ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਇਮਾਨਦਾਰੀ

Dr Kulbir Singh Suri ਕੁਲਬੀਰ ਸਿੰਘ ਸੂਰੀ (ਡਾ.) ਬਾਲ ਕਹਾਣੀ ਦੀਵਾਲੀ ਤੋਂ ਪਹਿਲਾਂ ਬਹੁਤ ਸਾਰੇ ਲੋਕ ਆਪਣੇ ਘਰਾਂ ਨੂੰ ਸਾਫ਼-ਸੁਥਰਾ ਬਣਾਉਣ ਲਈ ਕਲੀਆਂ ਅਤੇ ਰੰਗ-ਰੋਗਨ ਕਰਵਾਉਂਦੇ ਹਨ। ਹਰ ਕੋਈ ਚਾਹੁੰਦਾ ਹੈ ਕਿ ਉਸ ਦੇ ਘਰ ਦੀ ਸਫ਼ਾਈ ਦੀਵਾਲੀ ਤੋਂ ਪਹਿਲਾਂ...
Advertisement
Dr Kulbir Singh Suri

ਕੁਲਬੀਰ ਸਿੰਘ ਸੂਰੀ (ਡਾ.)

ਬਾਲ ਕਹਾਣੀ

Advertisement

ਦੀਵਾਲੀ ਤੋਂ ਪਹਿਲਾਂ ਬਹੁਤ ਸਾਰੇ ਲੋਕ ਆਪਣੇ ਘਰਾਂ ਨੂੰ ਸਾਫ਼-ਸੁਥਰਾ ਬਣਾਉਣ ਲਈ ਕਲੀਆਂ ਅਤੇ ਰੰਗ-ਰੋਗਨ ਕਰਵਾਉਂਦੇ ਹਨ। ਹਰ ਕੋਈ ਚਾਹੁੰਦਾ ਹੈ ਕਿ ਉਸ ਦੇ ਘਰ ਦੀ ਸਫ਼ਾਈ ਦੀਵਾਲੀ ਤੋਂ ਪਹਿਲਾਂ ਹੀ ਹੋ ਜਾਏ, ਇਸ ਕਰਕੇ ਉਨ੍ਹਾਂ ਦਿਨਾਂ ਵਿੱਚ ਕਲੀ ਅਤੇ ਰੰਗ-ਰੋਗਨ ਕਰਨ ਵਾਲੇ ਕਾਮਿਆਂ ਦੀ ਬੜੀ ਕਮੀ ਹੋ ਜਾਂਦੀ ਹੈ। ਗੋਲੂ ਛੋਟੇ ਹੁੰਦਿਆਂ ਤੋਂ ਹੀ ਆਪਣੇ ਪਾਪਾ ਨਾਲ ਰੰਗ-ਰੋਗਨ ਦਾ ਕੰਮ ਕਰਨ ਜਾਂਦਾ ਸੀ। ਦੋ-ਤਿੰਨ ਸਾਲਾਂ ਵਿੱਚ ਹੀ ਉਹ ਆਪਣੇ ਪਾਪਾ ਤੋਂ ਵੀ ਵਧੀਆ ਕੰਮ ਕਰਨ ਲੱਗ ਪਿਆ।

