Humaira Asghar Ali: ਪਾਕਿ ਅਦਾਕਾਰਾ ਹੁਮੈਰਾ ਅਸਗਰ ਅਲੀ ਦਾ ਆਖ਼ਰੀ ਸੁਨੇਹਾ ‘ਦੁਆਓਂ ਮੇਂ ਯਾਦ ਰਖਨਾ’ ਹੋਇਆ ਵਾਇਰਲ
ਹੱਜ ’ਤੇ ਗਏ ਦੋਸਤ ਨੂੰ ਭੇਜਿਆ ਸੀ ਆਖ਼ਰੀ ਸੁਨੇਹਾ, ਪਿਛਲੇ ਦਿਨੀਂ ਮਿਲੀ ਸੀ ਹੁਮੈਰਾ ਦੀ ਲਾਸ਼ ਪਰ ਮੌਤ ਕਰੀਬ 9 ਮਹੀਨੇ ਪਹਿਲਾਂ ਹੋਣ ਦੇ ਕਿਆਸ; ਬੁਰੀ ਤਰ੍ਹਾਂ ਗਲ਼-ਸੜ ਚੁੱਕੀ ਸੀ ਮ੍ਰਿਤਕ ਦੇਹ
ਪੰਜਾਬੀ ਟ੍ਰਿਬਿਊਨ ਵੈੱਬ ਡੈਸਕ
ਚੰਡੀਗੜ੍ਹ, 14 ਜੁਲਾਈ
ਪਾਕਿਸਤਾਨੀ ਅਦਾਕਾਰਾ ਅਤੇ ਮਾਡਲ ਹੁਮੈਰਾ ਅਸਗਰ ਅਲੀ (Pakistani actress and model Humaira Asghar Ali) ਪਿਛਲੇ ਦਿਨੀਂ ਆਪਣੇ ਕਰਾਚੀ ਸਥਿਤ ਅਪਾਰਟਮੈਂਟ ਵਿੱਚ ਇੱਕ ਹੈਰਾਨਕੁਨ ਮਾਮਲੇ ਵਿੱਚ ਮੁਰਦਾ ਪਾਈ ਗਈ ਸੀ। ਇਸ ਘਟਨਾ ਨੇ ਮਨੋਰੰਜਨ ਸਨਅਤ ਅਤੇ ਆਮ ਜਨਤਾ ਨੂੰ ਹੈਰਾਨ-ਪ੍ਰੇਸ਼ਾਨ ਕਰ ਕੇ ਰੱਖ ਦਿੱਤਾ ਹੈ।
ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਇਸ ਮਹੀਨੇ ਦੇ ਸ਼ੁਰੂ ਵਿੱਚ ਲੱਭੀ ਉਸ ਦੀ ਲਾਸ਼ ਬਹੁਤ ਜ਼ਿਆਦਾ ਗਲ਼-ਸੜ ਚੁੱਕੀ ਸੀ, ਜਿਸ ਤੋਂ ਪਤਾ ਲੱਗਦਾ ਹੈ ਕਿ ਉਸਦੀ ਮੌਤ ਲਗਭਗ ਨੌਂ ਮਹੀਨੇ ਪਹਿਲਾਂ ਅਕਤੂਬਰ 2024 ਵਿੱਚ ਹੋਈ ਸੀ। ਲਾਸ਼ ਦਾ ਪਤਾ ਉਦੋਂ ਲੱਗਾ ਜਦੋਂ ਅਪਾਰਟਮੈਂਟ ਦਾ ਕਿਰਾਇਆ ਅਦਾ ਨਾ ਕੀਤੇ ਜਾਣ ਕਾਰਨ ਇਕ ਮੁਲਾਜ਼ਮ ਬੇਦਖਲੀ ਨੋਟਿਸ ਦੀ ਤਾਮੀਲ ਲਈ ਉਥੇ ਪਹੁੰਚਿਆ। ਅੰਦਰ ਜਾਣ 'ਤੇ ਪੁਲੀਸ ਨੂੰ ਉਸ ਦੀ ਗਲ਼ੀ-ਸੜੀ ਲਾਸ਼ ਮਿਲੀ।
