...ਮੈਂ ਰੁੱਖਾਂ ਵਿੱਚ ਗਾਵਾਂ
ਰੁੱਖ ਪੰਛੀਆਂ, ਜੀਵਾਂ, ਕੀਟਾਂ ਦਾ ਰੈਣ ਬਸੇਰਾ ਬਣਨ ਦੇ ਨਾਲ-ਨਾਲ ਭੋਜਨ ਦੀ ਉਪਲੱਬਧੀ ਦਾ ਸਾਧਨ ਬਣਦੇ ਹਨ। ਰੁੱਖਾਂ ਉੱਪਰ ਸਵੇਰੇ ਸੁਵਖਤੇ ਮੂੰਹ ਹਨੇਰੇ ਇਕੱਠੇ ਹੋ ਕੇ ਚਹਿਚਹਾਉਂਦੇ ਪੰਛੀ ਉਸ ਕਾਦਰ ਦੀ ਉਸਤਤ ’ਤੇ ਸ਼ੁਕਰਾਨਾ ਕਰਦੇ ਜਾਪਦੇ ਹਨ। ਸਵੇਰ ਦੀ ਤਾਜ਼ਾ ਤਰੀਨ ਹਵਾ ਵਿੱਚ ਉਨ੍ਹਾਂ ਦਾ ਰੌਲਾ ਵੀ ਰੂਹ ਨੂੰ ਸਕੂਨ ਬਖ਼ਸ਼ਦਾ ਪ੍ਰਤੀਤ ਹੁੰਦਾ ਹੈ। ਰੁੱਖ ਧਰਤੀ ਦੀ ਹਿੱਕ ਪਾੜ ਕੇ ਬਾਹਰ ਨਿਕਲਦੇ ਹਨ। ਇਹ ਜੀਵ ਜੰਤੂਆਂ ਦੀ ਤਰ੍ਹਾਂ ਭਾਵੇਂ ਇੱਕ ਥਾਂ ਤੋਂ ਦੂਜੀ ਥਾਂ ਨਹੀਂ ਜਾ ਸਕਦੇ ਹਨ ਤੇ ਨਾ ਹੀ ਪੰਛੀਆਂ ਦੀ ਤਰ੍ਹਾਂ ਉਡਾਰੀਆਂ ਲਾ ਸਕਦੇ ਹਨ, ਪਰ ਸਥਿਰ ਰਹਿ ਕੇ ਹੀ ਅਰਸ਼ਾਂ ਨੂੰ ਹੱਥ ਲਾਉਣ ਦੀ ਤਾਕ ਵਿੱਚ ਰਹਿੰਦੇ ਹਨ। ਰੁੱਖਾਂ ਦੇ ਪੱਤਿਆਂ ਨਾਲ ਜਦੋਂ ਹਵਾ ਆ ਕੇ ਟੱਕਰਾਂ ਮਾਰਦੀ ਹੈ ਤਾਂ ਇਸ ਤੋਂ ਪੈਦਾ ਹੋਇਆ ਸੰਗੀਤ ਮਨ ਮਸਤਕ ਨੂੰ ਤਾਜ਼ਗੀ ਬਖ਼ਸ਼ਦਾ ਹੈ। ਇਹ ਸਰਸਰਾਹਟ ਦੁਨੀਆਵੀ ਰੌਲੇ-ਰੱਪੇ ਤੋਂ ਵੱਖਰੀ ਤੇ ਧੁਰ ਅੰਦਰ ਤੱਕ ਆਰਾਮਦਾਇਕ ਤਰੰਗਾਂ ਭਰਨ ਵਾਲੀ ਹੁੰਦੀ ਹੈ। ਮੈਡੀਟੇਸ਼ਨ, ਯੋਗ ਕਰਵਾਉਣ ਵਾਲੇ ਮਾਹਰ ਇਸ ਸੰਗੀਤ ਨੂੰ ਕਈ ਇਲਾਜ ਵਿਧੀਆਂ ਵਿੱਚ ਵਰਤਦੇ ਹਨ।
