ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਲੱਸੀ ਪੀਏ ਤਾਂ ਆਂਦਰਾਂ ਠਾਰੇ...

ਲੱਸੀ ਇੱਕ ਅਜਿਹਾ ਗੁਣਕਾਰੀ ਪਦਾਰਥ ਹੈ ਜੋ ਮਨੁੱਖ ਨੂੰ ਸਵਾਦ ਵੀ ਦਿੰਦਾ ਹੈ ਅਤੇ ਤਾਕਤ ਵੀ। ਲੱਸੀ ਦੁੱਧ ਤੋਂ ਬਣਦੀ ਹੈ, ਪਰ ਇਸ ਵਿੱਚ ਖੇਚਲ ਬਹੁਤ ਕਰਨੀ ਪੈਂਦੀ ਹੈ। ਸਾਡੀਆਂ ਘਰੇਲੂ ਸਵਾਣੀਆਂ ਇਸ ਖੇਚਲ ਵਿੱਚ ਵੀ ਆਨੰਦ ਪ੍ਰਾਪਤ ਕਰਦੀਆਂ ਹਨ।...
Advertisement

ਲੱਸੀ ਇੱਕ ਅਜਿਹਾ ਗੁਣਕਾਰੀ ਪਦਾਰਥ ਹੈ ਜੋ ਮਨੁੱਖ ਨੂੰ ਸਵਾਦ ਵੀ ਦਿੰਦਾ ਹੈ ਅਤੇ ਤਾਕਤ ਵੀ। ਲੱਸੀ ਦੁੱਧ ਤੋਂ ਬਣਦੀ ਹੈ, ਪਰ ਇਸ ਵਿੱਚ ਖੇਚਲ ਬਹੁਤ ਕਰਨੀ ਪੈਂਦੀ ਹੈ। ਸਾਡੀਆਂ ਘਰੇਲੂ ਸਵਾਣੀਆਂ ਇਸ ਖੇਚਲ ਵਿੱਚ ਵੀ ਆਨੰਦ ਪ੍ਰਾਪਤ ਕਰਦੀਆਂ ਹਨ। ਉਹ ਆਪਣੇ ਪਰਿਵਾਰ ਦੇ ਲਈ ਲੱਸੀ ਤੋਂ ਹੋਰ ਬਹੁਤ ਸਾਰੇ ਪਦਾਰਥ ਵੀ ਤਿਆਰ ਕਰਦੀਆਂ ਹਨ । ਲੂਣ, ਕਾਲੀ ਮਿਰਚ ਅਤੇ ਜੀਰਾ ਰਗੜ ਕੇ ਇਸ ਨੂੰ ਲੱਸੀ ਵਿੱਚ ਰਲਾ ਕੇ ਪੀਣ ਨਾਲ ਜਿੱਥੇ ਸਵਾਦ ਪੂਰਾ ਹੁੰਦਾ ਹੈ, ਉੱਥੇ ਗਰਮੀ ਤੋਂ ਰਾਹਤ ਵੀ ਮਿਲਦੀ ਹੈ। ਕੜਕਦੀ ਗਰਮੀ ਜਾਂ ਵਗਦੀ ਲੋਅ ਵਿੱਚ ਲੱਸੀ ਪੀ ਕੇ ਹੀ ਬਾਹਰ ਨਿਕਲਣਾ ਚਾਹੀਦਾ ਹੈ।