ਕਰਾਚੀ ਪੁਲੀਸ ਸਰਜਨ ਡਾ. ਸੁਮੱਈਆ ਸਈਦ, ਜਿਨ੍ਹਾਂ ਨੇ ਪੋਸਟਮਾਰਟਮ ਕੀਤਾ, ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਲਾਸ਼ ਲਗਭਗ ਪਿੰਜਰ ਬਣ ਚੁੱਕੀ ਸੀ। ਉਂਝ ਮੌਤ ਦਾ ਸਹੀ ਕਾਰਨ ਦਾ ਹਾਲੇ ਵੀ ਪਤਾ ਨਹੀਂ ਲੱਗ ਸਕਿਆ, ਜਿਸ ਲਈ ਫੋਰੈਂਸਿਕ ਨਤੀਜਿਆਂ ਦੀ ਉਡੀਕ ਹੈ।
ਡਿਪਟੀ ਇੰਸਪੈਕਟਰ ਜਨਰਲ ਸਈਦ ਅਸਦ ਰਜ਼ਾ ਅਨੁਸਾਰ, ਉਸਦੇ ਮੋਬਾਈਲ ਫੋਨ ਦੇ ਕਾਲ ਡਿਟੇਲ ਰਿਕਾਰਡ (ਸੀਡੀਆਰ) ਦਰਸਾਉਂਦੇ ਹਨ ਕਿ ਉਸਦੀ ਆਖਰੀ ਆਊਟਗੋਇੰਗ ਕਾਲ ਅਕਤੂਬਰ 2024 ਨੂੰ ਕੀਤੀ ਗਈ ਸੀ। ਗੁਆਂਢੀਆਂ ਨੇ ਵੀ ਪੁਸ਼ਟੀ ਕੀਤੀ ਕਿ ਉਨ੍ਹਾਂ ਨੇ ਉਸਨੂੰ ਪਿਛਲੇ ਸਾਲ ਸਤੰਬਰ ਜਾਂ ਅਕਤੂਬਰ ਤੋਂ ਨਹੀਂ ਦੇਖਿਆ ਸੀ। ਉਸ ਦੇ ਅਪਾਰਟਮੈਂਟ ਦੀ ਮੰਜ਼ਲ ਉਤਲਾ ਦੂਜਾ ਅਪਾਰਟਮੈਂਟ ਉਸ ਸਮੇਂ ਖਾਲੀ ਸੀ, ਜਿਸ ਕਾਰਨ ਸ਼ਾਇਦ ਉਸ ਦੀ ਮੌਤ ਦਾ ਕਿਸੇ ਨੂੰ ਪਤਾ ਨਹੀਂ ਲੱਗਾ।
ਇਸ ਦੌਰਾਨ ਮੌਤ ਤੋਂ ਥੋੜ੍ਹੀ ਦੇਰ ਪਹਿਲਾਂ ਹੁਮੈਰਾ ਵੱਲੋਂ ਕਥਿਤ ਤੌਰ 'ਤੇ ਰਿਕਾਰਡ ਕੀਤਾ ਗਿਆ ਇੱਕ ਵਾਇਸ ਸੁਨੇਹਾ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ। ਉਸ ਨੇ ਇਹ ਸੁਨੇਹਾ ਇੱਕ ਦੋਸਤ, ਜਿਸ ਦੀ ਪਛਾਣ ਬਾਅਦ ਵਿੱਚ ਦੁਰੇਸ਼ਹਿਰ ਵਜੋਂ ਹੋਈ, ਨੂੰ ਭੇਜਿਆ ਸੀ ਅਤੇ ਇਸ ਵਿਚ ਉਸ ਨੂੰ ਆਪਣੇ ਕਰੀਅਰ ਅਤੇ ਤੰਦਰੁਸਤੀ ਲਈ "ਜ਼ੋਰਦਾਰ ਦੁਆਵਾਂ" ਕਰਨ ਲਈ ਕਹਿੰਦੇ ਸੁਣਿਆ ਜਾ ਸਕਦਾ ਹੈ।
