ਸ਼ਾਂਤ ਸੁਭਾਅ ਦਾ ਮਾਲਕ ‘ਕਾਲਾ ਬੁਜ਼ਾ’
ਸਵਰਾਜ ਰਾਜ
ਅੰਗਰੇਜ਼ੀ ਵਿੱਚ ਰੈੱਡ-ਨੇਪਡ ਆਈਬਿਸ ਦੇ ਨਾਂ ਨਾਲ ਜਾਣੇ ਜਾਣ ਵਾਲੇ ਪੰਛੀ ਨੂੰ ਪੰਜਾਬੀ ਵਿੱਚ ਕਾਲਾ ਬੁਜ਼ਾ ਜਾਂ ਈਤਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਨੂੰ ਕਾਲਾ ਕੋਸ਼-ਚੁੰਝ ਅਤੇ ਕਰਦਾਂਤਲੀ ਵੀ ਆਖਿਆ ਗਿਆ ਹੈ। ਜ਼ਿਕਰਯੋਗ ਹੈ ਕਿ ਅੰਗਰੇਜ਼ੀ ਦੇ ਸ਼ਬਦ ‘ਆਈਬਿਸ’ ਦੀ ਉਤਪਤੀ ਪੁਰਾਤਨ ਮਿਸਰ ਦੇ ਸ਼ਬਦ ‘ਹਿਬ’ ਤੋਂ ਹੋਈ ਹੈ ਜਿਸ ਨੂੰ ਯੂਨਾਨੀ ਭਾਸ਼ਾ ਵਿੱਚ ਅਤੇ ਫਿਰ ਲਾਤੀਨੀ ਭਾਸ਼ਾ ਵਿੱਚ ਆਈਬਿਸ ਕਿਹਾ ਗਿਆ। ਕੁਝ ਸਮਾਂ ਪਹਿਲਾਂ ਤੱਕ ਇਸ ਪੰਛੀ ਨੂੰ ਕਾਲਾ ਆਈਬਿਸ ਵੀ ਕਿਹਾ ਜਾਂਦਾ ਸੀ, ਜਿਸ ਕਰਕੇ ਪੰਜਾਬੀ ਵਿੱਚ ਇਸ ਦਾ ਨਾਂ ਕਾਲਾ ਬੁਜ਼ਾ, ਅੰਗਰੇਜ਼ੀ ਦੇ ਬਲੈਕ ਆਈਬਿਸ ਦੇ ਤਰਜਮੇ ਦਾ ਨਤੀਜਾ ਹੈ।
ਕਾਲਾ ਬੁਜ਼ਾ ਲੰਮੀਆਂ ਲੱਤਾਂ ਵਾਲੇ ਜਲ ਪੰਛੀਆਂ ਦੀ ਪ੍ਰਜਾਤੀ ਥ੍ਰੇਸਕਾਇਉਰਨਿਥੀਡੀ (Threskiornithidae) ਨਾਲ ਸਬੰਧ ਰੱਖਦਾ ਹੈ। ਇਸ ਦਾ ਵਿਗਿਆਨਕ ਨਾਂ ਸੀਯੂਡੀਬਿਸ ਪੈਪਿਲੋਸਾ (Pseudibis papillosa) ਹੈ। ਇਹ ਇੱਕ ਵੱਡਾ ਪੰਛੀ ਹੈ ਜਿਸ ਦੇ ਖੰਭਾਂ ਦਾ ਰੰਗ ਗੂੜ੍ਹਾ ਚਾਕਲੇਟੀ ਅਤੇ ਕਾਲਾ ਹੁੰਦਾ ਹੈ। ਇਨ੍ਹਾਂ ਦੇ ਮੋਢਿਆਂ ’ਤੇ ਚਿੱਟੇ ਰੰਗ ਦਾ ਚਟਾਕ ਦੂਰ ਤੋਂ ਨਜ਼ਰ ਆਉਂਦਾ ਹੈ। ਇਨ੍ਹਾਂ ਦਾ ਸਿਰ ਛੋਟਾ ਹੁੰਦਾ ਹੈ ਅਤੇ ਸਿਰ ’ਤੇ ਕਿਰਮਚੀ ਰੰਗ ਦੇ ਮਹੁਕੇ ਇੱਕ ਤਿਕੋਣ ਵਾਂਗ ਲੱਗੇ ਹੁੰਦੇ ਹਨ। ਅੱਖਾਂ ਦਾ ਰੰਗ ਪੀਲਾ ਅਤੇ ਚੁੰਝ ਦਾਤਰ ਵਾਂਗ ਲੰਮੀ ਅਤੇ ਅੰਦਰ ਨੂੰ ਮੁੜੀ ਹੁੰਦੀ ਹੈ। ਇਸ ਤੋਂ ਇਲਾਵਾ ਪੰਜਾਬ ਵਿੱਚ ਚਮਕੀਲਾ ਬੁਜ਼ਾ (Glossy Ibis) ਅਤੇ ਸਫ਼ੈਦ ਬੁਜ਼ਾ (Black-headed Ibis) ਵੀ ਪਾਏ ਜਾਂਦੇ ਹਨ।
ਇਨ੍ਹਾਂ ਪੰਛੀਆਂ ਨੂੰ ਪਟਿਆਲਾ, ਸ੍ਰੀ ਅਨੰਦਪੁਰ ਸਾਹਿਬ, ਸੁਨਾਮ ਅਤੇ ਸੰਗਰੂਰ ਦੇ ਪਿੰਡਾਂ, ਖੇਤਾਂ ਅਤੇ ਟੋਭਿਆਂ ਦੇ ਨੇੜੇ ਦੇਖਣ ਦਾ ਮੈਨੂੰ ਕਈ ਵਾਰ ਮੌਕਾ ਮਿਲਿਆ ਹੈ। ਇਹ ਸ਼ਾਂਤ ਸੁਭਾਅ ਦੇ ਮਾਲਕ ਪੰਛੀ ਆਮ ਤੌਰ ’ਤੇ ਝੁੰਡ ਵਿੱਚ ਰਹਿੰਦੇ ਹਨ। ਇਹ ਕੀੜੇ-ਮਕੌੜੇ, ਡੱਡੂ ਆਦਿ ਅਤੇ ਖੇਤਾਂ ਵਿੱਚ ਜ਼ਮੀਨ ’ਤੇ ਗਿਰੇ ਹੋਏ ਦਾਣੇ ਖਾਂਦੇ ਹਨ। ਇਨ੍ਹਾਂ ਦੇ ਦਰਸ਼ਨ ਜ਼ਿਆਦਾਤਰ ਝੋਨੇ ਦੇ ਖੇਤਾਂ ਵਿੱਚ ਹੁੰਦੇ ਹਨ। ਪੰਛੀ ਪ੍ਰੇਮੀਆਂ ਦਾ ਇਹ ਵਿਚਾਰ ਹੈ ਕਿ ਪੰਜਾਬ ਵਿੱਚ ਝੋਨੇ ਦੀ ਖੇਤੀ ਜਦੋਂ ਤੋਂ ਵਧੀ ਹੈ, ਇਨ੍ਹਾਂ ਪੰਛੀਆਂ ਦੀ ਆਬਾਦੀ ਵੀ ਜ਼ਿਆਦਾ ਹੋ ਗਈ ਹੈ। ਇਨ੍ਹਾਂ ਨੂੰ ਖੇਤਾਂ ਵਿੱਚ ਤੂੜੀ ਦੇ ਕੁੱਪ ’ਤੇ ਬੈਠੇ ਵੀ ਦੇਖਿਆ ਜਾ ਸਕਦਾ ਹੈ ਜਿੱਥੇ ਕੀੜੇ-ਮਕੌੜੇ ਇਨ੍ਹਾਂ ਨੂੰ ਆਸਾਨੀ ਨਾਲ ਮੁਹੱਈਆ ਹੋ ਜਾਂਦੇ ਹਨ। ਇਹ ਗਿੱਲੇ ਗੋਹੇ ਦੇ ਢੇਰਾਂ ਅਤੇ ਸੁੱਕੀਆਂ ਪਾਥੀਆਂ ਵਿੱਚੋਂ ਵੀ ਬਹੁਤ ਵਾਰ ਕੀੜੇ ਲੱਭਦੇ ਦਿਖਾਈ ਦਿੰਦੇ ਹਨ। ਇਹ ਪੰਛੀ ਕਿਸਾਨਾਂ ਦੇ ਮਿੱਤਰ ਹਨ।
ਚਿੰਤਾ ਵਾਲੀ ਗੱਲ ਇਹ ਹੈ ਕਿ ਇਹ ਆਪਣਾ ਬਸੇਰਾ ਅਤੇ ਆਰਾਮ ਵੀ ਉੱਚੇ ਰੁੱਖਾਂ ’ਤੇ ਕਰਦੇ ਹਨ। ਜਦੋਂ ਰੁੱਖ ਵੱਢ ਦਿੱਤੇ ਜਾਂਦੇ ਹਨ ਤਾਂ ਇਹ ਬਿਜਲੀ ਦੀਆਂ ਤਾਰਾਂ ਅਤੇ ਬਿਜਲੀ ਦੇ ਉੱਚੇ ਖੰਭਿਆਂ ’ਤੇ ਆਪਣਾ ਆਲ੍ਹਣਾ ਬਣਾ ਲੈਂਦੇ ਹਨ। ਸਾਡੇ ਵੱਲੋਂ ਵਿੱਢੀ ਵਿਕਾਸ ਦੀ ਗਤੀ ਪੰਛੀਆਂ ਦੀਆਂ ਕਈ ਪ੍ਰਜਾਤੀਆਂ ਲਈ ਖ਼ਤਰੇ ਖੜ੍ਹੇ ਕਰ ਰਹੀ ਹੈ। ਸਾਨੂੰ ਚਾਹੀਦਾ ਤਾਂ ਇਹ ਹੈ ਕਿ ਅਸੀਂ ਆਰਥਿਕ ਵਿਕਾਸ ਦੀਆਂ ਅਜਿਹੀਆਂ ਨੀਤੀਆਂ ਤਿਆਰ ਕਰੀਏ ਜੋ ਸਹਿਹੋਂਦ ਪੱਖੀ ਹੋਣ। ਜੇ ਅਸੀਂ ਅਜਿਹਾ ਨਾ ਕੀਤਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਉਹ ਸਾਰੀ ਜੈਵਿਕ ਵਿਭਿੰਨਤਾ ਖੋ ਬੈਠਾਂਗੇ ਜਿਹੜੀ ਸਾਨੂੰ ਆਪਣੇ ਆਪ ਨੂੰ ਜਿਊਣ ਅਤੇ ਪ੍ਰਫੁੱਲਤ ਕਰਨ ਲਈ ਲੋੜੀਂਦੀ ਹੈ।