ਕਿਸ਼ੋਰ ਅਵਸਥਾ ਵਿੱਚ ਵਧ ਰਹੀ ਇਕੱਲਤਾ
ਅੱਜ ਦੇ ਸਮੇਂ ਵਿੱਚ ਕਿਸ਼ੋਰ ਅਵਸਥਾ ਤੋਂ ਹੀ ਬੱਚਿਆਂ ’ਤੇ ਕਰੀਅਰ ਬਣਾਉਣ ਦਾ ਬਹੁਤ ਜ਼ਿਆਦਾ ਦਬਾਅ ਹੈ। ਬੱਚਿਆਂ ਨੂੰ ਇਹੀ ਗੱਲ ਪੁੱਛੀ ਜਾਂਦੀ ਹੈ ਕਿ ਤੁਸੀਂ ਕੀ ਕਰ ਰਹੇ ਹੋ ਤੇ ਤੁਸੀਂ ਕੀ ਬਣਨਾ ਹੈ? ਮਾਤਾ-ਪਿਤਾ ਤੋਂ ਹਰ ਕੋਈ ਇਹੀ ਸਵਾਲ ਕਰਦਾ ਹੈ ਕਿ ਤੁਹਾਡੇ ਬੱਚੇ ਕੀ ਕਰ ਰਹੇ ਹਨ? ਕਿੰਨੇ ਨੰਬਰ ਆਏ ਹਨ? ਕਿਹੜਾ ਰੈਂਕ ਆਇਆ ਹੈ? ਸਾਡੇ ਆਲੇ ਦੁਆਲੇ ਤੇ ਸਮਾਜ ਵਿੱਚੋਂ ਆਏ ਇਨ੍ਹਾਂ ਸਵਾਲਾਂ ਦਾ ਦਬਾਅ ਮਾਂ-ਬਾਪ ’ਤੇ ਤਾਂ ਬਣਦਾ ਹੀ ਹੈ, ਪਰ ਬੱਚਿਆਂ ’ਤੇ ਬਹੁਤ ਜ਼ਿਆਦਾ ਬਣਦਾ ਹੈ।
ਬੱਚਿਆਂ ਦੀ ਕਾਰਗੁਜ਼ਾਰੀ ਨੂੰ ਰੁਤਬੇ ਨਾਲ ਜੋੜ ਲਿਆ ਗਿਆ ਹੈ। ਮਾਂ-ਬਾਪ ਇਹ ਚਾਹੁੰਦੇ ਹਨ ਕਿ ਉਨ੍ਹਾਂ ਦਾ ਬੱਚਾ ਕੁਝ ਅਜਿਹਾ ਕਰੇ ਜਿਸ ਨਾਲ ਉਹ ਹੁੱਬ ਕੇ ਇਹ ਦੱਸਣ ਕਿ ਉਨ੍ਹਾਂ ਦੇ ਬੱਚੇ ਦੀ ਪ੍ਰਾਪਤੀ ਕੀ ਹੈ, ਪਰ ਕੀ ਇਹ ਜ਼ਰੂਰੀ ਹੈ ਕਿ ਹਰ ਬੱਚਾ ਉਸ ਪੱਧਰ ’ਤੇ ਪਹੁੰਚ ਸਕੇ? ਕੀ ਹਰ ਬੱਚੇ ਦੀ ਕਾਬਲੀਅਤ ਇੱਕੋ ਜਿਹੀ ਹੁੰਦੀ ਹੈ? ਅਜਿਹਾ ਨਾ ਹੁੰਦਾ ਹੈ ਅਤੇ ਨਾ ਹੋ ਸਕਦਾ ਹੈ। ਇਸ ਗੱਲ ਨੂੰ ਨਾ ਸਮਝਣ ਕਰਕੇ ਹੀ ਬੱਚੇ ਦਬਾਅ ਹੇਠ ਜੀਅ ਰਹੇ ਹਨ।