ਪਿਛਲੇ ਸਾਲ ਉਸ ਦੇ ਪਾਪਾ ਕੁੱਝ ਦਿਨ ਬਿਮਾਰ ਰਹਿਣ ਤੋਂ ਬਾਅਦ ਰੱਬ ਨੂੰ ਪਿਆਰੇ ਹੋ ਗਏ। ਹੁਣ ਘਰ ਦੀ, ਮਾਂ ਅਤੇ ਛੋਟੀ ਭੈਣ ਦੀ ਜ਼ਿੰਮੇਵਾਰੀ ਗੋਲੂ ਦੇ ਸਿਰ ਪੈ ਗਈ। ਗੋਲੂ ਨੇ ਫ਼ੈਸਲਾ ਕੀਤਾ ਕਿ ਇਸ ਸਾਲ ਦੀਵਾਲੀ ਦੇ ਸੀਜ਼ਨ ਵਿੱਚ ਬਹੁਤ ਮਿਹਨਤ ਕਰਕੇ ਪਾਪਾ ਦੀ ਬਿਮਾਰੀ ’ਤੇ ਲਿਆ ਕਰਜ਼ਾ ਉਹ ਉਤਾਰ ਦਵੇਗਾ। ਅੱਜ ਉਸ ਨੂੰ ਅਚਾਨਕ ਇੱਕ ਬੜੇ ਵੱਡੇ ਅਤੇ ਅਮੀਰ ਘਰ ਵਿੱਚ ਰੰਗ-ਰੋਗਨ ਕਰਨ ਦਾ ਕੰਮ ਮਿਲ ਗਿਆ। ਇਸ ਕੰਮ ਨੂੰ ਪੂਰਾ ਕਰਦਿਆਂ ਉਸ ਨੂੰ ਕਾਫ਼ੀ ਦਿਨ ਲੱਗ ਜਾਣੇ ਸਨ ਅਤੇ ਪੈਸੇ ਵੀ ਚੰਗੇ ਬਣ ਜਾਣੇ ਸਨ। ਇਸ ਕਰਕੇ ਉਹ ਕਾਫ਼ੀ ਖ਼ੁਸ਼ ਸੀ। ਉਹ ਪਹਿਲੇ ਕਮਰੇ ਵਿੱਚ ਕੰਮ ਸ਼ੁਰੂ ਕਰਨ ਲੱਗਾ ਤਾਂ ਉਸ ਵਿੱਚ ਕਈ ਤਰ੍ਹਾਂ ਦੀਆਂ ਸਜਾਵਟ ਵਾਲੀਆਂ ਚੀਜ਼ਾਂ ਪਈਆਂ ਸਨ। ਉਹ ਸਾਰਾ ਸਾਮਾਨ ਚੁੱਕ ਕੇ ਬਾਹਰ ਵੀ ਰੱਖਦਾ ਜਾਏ ਅਤੇ ਵਧੀਆ ਵਧੀਆ ਚੀਜ਼ਾਂ ਨੂੰ ਚੁੱਕ ਕੇ, ਹੱਥ ਵਿੱਚ ਫੜ ਕੇ ਮਜ਼ਾ ਵੀ ਲਈ ਜਾਏ। ਉਹ ਪੂਰੀ ਮਿਹਨਤ ਨਾਲ ਕੰਮ ਕਰ ਰਿਹਾ ਸੀ।

ਤੀਸਰੇ ਦਿਨ ਉਸ ਵੱਡੇ ਮਕਾਨ ਦੇ ਮਾਸਟਰ ਬੈੱਡਰੂਮ ਦੀ ਵਾਰੀ ਆਈ। ਉਸ ਨੇ ਬੈੱਡਰੂਮ ਦਾ ਸਾਮਾਨ ਜਦੋਂ ਚੁੱਕਣਾ ਸ਼ੁਰੂ ਕੀਤਾ ਤਾਂ ਬੈੱਡ ਦੇ ਸਿਰਹਾਣੇ ਹੇਠ ਇੱਕ ਬੜਾ ਹੀ ਕੀਮਤੀ ਸੋਨੇ ਅਤੇ ਹੀਰਿਆਂ ਜੜਿਆ ਹਾਰ ਪਿਆ ਸੀ। ਗੋਲੂ ਨੇ ਹਾਰ ਨੂੰ ਹੱਥ ਵਿੱਚ ਫੜ ਕੇ ਚੰਗੀ ਤਰ੍ਹਾਂ ਵੇਖਿਆ। ਉਸ ਦੇ ਮਨ ਵਿੱਚ ਲਾਲਚ ਆ ਗਿਆ। ਇੱਕ ਪਲ ਲਈ ਉਸ ਨੇ ਸੋਚਿਆ ਕਿ ‘ਜੇ ਇਹ ਹਾਰ ਮੈਂ ਚੁਰਾ ਕੇ ਵੇਚ ਦਿਆਂ ਤਾਂ ਆਪਣਾ ਸਾਰਾ ਕਰਜ਼ਾ ਉਤਾਰ ਕੇ ਵੀ ਮੇਰੇ ਕੋਲ ਕਾਫ਼ੀ ਪੈਸੇ ਬਚ ਸਕਦੇ ਹਨ, ਜਿਸ ਨਾਲ ਮੈਂ ਆਪਣੀ ਮਾਂ ਅਤੇ ਭੈਣ ਵਾਸਤੇ ਬਹੁਤ ਸਾਰਾ ਸਾਮਾਨ ਖ਼ਰੀਦ ਸਕਦਾ ਹਾਂ।’ ਅਗਲੇ ਪਲ ਹੀ ਉਹ ਘਬਰਾ ਗਿਆ ਅਤੇ ਆਪਣੇ ਮਨ ਨੂੰ ਲਾਹਣਤਾਂ ਪਾਉਂਦਾ ਹੋਇਆ ਕਹਿਣ ਲੱਗਾ, ‘ਮੇਰੇ ਮਨ ਵਿੱਚ ਐਡਾ ਵੱਡਾ ਪਾਪ ਕਰਨ ਦਾ ਖ਼ਿਆਲ ਕਿਉਂ ਆਇਆ? ਜੇ ਮੈਂ ਚੋਰੀ ਕਰਦਾ ਫੜਿਆ ਜਾਵਾਂ ਤਾਂ ਮੇਰੀ ਕੀ ਦੁਰਦਸ਼ਾ ਹੋਵੇਗੀ? ਸਾਰੇ ਲੋਕ ਚੋਰ-ਚੋਰ ਕਹਿਣਗੇ। ਮੇਰੇ ਮੱਥੇ ’ਤੇ ਕਾਲਖ ਦਾ ਟਿੱਕਾ ਸਾਰੀ ਉਮਰ ਲਈ ਲੱਗ ਜਾਵੇਗਾ। ਮੈਨੂੰ ਕੋਈ ਵੀ ਆਪਣੇ ਘਰ ਨਹੀਂ ਵੜਨ ਦੇਵੇਗਾ। ਮੈਂ ਕੰਮ ਕਿੱਥੇ ਕਰਾਂਗਾ? ਆਪਣੀ ਮਾਂ ਅਤੇ ਭੈਣ ਨੂੰ ਰੋਟੀ ਕਿਸ ਤਰ੍ਹਾਂ ਖਵਾਵਾਂਗਾ। ਜੇ ਮੈਂ ਕਿਸੇ ਤਰ੍ਹਾਂ ਇਨਸਾਨ ਦੀਆਂ ਅੱਖਾਂ ਵਿੱਚ ਘੱਟਾ ਪਾ ਕੇ ਬਚ ਵੀ ਗਿਆ ਤਾਂ ਭਗਵਾਨ ਦੀਆਂ ਨਜ਼ਰਾਂ ਤੋਂ ਕਿਸ ਤਰ੍ਹਾਂ ਬਚਾਂਗਾ?’ ਇਹ ਕਹਿੰਦਿਆਂ ਕਹਿੰਦਿਆਂ ਗੋਲੂ ਦਾ ਰੰਗ ਪੀਲਾ ਪੈ ਗਿਆ ਅਤੇ ਉਹ ਪਸੀਨੋ-ਪਸੀਨੀ ਹੋ ਗਿਆ। ਉਸ ਦੇ ਦਿਲ ਦੀ ਧੜਕਣ ਬਹੁਤ ਤੇਜ਼ ਹੋ ਗਈ।

ਉਸ ਨੇ ਜਲਦੀ ਨਾਲ ਉਹ ਹਾਰ ਪਲੰਘ ਉੱਪਰ ਪਏ ਉਸੇ ਸਿਰਹਾਣੇ ਥੱਲੇ ਰੱਖ ਦਿੱਤਾ, ਜਿੱਥੋਂ ਉਸ ਨੇ ਚੁੱਕਿਆ ਸੀ। ਸਿਰਹਾਣੇ ਥੱਲੇ ਹਾਰ ਰੱਖਣ ਤੋਂ ਬਾਅਦ ਗੋਲੂ ਨੂੰ ਥੋੜ੍ਹਾ ਜਿਹਾ ਸੌਖਾ ਸਾਹ ਆਉਣਾ ਸ਼ੁਰੂ ਹੋਇਆ। ਉਸ ਨੇ ਆਪਣੇ ਦੋਵੇਂ ਕੰਨਾਂ ਨੂੰ ਫੜ ਕੇ ਅਤੇ ਅਸਮਾਨ ਵੱਲ ਵੇਖਦਿਆਂ ਕਿਹਾ, ‘ਲਾਲਚ ਬਹੁਤ ਭੈੜੀ ਚੀਜ਼ ਹੈ। ਆਦਮੀ ਲਾਲਚ ਵਿੱਚ ਫਸ ਕੇ ਹੀ ਚੋਰੀ ਕਰਦਾ ਹੈ। ਚੋਰੀ ਕਰਨ ਵਾਲਾ ਮਨੁੱਖ ਕਦੀ ਵੀ ਨਿਡਰ ਹੋ ਕੇ ਸੁੱਖ ਦੀ ਨੀਂਦ ਨਹੀਂ ਸੌਂ ਸਕਦਾ। ਮੇਰੇ ਮਨ ਵਿੱਚ ਚੋਰੀ ਕਰਨ ਦਾ ਅਜੇ ਖ਼ਿਆਲ ਹੀ ਆਇਆ ਹੈ ਤਾਂ ਮੇਰਾ ਐਨਾ ਬੁਰਾ ਹਾਲ ਹੋਇਆ ਹੈ, ਜੇ ਮੈਂ ਚੋਰੀ ਕਰ ਲੈਂਦਾ ਤਾਂ ਮੇਰਾ ਕੀ ਹਾਲ ਹੋਣਾ ਸੀ?’ ਇਸ ਤੋਂ ਬਾਅਦ ਗੋਲੂ ਸ਼ਾਂਤ-ਚਿਤ ਹੋ ਕੇ ਆਪਣੇ ਕੰਮ ਵਿੱਚ ਮਗਨ ਹੋ ਗਿਆ।

