ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਗੋਲਫ਼ ਦਾ ਗਲੋਬਲ ਸਟਾਰ ਟਾਈਗਰ ਵੁੱਡਜ਼

ਟਾਈਗਰ ਵੁੱਡਜ਼ ਦਾ ਜਮਾਂਦਰੂ ਨਾਂ ਐਲਡ੍ਰਿਕ ਟੌਂਟ ਵੁੱਡਜ਼ ਸੀ। ‘ਟਾਈਗਰ’ ਉਸ ਦਾ ਨਿੱਕ ਨੇਮ ਹੈ ਜੋ ਉਸ ਨੇ ਆਪ ਰਜਿਸਟਰਡ ਕਰਵਾਇਆ। ਉਹ ਕੇਵਲ ਦੋ ਸਾਲਾਂ ਦਾ ਸੀ ਜਦੋਂ ਉਸ ਨੇ ਗੋਲਫ਼ ਦੀ ਛੜੀ ਫੜੀ। ਤਿੰਨ ਸਾਲਾਂ ਦਾ ਹੋਇਆ ਤਾਂ ਟੀਵੀ...
Advertisement

ਟਾਈਗਰ ਵੁੱਡਜ਼ ਦਾ ਜਮਾਂਦਰੂ ਨਾਂ ਐਲਡ੍ਰਿਕ ਟੌਂਟ ਵੁੱਡਜ਼ ਸੀ। ‘ਟਾਈਗਰ’ ਉਸ ਦਾ ਨਿੱਕ ਨੇਮ ਹੈ ਜੋ ਉਸ ਨੇ ਆਪ ਰਜਿਸਟਰਡ ਕਰਵਾਇਆ। ਉਹ ਕੇਵਲ ਦੋ ਸਾਲਾਂ ਦਾ ਸੀ ਜਦੋਂ ਉਸ ਨੇ ਗੋਲਫ਼ ਦੀ ਛੜੀ ਫੜੀ। ਤਿੰਨ ਸਾਲਾਂ ਦਾ ਹੋਇਆ ਤਾਂ ਟੀਵੀ ’ਤੇ ਆਪਣੀ ਖੇਡ ਵਿਖਾਉਣ ਲੱਗਾ। ਦੁਨੀਆ ਉਸ ਨੂੰ ਗੋਲਫ਼ ਦਾ ਮਹਾਨਤਮ ਖਿਡਾਰੀ ਮੰਨਦੀ ਹੈ। ਉਸ ਦੀਆਂ ਕਈ ਗੱਲਾਂ ਅਦਭੁੱਤ ਹਨ। ਗੋਲਫ਼ ਦੀ ਖੇਡ ’ਚ ਜਿੱਥੇ ਉਸ ਨੇ ਗਲੋਬਲ ਪੱਧਰ ’ਤੇ ਨਾਮਣਾ ਖੱਟਿਆ, ਉੱਥੇ ਨਾਵਾਂ ਵੀ ਏਨਾ ਕਮਾਇਆ ਕਿ ਉਹਦੀ ਆਮਦਨ ਜਾਣ ਕੇ ਹੈਰਤ ਹੁੰਦੀ ਹੈ। 2025 ਤੱਕ ਉਹ 1.3 ਬਿਲੀਅਨ ਅਮਰੀਕਨ ਡਾਲਰ ਕਮਾ ਚੁੱਕਾ ਹੈ। ਭਾਰਤੀ ਅੰਕੜਿਆਂ ਮੁਤਾਬਿਕ 1 ਅਰਬ 30 ਕਰੋੜ ਡਾਲਰ। ਜਿਵੇਂ 100 ਕਰੋੜ ਦੇ ਜੋੜ ਨਾਲ 1 ਅਰਬ ਬਣਦਾ ਹੈ, ਉਵੇਂ 1000 ਮਿਲੀਅਨਜ਼ ਦੇ ਜੋੜ ਨਾਲ 1 ਬਿਲੀਅਨ ਬਣਦੈ। ਇਉਂ ਅੰਗਰੇਜ਼ੀ ਦਾ ਇੱਕ ਬਿਲੀਅਨ ਪੰਜਾਬੀ ਦਾ ਇੱਕ ਅਰਬ ਹੈ।

ਇਸ ਖੇਡ ’ਚ ਤੇਜ਼ ਦੌੜਨਾ, ਘੁਲਣਾ, ਟੱਪਣਾ, ਭਾਰ ਚੁੱਕਣਾ ਜਾਂ ਸਾਹੋ ਸਾਹ ਨਹੀਂ ਹੋਣਾ ਪੈਂਦਾ ਜਿਸ ਕਰਕੇ ਨਬਜ਼ ਦੀ ਗਤੀ ਪ੍ਰਤੀ ਮਿੰਟ ਸੌ ਤੋਂ ਵੀ ਨਹੀਂ ਟੱਪਦੀ। ਆਖਿਆ ਜਾਂਦੈ ਕਿ ਜਿਹਨੂੰ ਗੋਲਫ਼ ਖੇਡਣ ਦਾ ਭੁਸ ਪੈ ਜਾਵੇ, ਉਹ ਛੇਤੀ ਕੀਤਿਆਂ ਨਹੀਂ ਛੱਡਦਾ। ਟਾਈਗਰ ਵੁੱਡਜ਼ ਦਾ ਪਿਓ ਅਰਲ ਵੁੱਡਜ਼ ਵੀ ਗੋਲਫ਼ ਖੇਡਦਾ ਸੀ। ਉਹਦੇ ਪ੍ਰਭਾਵ ਤੇ ਕੋਚਿੰਗ ਨਾਲ ਟਾਈਗਰ ਵੀ ਦੋ ਤਿੰਨ ਸਾਲ ਦੀ ਉਮਰ ਵਿੱਚ ਹੀ ਗੋਲਫ਼ ਖੇਡਣ ਲੱਗ ਪਿਆ ਸੀ।

Advertisement

ਟਾਈਗਰ ਦਾ ਜਨਮ 30 ਦਸੰਬਰ 1975 ਨੂੰ ਸਾਈਪਰਸ, ਕੈਲੀਫੋਰਨੀਆ ਦੇ ਇੱਕ ਪੇਸ਼ਾਵਰ ਗੋਲਫ਼ਰ ਅਰਲ ਵੁੱਡਜ਼ ਦੇ ਘਰ ਹੋਇਆ ਸੀ। ਅਰਲ ਵੁੱਡਜ਼ ਅਮਰੀਕਾ ਦੀ ਫੌਜ ਵਿੱਚ ਨੌਕਰੀ ਕਰਦਾ ਸੀ। ਉਹ ਵੀਅਤਨਾਮ ਦੇ ਯੁੱਧ ਵਿੱਚ ਲੜਿਆ ਰਿਟਾਇਰਡ ਫੌਜੀ ਸੀ। ਟਾਈਗਰ ਦੀ ਮਾਂ ਕੁਲਟੀਡਾ ‘ਟੀਡਾ’ ਵੁੱਡਜ਼ ਥਾਈਲੈਂਡ ਵੱਲ ਦੀ ਬੋਧੀ ਸੀ। ਟਾਈਗਰ ਵੁੱਡਜ਼ ’ਤੇ ਪਏ ਨਸਲੀ ਪ੍ਰਭਾਵਾਂ ਦੇ ਪਿਛੋਕੜ ਦੀ ਖੋਜ ਕਰਨ ਵਾਲਿਆਂ ਨੇ ਉਸ ਨੂੰ ਅਮਰੀਕੀ, ਏਸ਼ਿਆਈ ਅਤੇ ਅਫ਼ਰੀਕੀ-ਅਮਰੀਕੀ ਸੱਭਿਆਚਾਰਾਂ ਦਾ ਮਿਲਾਪ ਦੱਸਿਆ ਹੈ। ਇਸੇ ਲਈ ਟਾਈਗਰ ਦਾ ਰੰਗ ਰੂਪ ਗੋਰੇ/ਕਾਲਿਆਂ ਦਾ ਮਿਲਗੋਭਾ ਹੈ। ਨੈਣ ਨਕਸ਼ ਕਿਸੇ ਇਕੋ ਨਸਲ ਨਾਲ ਨਹੀਂ ਮਿਲਦੇ। ਅਮਰੀਕਾ ਦੇ ਸਾਬਕਾ ਪ੍ਰਧਾਨ ਬਰਾਕ ਓਬਾਮਾ ਨਾਲ ਖੜ੍ਹਾ ਟਾਈਗਰ ਉਹਦਾ ਛੋਟਾ ਭਰਾ ਹੀ ਲੱਗਦੈ। ਅਸਲ ਵਿੱਚ ਉਹ ਦੋ-ਤਿੰਨ ਪੀੜ੍ਹੀਆਂ ਤੋਂ ਕਈ ਨਸਲਾਂ ਦੇ ਮਿਲਗੋਭੇ ਦੀ ਔਲਾਦ ਹੈ। ਖੋਜ ਤਾਂ ਇਹ ਵੀ ਇਸ਼ਾਰਾ ਕਰਦੀ ਹੈ ਕਿ ਮਿਲਗੋਭਾ ਨਸਲਾਂ ਭਾਵੇਂ ਫ਼ਸਲਾਂ ਦੀਆਂ ਹੋਣ, ਭਾਵੇਂ ਜੜ੍ਹੀਆਂ ਬੂਟੀਆਂ ਦੀਆਂ ਹੋਣ ਤੇ ਭਾਵੇਂ ਜੀਵ ਜੰਤੂਆਂ ਦੀਆਂ, ਉਹ ਵਧੇਰੇ ਗੁਣਾਂ ਨਾਲ ਭਰਪੂਰ ਹੁੰਦੀਆਂ ਹਨ। ਖ਼ੈਰ ਇਹ ਡਾਕਟਰੀ ਖੋਜ ਦਾ ਵਿਸ਼ਾ ਹੈ।