ਉਹ ਉਮਰ ਜਿਸ ਵਿੱਚ ਬੱਚੇ ਨੂੰ ਮਾਂ-ਬਾਪ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੁੰਦੀ ਹੈ, ਉਸ ਸਮੇਂ ਉਸ ਤੋਂ ਦੂਰੀ ਬਣਾਈ ਜਾਂਦੀ ਹੈ ਕਿ ਉਹ ਪੜ੍ਹਾਈ ਕਰੇ। ਜਿਸ ਉਮਰ ਵਿੱਚ ਦੋਸਤਾਂ ਨਾਲ ਉਸ ਨੇ ਬਹੁਤ ਕੁਝ ਸਿੱਖਣਾ ਹੁੰਦਾ ਹੈ, ਉਸ ਉਮਰ ਵਿੱਚ ਉਸ ਨੂੰ ਕੋਚਿੰਗ ਸੰਸਥਾਵਾਂ ਦੇ ਜਾਲ ਵਿੱਚ ਫਸਾ ਦਿੱਤਾ ਜਾਂਦਾ ਹੈ। ਬੱਚਾ ਕੋਚਿੰਗ ਸੰਸਥਾਨ ਤੋਂ ਘਰ ਤੇ ਘਰ ਤੋਂ ਕੋਚਿੰਗ ਸੰਸਥਾਨ, ਬਸ ਇਸੇ ਵਿੱਚ ਉਲਝਿਆ ਰਹਿ ਜਾਂਦਾ ਹੈ। ਵੱਡੇ ਵੱਡੇ ਕੋਚਿੰਗ ਸੰਸਥਾਨ ਪੈਸੇ ਕਮਾਉਣ ਦੀਆਂ ਮਸ਼ੀਨਾਂ ਹਨ। ਮਾਂ-ਬਾਪ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ।
ਉਹ ਸਿਰਫ਼ ਇਹ ਚਾਹੁੰਦੇ ਹਨ ਕਿ ਉਨ੍ਹਾਂ ਦਾ ਬੱਚਾ ਕਰੋੜਾਂ ਦਾ ਪੈਕੇਜ ਲਵੇ, ਬਿਨਾਂ ਇਹ ਸਮਝੇ ਕਿ ਬੱਚਾ ਕੀ ਚਾਹੁੰਦਾ ਹੈ। ਕਾਰਗੁਜ਼ਾਰੀ ਦਾ ਦਬਾਅ ਇੰਨਾ ਜ਼ਿਆਦਾ ਹੈ ਕਿ ਬੱਚੇ ਦੇ ਮਨ ਵਿੱਚ ਜੇ ਉਸ ਪੱਧਰ ਦੀ ਪ੍ਰਾਪਤੀ ਨਾ ਕਰ ਸਕੇ ਜਿਸ ਦੀ ਉਸ ਤੋਂ ਉਮੀਦ ਕੀਤੀ ਗਈ ਹੈ, ਨਿਰਾਸ਼ਾ ਪੈਦਾ ਹੋ ਜਾਂਦੀ ਹੈ। ਉਸ ਨੂੰ ਆਪਣੇ ਆਪ ਤੋਂ ਹਿਕਾਰਤ ਹੋਣ ਲੱਗਦੀ ਹੈ। ਉਹ ਬਿਨਾਂ ਜ਼ਿੰਦਗੀ ਦੇ ਕਿਸੇ ਮੈਦਾਨ ਵਿੱਚ ਨਿੱਤਰੇ ਆਪਣੇ ਆਪ ਨੂੰ ਹਾਰਿਆ ਹੋਇਆ ਮੰਨ ਲੈਂਦਾ ਹੈ। ਇਹ ਹਾਰ ਉਸ ਦੇ ਅੰਦਰ ਇੰਨੀ ਗਹਿਰੀ ਬੈਠ ਜਾਂਦੀ ਹੈ ਕਿ ਉਹ ਕੁਝ ਨਹੀਂ ਕਰ ਸਕਦਾ।
ਦੋ-ਢਾਈ ਸਾਲ ਦੇ ਬੱਚੇ ਤੋਂ ਉਮੀਦ ਸ਼ੁਰੂ ਹੋ ਜਾਂਦੀ ਹੈ ਕਿ ਉਹ ਦੂਜਿਆਂ ਅੱਗੇ ਵਧੀਆ ਪੇਸ਼ਕਾਰੀ ਕਰੇ। 14 ਸਾਲ ਦੀ ਉਮਰ ਤੋਂ ਬਾਅਦ ਤਾਂ ਇਹ ਦਬਾਅ ਬਹੁਤ ਜ਼ਿਆਦਾ ਵਧ ਜਾਂਦਾ ਹੈ। ਬੱਚੇ ਦਾ ਬਚਪਨ ਇਨ੍ਹਾਂ ਉਮੀਦਾਂ ਤੇ ਦਬਾਅ ਵਿੱਚ ਰੁਲ ਜਾਂਦਾ ਹੈ। ਕਦੀ ਧਿਆਨ ਕਰੋ ਅੱਜਕੱਲ੍ਹ ਦੇ ਬੱਚਿਆਂ ਦੇ ਦੋਸਤ ਨਹੀਂ ਹਨ। ਬੱਚੇ ਦੋਸਤਾਂ ਦੇ ਘਰ ਨਹੀਂ ਜਾਂਦੇ, ਨਾ ਹੀ ਦੋਸਤ ਉਨ੍ਹਾਂ ਦੇ ਘਰ ਆਉਂਦੇ ਹਨ। ਚੰਗੇ ਨੰਬਰਾਂ ਦੇ ਚੱਕਰ ਵਿੱਚ ਮਾਂ-ਬਾਪ ਇੱਕ ਨਿਗਰਾਨੀ ਕੈਮਰੇ ਵਾਂਗ ਉਨ੍ਹਾਂ ਦੇ ਦੁਆਲੇ ਘੁੰਮਦੇ ਹਨ। ਉਹ ਇਹ ਚਾਹੁੰਦੇ ਹਨ ਕਿ ਉਹੀ ਬੱਚੇ ਦੇ ਦੋਸਤ ਬਣਨ। ਇਹ ਬਹੁਤ ਚੰਗੀ ਗੱਲ ਹੈ ਕਿ ਉਹ ਬੱਚੇ ਦੇ ਦੋਸਤ ਬਣਨ, ਪਰ ਬੱਚੇ ਨੂੰ ਹਮ ਉਮਰ ਦੋਸਤਾਂ ਦੀ ਵੀ ਜ਼ਰੂਰਤ ਹੈ।
ਜਿਹੜੀ ਸਾਂਝ ਬੱਚਾ ਆਪਣੇ ਹਮ ਉਮਰ ਦੋਸਤਾਂ ਨਾਲ ਪਾ ਸਕਦਾ ਹੈ, ਉਹ ਮਾਂ-ਬਾਪ ਨਾਲ ਸੰਭਵ ਨਹੀਂ। ਇਸ ਉਮਰ ਵਿੱਚ ਸ਼ਖ਼ਸੀਅਤ ਦੀ ਨੀਂਹ ਰੱਖੀ ਜਾਂਦੀ ਹੈ। ਅੱਧੇ ਨੂੰ ਮਜ਼ਬੂਤੀ ਦੇਣ ਲਈ ਪਾਣੀ ਪਾਉਣਾ ਪੈਂਦਾ ਹੈ ਤੇ ਮਿੱਟੀ ਨਰਮ ਰੱਖਣੀ ਪੈਂਦੀ ਹੈ। ਸਖ਼ਤ ਮਿੱਟੀ ਵਿੱਚ ਪੌਦਾ ਮਰ ਜਾਂਦਾ ਹੈ। ਬਸ ਇਹੀ ਭੁੱਲ ਅੱਜਕੱਲ੍ਹ ਮਾਂ-ਬਾਪ ਆਪਣੇ ਬੱਚਿਆਂ ਨਾਲ ਕਰ ਰਹੇ ਹਨ। ਉਨ੍ਹਾਂ ਨੂੰ ਨਰਮ ਮਿੱਟੀ ਨਹੀਂ ਦੇ ਰਹੇ ਜਿੱਥੇ ਉਹ ਆਪਣੇ ਤਰੀਕੇ ਨਾਲ ਵਧ ਫੁੱਲ ਸਕਣ।