ਰੁੱਖ ਅਤੇ ਮਨੁੱਖ ਦਾ ਗਹਿਰਾ ਰਿਸ਼ਤਾ ਹੈ। ਜੀਵਨ ਵਰਧਕ ਆਕਸੀਜਨ ਦੇਣਾ ਕੁਦਰਤ ਦਾ ਸਾਡੇ ’ਤੇ ਪਰਉਪਕਾਰ ਹੈ। ਆਕਸੀਜਨ ਦੀ ਕਮੀ ਨਾਲ ਪੈਦਾ ਹੋਣ ਵਾਲੀ ਤਕਲੀਫ਼ ਨੂੰ ਉੱਚੇ ਪਰਬਤਾਂ ਦਾ ਯਾਤਰੀ ਜਾਂ ਪੁਲਾੜ ਵਿੱਚ ਜਾਣ ਵਾਲਾ ਵਿਗਿਆਨੀ ਹੀ ਡੂੰਘੇ ਤਰ੍ਹਾਂ ਨਾਲ ਸਮਝ ਸਕਦਾ ਹੈ। ਰੁੱਖਾਂ ਵਿੱਚ ਘਿਰਿਆ ਮਨੁੱਖ ਇਸ ਵਰਤਾਰੇ ਪ੍ਰਤੀ ਅਣਗੌਲਿਆ ਰਹਿੰਦਾ ਇੱਕ ਜਪਾਨੀ ਕਹਾਵਤ ਨੂੰ ਵਜ਼ਨ ਦਿੰਦਾ ਹੈ, ਜਿਸ ਅਨੁਸਾਰ ਕਿਸੇ ਚੀਜ਼ ਦੀ ਬਹੁਤਾਤ ਤੇ ਮੁਫ਼ਤ ਮਿਲਣਾ, ਉਸ ਚੀਜ਼ ਦੇ ਕਦਰਦਾਨਾਂ ਦੀ ਗਿਣਤੀ ਨੂੰ ਘਟਾਉਂਦਾ ਹੈ।
ਇੱਕ ਵਾਰ ਕਿਸੇ ਵਿਅਕਤੀ ਨੇ ਜੰਗਲ ਵਿੱਚੋਂ ਲੰਘਦੇ ਸਮੇਂ ਰੁੱਖ ਨੂੰ ਪੁੱਛਿਆ ਕਿ ਬੰਦੇ ਦੀ ਉਮਰ ਕਿਉਂ ਥੋੜ੍ਹੀ ਹੈ ਤੇ ਰੁੱਖਾਂ ਦੀ ਉਮਰ ਕਿਉਂ ਲੰਬੀ ਹੁੰਦੀ ਹੈ। ਰੁੱਖ ਨੇ ਬੰਦੇ ਨੂੰ ਜਵਾਬ ਦਿੰਦਿਆਂ ਕਿਹਾ ਕਿ ਕੁਦਰਤ ਨੇ ਜੀਵਨ ਜਿਊਣ ਲਈ ਮਨੁੱਖ ਤੇ ਰੁੱਖਾਂ ਲਈ ਕੁਝ ਨਿਯਮ ਬਣਾਏ ਹਨ। ਮੈਂ ਆਪਣਾ ਜੀਵਨ ਕੁਦਰਤ ਦੇ ਨਿਯਮਾਂ ਅਨੁਸਾਰ ਜਿਉਂ ਰਿਹਾ ਹਾਂ ਤੇ ਮਨੁੱਖ ਨੇ ਆਪਣੀ ਸਿਆਣਪ ਨੂੰ ਪ੍ਰਮੁੱਖ ਰੱਖ ਕੇ ਆਪਣੀ ਜੀਵਨ ਜਾਚ ਆਪ ਨਿਰਧਾਰਤ ਕੀਤੀ ਹੈ। ਕੁਦਰਤ ਦੀ ਗੋਦ ਵਿੱਚ ਬੈਠ ਕੇ ਉਸ ਨਾਲ ਹੀ ਛੇੜਛਾੜ ਅਤੇ ਆਪਹੁਦਰੀਆਂ ਕਰਨਾ ਮਨੁੱਖ ਦੀ ਵੱਡੀ ਭੁੁੱਲ ਹੈ। ਇੰਨਾ ਕਹਿ ਕੇ ਰੁੱਖ ਖਿੜ ਖਿੜਾ ਕੇ ਹੱਸਿਆ ਤੇ ਉਹ ਵਿਅਕਤੀ ਚਿਹਰੇ ’ਤੇ ਉਦਾਸੀ ਲੈ ਕੇ ਅੱਗੇ ਲੰਘ ਗਿਆ।
ਅਸੀਂ ਕੁਦਰਤ ਦਾ ਹੀ ਇੱਕ ਅੰਗ ਹਾਂ। ਜਿੰਨਾ ਅਸੀਂ ਉਸ ਦੇ ਨੇੜੇ ਰਹਾਂਗੇ, ਇਹ ਸਾਨੂੰ ਅੰਦਰੂਨੀ ਸ਼ਾਂਤੀ ਤੇ ਗਿਆਨ ਦੀ ਯਾਤਰਾ ਵੱਲ ਲੈ ਜਾਂਦੀ ਹੈ। ਇਸ ਦੀਆਂ ਪ੍ਰਤੱਖ ਉਦਾਹਰਨਾਂ ਇਤਿਹਾਸ ਵਿੱਚ ਮੌਜੂਦ ਹਨ। ਕਿਹਾ ਜਾਂਦਾ ਹੈ ਕਿ ਨਿਊਟਨ ਸੇਬ ਦੇ ਰੁੱਖ ਹੇਠਾਂ ਬੈਠਾ ਹੋਇਆ ਸੀ, ਜਦੋਂ ਰੁੱਖ ਤੋਂ ਸੇਬ ਟੁੱਟ ਕੇ ਹੇਠਾਂ ਡਿੱਗਿਆ ਸੀ। ਇਸ ਪਲ ਨੇ ਨਿਊਟਨ ਵਰਗੇ ਮਹਾਨ ਵਿਗਿਆਨੀ ਦੇ ਦਿਮਾਗ਼ ਵਿੱਚ ਉਤਸੁਕਤਾ ਦੀ ਚਿਣਗ ਬਾਲ਼ੀ ਤਾਂ ਗੁਰੂਤਾ ਆਕਰਸ਼ਣ ਦੇ ਸਿਧਾਂਤ ਤੋਂ ਗਰਦ ਝੜਨੀ ਸ਼ੁਰੂ ਹੋਈ ਸੀ। ਸਿਧਾਰਥ ਤੋਂ ਗੌਤਮ ਬੁੱਧ ਬਣਨ ਦਾ ਸਫ਼ਰ ਵੀ ਤਾਂ ਬੋਧ ਗਯਾ (ਬਿਹਾਰ) ਸਥਿਤ ਪਿੱਪਲ ਦੇ ਰੁੱਖ ਹੇਠਾਂ ਹੀ ਸੰਪੂਰਨ ਹੋਇਆ ਸੀ। 49 ਦਿਨ ਇੱਕ ਮਨ ਇੱਕ ਚਿੱਤ ਹੋ ਕੇ ਮਹਾਤਮਾ ਬੁੱਧ ਨੂੰ ਗਿਆਨ ਦੀ ਪ੍ਰਾਪਤੀ ਹੋਈ ਸੀ। ਮਹਾਤਮਾ ਬੁੱਧ ਦੇ ਨਾਲ-ਨਾਲ ਬੋਧੀ ਦਰੱਖਤ ਵੀ ਪਵਿੱਤਰਤਾ ਤੇ ਸਤਿਕਾਰ ਦਾ ਪਾਤਰ ਬਣਨ ਦੇ ਨਾਲ-ਨਾਲ ਗਿਆਨ, ਅਧਿਆਤਮਿਕਤਾ ਅਤੇ ਸ਼ਾਂਤੀ ਦਾ ਪ੍ਰਤੀਕ ਹੋ ਨਿੱਬੜਿਆ। ਕਿਹਾ ਜਾਂਦਾ ਹੈ ਕਿ ਬੁੱਧ ਨੂੰ ਗਿਆਨ ਪ੍ਰਾਪਤੀ ਸਮੇਂ ਪੂਰਾ ਦਿਨ ਪਿੱਪਲ ਦਾ ਪਰਛਾਵਾਂ ਵੀ ਸੂਰਜ ਅਨੁਸਾਰ ਦਿਸ਼ਾ ਬਦਲਣ ਤੋਂ ਮੁਨਕਰ ਹੋ ਕੇ ਇੱਕ ਸਥਾਨ ’ਤੇ ਟਿਕ ਗਿਆ ਸੀ। ‘ਆਇਨੇ ਅਕਬਰੀ’ ਤੇ ‘ਅਕਬਰਨਾਮਾ’ ਦੇ ਲੇਖਕ ਅਬੁਲ ਫਜ਼ਲ ਅਨੁਸਾਰ ਅਕਬਰ ਨੇ ਕਮਰਗਾਹ (ਜਾਨਵਰਾਂ ਦਾ ਘੇਰ ਕੇ ਸ਼ਿਕਾਰ ਕਰਨਾ) ਜਿਹੀ ਕਰੂਰ ਪ੍ਰਥਾ ਨੂੰ ਅਚਾਨਕ ਬੰਦ ਕਰਨ ਦਾ ਫ਼ੈਸਲਾ ਸੁਣਾਇਆ ਕਿਉਂਕਿ ਉਸ ਨੂੰ ਮਹਿਸੂਸ ਹੋਇਆ ਕਿ ਜਾਨਵਰਾਂ ਨੂੰ ਵੀ ਜਿਊਣ ਦਾ ਹੱਕ ਹੈ। ਅਕਬਰ ਜਿਹੇ ਬਾਦਸ਼ਾਹ ਨੂੰ ਇਹ ਸੋਝੀ ਉਸ ਸਮੇਂ ਹੋਈ ਜਦੋਂ ਉਹ ਇੱਕ ਰੁੱਖ ਹੇਠਾਂ ਆਰਾਮ ਕਰ ਰਿਹਾ ਸੀ। ਸਪੱਸ਼ਟ ਹੈ ਕਿ ਕੁਦਰਤ ਦੇ ਕਲਾਵੇ ਵਿੱਚ ਹੋਈ ਗਿਆਨ ਪ੍ਰਾਪਤੀ ਮਨੁੱਖਤਾ ਦੇ ਭਲੇ ਦੀ ਸੋਝੀ ਦੀ ਬਖ਼ਸ਼ਿਸ਼ ਕਰਦੀ ਹੈ। ਅਕਬਰ ਦੇ ਇਸ ਫ਼ੈਸਲੇ ਦੀ ਮਹੱਤਤਾ ਨੂੰ ਇਸ ਸੰਦਰਭ ਵਿੱਚ ਸਮਝਿਆ ਜਾ ਸਕਦਾ ਹੈ ਕਿ ਜੈਵ ਵਿਭਿੰਨਤਾ ਜਾਂ ਕੁਦਰਤ ਦੇ ਬਾਕੀ ਅੰਗ ਸਾਕਾਂ ਦੀ ਬਰਬਾਦੀ ਕਰਦੇ ਹੋਏ ਇਕੱਲੀ ਮਨੁੱਖ ਜਾਤ ਦੀ ਹੋਂਦ ਨੂੰ ਚਿਤਵਿਆ ਨਹੀਂ ਜਾ ਸਕਦਾ।
ਦਲੀਪ ਚਿਤਰੇ ਆਪਣੀ ਕਵਿਤਾ ‘ਬੋਹੜ ਦੇ ਦਰੱਖਤ ਦਾ ਡਿੱਗਣਾ’ ਵਿੱਚ ਲਿਖਦੇ ਹਨ ਕਿ ਉਨ੍ਹਾਂ ਦੇ ਪਿਤਾ ਵੱਲੋਂ 200 ਸਾਲ ਪੁਰਾਣਾ ਦਰੱਖਤ ਵੱਢਣ ਨਾਲ ਬੇਅੰਤ ਪੰਛੀਆਂ, ਜੀਵਾਂ ਦੇ ਘਰ ਨਸ਼ਟ ਹੋਏ। ਉਹ ਸੰਕੇਤਕ ਰੂਪ ਵਿੱਚ ਕਹਿੰਦੇ ਹਨ ਕਿ ਇਹ ਸਿਰਫ਼ ਦਰੱਖਤ ਦੀਆਂ ਜੜਾਂ ਹੀ ਨਹੀਂ ਪੁੱਟੀਆਂ ਗਈਆਂ ਸਗੋਂ ਅਭਾਸੀ ਵਿਕਾਸ ਦੀ ਆੜ ਵਿੱਚ ਆਪਣੇ ਮੂਲ ਨਾਲੋਂ ਟੁੱਟਣ ਦੀ ਕਹਾਣੀ ਜ਼ਿਆਦਾ ਹੈ। ਮਨੁੱਖ ਦੁਆਰਾ ਕੁਦਰਤ ਦੀ ਬਰਬਾਦੀ ਦੇ ਮਿੰਟਾਂ ਸਕਿੰਟਾਂ ਵਿੱਚ ਲਏ ਫ਼ੈਸਲੇ ਉਸ ਨੂੰ ਸਦੀਆਂ ਤੱਕ ਭੁਗਤਣੇ ਪੈਣਗੇ। ਜਿਨ੍ਹਾਂ ਦਰੱਖਤਾਂ ਨੂੰ ਉਸ ਦੀ ਦਾਦੀ ਪਵਿੱਤਰ ਕਹਿੰਦੀ ਸੀ, ਉਨ੍ਹਾਂ ਨੂੰ ਕੱਟਣ ਲੱਗੇ ਉਸ ਦੇ ਪਿਤਾ ਨੇ ਪਲ ਨਹੀਂ ਲਾਇਆ। ਪੁਰਾਣਾ ਦਰੱਖਤ ਜੋ ਕਿੰਨੇ ਹੀ ਜੀਵਾਂ, ਪੰਛੀਆਂ ਦਾ ਘਰ ਸੀ, ਉਨ੍ਹਾਂ ਦੇ ਬੱਚੇ ਸਨ। ਉਨ੍ਹਾਂ ਨੂੰ ਬੇਘਰ ਕਰਦੇ ਹੋਏ ਇਹ ਸੋਚਿਆ ਹੀ ਨਹੀਂ ਕਿ ਉਹ ਕਿੱਥੇ ਜਾਣਗੇ?
