ਰਾਵੀ ’ਚ ਸਮਾਇਆ ਇੰਦਰ ਤੇ ਬੇਗੋ ਦਾ ਪਿਆਰ
ਹਰਪ੍ਰੀਤ ਸਿੰਘ ਸਵੈਚ
ਇਸ਼ਕ ਮੋਇਆਂ ਨੂੰ ਜਿਊਂਦੇ ਕਰ ਦਿੰਦਾ ਹੈ ਤੇ ਜਿਊਂਦਿਆਂ ਨੂੰ ਮਾਰ ਦਿੰਦਾ ਹੈ। ਇਹ ਹਸਤੀ ਦੇ ਫ਼ਨਾਹ ਹੋਣ ਦਾ ਭੇਤ ਹੈ। ਇਹ ਆਪਾ ਵਾਰ ਦੇਣ ਦੀ ਰੀਤ ਹੈ ਜੋ ਸਦੀਆਂ ਤੋਂ ਚੱਲਦੀ ਆ ਰਹੀ ਹੈ। ਸਮਾਂ ਸ਼ਾਹਦੀ ਭਰਦਾ ਹੈ ਉਨ੍ਹਾਂ ਕਥਾਵਾਂ ਦੀ, ਜਿਨ੍ਹਾਂ ਵਿੱਚ ਆਸ਼ਕਾਂ ਨੇ ਆਪਣੇ ਇਸ਼ਕ ਨੂੰ ਇਸ਼ਟ ਜਾਣ ਕੇ ਸਭ ਕੁਝ ਦਾਅ ’ਤੇ ਲਾ ਦਿੱਤਾ। ਉਨ੍ਹਾਂ ਕਥਾ ਕਹਾਣੀਆਂ ਵਿੱਚੋਂ ਹੀ ਮੂੰਹੋਂ ਮੂੰਹ ਤੁਰਦੀ ਆਉਂਦੀ, ਦਿਲਾਂ ਨੂੰ ਧੂਹ ਪਾਉਂਦੀ ਕਥਾ ਹੈ ਇੰਦਰ ਬਾਣੀਏ ਤੇ ਦਿਲਬੇਗ ਉਰਫ਼ ਬੇਗੋ ਨਾਰ ਦੀ।
ਕਹਿੰਦੇ ਹਨ 1904 ਈਸਵੀ ਦੇ ਨੇੜ ਤੇੜ ਦੀ ਗੱਲ ਹੈ, ਜੋ ਹੋਈ ਬੀਤੀ ਲਾਹੌਰ ਦੀ ਸਰਜ਼ਮੀਨ ’ਤੇ। ਬੜੇ ਕਹਿੰਦੇ ਕਹਾਉਂਦੇ ਕਵੀਆਂ ਤਥਾ ਕਿੱਸਾਕਾਰਾਂ ਨੇ ਆਪੋ ਆਪਣੇ ਸ਼ਬਦਾਂ ਵਿੱਚ ਇਹ ਪ੍ਰੀਤ ਕਥਾ ਬਿਆਨ ਕੀਤੀ, ਪਰ ਨਰੈਣ ਸਿੰਘ, ਪੂਰਨ ਰਾਮ ਤੇ ਛੱਜੂ ਸਿੰਘ ਆਦਿ ਦੇ ਕਿੱਸੇ ਲੋਕ ਮਨਾਂ ਵਿੱਚ ਧੁਰ ਅੰਦਰ ਤੱਕ ਲਹਿ ਗਏ।
ਰਾਵੀ ਦਰਿਆ ਤੋਂ ਪਰਲੇ ਪਾਸੇ ਲਾਹੌਰ ਸ਼ਹਿਰ ਕੰਨੀਂ ਜ਼ਿਮੀਂਦਾਰ ਕਿਸ਼ਨ ਸਿੰਘ ਦਾ ਸੱਸਾ ਤਥਾ ਸਰਸਾ ਗਰਾਂ ਵਿੱਚ ਟਿਕਾਣਾ ਸੀ ਜੋ ਔਲਾਦ ਵਿਹੂਣਾ ਸੀ। ਉਹ ਥਾਂ-ਥਾਂ ਮੱਥੇ ਰਗੜਦਾ, ਝੋਲੀਆਂ ਅੱਡਦਾ ਤੇ ਆਸਾਂ ਰੱਖ ਅਰਦਾਸਾਂ ਕਰਦਾ ਹੋਇਆ ਔਲਾਦ ਮੰਗਦਾ ਫਿਰਦਾ ਸੀ। ਉਸ ਨੂੰ ਕਿਸੇ ਮਾਲ ਡੰਗਰ, ਪੈਸੇ ਧੇਲੇ ਜਾਂ ਨੌਕਰ ਚਾਕਰ ਦੀ ਲੋੜ ਨਹੀਂ ਸੀ, ਜੇ ਲੋੜ ਸੀ ਤਾਂ ਘਰ ਵਿੱਚ ਖਿੜਦੇ ਫੁੱਲ ਵੇਖਣ ਦੀ ਯਾਨੀ ਬਾਲ ਵੇਖਣ ਦੀ। ਆਖਰ ਨਿਮਾਣਿਆਂ ਨੂੰ ਮਾਣ ਮਿਲ ਹੀ ਜਾਂਦਾ ਹੈ ਤੇ ਰੱਬ ਮਿਹਰਵਾਨ ਹੋਇਆ ਵੀ। ਕੌਣ ਜਾਣਦਾ ਸੀ ਕਿ ਜ਼ਿਮੀਂਦਾਰ ਕਿਸ਼ਨ ਸਿੰਘ ਦੇ ਘਰ ਜਨਮੀ ਬੱਚੀ ਜਿਸ ਦਾ ਨਾਂ ਰੱਖਿਆ ਸੀ ‘ਦਿਲਬੇਗ’, ਉਹ ਸਦੀਆਂ ਤੱਕ ਜੀਵੇਗੀ? ਲਾਡਾਂ ਜਾਈ ਦਿਲਬੇਗ ਹੌਲੀ ਹੌਲੀ ਬੇਗੋ ਅਖਵਾਈ। ਉਸ ਦੇ ਮੂੰਹੋਂ ਨਿਕਲੇ ਬੋਲ ਪੁਗਾਏ ਜਾਂਦੇ ਸਨ। ਉਹਦਾ ਸੁਭਾਅ ਚੁਲਬੁਲਾ, ਅਲਬੇਲਾ ਤੇ ਬੇਪਰਵਾਹ ਸੀ। ਜਦੋਂ ਦਿਲਬੇਗ ਤੋਂ ਬਣੀ ਬੇਗੋ, ਬੇਗੋ ਨਾ ਰਹਿ ਕੇ ਬੇਗੋ ਨਾਰ ਬਣੀ ਤਾਂ ਚਹੁੰ ਪਾਸੇ ਚਰਚਾ ਛਿੜੀ। ਉਸ ਦੇ ਹਮ-ਉਮਰ ਉਸ ਤੋਂ ਕੁਰਬਾਨ ਜਾਣ ਲੱਗੇ।
ਜਦੋਂ ਕਿਧਰੇ ਚੰਨ ਮੁੱਖ ਹੋਣ ਥੀਣ ਤਾਂ ਕਿਧਰੇ ਦੂਜੇ ਪਾਸੇ ਸੂਰਜ ਵੀ ਚੜ੍ਹ ਚੜ੍ਹ ਆਉਂਦਾ ਹੈ। ਮਾਂ ਕੇਸਰੀ ਦਾ ਜਾਇਆ ਤੇ ਲਾਲਾ ਕਸ਼ਮੀਰੀ ਚੰਦ ਦਾ ਵਾਰਸ ਵੀ, ਉਸੇ ਪੂਰ ਦਾ ਪਰਾਗਾ ਬਣਿਆ। ਉਹ ਲਾਹੌਰ ਦੇ ਅਨਾਰਕਲੀ ਬਾਜ਼ਾਰ ਵਿੱਚ ਆਪਣੇ ਪਿਓ ਦੀ ਦੁਕਾਨ ਸਾਂਭਦਾ ਸੀ। ਆਂਹਦੇ ਨੇ ਭਈ ਮਾਈ ਕੇਸਰੀ ਨੇ ਆਪਣੇ ਲਾਡਲੇ ਦਾ ਨਾਂ ਰੱਖਿਆ ‘ਇੰਦਰ’ ਜਿਸ ਨੂੰ ਵੇਂਹਦਿਆਂ ਦਿਲ ਉੱਡੂੰ ਉੱਡੂੰ ਕਰੇ।
