‘ਮੈਨੂੰ ਨਿੱਜੀ ਰਾਏ ਪੋਸਟ ਕਰਨ ’ਤੇ ਅਫ਼ਸੋਸ ਹੈ’: ਜੇਪੀ ਨੱਡਾ ਦੇ ਫੋਨ ਤੋਂ ਬਾਅਦ Kangana Ranaut ਨੇ ਡੀਲੀਟ ਕੀਤਾ ਟਵੀਟ
ਨਵੀਂ ਦਿੱਲੀ, 15 ਮਈ
ਅਦਾਕਾਰਾ ਅਤੇ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ Kangana Ranaut ਨੇ ਕਿਹਾ ਕਿ ਉਸ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਬਾਰੇ ਆਪਣੀ ਸੋਸ਼ਲ ਮੀਡੀਆ ਪੋਸਟ ਡਿਲੀਟ ਕਰ ਦਿੱਤੀ ਹੈ। ਰਣੌਤ ਨੇ ਕਥਿਤ ਤੌਰ ’ਤੇ ਡੋਨਾਲਡ ਟਰੰਪ ਦੇ ਕਤਰ ਵਿਚ ਦਿੱਤੇ ਬਿਆਨ ਲਈ ਇਕ (ਹੁਣ ਡਿਲੀਟ ਕੀਤੇ ਗਏ) ਟਵੀਟ ਵਿਚ ਨਿੰਦਾ ਕੀਤੀ ਸੀ, ਜਿੱਥੇ ਉਸ(ਟਰੰਪ) ਨੇ ਐਪਲ ਦੇ ਸੀਈਓ ਟਿਮ ਕੁੱਕ ਨੂੰ ਭਾਰਤ ਵਿੱਚ ਆਈਫੋਨ ਨਾ ਬਣਾਉਣ ਲਈ ਕਿਹਾ ਸੀ। ਕੰਗਨਾ Kangana Ranaut ਨੇ ਅੱਗੇ ਕਿਹਾ ਕਿ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨੇ ਨਿੱਜੀ ਤੌਰ ’ਤੇ ਉਨ੍ਹਾਂ ਨੂੰ ਟਵੀਟ ਡਿਲੀਟ ਕਰਨ ਲਈ ਕਿਹਾ। ਇਸ ਉਪਰੰਤ ਉਸ Kangana Ranaut ਨੇ ਇਸ ਮਾਮਲੇ ’ਤੇ ਆਪਣੀ ਨਿੱਜੀ ਰਾਏ ਸਾਂਝੀ ਕਰਨ ਲਈ ਵੀ ਅਫ਼ਸੋਸ ਪ੍ਰਗਟ ਕੀਤਾ।
ਕੰਗਨਾ Kangana Ranaut ਨੇ ‘ਐਕਸ’ ’ਤੇ ਇਕ ਪੋਸਟ ਵਿਚ ਲਿਖਿਆ, ‘‘ਸਤਿਕਾਰਯੋਗ ਕੌਮੀ ਪ੍ਰਧਾਨ ਸ੍ਰੀ ਜੇਪੀ ਨੱਡਾ ਜੀ ਨੇ ਫ਼ੋਨ ਕੀਤਾ ਅਤੇ ਮੈਨੂੰ ਟਰੰਪ ਦੁਆਰਾ ਐਪਲ ਦੇ ਸੀਈਓ ਟਿਮ ਕੁੱਕ ਨੂੰ ਭਾਰਤ ਵਿੱਚ ਨਿਰਮਾਣ ਨਾ ਕਰਨ ਬਾਰੇ ਪੋਸਟ ਕੀਤੇ ਗਏ ਟਵੀਟ ਨੂੰ ਡਿਲੀਟ ਕਰਨ ਲਈ ਕਿਹਾ। ਮੈਨੂੰ ਆਪਣੀ ਉਹ ਬਹੁਤ ਨਿੱਜੀ ਰਾਏ ਪੋਸਟ ਕਰਨ ’ਤੇ ਅਫ਼ਸੋਸ ਹੈ, ਨਿਰਦੇਸ਼ਾਂ ਅਨੁਸਾਰ ਮੈਂ ਤੁਰੰਤ ਇਸ ਨੂੰ ਇੰਸਟਾਗ੍ਰਾਮ ਤੋਂ ਵੀ ਡਿਲੀਟ ਕਰ ਦਿੱਤਾ ਹੈ। ਧੰਨਵਾਦ।’’
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਵੀਰਵਾਰ ਨੂੰ ਕਿਹਾ ਸੀ ਕਿ ਉਨ੍ਹਾਂ ਨੇ ਐਪਲ ਦੇ ਸੀਈਓ ਟਿਮ ਕੁੱਕ ਨਾਲ ਗੱਲ ਕੀਤੀ ਹੈ ਅਤੇ ਉਨ੍ਹਾਂ ਨੂੰ ਭਾਰਤ ਵਿੱਚ ਐਪਲ ਦੇ ਵਿਸਥਾਰ ਨੂੰ ਸੀਮਤ ਕਰਨ ਲਈ ਕਿਹਾ ਹੈ। ਜਿਸ ਤੋਂ ਬਾਅਦ ਕੰਗਨਾ ਵੱਲੋਂ ‘ਐਕਸ’ ਪੋਸਟ ਰਾਹੀਂ ਟਿੱਪਣੀ ਸਾਹਮਣੇ ਆਈ।
ਗ਼ੌਰਤਲਬ ਹੈ ਕਿ ਹਾਲ ਹੀ ਵਿਚ ਐਪਲ ਨੇ ਤਾਮਿਲਨਾਡੂ ਅਤੇ ਕਰਨਾਟਕ ਵਿਚ ਨਵੇਂ ਅਸੈਂਬਲੀ ਪਲਾਂਟ ਸਥਾਪਤ ਕਰਕੇ ਭਾਰਤ ਵਿਚ ਆਪਣੇ ਆਈਫੋਨ ਉਤਪਾਦਨ ਦਾ ਵਿਸਥਾਰ ਕੀਤਾ ਹੈ। ਇਹਨਾਂ ਵਿੱਚੋਂ ਦੋ ਪਲਾਂਟ ਤਾਮਿਲਨਾਡੂ ਵਿਚ ਸਥਿਤ ਹਨ ਅਤੇ ਇਕ ਕਰਨਾਟਕ ਵਿਚ ਹੈ। -ਏਐੱਨਆਈ