ਸਾਉਣ ਦੀ ਮੈਂ ਵੰਡਾਂ ਸ਼ੀਰਨੀ…
ਦੇਸੀ ਮਹੀਨੇ ਵਿਸਾਖ ਤੋਂ ਸ਼ੁਰੂ ਹੋਈ ਗਰਮੀ ਹਾੜ ਤੱਕ ਸਿਖਰਾਂ ’ਤੇ ਪੁੱਜ ਜਾਂਦੀ ਹੈ। ਤਾਪਮਾਨ 40-45 ਡਿਗਰੀ ਤੱਕ ਪਹੁੰਚ ਜਾਂਦਾ ਹੈ। ਮਨੁੱਖਾਂ ਦੇ ਨਾਲ ਨਾਲ ਪਸ਼ੂ ਪੰਛੀ ਵੀ ਇਸ ਜ਼ਬਰਦਸਤ ਗਰਮੀ ਵਿੱਚ ਬੇਹਾਲ ਹੋ ਜਾਂਦੇ ਹਨ ਅਤੇ ਚਾਹੁੰਦੇ ਹਨ ਕਿ ਕਿਸੇ ਪਾਸਿਉਂ ਠੰਢੀ ਪੌਣ ਦਾ ਬੁੱਲਾ ਆ ਜਾਵੇ। ਮਨੁੱਖ ਦੁਆਰਾ ਨਿਰਮਿਤ ਐਸ਼ੋ ਆਰਾਮ ਦੇ ਸਾਧਨ ਬਿਜਲੀ ਦੇ ਪੱਖੇ, ਏਸੀ ਸਭ ਇਸ ਅੱਥਰੇ ਮੌਸਮ ਅੱਗੇ ਗੋਡੇ ਟੇਕ ਜਾਂਦੇ ਹਨ। ਪਹੁੰਚ ਵਾਲੇ ਲੋਕ ਗਰਮੀ ਤੋਂ ਬਚਣ ਲਈ ਕੁਝ ਸਮਾਂ ਪਹਾੜੀਂ ਚੜ੍ਹ ਜਾਂਦੇ ਹਨ, ਵਾਪਸ ਘਰ ਕੇ ਪਹਿਲਾਂ ਤੋਂ ਵੀ ਵੱਧ ਤੰਗ ਹੁੰਦੇ ਹਨ। ਫਿਰ ਤਾਂ ਇੱਕੋ ਇੱਕ ਆਸ ਰੱਬ ’ਤੇ ਹੀ ਹੁੰਦੀ ਹੈ ਕਿ ਮੀਂਹ ਨਹੀਂ ਤਾਂ ਹਨੇਰੀ ਹੀ ਵਗਾ ਦੇ, ਮਾੜੀ ਮੋਟੀ ਹਵਾ ਤਾਂ ਲੱਗੇ ਅਤੇ ਸੁਖ ਦਾ ਸਾਹ ਆਵੇ।
ਆਖ਼ਰ ਹਾੜ ਮਹੀਨੇ ਮਗਰੋਂ ਵਾਰੀ ਹੁੰਦੀ ਹੈ, ਸਾਉਣ ਮਹੀਨੇ ਦੀ ਜਿਸ ਵਿੱਚ ਮੌਨਸੂਨੀ ਪੌਣਾਂ ਸਾਡੇ ਦੇਸ਼ ਵਿੱਚ ਮੀਂਹ ਪਾਉਂਦੀਆਂ ਹਨ। ਇਸ ਸਮੇਂ ਔੜ ਦੀਆਂ ਮਾਰੀਆਂ ਫ਼ਸਲਾਂ ਅਤੇ ਤਪਸ਼ ਦੀ ਮੱਚੀ ਧਰਤੀ ਨੂੰ ਮੀਂਹ ਦੀ ਬੜੀ ਲੋੜ ਹੁੰਦੀ ਹੈ। ਬੱਚੇ ਗਾਉਂਦੇ ਹਨ;
ਕਾਲੀਆਂ ਇੱਟਾਂ ਕਾਲੇ ਰੋੜ
ਮੀਂਹ ਵਰਸਾ ਦੇ ਜ਼ੋਰੋ ਜ਼ੋਰ।
