਕ ਲਾਭ ਲਈ ਇਸ ਦੀ ਦੁਰਵਰਤੋਂ ਕਰਨ ਦਾ ਅਧਿਕਾਰ ਨਹੀਂ ਹੈ। ਇਹ ਕਿਰਦਾਰ ਸੱਭਿਆਚਾਰ ਸੋਸ਼ਣ ਲਈ ਨਹੀਂ ਹੈ; ਇਹ ਸੰਭਾਲ ਲਈ ਹੈ।’’
ਕਾਨੂੰਨੀ ਨੋਟਿਸ ਵਿੱਚ ਨੈੱਟਫਲਿਕਸ, ਸੋਸ਼ਲ ਮੀਡੀਆ ਅਤੇ ਕਿਸੇ ਵੀ ਤੀਜੀ-ਧਿਰ ਦੇ ਆਊਟਲੈਟਾਂ ਤੋਂ ਬਾਬੂਰਾਓ ਦੇ ਕਿਰਦਾਰ ਨੂੰ ਦਰਸਾਉਂਦੇ ਸਾਰੇ ਦ੍ਰਿਸ਼ਾਂ ਨੂੰ ਤੁਰੰਤ ਹਟਾਉਣ ਦੀ ਮੰਗ ਕੀਤੀ ਗਈ ਹੈ।
ਨੋਟਿਸ ਵਿੱਚ ਇਸ ਲਿਖਤੀ ਭਰੋਸੇ ਦੀ ਵੀ ਮੰਗ ਕੀਤੀ ਗਈ ਹੈ ਕਿ ਆਪਟੇ ਦੇ ਕਿਰਦਾਰ ਨੂੰ ਉਨ੍ਹਾਂ ਦੇ ਭਵਿੱਖ ਦੇ ਐਪੀਸੋਡਾਂ ਵਿੱਚ ਬਿਨਾਂ ਇਜਾਜ਼ਤ ਦੇ ਨਹੀਂ ਵਰਤਿਆ ਜਾਵੇਗਾ, ਨਾਲ ਹੀ 24 ਘੰਟਿਆਂ ਦੇ ਅੰਦਰ ਰਸਮੀ ਮੁਆਫ਼ੀ ਮੰਗੀ ਜਾਵੇਗੀ।
ਇਸ ਤੋਂ ਇਲਾਵਾ ਨਾਡੀਆਡਵਾਲਾ ਨੇ ਨੋਟਿਸ ਮਿਲਣ ਦੇ ਦੋ ਦਿਨਾਂ ਦੇ ਅੰਦਰ 25 ਕਰੋੜ ਰੁਪਏ ਦਾ ਹਰਜਾਨਾ ਅਤੇ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।
ਕਾਨੂੰਨੀ ਨੋਟਿਸ ਦੇ ਬਾਵਜੂਦ ‘ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ ਸੀਜ਼ਨ 3’ ਦਾ ਫਾਈਨਲ, ਜਿਸ ਵਿੱਚ ਅਕਸ਼ੈ ਕੁਮਾਰ ਮਹਿਮਾਨ ਵਜੋਂ ਹੋਣਗੇ, ਅੱਜ ਸ਼ਾਮ ਨੂੰ ਪ੍ਰੀਮੀਅਰ ਹੋਣ ਲਈ ਤਿਆਰ ਹੈ।
ਹਾਲਾਂਕਿ ਜੇਕਰ ਕਾਨੂੰਨੀ ਤੌਰ ’ਤੇ ਸਥਿਤੀ ਵਿਗੜਦੀ ਹੈ ਤਾਂ ਨੈੱਟਫਲਿਕਸ ਨੂੰ ਸ਼ੋਅ ’ਚੋਂ ਵਿਵਾਦਿਤ ਸਕਿੱਟ ਨੂੰ ਸੰਪਾਦਿਤ ਕਰਨਾ ਪਵੇਗਾ ਜਾਂ ਹਟਾਉਣਾ ਵੀ ਪੈ ਸਕਦਾ ਹੈ।