ਹਰ ਬੱਚੇ ਦੇ ਅੰਦਰ ਕੋਈ ਨਾ ਕੋਈ ਪ੍ਰਤਿਭਾ ਹੈ, ਪਰ ਹਰ ਬੱਚੇ ਦੇ ਅੰਦਰ ਇੱਕੋ ਪ੍ਰਤਿਭਾ ਨਹੀਂ ਹੈ। ਜੇ ਦੂਜੇ ਦੇ ਬੱਚੇ ਨੇ ਡਾਕਟਰੀ ਕੀਤੀ ਹੈ ਤਾਂ ਜ਼ਰੂਰੀ ਨਹੀਂ ਹੈ ਕਿ ਤੁਹਾਡਾ ਬੱਚਾ ਵੀ ਡਾਕਟਰੀ ਹੀ ਕਰੇਗਾ। ਇਸ ਸਾਰੇ ਰੌਲੇ ਗੌਲੇ ਵਿੱਚ ਬੱਚਾ ਅੰਦਰੋਂ ਅੰਦਰ ਇਕੱਲਾ ਹੁੰਦਾ ਜਾ ਰਿਹਾ ਹੈ। ਉਹ ਆਪਣੇ ਮਾਂ-ਬਾਪ ਜੋ ਕਿ ਉਸ ਦੇ ਦੋਸਤ ਬਣੇ ਹੋਏ ਹਨ, ਉਨ੍ਹਾਂ ਨਾਲ ਆਪਣਾ ਡਰ ਸਾਂਝਾ ਨਹੀਂ ਕਰ ਸਕਦਾ। ਉਸ ਨੂੰ ਪਤਾ ਹੈ ਕਿ ਉਸ ਤੋਂ ਉਮੀਦਾਂ ਬਹੁਤ ਜ਼ਿਆਦਾ ਹਨ। ਉਹ ਇਕੱਲੇਪਣ ਦਾ ਸ਼ਿਕਾਰ ਹੋ ਰਿਹਾ ਹੈ। ਉਸ ਦੇ ਡਰ ਉਸ ’ਤੇ ਹਾਵੀ ਹੋ ਜਾਂਦੇ ਹਨ, ਜਦੋਂ ਉਹ ਉਸ ਪੱਧਰ ਦੀ ਕਾਰਗੁਜ਼ਾਰੀ ਨਹੀਂ ਦਿਖਾ ਸਕਦਾ ਜਿਸ ਦੀ ਉਸ ਤੋਂ ਉਮੀਦ ਕੀਤੀ ਗਈ ਹੈ।
ਦੋਸਤਾਂ ਦਾ ਹੌਸਲਾ ਬਹੁਤ ਵੱਡਾ ਹੁੰਦਾ ਹੈ। ਚੰਗੇ ਦੋਸਤ ਜਦੋਂ ਸਾਨੂੰ ਜ਼ਿੰਦਗੀ ਵਿੱਚ ਕੁਝ ਕਰ ਗੁਜ਼ਰਨਾ ਸਿਖਾਉਂਦੇ ਹਨ, ਨਾਲ ਇਹ ਵੀ ਸਿਖਾਉਂਦੇ ਹਨ ਕਿ ਹਾਰ ਨੂੰ ਕਿਸ ਤਰ੍ਹਾਂ ਮਨਜ਼ੂਰ ਕਰਨਾ ਹੈ। ਲੱਖ ਦੋਸਤ ਬਣ ਜਾਵੋ, ਤੁਸੀਂ ਆਪਣੇ ਬੱਚਿਆਂ ਦੇ ਹਮਉਮਰ ਦੀ ਦੋਸਤੀ ਦਾ ਮੁਕਾਬਲਾ ਨਹੀਂ ਕਰ ਸਕਦੇ। ਉਸ ਦੋਸਤੀ ਵਿੱਚ ਇੱਕ ਦੂਜੇ ਨੂੰ ਜੱਜ ਨਹੀਂ ਕੀਤਾ ਜਾਂਦਾ, ਨਿਰਖਿਆ ਪਰਖਿਆ ਨਹੀਂ ਜਾਂਦਾ। ਉਸ ਦੋਸਤੀ ਵਿੱਚ ਇੱਕ ਦੂਜੇ ਨੂੰ ਕਬੂਲ ਕੀਤਾ ਜਾਂਦਾ ਹੈ। ਕਬੂਲੇ ਜਾਣ ਦਾ ਅਹਿਸਾਸ ਬੰਦੇ ਨੂੰ ਅੰਦਰੋਂ ਮਜ਼ਬੂਤ ਬਣਾਉਂਦਾ ਹੈ। ਇੱਕ ਵਧੀਆ ਸ਼ਖ਼ਸੀਅਤ ਦਾ ਉਭਾਰ ਉਦੋਂ ਵੀ ਹੁੰਦਾ ਹੈ ਜਦੋਂ ਕੋਈ ਅੰਦਰੋਂ ਮਜ਼ਬੂਤ ਹੋਵੇ। ਖੋਖਲੇ ਦਰੱਖਤ ਜ਼ਰਾ ਜਿੰਨੀ ਹਨੇਰੀ ਵਿੱਚ ਡਿੱਗ ਪੈਂਦੇ ਹਨ।
ਕਿਸ਼ੋਰ ਅਵਸਥਾ ਵਿੱਚ ਦੋਸਤਾਂ ਦਾ ਖ਼ਾਸ ਮਹੱਤਵ ਹੁੰਦਾ ਹੈ। ਇਸ ਸਮੇਂ ਦੋਸਤ ਮਾਤਾ-ਪਿਤਾ ਤੋਂ ਵੀ ਪਹਿਲਾਂ ਆ ਜਾਂਦੇ ਹਨ। ਬੱਚਾ ਆਪਣੇ ਦੋਸਤਾਂ ’ਤੇ ਬਹੁਤ ਭਰੋਸਾ ਕਰਦਾ ਹੈ। ਉਨ੍ਹਾਂ ਨਾਲ ਆਪਣੇ ਦਿਲ ਦੀ ਗੱਲ ਸਾਂਝੀ ਕਰਦਾ ਹੈ। ਦੋਸਤ ਨੂੰ ਹੌਸਲਾ ਵੀ ਦਿੰਦੇ ਹਨ। ਇੱਕੋ ਉਮਰ ਦੇ ਹੋਣ ਕਰਕੇ ਇੱਕ-ਦੂਜੇ ਨੂੰ ਸਮਝਦੇ ਹਨ। ਅੱਜ ਜਦੋਂ ਮਾਂ-ਬਾਪ ਨੇ ਆਪਣੇ ਬੱਚਿਆਂ ਨੂੰ ਆਪਣੇ ਨਾਲ ਜੋੜ ਕੇ ਇੱਕ ਲਿਹਾਫ ਦੇ ਵਿੱਚ ਲਪੇਟ ਲਿਆ ਹੈ, ਉਸ ਸਮੇਂ ਬੱਚੇ ਅੰਦਰੋਂ ਕਿੰਨੇ ਸਹਿਮੇ ਹੋਏ ਹਨ, ਇਹ ਸਮਝਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ। ਕਿਤੇ ਬਾਹਰ ਖਾਣ ਜਾਣਾ ਹੈ ਤਾਂ ਵੀ ਮਾਤਾ-ਪਿਤਾ ਨਾਲ, ਕਿਤੇ ਘੁੰਮਣ ਜਾਣਾ ਹੈ ਤਾਂ ਵੀ ਮਾਤਾ-ਪਿਤਾ ਨਾਲ। ਇਹ ਸਮਝਣ ਦੀ ਲੋੜ ਹੈ ਕਿ ਬੱਚੇ ਦੀ ਆਪਣੀ ਸ਼ਖ਼ਸੀਅਤ ਨੂੰ ਵਧਣ ਫੁੱਲਣ ਦੇਣਾ ਵੀ ਜ਼ਰੂਰੀ ਹੈ। ਬਹੁਤ ਅਹਿਮ ਹੈ ਕਿ ਤੁਸੀਂ ਆਪਣੇ ਬੱਚੇ ਦੇ ਦੋਸਤਾਂ ਬਾਰੇ ਜਾਣਕਾਰੀ ਰੱਖੋ। ਉਸ ਨੂੰ ਸਹੀ ਸੰਗਤ ਬਾਰੇ ਦੱਸੋ ਤੇ ਬੁਰੀ ਸੰਗਤ ਤੋਂ ਬਚਾਓ, ਪਰ ਇਸ ਦਾ ਮਤਲਬ ਇਹ ਨਹੀਂ ਕਿ ਉਸ ਨੂੰ ਦੋਸਤਾਂ ਤੋਂ ਦੂਰ ਰੱਖੋ।