ਅਜਿਹੇ ਸਮੇਂ ਜੇ ਅਸਮਾਨ ਦੇ ਕਿਸੇ ਕੋਨੇ ਤੋਂ ਕੋਈ ਕਾਲੀ ਬਦਲੋਟੀ ਨਜ਼ਰੀਂ ਆ ਜਾਵੇ ਤਾਂ ਸਭ ਨੂੰ ਚਾਅ ਚੜ੍ਹ ਜਾਂਦਾ ਹੈ ਕਿ ਅੱਜ ਮੀਂਹ ਜ਼ਰੂਰ ਪਏਗਾ। ਹਾਲਾਂਕਿ ਪੰਜਾਬ ਵਿੱਚ ਇੰਨੀ ਜਲਦੀ ਮੀਂਹ ਨਹੀਂ ਪੈਂਦਾ ਜਦੋਂਕਿ ਕੇਰਲਾ ਵਿੱਚ ਮੈਂ ਦੇਖਿਆ ਹੈ ਕਿ ਸਮੁੰਦਰ ਵਿੱਚੋਂ ਨਿੱਕੀ ਜਿਹੀ ਬਦਲੀ ਉੱਠਦੀ ਹੈ, ਦੇਖਦੇ ਦੇਖਦੇ ਕੁਝ ਹੀ ਸਮੇਂ ਵਿੱਚ ਸਾਰੇ ਆਕਾਸ਼ ’ਤੇ ਛਾ ਜਾਂਦੀ ਹੈ ਅਤੇ ਛਮਛਮ ਮੀਂਹ ਪੈਣ ਲੱਗ ਜਾਂਦਾ ਹੈ। ਇਸ ਲਈ ਉਹ ਲੋਕ ਹਮੇਸ਼ਾਂ ਆਪਣੇ ਕੋਲ ਛਤਰੀ ਰੱਖਦੇ ਹਨ। ਉੱਥੇ ਮੀਂਹ ਦੀਆਂ ਕਣੀਆਂ ਵੀ ਇੰਨੀਆਂ ਤਿੱਖੀਆਂ ਹੁੰਦੀਆਂ ਹਨ ਕਿ ਸਿੱਧੀਆਂ ਸਹਿ ਨਹੀਂ ਹੁੰਦੀਆਂ, ਪਰ ਆਪਣੇ ਪੰਜਾਬ ਵਿੱਚ ਤਾਂ ਬੱਦਲ ਦੋ ਦਿਨ ਭੂਮਿਕਾ ਬੰਨ੍ਹ ਕੇ ਫਿਰ ਮੀਂਹ ਪਾਉਂਦਾ ਹੈ। ਜੇ ਫਿਰ ਵੀ ਮੇਘਲਾ ਨਾ ਵਰ੍ਹੇ ਤਾਂ ਕੁੜੀਆਂ ਗੀਤ ਗਾਉਂਦੀਆਂ ਹਨ;
ਕਾਲੀ ਘਟ ਆਣ ਕੇ ਬਨੇਰੇ ਕੋਲੋਂ ਮੁੜਗੀ
ਵੀਰਾ ਕੁਛ ਪੁੰਨ ਕਰ ਦੇ
ਇਸ ਤੋਂ ਪ੍ਰਭਾਵਿਤ ਹੋਏ ਵੀਰ ਚੌਲਾਂ ਜਾਂ ਕੜਾਹ ਪ੍ਰਸ਼ਾਦ ਦਾ ਯੱਗ ਕਰ ਕੇ ਇੰਦਰ ਦੇਵਤਾ ਨੂੰ ਮੀਂਹ ਪਾਉਣ ਦੀ ਪ੍ਰਾਰਥਨਾ ਕਰਦੇ ਹਨ। ਜਦੋਂ ਮੀਂਹ ਪੈ ਜਾਵੇ ਤਾਂ ਸਾਉਣ ਮਹੀਨੇ ਦੇ ਵਾਰੇ ਵਾਰੇ ਜਾਂਦੇ ਹਨ। ਮਨੁੱਖ, ਪਸ਼ੂ-ਪੰਛੀ, ਰੁੱਖ-ਬੂਟੇ ਸਾਰੀ ਕਾਇਨਾਤ ਝੂਮ ਉੱਠਦੀ ਹੈ। ਖੇਤੀਂ ਫ਼ਸਲਾਂ ਲਹਿਲਹਾਉਂਦੀਆਂ ਹਨ, ਘਰਾਂ ਵਿੱਚ ਖੀਰ ਪੂੜੇ ਬਣਦੇ ਹਨ। ਪੰਜਾਬੀ ਦੀ ਇੱਕ ਕਹਾਵਤ ਹੈ;