ਘਰ ਦਾ ਮਾਲਕ ਨਾਲ ਵਾਲੇ ਕਮਰੇ ਵਿੱਚੋਂ ਗੋਲੂ ਨੂੰ ਵੇਖ ਰਿਹਾ ਸੀ ਅਤੇ ਉਸ ਦੀਆਂ ਆਪਣੇ ਆਪ ਨਾਲ ਕੀਤੀਆਂ ਗੱਲਾਂ ਵੀ ਸੁਣ ਰਿਹਾ ਸੀ। ਉਹ ਥੋੜ੍ਹੀ ਦੇਰ ਪਿੱਛੋਂ ਗੋਲੂ ਕੋਲ ਗਿਆ ਅਤੇ ਬੜੇ ਪਿਆਰ ਨਾਲ ਬੋਲਿਆ, ‘‘ਬੇਟਾ, ਮੈਂ ਤੇਰੀਆਂ ਸਾਰੀਆਂ ਗੱਲਾਂ ਸੁਣ ਲਈਆਂ ਨੇ। ਤੂੰ ਐਨਾ ਗ਼ਰੀਬ ਹੋ ਕੇ ਵੀ ਐਨਾ ਚੰਗਾ, ਇਮਾਨਦਾਰ ਅਤੇ ਪਰਮਾਤਮਾ ਕੋਲੋਂ ਡਰਨ ਵਾਲਾ ਹੈਂ, ਜਿਸ ਦੀ ਮੈਨੂੰ ਬੜੀ ਖ਼ੁਸ਼ੀ ਹੋਈ ਐ।’’ ਉਸ ਨੇ ਗੋਲੂ ਨੂੰ ਆਪਣੇ ਗਲੇ ਨਾਲ ਲਾ ਲਿਆ ਅਤੇ ਕਿਹਾ, ‘‘ਹੁਣ ਤੂੰ ਸਾਡੇ ਕੋਲ ਹੀ ਰਹੇਂਗਾ। ਮੈਂ ਤੈਨੂੰ ਪੜ੍ਹਾਈ ਵੀ ਕਰਵਾਵਾਂਗਾ ਅਤੇ ਆਪਣੀ ਫੈਕਟਰੀ ਵਿੱਚ ਕੰਮ ਵੀ ਦਿਆਂਗਾ।’’

ਘਰ ਦੇ ਮਾਲਕ ਨੇ ਜੇਬ ਵਿੱਚੋਂ ਬਹੁਤ ਸਾਰੇ ਪੈਸੇ ਗੋਲੂ ਨੂੰ ਦਿੰਦੇ ਹੋਏ ਕਿਹਾ, ‘‘ਇਨ੍ਹਾਂ ਪੈਸਿਆਂ ਨਾਲ ਤੂੰ ਆਪਣਾ ਕਰਜ਼ਾ ਲਾਹ ਦੇ ਅਤੇ ਅੱਜ ਆਰਾਮ ਕਰ। ਕੱਲ੍ਹ ਤੋਂ ਤੇਰੀ ਡਿਊਟੀ ਪਹਿਲਾਂ ਸਕੂਲ ਵਿੱਚ ਪੜ੍ਹਨ ਦੀ ਅਤੇ ਫਿਰ ਥੋੜ੍ਹੀ ਦੇਰ ਫੈਕਟਰੀ ਕੰਮ ਸਿੱਖਣ ਦੀ। ਰ ੰਗ-ਰੋਗਨ ਵਾਲੇ ਤਾਂ ਹੋਰ ਕਈ ਬੰਦੇ ਮੈਨੂੰ ਲੱਭ ਜਾਣਗੇ, ਪਰ ਇਹੋ ਜਿਹਾ ਚੰਗਾ ਹੀਰਾ ਮੁੰਡਾ ਮੈਨੂੰ ਹੋਰ ਨਹੀਂ ਮਿਲੇਗਾ।’’

ਸੰਪਰਕ: 98889-24664

Advertisement