ਉਸ ਨੇ ਇਹ ਸੁਨੇਹਾ ਉਦੋਂ ਭੇਜਿਆ ਸੀ, ਜਦੋਂ ਉਸ ਦਾ ਦੋਸਤ ਸਾਊਦੀ ਅਰਬ ਵਿਚ ਮੱਕਾ ਵਿਖੇ ਹੱਜ ਲਈ ਗਿਆ ਹੋਇਆ ਸੀ। ਉਸ ਨੇ ਕਿਹਾ, "ਮਿਹਰਬਾਨੀ ਕਰਕੇ ਮੇਰੇ ਲਈ ਦਿਲੋਂ ਦੁਆ ਕਰਨਾ... ਮੇਰੇ ਕਰੀਅਰ ਲਈ, ਅਤੇ ਮੈਨੂੰ ਆਪਣੀਆਂ ਦੁਆਵਾਂ ਵਿਚ ਯਾਦ ਰੱਖਣਾ।"
ਉਸ ਦੀ ਮੌਤ ਨਾਲ ਜੁੜੀ ਕਿਸੇ ਗ਼ਲਤ ਕਾਰਵਾਈ ਦਾ ਹਾਲੇ ਤੱਕ ਕੋਈ ਸੰਕੇਤ ਨਹੀਂ ਮਿਲਿਆ ਪਰ ਪੁਲੀਸ ਜਾਂਚ ਕਰ ਰਹੀ ਹੈ। ਮੌਤ ਦੇ ਅਸਲ ਕਾਰਨਾਂ ਦਾ ਪਤਾ ਲਾਉਣ ਲਈ ਉਸਦੇ ਡਿਜੀਟਲ ਇਤਿਹਾਸ ਅਤੇ ਵਿੱਤੀ ਰਿਕਾਰਡਾਂ ਦਾ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ। ਲਾਸ਼ ਮਿਲਣ ਵਿੱਚ ਹੋਈ ਲੰਮੀ ਦੇਰੀ ਨੇ ਇਕੱਲੇ ਰਹਿਣ ਵਾਲੇ ਵਿਅਕਤੀਆਂ ਲਈ ਇਕਲਾਪੇ ਦੇ ਖ਼ਤਿਰਆਂ ਬਾਰੇ ਫਿਰ ਚਿੰਤਾ ਪੈਦਾ ਕਰ ਦਿੱਤੀ ਹੈ।
ਸ਼ੁਰੂ ਵਿੱਚ, ਹੁਮੈਰਾ ਦਾ ਪਰਿਵਾਰ ਲਾਸ਼ ਉਸ ਦੀ ਲਾਸ਼ ਲੈਣ ਤੋਂ ਝਿਜਕਦਾ ਦਿਖਾਈ ਦਿੱਤਾ। ਹਾਲਾਂਕਿ, ਬਾਅਦ ਵਿੱਚ ਉਸ ਦਾ ਭਰਾ ਉਸਨੂੰ ਦਫ਼ਨਾਉਣ ਦਾ ਪ੍ਰਬੰਧ ਕਰਨ ਲਈ ਅੱਗੇ ਆਇਆ। ਇਸ ਮਾਮਲੇ ਨੇ ਸ਼ੋਅ ਬਿਜ਼ਨਸ ਅਤੇ ਇਸ ਤੋਂ ਬਾਹਰ ਦੀ ਇਕੱਲਤਾ, ਅਣਗਹਿਲੀ ਅਤੇ ਮਾਨਸਿਕ ਸਿਹਤ ਬਾਰੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ।