ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਦਿਓ-ਕੱਦਾ ਭਲਵਾਨ ਸੀ ਦਾਰਾ ਦੁਲਚੀਪੁਰੀਆ

ਪ੍ਰਿੰਸੀਪਲ ਸਰਵਣ ਸਿੰਘ ਦਾਰਾ ਦੁਲਚੀਪੁਰੀਆ ਦਿਓਆਂ ਵਰਗਾ ਭਲਵਾਨ ਸੀ। ਉਹਦਾ ਕੱਦ ਪਹਿਲਵਾਨ ਕਿੱਕਰ ਸਿੰਘ ਵਾਂਗ ਸੱਤ ਫੁੱਟਾ ਸੀ। ਉਹਦੀ ਸਮਾਧ ਵੀ ਸੱਤ ਫੁੱਟੀ ਹੈ। ਉਸ ਨੇ ਵਿਸ਼ਵ ਚੈਂਪੀਅਨ ਕਿੰਗ ਕਾਂਗ ਨੂੰ ਢਾਹ ਕੇ ਰੁਸਤਮੇਂ ਜਮਾਂ ਦੀ ਬੈਲਟ ਜਿੱਤੀ ਸੀ।...
Advertisement

ਪ੍ਰਿੰਸੀਪਲ ਸਰਵਣ ਸਿੰਘ

Advertisement

ਦਾਰਾ ਦੁਲਚੀਪੁਰੀਆ ਦਿਓਆਂ ਵਰਗਾ ਭਲਵਾਨ ਸੀ। ਉਹਦਾ ਕੱਦ ਪਹਿਲਵਾਨ ਕਿੱਕਰ ਸਿੰਘ ਵਾਂਗ ਸੱਤ ਫੁੱਟਾ ਸੀ। ਉਹਦੀ ਸਮਾਧ ਵੀ ਸੱਤ ਫੁੱਟੀ ਹੈ। ਉਸ ਨੇ ਵਿਸ਼ਵ ਚੈਂਪੀਅਨ ਕਿੰਗ ਕਾਂਗ ਨੂੰ ਢਾਹ ਕੇ ਰੁਸਤਮੇਂ ਜਮਾਂ ਦੀ ਬੈਲਟ ਜਿੱਤੀ ਸੀ। ਉਦੋਂ ਦਾਰੇ ਦਾ ਭਾਰ 135 ਕਿਲੋ ਸੀ ਤੇ ਕਿੰਗ ਕਾਂਗ ਦਾ 2 ਕੁਇੰਟਲ। ਦਾਰੇ ਨੇ ਭੁੰਜੇ ਸੁੱਟ ਕੇ ਉਹਦਾ ਗੋਡਾ ਤੋੜਿਆ ਤਾਂ ਉਹ ਰਿੰਗ ਵਿੱਚ ਹੀ ਬਹੁੜੀਆਂ ਪਾਉਣ ਲੱਗ ਪਿਆ ਸੀ।

ਦਾਰੇ ਦੀਆਂ ਜਿਊਂਦੇ ਜੀਅ ਦੰਦ ਕਥਾਵਾਂ ਚੱਲ ਪਈਆਂ ਸਨ। ਜਿਵੇਂ ਦਿਓਆਂ ਦੀਆਂ ਬਾਤਾਂ ਪੈਂਦੀਆਂ, ਉਵੇਂ ਦਾਰੇ ਦੀਆਂ ਪੈਣ ਲੱਗੀਆਂ ਸਨ। ਅਖੇ ਉਹ ਕਿਸੇ ਪਿੰਡ ਬਰਾਤ ਗਿਆ। ਖਾਣ-ਪੀਣ ਦੇ ਆਹੂ ਲਾਹ ਕੇ ਫਿਰਨੀ ’ਤੇ ਆਇਆ ਤਾਂ ਉਹਨੂੰ ਮਾਰਨਖੰਡਾ ਸਾਨ੍ਹ ਪੈ ਗਿਆ। ਦਾਰੇ ਨੇ ਉਹਦੇ ਸਿੰਗ ਫੜ ਲਏ। ਕਦੇ ਦਾਰਾ ਸਾਨ੍ਹ ਨੂੰ ਦਸ ਕਦਮ ਪਿੱਛੇ ਧੱਕ ਲਿਜਾਂਦਾ ਤੇ ਕਦੇ ਸਾਨ੍ਹ ਦਾਰੇ ਦੇ ਪੈਰ ਉਖੇੜ ਦਿੰਦਾ। ਆਖ਼ਰ ਸਾਨ੍ਹ ਦਾ ਏਨਾ ਜ਼ੋਰ ਲੱਗ ਗਿਆ ਕਿ ਉਹਦੀ ਮੋਕ ਵਗ ਤੁਰੀ। ਦਾਰੇ ਨੇ ਸਿੰਗ ਛੱਡੇ ਤਾਂ ਉਹ ਅਜਿਹਾ ਦੌੜਿਆ ਕਿ ਮੁੜ ਉਸ ਪਿੰਡ ਦੀ ਜੂਹ ਵਿੱਚ ਨਾ ਵੜਿਆ। ਫਿਰੋਜ਼ਪੁਰ ਜੇਲ੍ਹ ਵਿੱਚ ਪਾਣੀ ਦੀ ਟੈਂਕੀ ’ਤੇ ਦਾਰੇ ਦੀ ਵਗਾਹ ਕੇ ਸੁੱਟੀ ਇੱਟ ਕਈ ਸਾਲ ਉੱਥੇ ਪਈ ਰਹੀ। ਸਾਈਕਲਾਂ ਦੀ ਇੱਕ ਕੰਪਨੀ ਨੇ ਸਾਈਕਲ ਉਹਦੀਆਂ ਲੱਤਾਂ ਵਿਚਾਲੇ ਖੜ੍ਹਾ ਕੇ ਫੋਟੋ ਖਿੱਚੀ ਜੋ ਇਸ਼ਤਿਹਾਰਬਾਜ਼ੀ ਲਈ ਵਰਤੀ ਗਈ।

ਦਾਰੇ ਭਲਵਾਨ ਦੋ ਹੋਏ ਹਨ। ਦੋਵੇਂ ਰੁਸਤਮੇ ਹਿੰਦ। ਦਾਰਾ ਦੁਲਚੀਪੁਰੀਆ 1918 ’ਚ ਜੰਮਿਆ ਤੇ 1988 ਵਿੱਚ ਗੁਜ਼ਰਿਆ। ਦਾਰੇ ਧਰਮੂਚੱਕੀਏ ਦਾ ਜਨਮ 1928 ’ਚ ਹੋਇਆ ਤੇ ਦੇਹਾਂਤ 2012 ਵਿੱਚ। ਦਾਰੇ ਦੁਲਚੀਪੁਰੀਏ ਦੀ ਦਾਸਤਾਨ ਦਰਦਭਰੀ ਹੈ। ਉਹਦਾ ਜਨਮ ਖਡੂਰ ਸਾਹਿਬ ਨੇੜੇ ਪਿੰਡ ਦੁਲਚੀਪੁਰ ਵਿੱਚ ਪਿਆਰਾ ਸਿੰਘ ਦੇ ਘਰ ਨਿਹਾਲ ਕੌਰ ਦੀ ਕੁੱਖੋ ਹੋਇਆ ਸੀ। ਉਹ ਛੇ ਭੈਣ ਭਰਾ ਸਨ। ਦਾਰਾ ਦਸ ਸਾਲ ਦਾ ਸੀ ਕਿ ਬਾਪ ਪਰਲੋਕ ਸਿਧਾਰ ਗਿਆ। ਪਰਿਵਾਰ ਪਾਲਣ ਦੀ ਜ਼ਿੰਮੇਵਾਰੀ ਵੱਡੇ ਭਰਾ ਇੰਦਰ ਸਿੰਘ ਦੇ ਸਿਰ ਆਣ ਪਈ। ਫਿਰ ਵੀ ਦਾਰੇ ਨੂੰ ਪਹਿਲਵਾਨ ਬਣਾਇਆ ਗਿਆ। ਉਸ ਨੇ ਦੇਸੀ ਕੁਸ਼ਤੀਆਂ ਲਾਹੌਰ ਤੇ ਫਰੀ ਸਟਾਈਲ ਕੁਸ਼ਤੀਆਂ ਸਿੰਗਾਪੁਰ ਤੋਂ ਸਿੱਖੀਆਂ।

1946 ’ਚ ਉਹ ਮਲਾਇਆ ਦਾ ਚੈਂਪੀਅਨ ਬਣ ਗਿਆ ਸੀ। ਉਹਦੀ ਚੜ੍ਹਤ ਨਾਲ ‘ਹੈਪੀ ਵਰਲਡ’ ਕਲੱਬ ਦੀ ਝੰਡੀ ਹੋ ਗਈ ਸੀ। ਦਾਰੇ ਦਾ ਮੁਕਾਬਲਾ ਕਰਨ ਲਈ ‘ਗਰੇਟ ਵਰਲਡ’ ਕਲੱਬ ਵਾਲੇ ਹੰਗਰੀ ਦੇ ਪਹਿਲਵਾਨ ਕਿੰਗ ਕਾਂਗ ਨੂੰ ਲੈ ਆਏ। ਦਾਰੇ ਦੀ ਟੱਕਰ ਵਿਸ਼ਵ ਚੈਂਪੀਅਨ ਕਿੰਗ ਕਾਂਗ ਨਾਲ ਕਰਵਾਈ ਗਈ। ਦਾਰੇ ਨੇ ਉਸ ਨੂੰ ਤੇਰ੍ਹਾਂ ਮਿੰਟਾਂ ’ਚ ਈ ਤਾਰੇ ਦਿਖਾ ਦਿੱਤੇ ਤੇ ਉਹਦਾ ਗੋਡਾ ਤੋੜ ਦਿੱਤਾ। ਕਿੰਗ ਕਾਂਗ ਨੂੰ ਸਟਰੈਚਰ ’ਤੇ ਪਾ ਕੇ ਲਿਜਾਣਾ ਪਿਆ ਜਦੋਂ ਕਿ ਦਾਰੇ ਨੂੰ ਦਰਸ਼ਕਾਂ ਨੇ ਮੋਢਿਆਂ ’ਤੇ ਚੁੱਕ ਲਿਆ। ਫਿਰ ਉਸ ਨੂੰ ਫਿਲਪੀਨ, ਜਪਾਨ ਤੇ ਹੋਰ ਮੁਲਕਾਂ ਤੋਂ ਵੀ ਕੁਸ਼ਤੀਆਂ ਦੇ ਸੱਦੇ ਆਉਣ ਲੱਗੇ। ਉਸ ਦੇ ਘਰ ਪੁੱਤਰ ਨੇ ਜਨਮ ਲਿਆ ਜਿਸ ਦਾ ਨਾਂ ਹਰਬੰਸ ਸਿੰਘ ਰੱਖਿਆ ਗਿਆ, ਪਰ ਹੋਣੀ ਨੂੰ ਕੁਝ ਹੋਰ ਮਨਜ਼ੂਰ ਸੀ। ਜਦੋਂ ਕੁਸ਼ਤੀਆਂ ਵਿੱਚ ਉਹਦੀ ਗੁੱਡੀ ਸਿਖਰ ’ਤੇ ਸੀ ਤਾਂ ਪਿੱਛੇ ਪਿੰਡ ਵਿੱਚ ਉਹਦੇ ਭਰਾ ਦਲੀਪ ਸਿੰਘ ਦਾ ਕਤਲ ਹੋ ਗਿਆ ਤੇ ਇੰਦਰ ਸਿੰਘ ਦਾ ਗੁੱਟ ਵੱਢਿਆ ਗਿਆ। ਦਾਰੇ ਨੇ ਆਪਣੇ ਸਕੇ ਭਰਾ ਦਲੀਪ ਦੇ ਕਤਲ ਦਾ ਬਦਲਾ ਲੈਣ ਲਈ ਸ਼ਰੀਕ ਭਰਾ ਸਰਦਾਰੇ ਦਾ ਕਤਲ ਕਰ ਦਿੱਤਾ। ਕਤਲ ਕਰਨ ਨਾਲ ਉਹਦਾ ਖੇਡ ਕਰੀਅਰ ਹੀ ਨਹੀਂ, ਸਾਰਾ ਜੀਵਨ ਹੀ ਬਰਬਾਦ ਹੋ ਗਿਆ। ਭਲਾ ਹੋਵੇ ਸੋਵੀਅਤ ਰੂਸ ਦੇ ਪ੍ਰਧਾਨ ਬੁਲਗਾਨਿਨ ਤੇ ਪ੍ਰਧਾਨ ਮੰਤਰੀ ਖਰੁਸ਼ਚੇਵ ਦਾ ਜਿਨ੍ਹਾਂ ਨੇ 1955 ’ਚ ਭਾਰਤ ਦੇ ਦੌਰੇ ਸਮੇਂ ਜੇਲ੍ਹਰ ਦਾਰੇ ਦੀ ਕੁਸ਼ਤੀ ਵੇਖਦਿਆਂ ਭਾਰਤ ਦੇ ਪ੍ਰਧਾਨ ਮੰਤਰੀ ਨਹਿਰੂ ਨੂੰ ਉਹਦੇ ’ਤੇ ਰਹਿਮ ਕਰਨ ਲਈ ਕਿਹਾ। ਦਾਰੇ ਦੀ ਫਾਂਸੀ ਸੁਪਰੀਮ ਕੋਰਟ ਨੇ ਪਹਿਲਾਂ ਹੀ ਵੀਹ ਸਾਲ ਦੀ ਜੇਲ੍ਹ ਵਿੱਚ ਬਦਲ ਦਿੱਤੀ ਸੀ ਜੋ ਰਹਿਮ ਦੀ ਅਪੀਲ ਨਾਲ ਪੈਰੋਲ ਤੇ ਅਗਾਊਂ ਰਿਹਾਈ ਵਿੱਚ ਬਦਲ ਦਿੱਤੀ ਗਈ। ਕੁਸ਼ਤੀਆਂ ਤੋਂ ’ਕੱਠਾ ਹੋਇਆ ਦੋ ਲੱਖ ਦਾ ਇਮਦਾਦੀ ਵੀ ਦਾਰੇ ਨੂੰ ਦੇ ਦਿੱਤਾ ਗਿਆ ਜੋ ਉਸ ਨੇ ਗ਼ਰੀਬ ਗੁਰਬਿਆਂ ’ਚ ਵੰਡ ਦਿੱਤਾ।

ਤੋਰੀਏ ਦੀ ਭਰੀ ਤੋਂ ਹੋਇਆ ਸੀ ਕਤਲ

ਦਲੀਪ ਸਿੰਘ ਸਿੰਗਾਪੁਰ ਤੋਂ ਮੁੜ ਕੇ ਇੰਦਰ ਸਿੰਘ ਨਾਲ ਖੇਤੀਬਾੜੀ ਕਰਾਉਣ ਆ ਲੱਗਾ ਸੀ। ਉਨ੍ਹਾਂ ਦਾ ਖੂਹ ਘਸੀਟਪੁਰੇ ਵੱਲ ਸੀ। ਇੱਕ ਰਾਤ ਉਨ੍ਹਾਂ ਨੇ ਖੂਹ ਤੋਂ ਪੈਲੀ ਸਿੰਜੀ। ਉਸੇ ਰਾਤ ਘਸੀਟਪੁਰੇ ਦੇ ਇੱਕ ਕਿਸਾਨ ਦਾ ਚੋਰੀਓਂ ਤੋਰੀਆ ਵੱਢਿਆ ਗਿਆ। ਅਗਲੀ ਸਵੇਰ ਉਹ ਕਿਸਾਨ ਖੇਤਾਂ ਵਾਲਿਆਂ ਤੋਂ ਪੁੱਛਦਾ ਗਿੱਛਦਾ ਦੁਲਚੀਪੁਰੇ ਆ ਗਿਆ। ਉੱਥੇ ਉਸ ਨੂੰ ਇੰਦਰ ਦਾ ਸ਼ਰੀਕ ਭਰਾ ਸਰਦਾਰਾ ਸਬੱਬੀਂ ਮਿਲ ਪਿਆ। ਕਿਸਾਨ ਨੇ ਉਂਜ ਈ ਕਹਿ ਦਿੱਤਾ ਕਿ ਉਸ ਦਾ ਤੋਰੀਆ ਦੁਲਚੀਪੁਰੇ ਦੇ ਕਿਸੇ ਬੰਦੇ ਨੇ ਚੋਰੀਓਂ ਵੱਢ ਲਿਐ। ਕਿਸੇ ਨੂੰ ਪਤਾ ਹੋਵੇ ਤਾਂ ਦੱਸੋ। ਸਰਦਾਰੇ ਨੂੰ ਕੋਈ ਪਤਾ ਨਹੀਂ ਸੀ, ਪਰ ਉਹਦੇ ਮੂੰਹੋਂ ਨਿਕਲ ਗਿਆ, “ਰਾਤੀਂ ਇੰਦਰ ਹੋਰਾਂ ਦਾ ਖੂਹ ਚੱਲਦਾ ਸੀ। ਉਨ੍ਹਾਂ ਨੂੰ ਪੁੱਛੋ, ਸ਼ਾਇਦ ਉਨ੍ਹਾਂ ਨੂੰ ਪਤਾ ਹੋਵੇ।”

ਕਿਸਾਨ ਨੂੰ ਇੰਦਰ ਤੇ ਦਲੀਪ ਪਰ੍ਹੇ ’ਚ ਬੈਠੇ ਮਿਲ ਪਏ। ਲਾਂਭੇ ਹੋ ਕੇ ਗੱਲ ਕਰਨ ਦੀ ਥਾਂ ਕਿਸਾਨ ਉਨ੍ਹਾਂ ਨੂੰ ਪੁੱਛ ਬੈਠਾ, “ਤੁਹਾਂ ਮੇਰਾ ਤੋਰੀਆ ਵੱਢਿਆ?” ਪਰ੍ਹੇ ’ਚ ਚੋਰੀ ਦਾ ਇਲਜ਼ਾਮ ਸੁਣ ਕੇ ਇੰਦਰ ਤੇ ਦਲੀਪ ਬੋਲੇ, “ਮੂੰਹ ਸੰਭਾਲ ਕੇ ਬੋਲ ਓਏ। ਤੈਨੂੰ ਕੀਹਨੇ ਕਿਹਾ ਪਈ ਅਹੀਂ ਤੇਰਾ ਤੋਰੀਆ ਵੱਢਿਆ?” ਕਿਸਾਨ ਦੇ ਮੂੰਹੋਂ ਨਿਕਲ ਗਿਆ, “ਧਾਡੇ ਸਰਦਾਰੇ ਨੇ ਕਿਹਾ।” ਸਰਦਾਰੇ ਨੇ ਇਉਂ ਬਿਲਕੁਲ ਨਹੀਂ ਸੀ ਕਿਹਾ। ਪੁੱਛ ਪੜਤਾਲ ਕਰ ਲੈਂਦੇ ਤਾਂ ਗੁੱਸਾ ਘਸੀਟਪੁਰੇ ਦੇ ਕਿਸਾਨ ’ਤੇ ਨਿਕਲਣਾ ਸੀ, ਪਰ ਕਹਾਣੀ ਉਲਟ ਪਾਸੇ ਤੁਰ ਪਈ ਜਿਸ ਨਾਲ ਕਤਲਾਂ ਦਾ ਮੁੱਢ ਬੱਝ ਗਿਆ। ਇੰਦਰ ਤੇ ਦਲੀਪ ਨੇ ਸਰਦਾਰਾ ਬੀਹੀ ’ਚ ਜਾ ਘੇਰਿਆ ਤੇ ਸੋਟੀਆਂ ਮਾਰ ਦਿੱਤੀਆਂ ਜਿੱਥੋਂ ਉਨ੍ਹਾਂ ਦਾ ਵੈਰ ਪੈ ਗਿਆ। ਸਕੇ ਸੋਧਰੇ ਹੋਣ ਕਰਕੇ ਉਨ੍ਹਾਂ ਦੇ ਘਰ ਨਾਲੋ-ਨਾਲ ਸਨ। ਇੰਦਰ ਹੋਰਾਂ ਦਾ ਬਾਪ ਪਿਆਰਾ ਸਿੰਘ ਤੇ ਸਰਦਾਰੇ ਹੋਰਾਂ ਦਾ ਬਾਪ ਸਾਉਣ ਸਿੰਘ ਚਾਚੇ ਤਾਏ ਦੇ ਪੁੱਤ ਸਨ। ਇਕੋ ਬਾਬੇ ਦੀ ਔਲਾਦ। ਗੁਆਂਢੀ ਪਿੰਡ ਦੇ ਤੋਰੀਏ ਦੀ ਭਰੀ ਨੇ ਉਨ੍ਹਾਂ ’ਚ ਕਲੇਸ਼ ਖੜ੍ਹਾ ਕਰ ਦਿੱਤਾ। ਇੰਦਰ ਹੋਰੀਂ ਦਾਰੇ ਪਹਿਲਵਾਨ ਦੇ ਨਾਂ ਕਰਕੇ ਖੱਬੀ ਖਾਨ ਕਹਾਉਂਦੇ ਸਨ। ਉਨ੍ਹਾਂ ਨੂੰ ਦਾਰੇ ਦੀ ਤਾਕਤ ਦਾ ਗ਼ੁਮਾਨ ਸੀ। ਅੱਗੋਂ ਸ਼ਰੀਕ ਵੀ ਤਿੰਨ ਭਰਾ ਸਨ, ਸਰਦਾਰਾ, ਗੁਰਮੁਖ ਤੇ ਬਾਵਾ। ਨਾਲ ਉਨ੍ਹਾਂ ਦਾ ਚਾਚਾ ਨਰੈਣ ਸਿੰਘ ਸੀ। ਦਾਰੂ ਪੀ ਕੇ ਦੋਹੀਂ ਪਾਸੀਂ ਲਲਕਾਰੇ ਵੱਜਣ ਲੱਗੇ। ਨਰੈਣ ਸਿੰਘ ਨੇ ਇੱਕ ਦਿਨ ਕਿਹਾ ਕਿ ਇਨ੍ਹਾਂ ਨਾਲ ਤਾਂ ਹੁਣ ਸਿਝਣਾ ਈ ਪੈਣਾ।

ਆਖ਼ਰ ਹੋਣੀ ਦਾ ਦਿਨ ਆ ਗਿਆ। ਦਿਨ ਛਿਪਿਆ ਤਾਂ ਤਿੰਨੇ ਭਰਾਵਾਂ ਤੇ ਉਨ੍ਹਾਂ ਦੇ ਚਾਚੇ ਨਰੈਣੇ ਨੇ ਤਿਆਰੀ ਖਿੱਚ ਲਈ। ਦਲੀਪ ਗਾਲ੍ਹਾਂ ਕੱਢਦਾ ਬੀਹੀ ਦਾ ਮੋੜ ਮੁੜਿਆ ਤਾਂ ਲੁਕੇ ਹੋਏ ਗੁਰਮੁਖ ਨੇ ਬਰਛੀ ਉਹਦੀ ਵੱਖੀਓਂ ਪਾਰ ਕਰ ਦਿੱਤੀ। ਦੂਜੀ ਬਰਛੀ ਸਰਦਾਰੇ ਨੇ ਮਾਰੀ। ਦਲੀਪ ਦੀਆਂ ਚੀਕਾਂ ਸੁਣ ਕੇ ਇੰਦਰ ਨਿਹੱਥਾ ਹੀ ਭੱਜਾ ਆਇਆ ਤਾਂ ਉਹਨੂੰ ਨਰੈਣ ਸਿੰਘ ਨੇ ਘੇਰ ਲਿਆ ਜੀਹਦੇ ਕੋਲ ਕਿਰਪਾਨ ਸੀ। ਬਾਵੇ ਕੋਲ ਡਾਂਗ ਸੀ। ਨਰੈਣ ਨੇ ਕਿਰਪਾਨ ਦਾ ਸਿੱਧਾ ਵਾਰ ਕੀਤਾ ਜੋ ਇੰਦਰ ਨੇ ਸੱਜਾ ਹੱਥ ਉਠਾ ਕੇ ਰੋਕਣਾ ਚਾਹਿਆ। ਉਹਦਾ ਗੁੱਟ ਵੱਢਿਆ ਗਿਆ। ਦਲੀਪ ਦੀਆਂ ਚੀਕਾਂ ਚੁੱਪ ਹੋਈਆਂ ਤਾਂ ਇੰਦਰ ਦੀਆਂ ਚੀਕਾਂ ਪੈਣ ਲੱਗੀਆਂ। 2006 ਵਿੱਚ ਮੈਂ ਦਾਰੇ ਦੇ ਪਰਿਵਾਰ ਨੂੰ ਦੁਲਚੀਪੁਰੇ ਮਿਲਣ ਗਿਆ ਤਾਂ ਪਹਿਲੇ ਕਤਲ ਵਾਲੀ ਉਹ ਬੀਹੀ ਵੀ ਵੇਖੀ ਤੇ ਬਦਲਾ ਲਊ ਕਤਲ ਵਾਲਾ ਉਹ ਛੱਪੜ ਵੀ ਵੇਖਿਆ।

ਤੋਰੀਆ ਘਸੀਟਪੁਰੇ ਦਾ, ਵੱਢਣ ਵਾਲਾ ਪਤਾ ਨਹੀਂ ਕੌਣ ਸੀ? ਪਰ ਉਹਦੇ ’ਚ ਘਸੀਟਿਆ ਗਿਆ ਦੁਲਚੀਪੁਰੇ ਦਾ ਸਕਾ ਸੋਧਰਾ ਸਿੱਧੂ ਪਰਿਵਾਰ। ਨਿੱਕੀ ਜਿਹੀ ਗੱਲ ਨੇ ਬੀਜ ਦਿੱਤਾ ਦੁਸ਼ਮਣੀ ਦਾ ਬੀਜ। ਕਤਲਾਂ ਦਾ ਬੱਝ ਗਿਆ ਮੁੱਢ। ਇਹਨੂੰ ਕਹਿੰਦੀ ਆ ਹੋਣੀ!

ਦਲੀਪ ਦੇ ਕਤਲ ਤੇ ਇੰਦਰ ਦੇ ਇਰਾਦਾ ਕਤਲ ਦਾ ਕੇਸ ਅੰਮ੍ਰਿਤਸਰ ਦੀ ਅਦਾਲਤ ’ਚ ਚੱਲਿਆ। ਇੰਦਰ ਸਿੰਘ ਨੇ ਵਾਰਦਾਤ ਵਿੱਚ ਚਾਰ ਕਾਤਲਾਂ ਸਰਦਾਰੇ, ਗੁਰਮੁਖ, ਬਾਵੇ ਤੇ ਨਰੈਣ ਦੇ ਨਾਂ ਲਿਖਾਏ। ਕਾਤਲ ਧਿਰ ਦੇ ਵਕੀਲ ਨੇ ਆਪਣੇ ਬੰਦਿਆਂ ਨੂੰ ਸਲਾਹ ਦਿੱਤੀ ਕਿ ਸਾਰਾ ਦੋਸ਼ ਨਰੈਣ ਤੇ ਬਾਵਾ ਆਪਣੇ ਸਿਰ ਲੈ ਲੈਣ। ਇਉਂ ਸਰਦਾਰਾ ਤੇ ਗੁਰਮੁਖ ਬਰੀ ਹੋ ਸਕਦੇ ਹਨ। ਨਹੀਂ ਤਾਂ ਚਾਰੇ ਬੱਝਣਗੇ। ਉਨ੍ਹਾਂ ਨੇ ਉਸੇ ਤਰ੍ਹਾਂ ਕੀਤਾ, ਪਰ ਸੈਸ਼ਨ ਜੱਜ ਨੇ ਚਾਰਾਂ ’ਚੋਂ ਕਿਸੇ ਨੂੰ ਵੀ ਨਾ ਬਖ਼ਸ਼ਿਆ। ਸਰਦਾਰੇ ਤੇ ਗੁਰਮੁਖ ਨੂੰ ਫਾਂਸੀ ਅਤੇ ਨਰੈਣ ਤੇ ਬਾਵੇ ਨੂੰ ਉਮਰ ਕੈਦ ਸੁਣਾਈ। ਜੇ ਇਹ ਫ਼ੈਸਲਾ ਲਾਗੂ ਹੋ ਜਾਂਦਾ ਤਾਂ ਸੰਭਵ ਸੀ ਟਿਕ-ਟਿਕਾਅ ਹੋ ਜਾਂਦਾ ਤੇ ਕੋਈ ਹੋਰ ਕਤਲ ਨਾ ਹੁੰਦਾ, ਪਰ ਵਕੀਲ ਕਾਹਦੇ ਲਈ ਹੁੰਦੇ ਹਨ? ਮਿਥੀ ਚਾਲ ਮੁਤਾਬਿਕ ਸਰਦਾਰੇ ਤੇ ਗੁਰਮੁਖ ਦੀ ਫਾਂਸੀ ਤੁੜਾਉਣ ਲਈ ਹਾਈ ਕੋਰਟ ਵਿੱਚ ਅਪੀਲ ਕੀਤੀ ਗਈ। ਹਾਈ ਕੋਰਟ ਤੋਂ ਸਰਦਾਰਾ ਤੇ ਗੁਰਮੁਖ ਤਾਂ ਬਰੀ ਹੋ ਗਏ ਜਦਕਿ ਬਾਵੇ ਤੇ ਨਰੈਣ ਦੀ ਸਜ਼ਾ ਬਰਕਰਾਰ ਰਹੀ। ਬਰੀ ਹੋਇਆਂ ਭਰਾਵਾਂ ਨੇ ਪਿੰਡ ਆ ਕੇ ਖ਼ੂਬ ਜਸ਼ਨ ਮਨਾਇਆ।