ਟਾਈਗਰ ਦੇ ਪਿਛੋਕੜ ਦੀ ਪੜਤਾਲ ਤੋਂ ਪਤਾ ਲੱਗਾ ਹੈ ਕਿ ਉਹਦਾ ਬਾਪ ਅਰਲ ਵੁੱਡਜ਼ ਪਹਿਲਾਂ ਇੱਕ ਹੋਰ ਔਰਤ ਨਾਲ ਵਿਆਹਿਆ ਹੋਇਆ ਸੀ। ਉਸ ਔਰਤ ਦੀ ਕੁੱਖੋਂ ਅਰਲ ਦੇ ਦੋ ਲੜਕੇ ਤੇ ਇੱਕ ਲੜਕੀ ਪੈਦਾ ਹੋਏ ਸਨ। ਅਰਲ ਆਪ ਅਫ਼ਰੀਕਨ-ਅਮਰੀਕਨ ਜੋੜੇ ਦੀ ਔਲਾਦ ਸੀ ਜੋ ਪਿੱਛੋਂ ਨੇਟਿਵ ਅਮਰੀਕਨ ਸਨ। ਅਰਲ ਵੁੱਡਜ਼, ਟਾਈਗਰ ਦੀ ਬਣਨ ਵਾਲੀ ਮਾਂ ਕੁਲਟੀਡਾ ਨੂੰ 1968 ਵਿੱਚ ਫੌਜ ਦੇ ਡਿਊਟੀ ਟੂਰ ’ਤੇ ਥਾਈਲੈਂਡ ਵਿੱਚ ਮਿਲਿਆ ਸੀ। ਉਹ ਪਿੱਛੋਂ ਥਾਈ, ਚੀਨੀ ਤੇ ਡੱਚ ਮਾਪਿਆਂ ਦੀ ਮਿਲੀ ਜੁਲੀ ਨਸਲ ਵਿੱਚੋਂ ਸੀ। 2002 ਵਿੱਚ ਈਐੱਸਪੀਐੱਨ ਨੇ ਨਿਚੋੜ ਕੱਢਿਆ ਕਿ ਟਾਈਗਰ ਦੀ ਨਸਲ ਚੌਥਾ ਹਿੱਸਾ ਥਾਈ, ਚੌਥਾ ਹਿੱਸਾ ਚੀਨੀ, ਚੌਥਾ ਹਿੱਸਾ ਕਾਕੇਸ਼ੀਅਨ, ਅੱਠਵਾਂ ਹਿੱਸਾ ਅਫ਼ਰੀਕਨ-ਅਮਰੀਕਨ ਤੇ ਅੱਠਵਾਂ ਹਿੱਸਾ ਨੇਟਿਵ ਅਮਰੀਕਨ ਹੈ। ਇੰਜ ਟਾਈਗਰ ‘ਕੈਬਲੀਨੇਸ਼ੀਅਨ’ ਭਾਵ ਕਾਕੇਸ਼ੀਅਨ, ਕਾਲਾ, ਅਮਰੀਕਨ ਇੰਡੀਅਨ ਤੇ ਏਸ਼ੀਅਨ ਹੈ।