ਜੱਗ ’ਤੇ ਕੀ ਆਇਆ ਅਪਰਾਧੀਆ
ਜੇ ਸਾਉਣ ਖੀਰ ਨਾ ਖਾਧੀਆਂ।
ਸੋ ਕੋਈ ਵੀ ਅਪਰਾਧੀ ਨਹੀਂ ਬਣਨਾ ਚਾਹੁੰਦਾ ਅਤੇ ਸਾਰੇ ਖੀਰ ਬਣਾ ਕੇ ਜ਼ਰੂਰ ਖਾਂਦੇ ਹਨ। ਮੈਂ ਖ਼ੁਦ ਦੇਖਿਆ ਹੈ ਪੰਜਾਬ ਦੀ ਕਪਾਹ ਬੈਲਟ ਬਠਿੰਡੇ ਜ਼ਿਲ੍ਹੇ ਵਿੱਚ ਤਾਂ ਕਪਾਹ ਜਾਂ ਨਰਮੇ ਦੇ ਖੇਤ ਵਿੱਚ ਜਾ ਕੇ ਪੂੜੇ ਪਕਾ ਕੇ ਖਾਧੇ ਜਾਂਦੇ ਸਨ।
ਕੁੜੀਆਂ ਚਿੜੀਆਂ ਲਈ ਇਸ ਮਹੀਨੇ ਦੀ ਖ਼ਾਸ ਮਹੱਤਤਾ ਹੈ ਕਿਉਂਕਿ ਇਸ ਮਹੀਨੇ ਵਿੱਚ ਉਨ੍ਹਾਂ ਦਾ ਮਨਭਾਉਂਦਾ ਤਿਉਹਾਰ ਤੀਆਂ ਆਉਂਦਾ ਹੈ। ਉਹ ਤਾਂ ਦੋ ਮਹੀਨੇ ਪਹਿਲਾਂ ਹੀ ਤੀਆਂ ਦੀ ਤਿਆਰੀ ਵਿੱਢ ਦਿੰਦੀਆਂ ਹਨ। ਨਵੇਂ ਨਵੇਂ ਸੂਟ ਸੰਵਾਏ ਜਾਂਦੇ ਹਨ, ਵੰਨ ਸੁਵੰਨੀਆਂ ਵੰਗਾਂ ਖ਼ਰੀਦੀਆਂ ਜਾਂਦੀਆਂ ਹਨ, ਹਾਰ ਸ਼ਿੰਗਾਰ ਦੇ ਸਾਮਾਨ ਦੀਆਂ ਸਜੀਆਂ ਫੱਬੀਆਂ ਦੁਕਾਨਾਂ ’ਤੇ ਕੁੜੀਆਂ ਅਤੇ ਵਹੁਟੀਆਂ ਨੇ ਝੁਰਮਟ ਪਾਇਆ ਹੁੰਦਾ ਹੈ ਜਿਵੇਂ ਸਾਰੀ ਦੁਕਾਨ ਹੀ ਖ਼ਰੀਦਣੀ ਹੋਵੇ। ਫਿਰ ਵਿਆਹੀਆਂ ਨੂੰ ਉਡੀਕ ਹੁੰਦੀ ਹੈ ਅੰਮਾਂ ਜਾਇਆਂ ਦੇ ਆਉਣ ਦੀ ਅਤੇ ਪੇਕੀਂ ਜਾ ਕੇ ਸਹੇਲੀਆਂ ਸੰਗ ਤੀਆਂ ਮਨਾਉਣ ਦੀ। ਜੇਕਰ ਨਵੀਂ ਵਿਆਹੀ ਕੁੜੀ ਦੇ ਘਰ ਦੇ ਕਿਸੇ ਕਾਰਨ ਨਾ ਆ ਸਕਣ ਤਾਂ ਨੂੰਹ ਤੇ ਸੱਸ ਦੀ ਤਕਰਾਰ ਹੋ ਜਾਂਦੀ ਹੈ। ਸੱਸ, ਨੂੰਹ ਨੂੰ ਕਹਿੰਦੀ ਹੈ;
ਬਹੁਤਿਆਂ ਭਰਾਵਾਂ ਵਾਲੀਏ
ਤੈਨੂੰ ਤੀਆਂ ਨੂੰ ਲੈਣ ਨਾ ਆਏ।
ਨੂੰਹ ਜਵਾਬ ਦਿੰਦੀ ਹੈ;
ਸੱਸੀਏ ਬੇਕਦਰੇ ਤੈਥੋਂ ਡਰਦੇ ਲੈਣ ਨਾ ਆਏ।
ਕੁਝ ਵਿਆਹੀਆਂ ਮੁਟਿਆਰਾਂ ਜੋ ਕਿਸੇ ਕਾਰਨ ਪੇਕੇ ਨਹੀਂ ਜਾ ਸਕਦੀਆਂ, ਉਨ੍ਹਾਂ ਨੂੰ ਉਨ੍ਹਾਂ ਦੇ ਪੇਕੇ ਵਾਲੇ ਸਹੁਰੇ ਘਰ ਹੀ ਸੰਧਾਰਾ ਦੇ ਜਾਂਦੇ ਹਨ ਅਤੇ ਜਿਹੜੀਆਂ ਪੇਕੇ ਜਾਂਦੀਆਂ ਹਨ, ਉਨ੍ਹਾਂ ਦੇ ਸਹੁਰੇ ਪਰਿਵਾਰ ਵਾਲੇ ਖ਼ਾਸ ਤੌਰ ’ਤੇ ਲੜਕੀ ਦਾ ਪਤੀ ਸੰਧਾਰਾ ਲੈ ਕੇ ਜਾਂਦਾ ਹੈ। ਸੰਧਾਰੇ ਵਿੱਚ ਆਮ ਤੌਰ ’ਤੇ ਬਿਸਕੁਟ, ਮਠਿਆਈ, ਕੱਪੜੇ ਅਤੇ ਹਾਰ ਸ਼ਿੰਗਾਰ ਦਾ ਨਿੱਕ ਸੁੱਕ ਹੁੰਦਾ ਹੈ। ਤੀਆਂ ਦੇ ਇਸ ਸਵੱਲੇ ਤਿਉਹਾਰ ਦੀ ਉਤਪਤੀ ਬਾਰੇ ਲੋਕਾਂ ਦੇ ਅਲੱਗ ਅਲੱਗ ਅਲੱਗ ਵਿਚਾਰ ਹਨ, ਪਰ ਮੇਰੇ ਵਿਚਾਰ ਅਨੁਸਾਰ ਇਹ ਪੁਰਸ਼ ਪ੍ਰਧਾਨ ਪੰਜਾਬੀ ਸਮਾਜ ਵਿੱਚ ਔਰਤਾਂ ਦੇ ਆਪਣੇ ਦਿਲ ਵਿੱਚ ਦੱਬੇ ਮਨੋਭਾਵਾਂ ਦੇ ਪ੍ਰਗਟਾਵੇ ਦਾ ਇੱਕ ਪਲੈਟਫਾਰਮ ਹੈ, ਜਿੱਥੇ ਉਹ ਬੇਖੌਫ਼ ਹੋ ਕੇ ਸਹੁਰੇ ਪਰਿਵਾਰ ਵੱਲੋਂ ਹੁੰਦੀਆਂ ਵਧੀਕੀਆਂ ਵਿਰੁੱਧ ਨੱਚ ਗਾ ਕੇ ਆਪਣੇ ਆਪ ਨੂੰ ਸਹਿਜ ਕਰ ਲੈਂਦੀਆਂ ਹਨ। ਪਿਪਲਾਂ, ਬੋਹੜਾਂ ’ਤੇ ਪੀਘਾਂ ਪਾ ਕੇ ਝੂਟੇ ਲੈਂਦੀਆਂ ਹਨ। ਮੁਟਿਆਰਾਂ ਉੱਚੀ ਪੀਂਘ ਚੜ੍ਹਾ ਕੇ ਪਿੱਪਲ ਦੀ ਉੱਚੀ ਟੀਸੀ ਤੋਂ ਕੁਝ ਪੱਤੇ ਤੋੜ ਲਿਆਉਂਦੀਆਂ ਹਨ ਅਤੇ ਇਸ ਨੂੰ ਆਪਣੀ ਸੱਸ ਦੇ ਝਾਟੇ ਦਾ ਨਾਂ ਦਿੰਦੀਆਂ ਹਨ। ਤੀਆਂ ਵਿੱਚ ਕੁੜੀਆਂ ਸੱਸ ਨੂੰ ਹੀ ਜ਼ਿਆਦਾ ਬੇਹੇ ਕੜਾਹ ਵਾਂਗ ਲੈਂਦੀਆਂ ਹੋਈਆਂ ਨਿਹੋਰੇ ਮਾਰਦੀਆਂ ਹਨ;
ਤੇਰੀ ਮਾਂ ਬੜੀ ਕੁਪੱਤੀ ਸਾਨੂੰ ਪਾਉਣ ਨਾ ਦੇਵੇ ਜੁੱਤੀ
ਮੈਂ ਤਾਂ ਜੁੱਤੀ ਪਾਉਣੀ ਆਂ, ਮੁੰਡਿਆ ਰਾਜ਼ੀ ਰਹਿ ਜਾਂ ਗੁੱਸੇ
ਤੇਰੀ ਮਾਂ ਖੜਕਾਉਣੀ ਆਂ।
***
ਸਹੁਰੇ ਮੇਰੇ ਨੇ ਕਰੇਲੇ ਲਿਆਂਦੇ ਸੱਸ ਮੇਰੀ ਨੇ ਤੜਕੇ
ਮੇਰੀ ਵਾਰੀ ਆਈ ਪਤੀਲਾ ਖੜਕੇ।
ਬਾਅਦ ਵਿੱਚ ਇਹ ਵੀ ਕਹਿ ਦਿੰਦੀਆਂ ਹਨ;
ਬਾਰੀਂ ਬਰਸੀ ਖੱਟਣ ਗਿਆ ਸੀ
ਖੱਟ ਕੇ ਲਿਆਂਦਾ ਝਾਵਾਂ
ਜੇ ਸੱਸ ਮਾਂ ਬਣ ਜੇ
ਮੈਂ ਪੇਕੇ ਕਦੇ ਨਾ ਜਾਵਾਂ।
ਜੇ ਬਾਪ ਦਾ ਸਹੇੜਿਆ ਵਰ ਕੁੜੀ ਨੂੰ ਪਸੰਦ ਨਹੀਂ ਹੁੰਦਾ ਤਾਂ ਉਹ ਪਿਉ ਮੂਹਰੇ ਬੋਲਣ ਤੋਂ ਅਸਮਰੱਥ ਤੀਆਂ ਵਿੱਚ ਆਪਣੇ ਮਨ ਦੀ ਭੜਾਸ ਕੱਢਦੀ ਹੋਈ ਮਾਂ ਨੂੰ ਉਲਾਂਭਾ ਦਿੰਦੀ ਹੈ;
ਮਾਏ ਨ੍ਹੀਂ ਦੱਸ ਵਰ ਕੀ ਸਹੇੜਿਆ
ਪੁੱਠੇ ਤਵੇ ਤੋਂ ਕਾਲਾ
ਸਖੀਆਂ ਮੈਨੂੰ ਮਾਰਨ ਮਿਹਣੇ
ਆਹ ਤੇਰੇ ਘਰਵਾਲਾ
ਸੁਣ ਕੇ ਕਾਲਜਾ ਇਉਂ ਸੜ ਜਾਂਦਾ
ਜਿਉਂ ਅਹਿਰਣ ਵਿੱਚ ਫਾਲਾ
ਮਾਏ ਤੇਰੇ ਮੰਦਰਾਂ ’ਚੋਂ
ਮਿਲ ਗਿਆ ਦੇਸ਼ ਨਿਕਾਲਾ।
ਜਾਂ ਫਿਰ ਆਪਣੇ ਹਾਣ ਦੀਆਂ ਕੁੜੀਆਂ ਨੂੰ ਸੁਚੇਤ ਕਰਦੀਆਂ ਹੋਈਆਂ ਬੋਲੀ ਪਾਉਂਦੀਆਂ ਹਨ;
ਹੱਸ ਲਉ ਨੀਂ ਕੁੜੀਓ ਖੇਡ ਲਉ ਨੀਂ ਕੁੜੀਓ
ਹੱਸਣਾ ਖੇਡਣਾ ਰਹਿ ਜਾਊਗਾ
ਨੀਂ ਕੋਈ ਬੂਝੜ ਜਿਹਾ ਜੱਟ ਲੈ ਜਾਊਗਾ।
ਅਸਮਾਨ ’ਤੇ ਤੈਰਦੇ ਕਾਲੇ ਬੱਦਲ ਦੇਖ ਕੇ ਕੁੜੀਆਂ ਕੂਕ ਉੱਠਦੀਆਂ ਹਨ;
ਸਾਉਣ ਮਹੀਨੇ ਦਿਨ ਤੀਆਂ ਦੇ
ਸਭੇ ਸਹੇਲੀਆਂ ਆਈਆਂ
ਭਿੱਜ ਗਈ ਰੂਹ ਮਿੱਤਰਾ
ਸ਼ਿਆਮ ਘਟਾਂ ਚੜ੍ਹ ਆਈਆਂ।
***
ਗੱਡੀ ਜੋੜ ਕੇ ਆ ਗਿਆ
ਢੋਲਾ ਆ ਵੜਿਆ ਦਰਵਾਜ਼ੇ
ਬਲਦਾਂ ਤੇਰਿਆਂ ਨੂੰ ਭੋਂ ਦੀ ਟੋਕਰੀ
ਤੈਨੂੰ ਦੋ ਪਰਸ਼ਾਦੇ
ਖਾਲੀ ਮੁੜ ਜਾ ਵੇ
ਸਾਡੇ ਨਹੀਂ ਇਰਾਦੇ।
ਇਸ ਤਰ੍ਹਾਂ ਨੌਂ ਦਿਨ ਤੀਆਂ ਦੇ ਤਿਉਹਾਰ ਨੂੰ ਔਰਤਾਂ ਮਾਣਦੀਆਂ ਹਨ। ਚਿਰਾਂ ਤੋਂ ਵਿੱਛੜੀਆਂ ਸਹੇਲੀਆਂ ਇੱਕ-ਦੂਜੀ ਨੂੰ ਮਿਲ ਕੇ ਦੁੱਖ ਸੁੱਖ ਸਾਂਝਾ ਕਰਦੀਆਂ ਹਨ;
ਚੱਕ ਲਿਆ ਬਾਜ਼ਾਰ ਵਿੱਚੋਂ ਭੇਲੀ
ਭੈਣਾਂ ਨੂੰ ਭਾਈ ਨਿੱਤ ਮਿਲਦੇ
ਵਿੱਛੜੀ ਨਾ ਮਿਲੇ ਸਹੇਲੀ।
ਉਹ ਆਪਣੀ ਆਪਣੀ ਜ਼ਿੰਦਗੀ ਦੇ ਰੰਗ, ਤਜਰਬੇ, ਜੀਵਨ ਪੱਧਰ ਅਤੇ ਬੱਚਿਆਂ ਦੀ ਖ਼ੈਰ ਖ਼ਬਰ ਤੋਂ ਜਾਣੂ ਹੁੰਦੀਆਂ ਹਨ। ਪੇਕੇ ਪਿੰਡ ਦੀਆਂ ਸਿਫਤਾਂ ਕਰਦੀਆਂ ਹਨ। ਬਾਬਲ ਦੇ ਵਿਹੜੇ ਦੀ ਸੁੱਖ ਮੰਗਦੀਆਂ ਹਨ ਅਤੇ ਤੀਆਂ ਨੂੰ ਇਸ ਆਸ ਨਾਲ ਵਿਦਾ ਕਰਦੀਆਂ ਹਨ;
ਵਰ੍ਹੇ ਦਿਨਾਂ ਨੂੰ ਫੇਰ ਤੀਆਂ ਤੀਜ ਦੀਆਂ।
ਤੀਆਂ ਦੀ ਵਿਦਾਇਗੀ ਵਾਲਾ ਦਿਨ ਖ਼ਾਸ ਹੁੰਦਾ ਹੈ। ਇਸ ਦਿਨ ਮੁਟਿਆਰਾਂ ਹੋਰ ਵੀ ਸਜ ਧਜ ਕੇ ਲਹਿੰਗੇ ਘੱਗਰੇ ਪਾ ਕੇ ਗਿੱਧੇ ਵਿੱਚ ਜਾਂਦੀਆਂ ਹਨ। ਇਸ ਦਿਨ ਬਲ੍ਹੋ ਪਾਈ ਜਾਂਦੀ ਹੈ। ਗਿੱਧੇ ਦੇ ਪਿੜ ਤੋਂ ਲੈ ਕੇ ਘਰਾਂ ਤੱਕ ਪਹੁੰਚਣ ਤੱਕ ਗੀਤ ਗਾਏ ਜਾਂਦੇ ਹਨ, ਗਿੱਧਾ ਪਾਇਆ ਜਾਂਦਾ ਹੈ;
ਜ਼ੋਰ ਭਰਾਵਾਂ ਦੇ ਨੌਂ ਦਿਨ ਤੀਆਂ ਲਾਈਆਂ।
ਮੁਟਿਆਰਾਂ ਇਸ ਮੌਕੇ ਸਾਉਣ ਮਹੀਨੇ ਨੂੰ ਪੂਰਾ ਮਾਣ ਤਾਣ ਦਿੰਦੀਆਂ ਹਨ ਜੋ ਉਨ੍ਹਾਂ ਨੂੰ ਪੇਕਿਆਂ ਨਾਲ ਮਿਲਾਉਂਦਾ ਹੈ ਅਤੇ ਨਾਲ ਹੀ ਆਉਂਦੇ ਮਹੀਨੇ ਭਾਦੋਂ ’ਤੇ ਗੁੱਸਾ ਕੱਢਦੀਆਂ ਹਨ ਜੋ ਸਹੇਲੀਆਂ ਨੂੰ ਵਿਛੋੜ ਦਿੰਦਾ ਹੈ। ਤਾਂ ਹੀ ਤਾਂ ਉਹ ਕਹਿੰਦੀਆਂ ਹਨ;
ਸਾਉਣ ਦੀ ਮੈਂ ਵੰਡਾਂ ਸ਼ੀਰਨੀ
ਭਾਦੋਂ ਚੜ੍ਹਦੀ ਨੂੰ ਅੱਗ ਲੱਗ ਜਾਵੇ।
ਅੱਜਕੱਲ੍ਹ ਸ਼ਹਿਰਾਂ ਵਿੱਚ ਵੱਡੇ ਅਫ਼ਸਰਾਂ ਜਾਂ ਰਸੂਖਵਾਨਾਂ ਦੀਆਂ ਘਰਵਾਲੀਆਂ ਦੀ ਅਗਵਾਈ ਵਿੱਚ ਵੀ ਇਹ ਤਿਉਹਾਰ ਪੈਲੇਸਾਂ ਆਦਿ ਵਿੱਚ ਡੀਜੇ ਦੇ ਕੰਨ ਪਾੜਵੇਂ ਸ਼ੋਰ ਵਿੱਚ ਮਨਾਇਆ ਜਾਂਦਾ ਹੈ। ਸਾਉਣ ਮਹੀਨਾ ਵਿਚਾਰਾ ਡੌਰ ਭੌਰ ਹੋਇਆ ਇਹੋ ਜਿਹੀਆਂ ਮਹਿਫ਼ਿਲਾਂ ਦੇਖ ਕੇ ਝੂਰਦਾ ਤਾਂ ਜ਼ਰੂਰ ਹੋਵੇਗਾ ਅਤੇ ਆਪ ਮੁਹਾਰੇ ਨੱਚ ਟੱਪ ਗਾ ਕੇ ਤੀਆਂ ਮਨਾਉਂਦੀਆਂ, ਨਿਰਮਲ ਤੇ ਨਿਰਛਲ ਹਾਸੇ ਵੰਡਦੀਆਂ ਪੰਜਾਬੀ ਕੁੜੀਆਂ ਦੀ ਉਡੀਕ ਕਰਦਾ ਹੋਵੇਗਾ।
ਸੰਪਰਕ: 98766-35262