ਇਮਤਿਆਜ਼ ਦੀ ‘ਅਮਰ ਸਿੰਘ ਚਮਕੀਲਾ’ ਨੇ ਸਕਰੀਨਰਾਈਟਰਜ਼ ਐਸੋਸੀਏਸ਼ਨ ਐਵਾਰਜ਼ ’ਚ ਤਿੰਨ ਪੁਰਸਕਾਰ ਜਿੱਤੇ
ਨਿਰਦੇਸ਼ਕ ਇਮਤਿਆਜ਼ ਅਲੀ ਦੀ ਫ਼ਿਲਮ ‘ਅਮਰ ਸਿੰਘ ਚਮਕੀਲਾ’ ਨੂੰ ਸਕਰੀਨਰਾਈਟਰਜ਼ ਐਸੋਸੀਏਸ਼ਨ ਐਵਾਰਡਜ਼ ਦੇ 6ਵੇਂ ਐਡੀਸ਼ਨ ਵਿੱਚ ਤਿੰਨ ਪ੍ਰਮੁੱਖ ਸਨਮਾਨ ਮਿਲੇ ਹਨ।
ਸ਼ਨਿੱਚਰਵਾਰ ਨੂੰ ਮੁੰਬਈ ਵਿਚ ਕਰਵਾਏ ਸਮਾਗਮ ਦੌਰਾਨ 2024 ਦੀਆਂ ਸ਼ਾਨਦਾਰ ਫਿਲਮਾਂ, ਲੜੀਵਾਰਾਂ ਅਤੇ ਟੀਵੀ ਸ਼ੋਅਜ਼ ਨੂੰ ਵੱਖ ਵੱਖ ਸ਼੍ਰੇਣੀਆਂ ਵਿਚ ਪੁਰਸਕਾਰ ਦਿੱਤੇ ਗਏ।
ਪ੍ਰੈਸ ਰਿਲੀਜ਼ ਮੁਤਾਬਕ ਸਕਰੀਨਰਾਈਟਰਾਂ ਦੀ 15 ਮੈਂਬਰੀ ਜਿਊਰੀ ਨੇ ਸੱਤ ਮਹੀਨਿਆਂ ਦੀ ਸਖਤ ਮਿਹਨਤ ਮਗਰੋਂ 1,500 ਐਂਟਰੀਆਂ ’ਚੋਂ 15 ਵਰਗਾਂ ਲਈ ਜੇਤੂਆਂ ਦੀ ਚੋਣ ਕੀਤੀ।
ਇਮਤਿਆਜ਼ ਵੱਲੋਂ ਨਿਰਦੇਸ਼ਤ ‘ਅਮਰ ਸਿੰਘ ਚਮਕੀਲਾ’ ਪਿਛਲੇ ਸਾਲ 12 ਅਪਰੈਲ ਨੂੰ ਰਿਲੀਜ਼ ਹੋਈ ਸੀ। ਫ਼ਿਲਮ ਵਿਚ ਦਿਲਜੀਤ ਦੋਸਾਂਝ ਮੁੱਖ ਭੂਮਿਕਾ ਵਿੱਚ ਸੀ, ਅਤੇ ਪਰਿਣੀਤੀ ਚੋਪੜਾ ਉਸ ਦੀ ਪ੍ਰੇਮਿਕਾ ਸੀ।
ਫਿਲਮ ਨੂੰ ਚਾਰ ਸ਼੍ਰੇਣੀਆਂ ਵਿੱਚ ਨਾਮਜ਼ਦ ਕੀਤਾ ਗਿਆ ਸੀ, ਜਿਨ੍ਹਾਂ ਵਿੱਚੋਂ ਤਿੰਨ ਵਿਚ ਇਸ ਨੇ ਪੁੁਰਸਕਾਰ ਜਿੱਤੇ ਹਨ। ਇਮਤਿਆਜ਼ ਅਤੇ ਉਸ ਦੇ ਸਕਰੀਨਰਾਈਟਰ ਭਰਾ ਸਾਜਿਦ ਅਲੀ ਨੇ ਸਭ ਤੋਂ ਵਧੀਆ ਕਹਾਣੀ ਅਤੇ ਸਭ ਤੋਂ ਵਧੀਆ ਸਕਰੀਨਪਲੇ(ਪਟਕਥਾ) ਲਈ ਦੋ ਟਰਾਫੀਆਂ ਆਪਣੇ ਨਾਮ ਕੀਤੀਆਂ।
ਤੀਜਾ ਪੁਰਸਕਾਰ ਗੀਤਕਾਰ ਇਰਸ਼ਾਦ ਕਾਮਿਲ ਨੂੰ ਫਿਲਮ ਵਿੱਚ ‘ਬਾਜਾ’ ਟਰੈਕ ’ਤੇ ਉਨ੍ਹਾਂ ਦੇ ਕੰਮ ਲਈ ਦਿੱਤਾ ਗਿਆ।