ਜਨਮਦਿਨ ਮੁਬਾਰਕ ਪਿਆਰੇ.....ਹੇਮਾ ਮਾਲਿਨੀ ਨੇ ਧਰਮਿੰਦਰ ਨੂੰ ਉਨ੍ਹਾਂ ਦੇ 90ਵੇਂ ਜਨਮਦਿਨ ’ਤੇ ਕੀਤਾ ਯਾਦ
ਅਦਾਕਾਰਾ ਹੇਮਾ ਮਾਲਿਨੀ ਨੇ ਧਰਮਿੰਦਰ ਨੂੰ 90ਵੇਂ ਜਨਮਦਿਨ ਮੌਕੇ ਯਾਦ ਕੀਤਾ ਅਤੇ ਇੱਕ ਭਾਵੂਕ ਪੋਸਟ ਪਾਈ। ਧਰਮਿੰਦਰ ਦਾ ਦੇਹਾਂਤ 24 ਨਵੰਬਰ ਨੂੰ ਉਨ੍ਹਾਂ ਦੇ ਜੁਹੂ ਸਥਿਤ ਘਰ ਵਿੱਚ ਹੋ ਗਿਆ ਸੀ।
ਹੇਮਾ ਮਾਲਿਨੀ ਨੇ ਪੋਸਟ ਕੀਤਾ, “ ਧਰਮ ਜੀ। ਮੇਰੇ ਪਿਆਰੇ, ਜਨਮਦਿਨ ਮੁਬਾਰਕ। ਤੁਹਾਨੂੰ ਮੈਨੂੰ ਟੁੱਟਿਆ ਛੱਡ ਕੇ ਗਿਆਂ ਨੂੰ ਦੋ ਹਫ਼ਤਿਆਂ ਤੋਂ ਵੱਧ ਸਮਾਂ ਹੋ ਗਿਆ ਹੈ, ਮੈਂ ਹੌਲੀ-ਹੌਲੀ ਟੁਕੜਿਆਂ ਨੂੰ ਇਕੱਠਾ ਕਰ ਰਹੀ ਹਾਂ ਅਤੇ ਆਪਣੀ ਜ਼ਿੰਦਗੀ ਨੂੰ ਦੁਬਾਰਾ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹਾਂ, ਇਹ ਜਾਣਦੇ ਹੋਏ ਕਿ ਤੁਸੀਂ ਹਮੇਸ਼ਾ ਰੂਹ ਦੇ ਰੂਪ ਵਿੱਚ ਮੇਰੇ ਨਾਲ ਰਹੋਗੇ।”
ਹੇਮਾ ਮਾਲਿਨੀ ਨੇ ਅੱਗੇ ਕਿਹਾ, “....ਸਿਰਫ਼ ਉਨ੍ਹਾਂ ਪਲਾਂ ਨੂੰ ਮੁੜ ਜੀਣਾ ਹੀ ਮੈਨੂੰ ਬਹੁਤ ਦਿਲਾਸਾ ਅਤੇ ਖੁਸ਼ੀ ਦਿੰਦਾ ਹੈ। ਮੈਂ ਸਾਡੇ ਇਕੱਠੇ ਬਿਤਾਏ ਪਿਆਰੇ ਸਾਲਾਂ ਲਈ, ਸਾਡੀਆਂ ਦੋ ਖੂਬਸੂਰਤ ਬੇਟੀਆਂ ਲਈ, ਜੋ ਇੱਕ-ਦੂਜੇ ਲਈ ਸਾਡੇ ਪਿਆਰ ਦੀ ਪੁਸ਼ਟੀ ਕਰਦੀਆਂ ਹਨ, ਅਤੇ ਉਨ੍ਹਾਂ ਸਾਰੀਆਂ ਖੂਬਸੂਰਤ, ਖੁਸ਼ਹਾਲ ਯਾਦਾਂ ਲਈ ਪ੍ਰਮਾਤਮਾ ਦਾ ਧੰਨਵਾਦ ਕਰਦੀ ਹਾਂ ਜੋ ਮੇਰੇ ਦਿਲ ਵਿੱਚ ਹਮੇਸ਼ਾ ਰਹਿਣਗੀਆਂ। ਤੁਹਾਡੇ ਜਨਮਦਿਨ ’ਤੇ, ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦੀ ਹਾਂ ਕਿ ਉਹ ਤੁਹਾਨੂੰ ਸ਼ਾਂਤੀ ਅਤੇ ਖੁਸ਼ੀ ਬਖ਼ਸ਼ੇ ਜਿਸਦੇ ਤੁਸੀਂ ਆਪਣੀ ਨਿਮਰਤਾ, ਦਿਲ ਦੀ ਚੰਗਿਆਈ ਅਤੇ ਮਨੁੱਖਤਾ ਲਈ ਪਿਆਰ ਕਾਰਨ ਹੱਕਦਾਰ ਹੋ। ਜਨਮਦਿਨ ਮੁਬਾਰਕ ਪਿਆਰੇ।”
ਆਪਣੀ ਪੋਸਟ ਵਿੱਚ ਅਦਾਕਾਰਾ ਨੇ ਕਿਹਾ ਕਿ ਉਨ੍ਹਾਂ ਦੀ ਇਕੱਠੀ ਜ਼ਿੰਦਗੀ ਦੀਆਂ ਖੁਸ਼ੀ ਨਾਲ ਭਰੀਆਂ ਯਾਦਾਂ ਕਦੇ ਮਿਟਾਈਆਂ ਨਹੀਂ ਜਾ ਸਕਦੀਆਂ।
ਅਦਾਕਾਰਾ ਅਤੇ ਭਾਜਪਾ ਸੰਸਦ ਮੈਂਬਰ ਨੇ ਧਰਮਿੰਦਰ ਨਾਲ ਆਪਣੀ ਜ਼ਿੰਦਗੀ ਦੀਆਂ ਤਸਵੀਰਾਂ ਵੀ X ’ਤੇ ਸਾਂਝੀਆਂ ਕੀਤੀਆਂ। ਉਨ੍ਹਾਂ ਤਸਵੀਰਾਂ ’ਤੇ ਲਿਖਿਆ “ਸਾਡੇ ਖੁਸ਼ਹਾਲ ਇਕੱਠਿਆਂ ਦੇ ਪਲ”
ਦੱਸ ਦਈਏ ਕਿ ਦੋਵਾਂ ਦਾ ਵਿਆਹ 1980 ਵਿੱਚ ਹੋਇਆ ਸੀ ਅਤੇ ਉਨ੍ਹਾਂ ਦੀਆਂ ਦੋ ਧੀਆਂ ਈਸ਼ਾ ਅਤੇ ਅਹਾਨਾ ਹਨ। ਧਰਮਿੰਦਰ ਦੇ ਆਪਣੀ ਪਹਿਲੀ ਪਤਨੀ ਪ੍ਰਕਾਸ਼ ਕੌਰ ਤੋਂ ਵੀ ਚਾਰ ਬੱਚੇ ਹਨ, ਜਿਨ੍ਹਾਂ ਵਿੱਚ ਅਦਾਕਾਰ ਸੰਨੀ ਅਤੇ ਬੌਬੀ ਦਿਓਲ ਸ਼ਾਮਲ ਹਨ।