ਧਰਤੀ ਦੇ ਤਾਪਮਾਨ ਦਾ ਵਾਧਾ ਇਸ ਸਮੇਂ ਮੁੱਖ ਸਮੱਸਿਆ ਹੈ, ਜਿਸ ਨਾਲ ਜਲਵਾਯੂ ਪਰਿਵਰਤਨ ਤੇਜ਼ੀ ਨਾਲ ਹੋ ਰਿਹਾ ਹੈ। ਵਾਤਾਵਰਨ ਵਿਚਲੀ ਗਰਮੀ ਨੂੰ ਵਧਾਉਣ ਲਈ ਕਾਰਬਨ ਡਾਇਆਕਸਾਈਡ ਗੈਸ ਵੀ ਹੋਰ ਗੈਸਾਂ ਸਮੇਤ ਜ਼ਿੰਮੇਵਾਰ ਹੈ ਤੇ ਜੰਗਲ ਕਾਰਬਨ ਡਾਇਆਕਸਾਈਡ ਗੈਸ ਨੂੰ ਸੋਖਣ ਵਾਲੀ ਕੁਦਰਤ ਦੀ ਫੈਕਟਰੀ ਹੈ। ਕਾਰਬਨ ਡਾਇਆਕਸਾਈਡ ਗੈਸ ਦਾ ਘਟਣਾ ਸਿੱਧੇ ਤੌਰ ’ਤੇ ਤਾਪਮਾਨ ਨੂੰ ਘਟਾਏਗਾ। ਇਸ ਲਈ ਰੁੱਖ ਜਿੰਨੇ ਜ਼ਿਆਦਾ ਹੋਣਗੇ, ਓਨਾ ਹੀ ਅਸੀਂ ਤਾਪਮਾਨ ਦੇ ਵਾਧੇ ਤੋਂ ਬਚੇ ਰਹਾਂਗੇ।
ਮਨੁੱਖ ਬਿਨਾਂ ਰੁੱਖਾਂ ਦੀ ਹੋਂਦ ਤਾਂ ਬੇਸ਼ੱਕ ਸੰਭਵ ਹੈ, ਪਰ ਰੁੱਖਾਂ ਦੀ ਅਣਹੋਂਦ ਮਨੁੱਖ ਜਾਤੀ ਦੇ ਧਰਤੀ ਤੋਂ ਵਿਨਾਸ਼ ਦਾ ਕਾਰਨ ਹੋ ਸਕਦੀ ਹੈ। ਮਾਇਆ ਸੱਭਿਅਤਾ ਦਾ ਨਿਘਾਰ ਕੁਦਰਤ ਉੱਪਰ ਨਿਰਭਰਤਾ ਵਿੱਚ ਅਸੰਤੁਲਨ ਦੀ ਅਹਿਮ ਉਦਾਹਰਨ ਹੈ। ਉਸ ਸਮੇਂ ਜਨਸੰਖਿਆ ਵਧਣ ਕਾਰਨ ਭੁੱਖ ਦੀ ਪੂਰਤੀ ਨਾ ਹੋਈ ਤਾਂ ਉਨ੍ਹਾਂ ਜਾਨਵਰ ਮਾਰ-ਮਾਰ ਮਕਾਉਣੇ ਸ਼ੁਰੂ ਕੀਤੇ ਤੇ ਅਸੰਤੁਲਨ ਦੇ ਨਤੀਜੇ ਵਜੋਂ ਆਖਰ ਸੋਮਿਆਂ ਦੀ ਘਾਟ ਅੱਗੇ ਗੋਡੇ ਟੇਕਣੇ ਪਏ ਤੇ ਸਰੀਰ ਛੱਡਣੇ ਪਏ ਸਨ।