ਅਸੀਂ ਛੋਟੇ ਪਰਿਵਾਰ ਦੇ ਨਾਂ ’ਤੇ ਬੱਚੇ ਨੂੰ ਦਾਦਾ-ਦਾਦੀ ਤੋਂ ਦੂਰ ਕਰ ਦਿੱਤਾ ਹੈ। ਪਹਿਲਾਂ ਇਕੱਠੇ ਪਰਿਵਾਰਾਂ ਵਿੱਚ ਚਾਚੇ-ਤਾਇਆਂ ਦੇ ਬੱਚੇ ਹਾਣ ਦੇ ਹੁੰਦੇ ਸਨ ਤੇ ਸਾਰੇ ਬੱਚੇ ਇਕੱਠੇ ਪਲਦੇ ਸਨ। ਉਹ ਭੈਣ-ਭਰਾ ਵੀ ਹੁੰਦੇ ਸਨ ਤੇ ਦੋਸਤ ਵੀ, ਪਰ ਹੁਣ ਇਹ ਕਿਤੇ ਦਿਖਾਈ ਨਹੀਂ ਦਿੰਦਾ। ਹੁਣ ਹਰ ਕੋਈ ਆਪਣੇ ਸੀਮਤ ਦਾਇਰੇ ਵਿੱਚ ਜੀ ਰਿਹਾ ਹੈ। ਜਦੋਂ ਆਪਣਿਆਂ ਦੀ ਗਿਣਤੀ ਘਟਦੀ ਹੈ ਤਾਂ ਉਨ੍ਹਾਂ ’ਤੇ ਧਿਆਨ ਵਧ ਜਾਂਦਾ ਹੈ। ਇਹ ਵਧਿਆ ਹੋਇਆ ਧਿਆਨ ਅੰਦਰੋਂ ਕਿਸੇ ਕਮਜ਼ੋਰੀ ਦਾ ਸੂਚਕ ਵੀ ਹੁੰਦਾ ਹੈ। ਅਜਿਹੇ ਵਿੱਚ ਅਸੀਂ ਇੰਨੇ ਕੁ ਡਰੇ ਹੋਏ ਹੁੰਦੇ ਹਾਂ ਤੇ ਦੂਸਰੇ ਦੀ ਸ਼ਖ਼ਸੀਅਤ ਨੂੰ ਦਬਾ ਦਿੰਦੇ ਹਾਂ। ਇਹੀ ਗ਼ਲਤੀ ਅੱਜ ਦੇ ਮਾਂ-ਬਾਪ ਕਰ ਰਹੇ ਹਨ।
ਉਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਕਿ ਉਨ੍ਹਾਂ ਦੀ ਦੋਸਤੀ ਬੱਚੇ ਨੂੰ ਉਹ ਸਭ ਨਹੀਂ ਦੇ ਸਕਦੀ ਜੋ ਇੱਕ ਹਮ ਉਮਰ ਦੀ ਦੋਸਤੀ ਦੇ ਸਕਦੀ ਹੈ। ਬੱਚੇ ਨੂੰ ਆਪਣੀਆਂ ਨਜ਼ਰਾਂ ਦੇ ਸਾਹਮਣੇ ਰੱਖਣ ਦਾ ਮਤਲਬ ਇਹ ਨਹੀਂ ਕਿ 24 ਘੰਟੇ ਉਸ ਨਾਲ ਹੀ ਰਹੋ। ਵਾਰ ਵਾਰ ਫੋਨ ਕਰਦੇ ਰਹੋ। ਜੇ ਬੱਚਾ ਘਰ ਹੈ ਤਾਂ ਸੀਸੀਟੀਵੀ ਕੈਮਰੇ ਰਾਹੀਂ ਉਸ ਨੂੰ ਵੇਖਦੇ ਰਹੋ। ਇਸ ਸਭ ਨਾਲ ਕੁਝ ਹਾਸਲ ਨਹੀਂ ਹੋਣਾ। ਇਸ ਨਾਲ ਤੁਸੀਂ ਆਪਣੇ ਬੱਚੇ ਦੇ ਅੰਦਰ ਦੇ ਖਾਲੀ ਪਾੜ ਨੂੰ ਵਧਾ ਰਹੇ ਹੋ। ਉਸ ਨੂੰ ਉਸ ਦੇ ਹਿੱਸੇ ਦਾ ਅਸਮਾਨ ਦਿਓ। ਉਸ ਨੂੰ ਉੱਡਣ ਦਿਓ। ਹਾਂ ਉਸ ਨੂੰ ਇਨੀ ਅਪਣੱਤ ਦਿਓ ਕਿ ਉਹ ਉੱਡ ਕੇ ਤੁਹਾਡੇ ਕੋਲ ਵਾਪਸ ਆਵੇ। ਪਿਆਰ ਦਾ ਮਤਲਬ ਬੰਨ੍ਹ ਲੈਣਾ ਨਹੀਂ ਹੈ।
ਅੱਜ ਤੁਸੀਂ ਆਪਣੇ ਬੱਚਿਆਂ ਨੂੰ ਆਪਣੇ ਤੱਕ ਮਹਿਦੂਦ ਕਰ ਲਿਆ। ਇਸ ਦੇ ਸਿੱਟੇ ਦੋਵੇਂ ਪਾਸੇ ਬੁਰੇ ਨਿਕਲਦੇ ਹਨ। ਬੱਚਾ ਵੀ ਅੰਦਰੋਂ ਕਿਤੇ ਖਾਲੀ ਹੋ ਰਿਹਾ ਹੈ, ਉਸ ਨੂੰ ਜ਼ਰੂਰਤ ਹੈ ਆਪਣੇ ਹਮ ਉਮਰ ਦੋਸਤਾਂ ਦੀ। ਤੁਸੀਂ ਵੀ ਆਪਣੇ ਆਪ ਨੂੰ ਉਸ ਤੱਕ ਰੱਖ ਕੇ ਆਪਣੇ ਲਈ ਬਹੁਤ ਸਾਰੇ ਰਾਹ ਬੰਦ ਕੀਤੇ ਹਨ। ਜਦੋਂ ਉਹ ਵੱਡਾ ਹੋ ਕੇ ਜ਼ਿੰਦਗੀ ਦੇ ਮੈਦਾਨ ਵਿੱਚ ਨਿਕਲੇਗਾ, ਫਿਰ ਤੁਸੀਂ ਘਰੇ ਇਕੱਲੇ ਰਹਿ ਜਾਓਗੇ। ਉਹ ਖਾਲੀਪਣ ਤੁਹਾਡੇ ਤੋਂ ਵੀ ਸਹਾਰਿਆ ਨਹੀਂ ਜਾਏਗਾ। ਇਹ ਮਾਨਸਿਕ ਰੋਗਾਂ ਵਿੱਚ ਗ੍ਰਸਤ ਹੋਣ ਦੀ ਨੀਂਹ ਅਸੀਂ ਆਪ ਬਣ ਰਹੇ ਹਾਂ ਆਪਣੇ ਲਈ ਵੀ ਤੇ ਆਪਣੇ ਬੱਚੇ ਲਈ ਵੀ। ਬੱਚੇ ਵੱਲ ਧਿਆਨ ਦਿਓ, ਪਰ ਉਸ ਨੂੰ ਦੋਸਤਾਂ ਵਿੱਚ ਜਿਊਂਦੇ ਹੋਏ ਦੋਸਤੀ ਦਾ ਸੁੱਖ ਮਾਣਨ ਦਾ ਸਮਾਂ ਦਿਓ।
ਸੰਪਰਕ: 90410-73310