ਟਾਈਗਰ ਦੀ ਮਾਂ ਦਾ ਜਮਾਂਦਰੂ ਨਾਂ ਕੁਲਟੀਡਾ ‘ਟੀਡਾ’ ਸੀ ਜੋ ਵਿਆਹ ਉਪਰੰਤ ਵੁੱਡਜ਼ ਬਣ ਗਈ ਸੀ। ਉਹਦੀ ਕੁੱਖੋਂ ਇੱਕੋ ਬੱਚਾ ਪੈਦਾ ਹੋਇਆ ਜਿਸ ਦਾ ਨਿੱਕ ਨੇਮ ‘ਟਾਈਗਰ’ ਪੱਕਿਆ ਤੇ ਉਹ ਗੋਲਫ਼ ਦਾ ਸ਼ਹਿਨਸ਼ਾਹ ਬਣਿਆ। ਟਾਈਗਰ ਦੇ ਦੋ ਮਤਰੇਏ ਭਰਾ ਤੇ ਇੱਕ ਭੈਣ ਵੀ ਹੈ ਜੋ ਉਸ ਦੇ ਬਾਪ ਦੀ ਪਹਿਲੀ ਪਤਨੀ ਦੀ ਔਲਾਦ ਹਨ। ਟਾਈਗਰ ਦੇ ਅਸਲੀ ਨਾਂ ਐਲਡ੍ਰਿਕ ਦਾ ਪਹਿਲਾ ਅੱਖਰ ‘ਈ’ ਉਹਦੇ ਪਿਓ ਦੇ ਨਾਂ ਅਰਲ ਦਾ ਪਹਿਲਾ ਅੱਖਰ ਹੈ ਜਦਕਿ ਐਲਡ੍ਰਿਕ ਦਾ ਅਖੀਰਲਾ ‘ਕੇ’ ਕੁਲਟੀਡਾ ਦੇ ਨਾਂ ਦਾ ਪਹਿਲਾ ਅੱਖਰ ਹੈ। ਵਿਚਕਾਰਲਾ ‘ਟੌਂਟ’ ਥਾਈ ਨਾਮ ਹੈ।

ਪੁੱਤਰ ਦਾ ਨਾਂ ‘ਟਾਈਗਰ’ ਦਰਅਸਲ ਅਰਲ ਦੇ ਵੀਅਤਨਾਮੀਏ ਦੋਸਤ ਕਰਨਲ ਵੁਆਂਗ ਡੈਂਗ ਫੋਂਗ ਦੇ ਨਿੱਕ ਨੇਮ ‘ਟਾਈਗਰ’ ਦੀ ਰੀਸ ਨਾਲ ਟਾਈਗਰ ਰੱਖਿਆ ਗਿਆ ਸੀ। ਟਾਈਗਰ ਦੇ ਪਿਤਾ ਅਰਲ ਵੁੱਡਜ਼ ਦੀ ਮੌਤ 3 ਮਈ 2006 ਨੂੰ ਹੋ ਗਈ ਸੀ ਤੇ ਮਾਤਾ ਕੁਲਟੀਡਾ ਵੁੱਡਜ਼ ਦੀ ਮੌਤ 4 ਫਰਵਰੀ 2025 ਨੂੰ ਹੋਈ। ਟਾਈਗਰ ਨੇ ਆਪਣੇ ਮਾਪਿਆਂ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਸੀ ਕਿ ਮੈਂ ਮਾਪਿਆਂ ਦੀ ਅਗਵਾਈ ਤੇ ਸਹਿਯੋਗ ਬਿਨਾਂ ਕੋਈ ਪ੍ਰਾਪਤੀ ਨਹੀਂ ਸੀ ਕਰ ਸਕਦਾ।