ਲੋਕ ਆਖਦੇ ਹਨ ਕਿ ਸਮੇਂ ਦੀ ਨਵੀਓਂ ਨਵੀਂ ਬਹਾਰ ਹੁੰਦੀ ਹੈ। ਇੱਕ ਪਾਸੇ ਇੰਦਰ ਬਾਣੀਆਂ ਆਪਣੀ ਹੱਟ ’ਤੇ ਦਿਨ ਦੂਣੀ ਰਾਤ ਚੌਗਣੀ ਮਿਹਨਤ ਕਰਦਾ ਸੀ ਤੇ ਦੂਜੇ ਪਾਸੇ ਬੇਗੋ ਨਾਰ ਆਪਣੇ ਹੁਸਨ ਵਿੱਚ ਮਸਤਾਨੀ ਹੋਈ ਸਖੀਆਂ-ਸਹੇਲੀਆਂ ਨਾਲ ਤ੍ਰਿੰਝਣ ਵਿੱਚ ਬਹਿ ਕੱਤਣ ਕੱਤਦੀ। ਰੇਸ਼ਮ ਜਿਹੀ ਬੇਗੋ ਰੇਸ਼ਮ ਨੂੰ ਕਰੋਸ਼ੀਏ ਨਾਲ ਉਣਦੀ ਤੇ ਮਨ ਹੀ ਮਨ ਚਾਅ ਦੇ ਮਹਿਲ ਮੁਨਾਰਿਆਂ ਵਿੱਚ ਉੱਛਲ ਉੱਛਲ ਜਾਂਦੀ। ਹਾਏ! ਇਹ ਕੀ ਹੋਇਆ? ਨੀਂ ਮੇਰਾ ਪੱਟ ਮੁੱਕਾ ਈ... ਬੇਗੋ ਜਿਵੇਂ ਖ਼ੁਦ ਉੱਛਲੀ ਹੋਵੇ... ਕੋਲ ਬੈਠੀਆਂ ਸਖੀਆਂ ਨੇ ਕੰਨ ਚੁੱਕੇ। ਉਨ੍ਹਾਂ ਵੇਖਿਆ ਕਿ ਬੇਗੋ ਦਾ ਰੇਸ਼ਮੀ ਧਾਗਾ ਖ਼ਤਮ ਹੋਇਆ ਤਾਂ ਉਹ ਗ਼ਮਗੀਨ ਹੋਈ ਬੋਲੀ...ਹਾਏ! ਮੈਂ ਕੀ ਕਰਾਂ..? ਕਿੱਥੋਂ ਲਿਆਵਾਂ..? ਨੀਂ ਕੋਈ ਬੋਲੋ।
ਕੋਈ ਆਖਦਾ ਹੈ ਕਿ ਬੇਗੋ ਨਾਰ ਉਸੇ ਵਕਤ ਆਪਣੀਆਂ ਸਹੇਲੀਆਂ ਸੰਗ ਸ਼ਹਿਰ ਲਾਹੌਰ ਪੱਟ ਦਾ ਧਾਗਾ ਲੈਣ ਤੁਰ ਪਈ। ਬੇਗੋ ਨੇ ਪੁੱਛਿਆ...ਕਿੱਥੋਂ ਥਿਆਊ ਉਮਦਾ ਪੱਟ...? ਕਿਸੇ ਕਿਹਾ... ਸੁਣਿਐ ਅਨਾਰਕਲੀ ਬਾਜ਼ਾਰ ਵਿੱਚ ਕੋਈ ਇੰਦਰ ਬਾਣੀਆ ਈ... ਜਿਹਦੀ ਹੱਟ ਤੋਂ ਮਿਲਦਾ ਈ ਉਮਦਾ ਪੱਟ। ਚਲੋ ਫਿਰ ਚੱਲੀਏ..! ਬੇਗੋ ਸਹੇਲੀਆਂ ਸੰਗ ਉੱਧਰ ਨੂੰ ਤੁਰ ਪਈ। ਆਪਣੀ ਦੁਕਾਨ ’ਤੇ ਆਣ ਬਹੁੜੀਆਂ ਸੋਹਣੀਆ ਸੁਨੱਖੀਆ ਨਾਰਾਂ ਵਿੱਚ ਬੇਗੋ ਨੂੰ ਤੱਕ ਕੇ ਇੰਦਰ ਬਾਣੀਏ ਦਾ ਮਨ ਮੋਹਿਆ ਗਿਆ।