ਮਨੁੱਖ ਦੀ ਬਦਕਿਸਮਤੀ ਇਹੀ ਹੈ ਕਿ ਉਸ ਨੇ ਇਸ ਤੱਥ ਨੂੰ ਨਕਾਰਨ ਦੀ ਭੁੱਲ ਕੀਤੀ ਹੈ ਕਿ ਉਹ ਵੀ ਕੁਦਰਤ ਦਾ ਇੱਕ ਅਹਿਮ ਅੰਗ ਹੈ। ਮਨ, ਆਤਮਾ ਦੀ ਅਸਲੀ ਖ਼ੁਸ਼ੀ ਵੀ ਕੁਦਰਤ ਨਾਲ ਇਕਮਿਕਤਾ ਨਾਲ ਹੀ ਜੁੜੀ ਹੋਈ ਹੈ। ਕੁਦਰਤ ਤੋਂ ਦੂਰੀ ਨਾਲ ਚਿਹਰੇ ਦੀ ਮੁਸਕਾਨ ਦਾ ਬਣਾਉਟੀਪਣ ਵਧਦਾ ਹੈ। ਆਦਿਵਾਸੀਆਂ ਤੋਂ ਬਹੁਤ ਕੁਝ ਸਿੱਖਣ ਦੀ ਜ਼ਰੂਰਤ ਹੈ। ਉਹ ਬਹੁਤ ਕੁਦਰਤ ਪ੍ਰੇਮੀ ਹਨ। ਛੱਤੀਸਗੜ੍ਹ ਦੇ ਜ਼ਿਲ੍ਹੇ ਸੂਰਜਪੁਰ ਦੇ ਕਰਵਾ ਪਿੰਡ ਵਿੱਚ ਜਦੋਂ ਕਿਸੇ ਬਜ਼ੁਰਗ ਦੀ ਮੌਤ ਹੁੰਦੀ ਹੈ ਤਾਂ ਉਹ ਲੋਕ ਪਿੱਪਲ, ਬੋਹੜ ਜਾਂ ਨਿੰਮ ਦਾ ਰੁੱਖ ਲਗਾਉਂਦੇ ਹਨ। ਸਿਰਫ਼ ਰੁੱਖ ਲਗਾਉਂਦੇ ਹੀ ਨਹੀਂ ਸਗੋਂ ਪੁੱਤ ਵਾਂਗ ਪਾਲਦੇ ਹਨ। ਇਸ ਪਿੱਛੇ ਉਨ੍ਹਾਂ ਦੀ ਮਾਨਤਾ ਇਹ ਹੈ ਕਿ ਮ੍ਰਿਤਕ ਮੈਂਬਰ ਜਦੋਂ ਘਰ ਦੇ ਮੈਂਬਰਾਂ ਨੂੰ ਮਿਲਣ ਆਉਂਦੇ ਹਨ ਤਾਂ ਉਨ੍ਹਾਂ ਦੇ ਘਰ ਆਉਣ ਦਾ ਇੱਕ ਵਿਸ਼ੇਸ਼ ਸਮਾਂ ਹੁੰਦਾ ਹੈ ਤੇ ਬਾਕੀ ਸਮਾਂ ਉਹ ਫਿਰ ਕਿੱਥੇ ਬੈਠਣਗੇ? ਇਸ ਲਈ ਉਹ ਰੁੱਖ ਲਗਾਉਂਦੇ ਹਨ। ਜਦੋਂ ਕਿਸੇ ਬੱਚੇ ਦੀ ਸੱਪ ਕੱਟਣ ਨਾਲ ਮੌਤ ਹੁੰਦੀ ਹੈ ਤਾਂ ਉਹ ਉਸ ਦੀ ਲਾਸ਼ ਨਦੀ ਵਿੱਚ ਰੋੜ੍ਹ ਦਿੰਦੇ ਹਨ। ਉਹ ਇਹ ਮੰਨਦੇ ਹਨ ਕਿ ਉਨ੍ਹਾਂ ਨਦੀ ਨੂੰ ਗੰਦਾ ਕੀਤਾ ਹੈ, ਇਸ ਲਈ ਮੁਆਫ਼ੀ ਵਜੋਂ ਉਹ ਨਦੀ ਕੰਢੇ ਪੌਦਾ ਲਗਾਉਂਦੇ ਹਨ। ਭਾਵ ਉਹ ਕੁਦਰਤ ਤੋਂ ਲਾਭ ਲੈਣ ਦੇ ਨਾਲ-ਨਾਲ ਕੁਦਰਤ ਪ੍ਰਤੀ ਆਪਣੇ ਫਰਜ਼ ਵੀ ਤਨਦੇਹੀ ਨਾਲ ਨਿਭਾਉਂਦੇ ਹਨ। ਸੋ ਲੋੜ ਹੈ ਅਸੀਂ ਵੀ ਜਦੋਂ ਮੌਕਾ ਮਿਲਦਾ ਹੈ ਤਾਂ ਇੱਕ ਰੁੱਖ ਜ਼ਰੂਰ ਲਗਾਈਏ ਤੇ ਲੱਗੇ ਹੋਏ ਰੁੱਖਾਂ ਦੀ ਸੁਰੱਖਿਆ ਕਰੀਏ। ਮਨੁੱਖਤਾ ਦੀ ਭਲਾਈ ਇਸੇ ਵਿੱਚ ਹੈ। ਆਓ ਕੁਝ ਪਲਾਂ ਲਈ ਰੁੱਖਾਂ ਵਿੱਚ ਵਿਚਰੀਏ, ਰੁੱਖਾਂ ’ਤੇ ਚੋਹਲ ਮੋਹਲ ਕਰਦੇ ਪੰਛੀਆਂ ਦੀਆਂ ਆਵਾਜ਼ਾਂ ਦਾ ਸੰਗੀਤ ਸੁਣੀਏ ਤੇ ਰੁੱਖਾਂ ਨੂੰ ਪਿਆਰ ਦੀ ਜੱਫੀ ਪਾਈਏ।
ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ ‘ਕੁਝ ਰੁੱਖ ਮੈਨੂੰ ਪੁੱਤ ਲੱਗਦੇ ਨੇ, ਕੁਝ ਰੁੱਖ ਵਾਂਗ ਭਰਾਵਾਂ....ਜੇ ਤੁਸਾਂ ਮੇਰਾ ਗੀਤ ਹੈ ਸੁਣਨਾ, ਮੈਂ ਰੁੱਖਾਂ ਵਿੱਚ ਗਾਵਾਂ’ ਕੁਦਰਤ ਪ੍ਰੇਮੀਆਂ ਲਈ ਮੰਤਰ ਵਾਂਗ ਹੈ। ਰੁੱਖਾਂ ਪ੍ਰਤੀ ਖਿੱਚ ਰੱਖਣ ਵਾਲਾ ਹਰ ਇਨਸਾਨ ਇਸ ਕਵਿਤਾ ਦਾ ਵਾਰ-ਵਾਰ ਪਾਠ ਕਰਨਾ ਲੋਚਦਾ ਹੈ। ਆਓ ਰੁੱਖਾਂ ਦੀ ਅਹਿਮੀਅਤ ਨੂੰ ਜਾਣੀਏ, ਸਮਝੀਏ ਤੇ ਮਹਿਸੂਸ ਕਰੀਏ ਤੇ ਉਨ੍ਹਾਂ ਸੰਗ ਦੋਸਤਾਨਾ ਪਹੁੰਚ ਅਪਣਾਉਂਦੇ ਹੋਏ ਰੋਜ਼ਾਨਾ ਕੁਦਰਤ ਨੂੰ ਨਤਮਸਤਕ ਹੋਈਏ। ਇਹ ਸ਼ੁਕਰਾਨੇ ਵਾਲੇ ਭਾਵ ਹੀ ਚਿਰਸਥਾਈ ਮਨੁੱਖੀ ਹੋਂਦ ਦਾ ਆਧਾਰ ਬਣਾ ਸਕਦੇ ਹਨ।
ਸੰਪਰਕ: 94171-24201