ਟਾਈਗਰ ਦਾ ਬਚਪਨ ਕੈਲੀਫੋਰਨੀਆ ਦੀ ਔਰੇਂਜ ਕਾਉਂਟੀ ਵਿੱਚ ਬੀਤਿਆ। ਉਹ ਮਸੀਂ ਦੋ ਸਾਲਾਂ ਦਾ ਹੋਇਆ ਸੀ ਕਿ ਪਿਤਾ ਨੇ ਉਹਦੇ ਹੱਥ ਛੜੀ ਫੜਾ ਦਿੱਤੀ। ਪਿਤਾ ਖ਼ੁਦ ਗੋਲਫ਼ਰ ਸੀ ਜੋ ਲਾਸ ਏਂਜਲਸ ਦੇ ਲੌਂਗ ਵੀਕ ’ਤੇ ਗੋਲਫ਼ ਖੇਡਿਆ ਕਰਦਾ ਸੀ। 1978 ਵਿੱਚ ਜਦੋਂ ਟਾਈਗਰ 3 ਸਾਲਾਂ ਦਾ ਹੀ ਹੋਇਆ ਸੀ ਤਾਂ ਉਸ ਨੇ ਪੁੱਤਰ ਨੂੰ ਇੱਕ ਟੀਵੀ ਸ਼ੋਅ ’ਤੇ ਗੋਲਫ਼ ਖੇਡਦਾ ਵਿਖਾਇਆ। 5 ਸਾਲ ਦੀ ਉਮਰੇ ਉਹ ‘ਗੋਲਫ਼ ਡਾਈਜੈਸਟ’ ਵਿੱਚ ਆ ਗਿਆ। 7 ਸਾਲ ਦੀ ਉਮਰੇ 10 ਸਾਲ ਦੀ ਉਮਰ ਵਾਲਿਆਂ ’ਚ ਗੋਲਫ਼ ਮੁਕਾਬਲਾ ਜਿੱਤ ਗਿਆ ਤੇ 9-10 ਸਾਲ ਦੀ ਉਮਰੇ ਜੂਨੀਅਰ ਵਰਲਡ ਗੋਲਫ਼ ਚੈਂਪੀਅਨ ਬਣ ਗਿਆ।