ਲੱਸੀ ਤੋਂ ਰਾਇਤਾ ਬਣਾਉਣ ਲਈ ਲੱਸੀ ਨੂੰ ਪੁਣ ਕੇ ਇੱਕ ਕੱਪੜੇ ਵਿੱਚ ਜਾਂ ਖੱਦਰ ਦੇ ਪੋਣੇ ਵਿੱਚ ਪਾ ਕੇ ਉਸ ਨੂੰ ਲਮਕਾ ਕੇ ਬੰਨ੍ਹਿਆ ਜਾਂਦਾ ਹੈ। ਜਦੋਂ ਉਸ ਦਾ ਸਾਰਾ ਪਾਣੀ ਨੁੱਚੜ ਜਾਂਦਾ ਹੈ ਤਾਂ ਉਸ ਨੂੰ ਕੜਛੀ ਨਾਲ ਕੱਢ ਕੇ ਦੁਬਾਰਾ ਘੋਲਿਆ ਜਾਂਦਾ ਹੈ। ਫਿਰ ਉਸ ਵਿੱਚ ਵੱਖ-ਵੱਖ ਤਰ੍ਹਾਂ ਦੇ ਪਦਾਰਥ ਮਿਲਾ ਕੇ ਉਸ ਨੂੰ ਖਾਧਾ ਜਾਂਦਾ ਹੈ। ਰਾਇਤੇ ਦੇ ਵਿੱਚ ਆਲੂ ਉਬਾਲ ਕੇ ਵੀ ਪਾਏ ਜਾਂਦੇ ਹਨ। ਗਰਮੀ ਦੀ ਰੁੱਤ ਵਿੱਚ ਜੰਡਾਂ ਦੀਆਂ ਫਲੀਆਂ ਨੂੰ ਕੱਟ ਕੇ ਉਬਾਲ ਕੇ ਵੀ ਪਾਇਆ ਜਾਂਦਾ ਹੈ। ਕੱਦੂ ਨੂੰ ਕਸ ਕਰਕੇ ਵੀ ਪਾਇਆ ਜਾਂਦਾ ਹੈ। ਇਸ ਵਿੱਚ ਮਾਹਾਂ ਦੇ ਬੜੇ ਬਣਾ ਕੇ ਵੀ ਪਾਏ ਜਾਂਦੇ ਹਨ ਅਤੇ ਬੂੰਦੀ ਵੀ ਪਾਈ ਜਾਂਦੀ ਹੈ।

Advertisement

ਭਾਵੇਂ ਸਮੇਂ ਵਿੱਚ ਬਦਲਾਅ ਆ ਗਿਆ ਹੈ, ਪਰ ਪਿੰਡਾਂ ਵਿੱਚ ਅਜੇ ਵੀ ਲੱਸੀ ਮੁਫ਼ਤ ਮਿਲਦੀ ਹੈ ਜਦਕਿ ਸ਼ਹਿਰਾਂ ਵਿੱਚ ਮੁੱਲ ਵਿਕਦੀ ਹੈ। ਸਾਡੇ ਸੱਭਿਆਚਾਰ ਵਿੱਚ ਔਰਤਾਂ ਸਵੇਰੇ ਵੱਡੇ ਤੜਕੇ ਉੱਠ ਕੇ ਲੱਸੀ ਰਿੜਕਦੀਆਂ ਸਨ। ਉਹ ਹਰ ਕੰਮ ਸਹਿਜ ਨਾਲ ਕਰਦੀਆਂ ਸਨ। ਇਸ ਕਰਕੇ ਹੀ ਉਸ ਵਿੱਚ ਕੋਈ ਕਮੀ ਨਹੀਂ ਸੀ ਰਹਿੰਦੀ। ਹੁਣ ਇੰਨਾ ਫ਼ਰਕ ਪੈ ਗਿਆ ਹੈ ਕਿ ਕਾੜ੍ਹਨੀ ਦੀ ਬਜਾਏ ਦੁੱਧ ਨੂੰ ਪਤੀਲਿਆਂ ਵਿੱਚ ਹੀ ਕਾੜ੍ਹ ਲਿਆ ਜਾਂਦਾ ਹੈ।

ਕੜ੍ਹਿਆ ਦੁੱਧ ਪੀਣ ਦੇ ਸ਼ੌਕੀਨ ਕਾੜ੍ਹਨੀ ਵਾਲੇ ਦੁੱਧ ਨੂੰ ਗੁੜ ਨਾਲ ਪੀ ਲੈਂਦੇ ਹਨ ਜਾਂ ਕਈ ਵਾਰ ਸ਼ੱਕਰ ਮਿਲਾ ਕੇ ਵੀ ਪੀ ਲੈਂਦੇ ਹਨ। ਇਹ ਦੁੱਧ ਜਿਗਰ ਦੇ ਰੋਗੀਆਂ ਲਈ ਬਹੁਤ ਫਾਇਦੇਮੰਦ ਹੈ। ਛੋਟੇ ਬੱਚਿਆਂ ਨੂੰ ਜੇਕਰ ਇਹ ਦੁੱਧ ਪਿਲਾਇਆ ਜਾਵੇ ਤਾਂ ਬਹੁਤ ਹੀ ਲਾਭਦਾਇਕ ਹੈ।

ਕਾੜ੍ਹਨੀ ਵਿੱਚ ਕਾੜ੍ਹ ਕੇ ਤਿਆਰ ਕੀਤੇ ਇਸ ਦੁੱਧ ਤੋਂ ਦਹੀਂ ਬਣਾਇਆ ਜਾਂਦਾ ਹੈ। ਇਹ ਜਮਾਇਆ ਹੋਇਆ ਦੁੱਧ ਅਗਲੇ ਦਿਨ ਸਵੇਰੇ ਵੱਡੇ ਤੜਕੇ ਰਿੜਕਿਆ ਜਾਂਦਾ ਹੈ। ਪੁਰਾਣੇ ਸਮੇਂ ਵਿੱਚ ਸਵੇਰ ਵੇਲੇ ਘਰਾਂ ਵਿੱਚ ਦੁੱਧ ਰਿੜਕਣ ਦੀ ਆਵਾਜ਼ ਇੱਕ ਸਾਜ਼ ਵੱਜਣ ਵਾਂਗ ਕੰਨਾਂ ਵਿੱਚ ਪੈਂਦੀ ਸੀ। ਪੰਜਾਬੀ ਦੇ ਪ੍ਰਸਿੱਧ ਕਿੱਸਾਕਾਰ ਵਾਰਿਸ ਸ਼ਾਹ ਨੇ ਇਸ ਵੇਲੇ ਦਾ ਜ਼ਿਕਰ ਇਸ ਤਰ੍ਹਾਂ ਕੀਤਾ ਹੈ;

ਚਿੜੀ ਚੂਕਦੀ ਨਾਲ ਜਾਂ ਤੁਰੇ ਪਾਂਧੀ

ਪਈਆਂ ਚਾਟੀਆਂ ਵਿੱਚ ਮਧਾਣੀਆਂ ਨੀਂ

ਭਾਵੇਂ ਲੱਸੀ ਦੁੱਧ ਤੋਂ ਬਣੀ ਹੋਈ ਹੈ ਅਤੇ ਪੇਂਡੂ ਲੋਕ ਇਸ ਨੂੰ ਸਸਤੀ ਚੀਜ਼ ਮੰਨਦੇ ਹਨ, ਪਰ ਫਿਰ ਵੀ ਇਸ ਲੱਸੀ ਦੀ ਕੀਮਤ ਵੀ ਜ਼ਿਆਦਾ ਵੱਡੀ ਮੰਨੀ ਜਾਂਦੀ ਹੈ। ਘਰਾਂ ਵਿੱਚ ਇਸ ਲੱਸੀ ਲਈ ਵਿਤਕਰੇ ਵੀ ਕੀਤੇ ਜਾਂਦੇ ਸਨ। ਘਰੇਲੂ ਔਰਤਾਂ ਆਪਣੇ ਪੁੱਤਰਾਂ ਲਈ ਗਾੜ੍ਹੀ ਲੱਸੀ ਪਹਿਲਾਂ ਕੱਢ ਦਿੰਦੀਆਂ ਸਨ ਅਤੇ ਬਾਕੀਆਂ ਲਈ ਪਾਣੀ ਪਾ ਦਿੰਦੀਆਂ ਸਨ। ਗਰਮੀ ਦੇ ਮਹੀਨੇ ਵਿੱਚ ਲੱਸੀ ਬਾਰੇ ਇਸ ਤਰ੍ਹਾਂ ਕਿਹਾ ਗਿਆ ਹੈ;

ਹਾੜ ਲੱਸੀ ਪੁੱਤਾਂ ਨੂੰ

ਸਾਉਣ ਲੱਸੀ ਮਿੱਤਾਂ ਨੂੰ

ਕੁਝ ਲੋਕ ਇਸ ਲੱਸੀ ਵਿੱਚ ਬਾਜਰੇ ਦਾ ਆਟਾ ਮਿਲਾ ਕੇ ਰਬੜੀ ਬਣਾ ਕੇ ਖਾਂਦੇ ਹਨ। ਸਰਦੀ ਵਿੱਚ ਬਾਜਰੇ ਦੀ ਖਿਚੜੀ ਖਾਣ ਲਈ ਗਾੜ੍ਹੀ ਲੱਸੀ ਵਿੱਚ ਦੁੱਧ ਦੀਆਂ ਧਾਰਾਂ ਮਾਰ ਕੇ ਤਿਉੜ ਬਣਾਇਆ ਜਾਂਦਾ ਹੈ। ਲੱਸੀ ਪੀਣ ਨੂੰ ਹਰ ਇੱਕ ਦਾ ਜੀਅ ਕਰਦਾ ਹੈ। ਲੱਸੀ ਪੀਣ ਦੇ ਸ਼ੌਕੀਨ ਦੂਰੋਂ ਦੂਰੋਂ ਲੱਸੀ ਲੈਣ ਆ ਜਾਂਦੇ ਹਨ। ਇਸ ਤਰ੍ਹਾਂ ਸਾਡੇ ਰਿਸ਼ਤਿਆਂ ਵਿੱਚ ਕਈ ਰਿਸ਼ਤੇ ਅਜਿਹੇ ਹਨ ਜਿਨ੍ਹਾਂ ਨੂੰ ਬਦਨਾਮ ਕਰ ਰੱਖਿਆ ਹੈ। ਪਤੀ ਦੇ ਵੱਡੇ ਭਰਾ ਨੂੰ ਔਰਤਾਂ ਚੰਗਾ ਨਹੀਂ ਸਮਝਦੀਆਂ ਕਿਉਂਕਿ ਉਹ ਵੱਡੇ ਹੋਣ ਦੇ ਨਾਤੇ ਘਰ ਵਿੱਚ ਟੋਕ ਟਕਾਈ ਕਰ ਦਿੰਦਾ ਹੈ, ਪਰ ਔਰਤਾਂ ਨੂੰ ਇਹ ਗੱਲ ਚੰਗੀ ਨਹੀਂ ਲੱਗਦੀ। ਫਿਰ ਉਹ ਲੱਸੀ ਵਰਗੀ ਚੀਜ਼ ਦੇਣ ਵੇਲੇ ਖੋਭ ਕੱਢਣ ਲਈ ਤਿਆਰ ਹੋ ਜਾਂਦੀਆਂ ਹਨ;

ਦਿਓਰ ਭਾਵੇ ਮੱਝ ਚੁੰਘ ਜੇ

ਛੜੇ ਜੇਠ ਨੂੰ ਲੱਸੀ ਨਹੀਂ ਦੇਣੀ।

ਕਈ ਜੇਠ ਵੀ ਅੜੀਅਲ ਹੁੰਦੇ ਹਨ। ਉਹ ਵੀ ਆਪਣੀ ਅੜੀ ਪੁਗਾਉਣ ਲਈ ਕਹਿ ਦਿੰਦੇ ਹਨ;

ਲੱਸੀ ਪੀਣ ਦਾ ਸ਼ੌਕ ਨਾ ਕਾਈ

ਇੱਕ ਤੇਰੀ ਅੜ ਭੰਨਣੀ।

ਜਿਸ ਵਿਅਕਤੀ ਨੂੰ ਲੱਸੀ ਦਾ ਚਸਕਾ ਪੈ ਜਾਵੇ ਤਾਂ ਉਹ ਵਿਅਕਤੀ ਪੀਤੇ ਬਿਨਾਂ ਨਹੀਂ ਰਹਿ ਸਕਦਾ। ਸ਼ਰਾਬ ਦਾ ਸੇਵਨ ਕਰਨ ਵਾਲੇ ਸਵੇਰੇ ਲੱਸੀ ਦੀ ਇੱਛਾ ਰੱਖਦੇ ਹਨ। ‘ਬੇਗਾਨੀ ਛਾਹ ’ਤੇ ਮੁੱਛਾਂ ਮੁੰਨਾਉਣੀਆਂ’ ਵਰਗੀ ਕਹਾਵਤ ਵੀ ਇੱਥੋਂ ਹੀ ਬਣੀ। ਕਈ ਵਿਅਕਤੀ ਲੱਸੀ ਵਾਲੇ ਘਰ ਦੀ ਖੁਸ਼ਾਮਦ ਵੀ ਕਰਦੇ ਹਨ। ਬਦਲੇ ਵਿੱਚ ਉਨ੍ਹਾਂ ਨੂੰ ਕੋਈ ਚੀਜ਼ ਦਿੰਦੇ ਹਨ। ਕਈ ਵਾਰ ਮਜਬੂਰੀ ਵਿੱਚ ਕੋਈ ਨਾ ਵਰਤੋਂ ਯੋਗ ਚੀਜ਼ ਵੀ ਫੜਾ ਜਾਂਦੇ ਹਨ;

ਨਾਲੇ ਬਾਬਾ ਲੱਸੀ ਪੀ ਗਿਆ

ਨਾਲੇ ਦੇ ਗਿਆ ਦਵਾਨੀ ਖੋਟੀ।

ਲੱਸੀ ਪਸ਼ੂਆਂ ਲਈ ਵੀ ਗੁਣਕਾਰੀ ਚੀਜ਼ ਹੈ। ਮੱਝਾਂ ਵਾਸਤੇ ਇਹ ਠੀਕ ਨਹੀਂ, ਪਰ ਗੋਕੇ ਵਾਸਤੇ ਠੀਕ ਹੈ। ਗਊਆਂ ਨੂੰ ਲੂਣ ਪਾ ਕੇ ਲੱਸੀ ਪਿਲਾਈ ਜਾਂਦੀ ਹੈ। ਇਸ ਕਰਕੇ ਉਹ ਦੁੱਧ ਵੱਧ ਦਿੰਦੀਆਂ ਹਨ। ਬਲਦਾਂ ਦੇ ਜ਼ਮਾਨੇ ਵਿੱਚ ਇਹ ਲੱਸੀ ਵਾਧੂ ਹੋਣ ਕਰਕੇ ਬਲਦਾਂ ਅਤੇ ਵੱਛਿਆਂ ਨੂੰ ਵੀ ਪਿਲਾਈ ਜਾਂਦੀ ਸੀ। ਇਸ ਨਾਲ ਇਨ੍ਹਾਂ ਨੂੰ ਤਾਕਤ ਮਿਲਦੀ ਸੀ।

ਲੱਸੀ ਨੂੰ ਸਿਰ ਧੋਣ ਲਈ ਵੀ ਵਰਤਿਆ ਜਾਂਦਾ ਹੈ। ਇਸ ਨਾਲ ਸਿਰ ਵਿੱਚ ਖੁਸ਼ਕੀ ਨਹੀਂ ਰਹਿੰਦੀ। ਲੱਸੀ ਵਿੱਚ ਬਾਜਰੇ ਜਾਂ ਮੱਕੀ ਦਾ ਆਟਾ ਪਾ ਕੇ ਸਰੀਰ ਉੱਤੇ ਮਾਲਿਸ਼ ਵੀ ਕੀਤੀ ਜਾਂਦੀ ਹੈ। ਆਮ ਤੌਰ ’ਤੇ ਪੈਰਾਂ ਤੇ ਹੱਥਾਂ ਦੀ ਮੈਲ ਲਾਹੀ ਜਾਂਦੀ ਸੀ। ਮੂੰਹ ਦੇ ਉੱਤੇ ਵੀ ਇਸ ਨੂੰ ਮਲਿਆ ਜਾਂਦਾ ਸੀ।

ਸਮਾਜ ਵਿੱਚ ਅਣਵਿਆਹੇ ਵਿਅਕਤੀ ਨੂੰ ਔਰਤਾਂ ਅਤੇ ਆਦਮੀ ਟਿੱਚ ਹੀ ਸਮਝਦੇ ਹਨ ਕਿਉਂਕਿ ਘਰ ਵਿੱਚ ਔਰਤ ਨਾ ਹੋਣ ਕਰਕੇ ਉਨ੍ਹਾਂ ਨੂੰ ਆਪਣੇ ਕੰਮ ਆਪ ਹੀ ਕਰਨੇ ਪੈਂਦੇ ਹਨ। ਸੋ ਲੱਸੀ ਲੈਣ ਵੀ ਉਨ੍ਹਾਂ ਨੂੰ ਆਪ ਹੀ ਜਾਣਾ ਪੈਂਦਾ ਹੈ।

ਕਈ ਘਰਾਂ ਵਿੱਚ ਔਰਤਾਂ ਛੜਿਆਂ ਤੋਂ ਕਤਰਾਉਂਦੀਆਂ ਹਨ। ਉਨ੍ਹਾਂ ਨੂੰ ਮਗਰੋਂ ਲਾਹੁਣ ਲਈ ਬਹਾਨਾ ਬਣਾ ਕੇ ਚੀਜ਼ ਨੂੰ ਜਵਾਬ ਦਿੰਦੀਆਂ ਹਨ। ਲੋਕ ਗੀਤਾਂ ਵਿੱਚ ਇਸ ਦਾ ਜ਼ਿਕਰ ਇਸ ਤਰ੍ਹਾਂ ਆਉਂਦਾ ਹੈ;

ਕੋਰੇ ਕੋਰੇ ਕੁੱਜੇ ਵਿੱਚ ਦਹੀਂ ਮੈਂ ਜੰਮਾਉਨੀ ਆਂ

ਤੜਕੇ ਉੱਠ ਕੇ ਰਿੜਕਾਂਗੇ

ਛੜੇ ਆਉਣਗੇ ਲੱਸੀ ਨੂੰ ਝਿੜਕਾਂਗੇ।

ਜਵਾਨੀ ਅੰਨ੍ਹੀ ਹੁੰਦੀ ਹੈ। ਇਸ ਸਮੇਂ ਇਸ਼ਕ ਮੁਸ਼ਕ ਦੇ ਚੱਕਰ ਕੁਦਰਤੀ ਤੌਰ ’ਤੇ ਚੱਲ ਪੈਂਦੇ ਹਨ ਅਤੇ ਫਿਰ ਇੱਕ ਦੂਜੇ ਨੂੰ ਮਿਲਣ ਦੇ ਬਹਾਨੇ ਬਣਾਉਂਦੇ ਹਨ। ਇਹਦੇ ਵਿੱਚ ਲੱਸੀ ਦਾ ਵੀ ਵਿਸ਼ੇਸ਼ ਥਾਂ ਹੈ। ਇੱਕ ਪ੍ਰੇਮਿਕਾ ਆਪਣੇ ਪ੍ਰੇਮੀ ਨੂੰ ਮਿਲਣ ਲਈ ਇਸ ਤਰ੍ਹਾਂ ਕਹਿੰਦੀ ਹੈ;

ਲੱਸੀ ਪੀ ਜਾਵੇ ਭੂਆ ਦਾ ਪੁੱਤ ਬਣ ਕੇ

ਮੈਂ ਬਾਰੀ ਵਿੱਚ ਦੁੱਧ ਰਿੜਕਾਂ

ਲੱਸੀ ਠੰਢੀ ਪੀਤੀ ਜਾਂਦੀ ਹੈ ਜਦੋਂ ਕਿ ਦੁੱਧ ਗਰਮ। ਸੋ ਕਈ ਵਾਰੀ ਇਹ ਅਖਾਣ ਵੀ ਵਰਤਿਆ ਜਾਂਦਾ ਹੈ ਕਿ ਦੁੱਧ ਦਾ ਜਲਿਆ ਲੱਸੀ ਨੂੰ ਵੀ ਫੂਕਾਂ ਮਾਰ ਕੇ ਪੀਂਦਾ ਹੈ। ਆਮ ਤੌਰ ’ਤੇ ਇਹ ਵੀ ਕਿਹਾ ਜਾਂਦਾ ਹੈ ਕਿ ਲੱਸੀ ਅਤੇ ਲੜਾਈ ਨੂੰ ਜਿੰਨਾ ਮਰਜ਼ੀ ਵਧਾ ਲਓ। ਲੜਾਈ ਤਾਂ ਵਧੀ ਮਾੜੀ ਹੈ, ਪਰ ਜੇ ਲੱਸੀ ਵੱਧ ਜਾਵੇ ਤਾਂ ਚੰਗੀ ਹੈ ਕਿਉਂਕਿ ਇਸ ਨਾਲ ਕਈ ਜਾਣੇ ਤ੍ਰਿਪਤ ਹੁੰਦੇ ਹਨ। ਲੱਸੀ ਸਾਡੇ ਭੋਜਨ ਦਾ ਜ਼ਰੂਰੀ ਹਿੱਸਾ ਹੈ। ਲੱਸੀ ਦਾ ਦਰਜਾ ਚਾਹ ਦੇ ਮੁਕਾਬਲੇ ਚੰਗਾ ਮੰਨਿਆ ਜਾਂਦਾ ਹੈ। ਕਿਹਾ ਜਾਂਦਾ ਹੈ;

ਲੱਸੀ ਪੀਏ ਤਾਂ ਆਂਦਰਾਂ ਠਾਰੇ

ਚਾਹ ਜਾਵੇ ਢਿੱਡ ਫੂਕਦੀ।

ਸੰਪਰਕ: 94178-40323

Advertisement
Show comments