ਦਲੀਪ ਦੇ ਕਤਲ ਵੇਲੇ ਦਾਰਾ ਕੁਸ਼ਤੀਆਂ ਲੜਨ ਵਾਸਤੇ ਜਰਮਨੀ ਜਾਣ ਲਈ ਤਿਆਰ ਸੀ। ਭਰਾ ਦੇ ਕਤਲ ਦੀ ਤਾਰ ਮਿਲੀ ਤਾਂ ਜਰਮਨੀ ਜਾਣ ਦੀ ਥਾਂ ਉਹ ਪਤਨੀ ਤੇ ਪੁੱਤਰ ਨੂੰ ਪਿੱਛੇ ਛੱਡ ਦੁਲਚੀਪੁਰੇ ਪਰਤ ਪਿਆ। ਪਿੰਡ ਆ ਕੇ ਅਦਾਲਤੀ ਕੇਸ ਦੀ ਪੈਰਵੀ ਕੀਤੀ। ਹੇਠਲੀ ਕੋਰਟ ਤੋਂ ਸਜ਼ਾ ਦੁਆਈ, ਪਰ ਹਾਈ ਕੋਰਟ ਵਿੱਚ ਵਿਰੋਧੀ ਵਕੀਲ ਨੇ ਪੇਸ਼ ਨਾ ਜਾਣ ਦਿੱਤੀ। ਜਦੋਂ ਸਰਦਾਰਾ ਤੇ ਗੁਰਮੁਖ ਬਰੀ ਹੋ ਗਏ ਤਾਂ ਉਹਦੇ ਦਿਲ ਵਿੱਚ ਬਦਲੇ ਦੀ ਅੱਗ ਦਾ ਭਾਂਬੜ ਭੜਕ ਉਠਿਆ।

ਫਿਰ ਦਾਰਾ, ਸਰਦਾਰੇ ਹੋਰਾਂ ਤੋਂ ਆਪਣੇ ਭਰਾ ਦਾ ਬਦਲਾ ਲੈਣ ਦੀ ਤਾਕ ’ਚ ਰਹਿਣ ਲੱਗਾ। ਉਹਦੀ ਭੈਣ ਪਰਸਿੰਨ ਕੌਰ ਵੀ ਕਹਿੰਦੀ ਰਹਿੰਦੀ, “ਜੇ ਭਾਅ ਦਾ ਬਦਲਾ ਨਾ ਲਿਆ ਤਾਂ ਤੇਰੀ ਏਡੀ ਦੇਹ ਕਿਸ ਕੰਮ?”

ਇੰਦਰ ਬੋਲਿਆ, “ਭਾਊ, ਦਲੀਪ ਦੀ ਰੂਹ ਨੂੰ ਤਾਂ ਓਦੋਂ ਈ ਚੈਨ ਮਿਲੂ ਜਦੋਂ ਇਹ ਦੋਨੋਂ ਦਲੀਪ ਕੋਲ ਪੁਚਾਤੇ।”

ਦਾਰੇ ਧਰਮੂਚੱਕੀਏ ਦਾ ਚਾਚਾ ਨਿਰੰਜਣ ਸਿੰਘ ਦਾਰੇ ਦੁਲਚੀਪੁਰੀਏ ਦਾ ਸਿੰਗਾਪੁਰ ਤੋਂ ਹੀ ਬੇਲੀ ਸੀ। ਉਹ ਅਨੋਖ ਸਿੰਘ ਨੂੰ ਨਾਲ ਲੈ ਕੇ ਦਾਰੇ ਦੀ ਮਦਦ ਲਈ ਪਹੁੰਚਿਆ। 19 ਅਕਤੂਬਰ 1950 ਦੁਸਹਿਰੇ ਦਾ ਦਿਨ ਸੀ। ਦਿਨ ਢਲੇ ਦਾ ਵੇਲਾ ਸੀ। ਉਹ ਹਥਿਆਰ ਲੈ ਕੇ ਘਰੋਂ ਨਿਕਲੇ। ਖੇਤੋਂ ਸਰਦਾਰਾ ਮੱਝਾਂ ਲੈ ਕੇ ਆ ਰਿਹਾ ਸੀ। ਮੱਝਾਂ ਉਹਨੇ ਛੱਪੜ ਵਿੱਚ ਵਾੜ ਦਿੱਤੀਆਂ ਤੇ ਆਪ ਪੱਠਿਆਂ ਦੀ ਭਰੀ ਸੁੱਟਣ ਘਰ ਚਲਾ ਗਿਆ। ਉਨ੍ਹਾਂ ਨੂੰ ਲੱਗਾ, ਹੁਣ ਮੱਝਾਂ ਕੱਢਣ ਵੀ ਆਵੇਗਾ।

ਦਾਰੇ ਕੋਲ ਕੁਹਾੜੀ ਸੀ, ਇੰਦਰ ਕੋਲ ਕਿਰਪਾਨ ਅਤੇ ਨਿਰੰਜਣ ਤੇ ਅਨੋਖ ਕੋਲ ਬਰਛੀਆਂ ਸਨ। ਸਰਦਾਰਾ ਮੱਝਾਂ ਕੱਢਣ ਛੱਪੜ ਵਿੱਚ ਵੜਿਆ ਤਾਂ ਚਾਰਾਂ ਜਣਿਆਂ ਨੇ ਛੱਪੜ ਦੀਆਂ ਚਾਰੇ ਕੰਨੀਆਂ ਮੱਲ ਲਈਆਂ। ਚਾਰੇ ਬੰਨਿਓਂ ਘਿਰਿਆ ਵੇਖ ਸਰਦਾਰਾ ਹਾਲ ਦੁਹਾਈ ਪਾਉਣ ਲੱਗਾ ਜਿਸ ਨਾਲ ਪਿੰਡ ਦੇ ਲੋਕ ਭੱਜੇ ਆਏ। ਦਾਰੇ ਨੇ ਉੱਚੀ ਆਵਾਜ਼ ’ਚ ਕਿਹਾ, “ਅੱਜ ਜੇ ਕੋਈ ਸਾਡੇ ਵਿਚਕਾਰ ਆਇਆ ਤਾਂ ਉਹ ਵੀ ਸਾਡਾ ਦੁਸ਼ਮਣ ਹੋਵੇਗਾ, ਅਸੀਂ ਉਹਨੂੰ ਵੀ ਨਹੀਂ ਛੱਡਾਂਗੇ।” ਡਰ ਦੇ ਮਾਰੇ ਲੋਕ ਕੋਠਿਆਂ ’ਤੇ ਖੜ੍ਹੇ ਸ਼ਰੀਕਾਂ ਦੀ ਲੜਾਈ ਵੇਖਣ ਲੱਗੇ।

ਸੱਤ ਫੁੱਟਾ ਦਾਰਾ ਕੁਹਾੜੀ ਲੈ ਕੇ ਛੱਪੜ ’ਚ ਵੜਿਆ ਤੇ ਉਹਨੇ ਸਰਦਾਰੇ ਨੂੰ ਧੌਣੋਂ ਜਾ ਫੜਿਆ। ਉਪਰੋਥਲੀ ਵਾਰ ਕਰਨ ਨਾਲ ਸਿਰ ’ਚੋਂ ਲਹੂ ਦੀਆਂ ਧਾਰਾਂ ਫੁੱਟ ਤੁਰੀਆਂ ਜਿਨ੍ਹਾਂ ਨਾਲ ਛੱਪੜ ਦਾ ਪਾਣੀ ਲਾਲ ਹੋਣਾ ਸ਼ੁਰੂ ਹੋ ਗਿਆ। ਆਖ਼ਰ ਸਰਦਾਰਾ ਤੜਫ ਕੇ ਮਰਿਆ ਤਾਂ ਦਾਰੇ ਨੇ ਪੈਰਾਂ ਨਾਲ ਹੀ ਉਸ ਨੂੰ ਛੱਪੜ ਦੀ ਗਾਰ ਵਿੱਚ ਦੱਬ ਦਿੱਤਾ।

ਪੁਲੀਸ ਪਾਰਟੀ ਦੇ ਦੁਲਚੀਪੁਰ ਪਹੁੰਚਣ ਤੋਂ ਪਹਿਲਾਂ ਹੀ ਨਿਰੰਜਣ ਸਿੰਘ ਤੇ ਅਨੋਖ ਸਿੰਘ ਧਰਮੂਚੱਕ ਨੂੰ ਪੱਤਰਾ ਵਾਚ ਗਏ। ਦਾਰੇ ਤੇ ਇੰਦਰ ਨੂੰ ਪੁਲੀਸ ਨੇ ਘਰੋਂ ਆ ਫੜਿਆ। ਮੁਕੱਦਮਾ ਅੰਮ੍ਰਿਤਸਰ ਅਦਾਲਤ ’ਚ ਚੱਲਿਆ ਜਿਸ ਦਾ ਫ਼ੈਸਲਾ ਐਡੀਸ਼ਨਲ ਸੈਸ਼ਨ ਜੱਜ ਗੁਰਦਿਆਲ ਸਿੰਘ ਨੇ ਸੁਣਾਇਆ। 19 ਅਕਤੂਬਰ 1950 ਨੂੰ ਹੋਏ ਕਤਲ ਦੀ ਸਜ਼ਾ 26 ਮਾਰਚ 1951 ਨੂੰ ਸੁਣਾਈ ਗਈ। ਦਾਰੇ ਨੂੰ ਫਾਂਸੀ ਤੇ ਇੰਦਰ ਨੂੰ ਉਮਰ ਕੈਦ ਬੋਲੀ। ਦਾਰੇ ਰੰਧਾਵੇ ਦਾ ਚਾਚਾ ਨਿਰੰਜਣ ਸਿੰਘ ਤੇ ਅਨੋਖ ਸਿੰਘ ਸ਼ੱਕ ਦੀ ਬਿਨਾ ’ਤੇ ਬਰੀ ਕਰ ਦਿੱਤੇ।

ਦਾਰੇ ਨੂੰ ਪਹਿਲਾਂ ਅੰਮ੍ਰਿਤਸਰ ਤੇ ਫਿਰ ਫਿਰੋਜ਼ਪੁਰ ਜੇਲ੍ਹ ਦੀ ਕਾਲ ਕੋਠੜੀ ਵਿੱਚ ਡੱਕ ਦਿੱਤਾ ਗਿਆ। ਫਾਂਸੀ ਦੀ ਕੋਠੜੀ ’ਚ ਉਹਦਾ ਲੰਮਾ ਕੱਦ ਨਹੀਂ ਸੀ ਮਿਉਂਦਾ, ਪਰ ਫਸੀ ਨੂੰ ਫਟਕਣ ਕੀ? ਦਾਰੇ ਹੋਰਾਂ ਦੇ ਮੁਕੱਦਮੇ ਦੀ ਪੈਰਵੀ ਉਨ੍ਹਾਂ ਦੀ ਭੈਣ ਪਰਸਿੰਨ ਕੌਰ ਕਰ ਰਹੀ ਸੀ। ਵਕੀਲ ਨੇ ਹਾਈ ਕੋਰਟ ਵਿੱਚ ਅਪੀਲ ਕਰਵਾ ਦਿੱਤੀ ਜਿਸ ਕਰਕੇ ਫ਼ੈਸਲਾ ਹੋਣ ਤੱਕ ਫਾਂਸੀ ਰੁਕੀ ਰਹੀ। ਹਾਈ ਕੋਰਟ ਵਿੱਚ ਕੀਤੀਆਂ ਦੋ ਵਾਰ ਦੀਆਂ ਅਪੀਲਾਂ ਮਗਰੋਂ ਵੀ ਫਾਂਸੀ ਦੀ ਸਜ਼ਾ ਬਰਕਰਾਰ ਰਹੀ। ਫਿਰ ਅਪੀਲ ਸੁਪਰੀਮ ਕੋਰਟ ਵਿੱਚ ਕੀਤੀ ਗਈ ਜਿਸ ਨਾਲ ਫਾਂਸੀ ਟੁੱਟ ਕੇ ਦਾਰੇ ਦੀ ਸਜ਼ਾ ਵੀਹ ਸਾਲ ਦੀ ਕੈਦ ਵਿੱਚ ਬਦਲ ਗਈ।

ਫਿਰੋਜ਼ਪੁਰ ਜੇਲ੍ਹ ਵਿੱਚ ਇਕੋ ਪੜਦਾਦੇ ਦੀ ਔਲਾਦ ਸਜ਼ਾ ਭੁਗਤਣ ਲੱਗੀ। ਦੋ ਦਾਰੇ ਹੋਰੀਂ ਤੇ ਦੋ ਉਨ੍ਹਾਂ ਦੇ ਸ਼ਰੀਕ ਭਰਾ। ਚਾਰੇ ਉਮਰ ਕੈਦੀ। ਦਲੀਪ ਦੇ ਕਤਲ ਕਾਰਨ ਬਾਵਾ ਤੇ ਨਰੈਣ ਅੰਦਰ ਸਨ, ਸਰਦਾਰੇ ਦੇ ਕਤਲ ਕਾਰਨ ਦਾਰਾ ਤੇ ਇੰਦਰ। ਰਿਸ਼ਤੇਦਾਰ ਚੌਂਹਾਂ ਕੈਦੀਆਂ ਨੂੰ ਮਿਲ ਕੇ ਜਾਂਦੇ। ਜੇਲ੍ਹ ’ਚ ਸਜ਼ਾ ਭੁਗਤਦੇ ਉਹ ਆਪ ਵੀ ਕਦੇ ਕਦੇ ਮਿਲ ਪੈਂਦੇ ਤੇ ਆਪਣੇ ਕੀਤੇ ’ਤੇ ਪਛਤਾਉਂਦੇ। ਅਖ਼ੀਰ ਜੇਲ੍ਹ ਵਿੱਚ ਹੀ ਉਨ੍ਹਾਂ ਦਾ ਰਾਜ਼ੀਨਾਵਾਂ ਹੋ ਗਿਆ। 1957 ਵਿੱਚ ਦਾਰੇ ਦੀ ਰਿਹਾਈ ਹੋ ਗਈ। ਫਿਰ ਉਸ ਨੇ ਕੁਝ ਸਾਲ ਕੁਸ਼ਤੀਆਂ ਕੀਤੀਆਂ ਅਤੇ ਦੋ ਫਿਲਮਾਂ ‘ਸੈਮਸਨ’ ਤੇ ‘ਖੂਨ ਕਾ ਬਦਲਾ ਖ਼ੂਨ’ ਵਿੱਚ ਕੰਮ ਕੀਤਾ। ਆਖ਼ਰ ਪਿੰਡ ਪਰਤ ਕੇ ਸਰਪੰਚ ਬਣ ਗਿਆ ਤੇ ਦੂਜਾ ਵਿਆਹ ਕਰਵਾ ਲਿਆ।

ਦਾਰੇ ਦਾ ਆਖ਼ਰੀ ਸਮਾਂ ਬੜਾ ਭੈੜਾ ਬੀਤਿਆ। ਉਹ ਬਲੱਡ ਪ੍ਰੈੱਸ਼ਰ, ਸ਼ੂਗਰ ਤੇ ਜੋੜਾਂ ਦੇ ਦਰਦ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਗਿਆ ਸੀ। ਪੈਰਾਂ ਦੇ ਅੰਗੂਠੇ ਕੱਟੇ ਗਏ ਸਨ ਤੇ ਚੂਲਾ ਟੁੱਟ ਗਿਆ ਸੀ। ਤਦ ਮਰਨਾਊ ਪਏ ਰੁਸਤਮੇ ਜ਼ਮਾਂ ਨੂੰ ਮਿਲਣ ਗਿਲਣ ਵੀ ਕੋਈ ਘੱਟ ਹੀ ਆਉਂਦਾ ਸੀ। ਉਹਦਾ ਜੁੱਸਾ 135 ਕਿਲੋ ਤੋਂ ਘਟ ਕੇ 70 ਕਿਲੋ ਦਾ ਰਹਿ ਗਿਆ ਸੀ ਤੇ ਉਹ 70ਵੇਂ ਸਾਲ ਦੀ ਉਮਰ ’ਚ ਗੁਜ਼ਰ ਗਿਆ। ਪਿੱਛੇ ਉਹਦੇ ਦੋ ਪੋਤਰੇ ਹਨ ਜੋ ਪਿੰਡੋਂ ਬਾਹਰ ਢਾਣੀ ’ਚ ਰਹਿੰਦੇ ਹਨ। ਇੱਕ ਵਿਆਹੀ ਵਰੀ ਪੜਪੋਤੀ ਹੈ ਤੇ ਇੱਕ ਪੋਤਰਾ ਜੋ ਟੋਰਾਂਟੋ ’ਚ ਡਰਾਈਵਿੰਗ ਕਰ ਰਿਹੈ।

ਈ-ਮੇਲ: principalsarwansingh@gmail.com

Advertisement