ਇੰਦਰ ਹੁਣ ਬਾਣੀਆ ਨਾ ਰਿਹਾ, ਉਹ ਵਣਜ ਭੁੱਲ ਗਿਆ। ਉਹ ਤਾਂ ਹੁਸਨ ਦਾ ਕਾਇਲ ਹੋ ਬੈਠਾ। ਉਸ ਦੀ ਸੁੱਧ ਬੁੱਧ ਜਾਂਦੀ ਰਹੀ ਜਿਵੇਂ ਚੰਨ ਨੂੰ ਚਕੋਰ ਤੱਕਦੀ ਰਹਿੰਦੀ ਉਵੇਂ ਇੰਦਰ ਬੇਗੋ ਕੰਨੀਂ ਵੇਖਣ ਲੱਗਾ। ਉਹਦਾ ਧਿਆਨ ਟਿਕਿਆ, ਪਰ ਉਸ ਨੂੰ ਟਿਕਾਅ ਨਾ ਰਿਹਾ। ਅਲਬੇਲੇ ਸੁਭਾਅ ਨਾਲ ਭਰੀ ਬੇਗੋ ਮੁਟਿਆਰ ਸਖੀਆਂ ਦੀ ਹਾਂ ਵਿੱਚ ਹਾਂ ਮਿਲਾਉਣ ਲੱਗੀ। ਇੰਦਰ ਕਦੀ ਕੁਝ ਲਿਆਉਂਦਾ ਤੇ ਕਦੀ ਕੁਝ...ਉਹ ਬੇਗੋ ਦੇ ਬੋਲ ਪੁਗਾਉਂਦਾ ਇਸ਼ਕ ਦੇ ਰਾਹ ਜਾ ਪਿਆ। ਲੋਕ ਵੇਖਦੇ...ਲਓ ਬਈ ਬਾਣੀਏਂ ਨੇ ਤਾਂ ਕਰ ਲਿਆ ਵਪਾਰ...ਮੰਦ ਮੰਦ ਮੁਸਕਰਾਉਂਦੇ...ਕੋਈ ਕੁਝ ਬੋਲਦਾ ਤੇ ਕੋਈ ਕੁਝ।
ਸਖੀਆਂ ਬਹੁਤ ਕੁਝ ਕਹਿੰਦੀਆਂ, ਪਰ ਇੰਦਰ ਕਦ ਸੁਣਦਾ..? ਉਹਨੂੰ ਤਾਂ ਬਸ ਇੱਕੋ ਆਵਾਜ਼ ਸੁਣੇ, ਜੋ ਬੇਗੋ ਦੇ ਮੂੰਹੋਂ ਨਿਕਲਦੀ...ਉਸ ਦੇ ਦਿਲ ਨੂੰ ਭਾਉਂਦੀ, ਕਟਾਰ ਵਾਂਗ ਸੀਨੇ ਵਿੱਚ ਲਹਿ ਜਾਂਦੀ ਤੇ ਕੋਈ ਰਸ ਜਿਹਾ ਰਿਸਣ ਲੱਗਦਾ। ਕਿਸੇ ਕੁਝ ਮੰਗਿਆ...ਇੰਦਰ ਆਖੇ ਸੂ ‘ਕੇਰਾਂ ਬੇਗੋ ਕਹੇ ਤਾਂ ਸਹੀ, ਮੈਂ ਤਾਂ ਇਹਦੇ ਕਹੇ ਦੁਕਾਨ ਫੂਕ ਦਊਂ।’ ਕੁੜੀਆਂ ਚਹਿਕੀਆਂ... ‘ਅੱਛਾ ਇਵੇਂ ਕਿਵੇਂ..? ਐਵੇਂ ਈ...ਰਹਿਣ ਦੇ...ਗਾਲੜੀ..!’ ‘ਨਾ ਜੀ ਨਾ’ ਇੰਦਰ ਕਹਿਣ ਲੱਗਾ। ਬੇਗੋ ਨਾਰ ਸ਼ਰਮਾਈ ਤੇ ਆਪੂ ਵਿੱਚ ਵੜਨ ਲੱਗੀ ਜਿਵੇਂ ਕੋਈ ਮੋਹ ਦਾ ਬੋਲ ਠੱਗ ਰਿਹਾ ਹੋਵੇ ਤੇ ਕਹਿਣ ਲੱਗੀ ‘ਮੈਨੂੰ ਕੀ ਭਾਵੇਂ ਫੂਕੇ ਭਾਵੇਂ ਰੱਖੇ।’ ਸਖੀਆਂ ਹੱਸੀਆਂ...ਕੌਣ ਕਰਦਾ ਈ ਇੰਝ ਭਲਾ..? ਤੇ ਤੂੰ ਬਾਣੀਆ ਹੋ ਕੇ..? ਕਦੀ ਵੀ ਨਹੀਂ। ਇਹ ਤਾਂ ਮੱਚਦੀ ’ਤੇ ਤੇਲ ਪਾਉਣ ਮਾਤਰ ਸੀ।
ਉਹ ਉੱਠਿਆ...ਬੇਗੋ ਦੇ ‘ਭਾਵੇਂ ਫੂਕੇ’ ਦੇ ਪਰਤਾਵੇ ਵਿੱਚ ਆਪਣੀ ਦੁਕਾਨ ਨੂੰ ਤੇ ਉਸ ਵਿੱਚ ਪਏ ਅਣਮੁੱਲੇ ਕੱਪੜਿਆਂ ਨੂੰ ਅੱਗ ਦੇ ਹਵਾਲੇ ਕਰ ਦਿੰਦਾ ਹੈ। ਇਹ ਵੇਖ ਕੁੜੀਆਂ ਸਹਿਮ ਜਾਂਦੀਆਂ ਹਨ। ਉਹ ਉੱਥੋਂ ਤੁਰਦੀਆਂ ਤੇ ਆਪਣੇ ਰਾਹੇ ਪੈ ਜਾਂਦੀਆਂ ਨੇ...ਦੂਜੇ ਪਾਸੇ ਲੋਕ ਭੱਜਦੇ ਹਨ...ਓਏ ਇੰਦਰ ਬਾਣੀਏਂ ਦੀ ਹੱਟ ਮੱਚ ਗਈ ਓਏ...ਕੋਈ ਕਿਸੇ ਤਰ੍ਹਾਂ ਤੇ ਕੋਈ ਕਿਸੇ ਤਰ੍ਹਾਂ ਅੱਗ ਬੁਝਾਉਣ ਲਈ ਯਤਨ ਕਰਦਾ ਹੈ। ਦੂਜੇ ਪਾਸੇ ਇੰਦਰ ਆਪਣੀ ਸੁੱਧ ਬੁੱਧ ਗੁਆ ਬਹਿੰਦਾ ਹੈ, ਉਹਨੂੰ ਹੁਣ ਆਪਣਾ ਆਪ ਕਿੱਥੋਂ ਯਾਦ...ਉਹ ਤਾਂ ਬੇਗੋ ਵਿੱਚ ਗੁਆਚ ਕੇ, ਉਸੇ ਦੇ ਮਗਰ ਹੋ ਤੁਰਦਾ ਹੈ।
ਹਵਾ ਦੇ ਪਰਾਂ ’ਤੇ ਤੁਰੀਆਂ ਫਿਰਦੀਆਂ ਕਥਾਵਾਂ ਦੇ ਅਨੇਕ ਪਹਿਲੂ ਉੱਭਰਦੇ ਰਹਿੰਦੇ ਹਨ। ਕਿਸੇ ਕਿਹਾ ਇਹ ਇੱਕੋ ਦਿਨ ਵਿੱਚ ਹੋਈ ਬੀਤੀ ਪ੍ਰੀਤ ਕਹਾਣੀ ਹੈ ਤੇ ਕੋਈ ਆਖਦਾ ‘ਨਾ ਜੀ, ਕੋਈ ਪੰਦਰਾਂ ਦਿਨ ਮਗਰੋਂ ਦੂਜੀ ਮੁਲਾਕਾਤ ਹੀ, ਇਸ ਕਥਾ ਦਾ ਨਿਬੇੜਾ ਹੋਈ ਹੈ।’ ਕੋਈ ਕੁਝ ਵੀ ਕਹੇ... ਇਸ਼ਕ ਦਾ ਮਾਰਿਆ ਪਾਣੀ ਨਹੀਂ ਮੰਗਦਾ, ਪਰ ਪਾਣੀਆਂ ਵਿੱਚ ਜਾ ਡੁੱਬਦਾ ਹੈ। ਬੇਗੋ ਨਾਰ ਤੇ ਉਸ ਦੀਆਂ ਸਖੀਆਂ ਸੋਚਾਂ ਵਿੱਚ ਗੜੁੱਚੀਆਂ ਰਾਵੀ ਦਰਿਆ ਕੋਲ ਹੀ ਪਹੁੰਚੀਆਂ ਸਨ ਕਿ ਇੰਦਰ ਵੀ ਉਨ੍ਹਾਂ ਕੋਲ ਜਾ ਢੁਕਿਆ। ਜਸਵੀਰ ਸਿੰਘ ‘ਸ਼ਾਇਰ’ ਦੇ ਸ਼ਬਦਾਂ ਵਿੱਚ ਇਹ ਇਸ ਤਰ੍ਹਾਂ ਹੈ;
ਨੀਂ ਬੇਗੋ! ਤੂੰ ਧਿਆਨ ਨਾ ਧਰਦੀ
ਤੇਰੇ ਉੱਤੇ ਮਰਸਾਂ।
ਜੋ ਤੂੰ ਆਖੇਂ ਪਲ ਨਾ ਲਾਵਾਂ
ਓਸੇ ਵੇਲੇ ਕਰਸਾਂ।
ਇੱਕੋ ਤੇਰੀ ਦੀਦ ਨੂੰ ਬੀਬਾ
ਸ਼ਾਇਰ ਬਣ ਕੇ ਤਰਸਾਂ।
ਕਿਹੜਾ ਬਾਜ਼ੀ ਜਿੱਤਿਆ ਇੱਥੇ
ਕਿਸ ਨੇ ਬਾਜ਼ੀ ਹਾਰੀ।
ਇਸ਼ਕ ਵਿੱਚ ਕੌਣ ਜਿੱਤਦਾ ਤੇ ਕੌਣ ਹਾਰਦੈ..? ਇਹ ਤਾਂ ਆਪਾ ਵਾਰਨ ਵਾਲੇ ਹੀ ਦੱਸ ਸਕਦੇ ਹਨ। ਇੰਦਰ ਦੇ ਮੁੜ ਮੁੜ ਇਜ਼ਹਾਰ ਕਰਨ ’ਤੇ ਬੇਗੋ ਨਾਰ ਜਿਵੇਂ ਫਿਰ ਇਮਤਿਹਾਨ ਲੈਣ ਲਈ ਉਤਾਵਲੀ ਹੋਈ...‘ਕੀ ਵੇਖਦਾਂ ਈ...? ਜੇ ਸੱਚਾ ਐਂ ਤਾਂ ਮਾਰ ਛਾਲ।’ ਇੰਦਰ ਨੇ ਸੁਣਦੇ ਸਾਰ ਹੀ ਰਾਵੀ ਦਰਿਆ ਵਿੱਚ ਛਾਲ ਮਾਰ ਦਿੱਤੀ। ਵੇਖਦੇ ਹੀ ਵੇਖਦੇ...ਰਾਵੀ ਦੇ ਵਹਿਣ ਵਿੱਚ ਜਾ ਰੁੜਿ੍ਹਆ। ਬੇਗੋ ਨਾਰ ਨੂੰ ਧੁੜਕੂ ਲੱਗਾ...‘ਕਿਹੜਾ ਬਾਜ਼ੀ ਜਿੱਤਿਆ ਇੱਥੇ, ਕਿਸ ਨੇ ਬਾਜ਼ੀ ਹਾਰੀ..?’ ਉਸ ਦੇ ਸਿਰ ਚੜ੍ਹੀਆਂ ਸਤਰਾਂ। ਉਹ ਉੱਚੀ ਦੇਣੀ ਕੁਰਲਾਈ ‘ਹਾਏ ਵੇ ਲੋਕੋ! ਮੈਂ ਤਾਂ ਬਿਨ ਵਿਆਹੋਂ ਰੰਡੀ ਹੋ ਗਈ ਵੇ।’ ਤੇ ਏਨਾ ਆਖ ਰਾਵੀ ਵਿੱਚ ਜਾ ਪਈ। ਜੋ ਜਿਊਂਦੇ ਜੀਅ ਨਾ ਮਿਲਿਆ, ਉਹ ਮਰ ਕੇ ਮਿਲ ਗਿਆ। ਰਾਵੀ ਦੀਆਂ ਲਹਿਰਾਂ ਵਿੱਚ ਇੰਦਰ ਤੇ ਬੇਗੋ ਦਾ ਪਿਆਰ ਵਹਿ ਰਿਹਾ ਹੈ। ਉਹ ਡੁੱਬੇ ਨਹੀਂ ਸਗੋਂ ਤਰ ਗਏ। ਉਨ੍ਹਾਂ ਦੀ ਕਥਾ ਲੋਕ ਮਨਾਂ ਵਿੱਚ ਸਮਾਅ ਗਈ। ਇਹ ਇਸ਼ਕ ਦੀ ਹੀ ਨਹੀਂ, ਆਸ਼ਕਾਂ ਦੀ ਵੀ ਅਮਰਤਾ ਹੈ।
ਸੰਪਰਕ: 98782-24000