ਬਚਪਨ ਵਿੱਚ ਟਾਈਗਰ ਦਾ ਧਿਆਨ ਗੋਲਫ਼ ’ਤੇ ਹੀ ਕੇਂਦਰਿਤ ਰਿਹਾ। ਉਸ ਦੇ ਪਿਤਾ ਨੇ ਪੁੱਤਰ ਨੂੰ ਸਰੀਰਕ ਤਾਕਤ ਦੇ ਨਾਲ ਮਾਨਸਿਕ ਤਾਕਤ ਦੇ ਪਾਠ ਵੀ ਪੜ੍ਹਾਏ। ਉਹ ਭਲੀਭਾਂਤ ਸਮਝਦਾ ਸੀ ਕਿ ਗੋਲਫ਼ ਸਮਰੱਥ ਸਰੀਰ ਦੀ ਹੀ ਨਹੀਂ ਸਗੋਂ ਟਿਕਾਊ ਮਨ ਦੀ ਖੇਡ ਹੈ। ਬਾਅਦ ਵਿੱਚ ਟਾਈਗਰ ਦੀ ਖੇਡ ਬਾਰੇ ਉਹਦੇ ਪ੍ਰਸੰਸਕਾਂ ਨੇ ਬੜੀਆਂ ਦਿਲਚਸਪ ਟਿੱਪਣੀਆਂ ਕੀਤੀਆਂ। ਅਖੇ ਟਾਈਗਰ ਦਾ ਨਾਂ ਸੁਣਦੇ ਹੀ ਦੁਨੀਆ ਭਰ ’ਚ ਗੋਲਫ਼ ਪ੍ਰੇਮੀਆਂ ਦੇ ਮਨਾਂ ਵਿੱਚ ਇੱਕ ਮਹਾਨ ਖਿਡਾਰੀ ਦੀ ਤਸਵੀਰ ਉੱਭਰਦੀ ਹੈ। ਉਹ ਕੇਵਲ ਇੱਕ ਗੋਲਫ਼ਰ ਹੀ ਨਹੀਂ ਸਗੋਂ ਇੱਕ ‘ਬ੍ਰਾਂਡ’, ਇੱਕ ‘ਵਿਰਾਸਤ’ ਤੇ ਇੱਕ ‘ਪ੍ਰੇਰਨਾ’ ਹੈ। ਉਸ ਨੇ ਨਾ ਸਿਰਫ਼ ਗੋਲਫ਼ ਦੀ ਖੇਡ ਨੂੰ ਹੋਰ ਪਸੰਦੀਦਾ ਬਣਾਇਆ ਬਲਕਿ ਖੇਡ ਦੇ ਮਿਆਰ ਨੂੰ ਹੋਰ ਵੀ ਬੁਲੰਦੀਆਂ ’ਤੇ ਪਹੁੰਚਾਇਆ। ਟਾਈਗਰ ਦੀ ਜ਼ੋਰਦਾਰ ਡਰਾਈਵ, ਸਟੀਕ ਪੁਟਿੰਗ, ਧੀਰਜ ਤੇ ਮਨੋਵਿਗਿਆਨਕ ਪਹੁੰਚ ਨੇ ਉਸ ਨੂੰ ਹੋਰ ਵੀ ਮਸ਼ਹੂਰੀ ਬਖ਼ਸ਼ੀ।

ਟਾਈਗਰ ਨੇ ਕੈਲੀਫੋਰਨੀਆ ਦੇ ਵੈਸਟਰਨ ਹਾਈ ਸਕੂਲ ਐਨਾਹਾਈਮ ਤੋਂ ਸਕੂਲੀ ਪੜ੍ਹਾਈ ਕੀਤੀ। ਉਹ ਜਮਾਤਾਂ ਵੀ ਚੜ੍ਹਦਾ ਗਿਆ ਤੇ ਜੂਨੀਅਰ ਪੱਧਰ ’ਤੇ ਗੋਲਫ਼ ਮੁਕਾਬਲਿਆਂ ਦੀਆਂ ਜਿੱਤਾਂ ਵੀ ਜਿੱਤਦਾ ਗਿਆ। ਉਸ ਨੇ ਯੂਐੱਸਏ ਜੂਨੀਅਰ ਐਮੇਚਿਓਰ ਚੈਂਪੀਅਨਸ਼ਿਪ 1991, 92, 93 ਤਿੰਨ ਸਾਲ ਲਗਾਤਾਰ ਜਿੱਤੀ। ਉਦੋਂ ਉਹ ਯੂਐੱਸ ਐਮੇਚਿਓਰ ਗੋਲਫ਼ ਚੈਂਪੀਅਨਸ਼ਿਪ ਜਿੱਤਣ ਵਾਲਾ ਸਭ ਤੋਂ ਛੋਟੀ ਉਮਰ ਦਾ ਖਿਡਾਰੀ ਸੀ। ਉਸ ਦੇ ਐਮੇਚਿਓਰ ਕਰੀਅਰ ਨੇ ਹੀ ਸੰਭਾਵਨਾ ਦਰਸਾ ਦਿੱਤੀ ਸੀ ਕਿ ਇਹ ਨੌਜੁਆਨ ਭਵਿੱਖ ਵਿੱਚ ਗੋਲਫ਼ ਦੀ ਦੁਨੀਆ ਦਾ ਸ਼ਹਿਨਸ਼ਾਹ ਬਣੇਗਾ। ਸਕੂਲ ਦੀ ਪੜ੍ਹਾਈ ਪੂਰੀ ਕਰ ਕੇ ਉਹ ਸਟੈਨਫੋਰਡ ਯੂਨੀਵਰਸਿਟੀ ਦੇ ਕਾਲਜ ਵਿੱਚ ਦਾਖਲ ਹੋਇਆ। ਉੱਥੇ 1996 ਵਿੱਚ ਐੱਨਸੀਏਏ ਵਿਅਕਤੀਗਤ ਗੋਲਫ਼ ਚੈਂਪੀਅਨਸ਼ਿਪ ਜਿੱਤੀ।

ਅਗਸਤ 1996 ’ਚ ਉਸ ਨੇ ਪ੍ਰੋਫੈਸ਼ਨਲ ਗੋਲਫ਼ ਵਿੱਚ ਐਂਟਰੀ ਕੀਤੀ। ਕੁਝ ਸਮੇਂ ਬਾਅਦ ਟਾਈਗਰ ਨਾਲ ਨਾਈਕ ਤੇ ਟਾਈਟਲਿਸਟ ਕੰਪਨੀਆਂ ਨੇ ਐਡ ਦੇ ਵੱਡੇ ਇਕਰਾਰਨਾਮੇ ਕੀਤੇ। 21ਵੇਂ ਸਾਲ ਦੀ ਉਮਰੇ ਉਹਨੇ ਵਿਸ਼ਵ ਪੱਧਰੀ ਸੁਰਖੀਆਂ ਬਟੋਰਨੀਆ ਸ਼ੁਰੂ ਕਰ ਦਿੱਤੀਆਂ। 1997 ਵਿੱਚ ਉਸ ਨੇ ਔਗੁਸਤਾ ’ਚ ਆਪਣਾ ਪਹਿਲਾ ਮਹਾਨ ਖ਼ਿਤਾਬ ਮੇਜਰ ਮਾਸਟਰਜ਼ ਟੂਰਨਾਮੈਂਟ ਜਿੱਤਿਆ। ਵਿਸ਼ਵ ਦਾ ਸਭ ਤੋਂ ਵੱਡਾ ਖ਼ਿਤਾਬ ਜਿੱਤਣ ਵਾਲਾ ਉਦੋਂ ਉਹ ਸਭ ਤੋਂ ਛੋਟੀ ਉਮਰ ਦਾ ਗੋਲਫ਼ਰ ਸੀ। ਉਹਦੀ ਜਿੱਤ ਵੀ 12 ਸਟਰੋਕਾਂ ਦੇ ਫ਼ਰਕ ਵਾਲੀ ਰਿਕਾਰਡ ਜਿੱਤ ਸੀ। ਫਿਰ ਜਿੱਤਾਂ ਦੀ ਚੱਲ ਸੋ ਚੱਲ ਹੋ ਗਈ। 1997 ਤੋਂ 2008 ਤੱਕ ਟਾਈਗਰ ਦੀਆਂ ਜਿੱਤਾਂ ਦਾ ਸੁਨਹਿਰੀ ਦੌਰ ਰਿਹਾ।

ਉਸ ਨੇ 14 ਮੇਜਰ ਖ਼ਿਤਾਬ ਜਿੱਤੇ ਤੇ 81 ਪੀਜੀਏ ਟੂਰ ਜਿੱਤਾਂ ਹਾਸਲ ਕੀਤੀਆਂ। 2000 ਵਿੱਚ ਉਸ ਨੇ ਲਗਾਤਾਰ 6 ਟੂਰਨਾਮੈਂਟ ਜਿੱਤੇ ਜਿਨ੍ਹਾਂ ’ਚ ਯੂ.ਐੱਸ. ਓਪਨ ਵੀ ਸ਼ਾਮਲ ਸੀ। ਉਹ ਉਸ ਨੇ 15 ਸਟਰੋਕਾਂ ਦੇ ਵੱਡੇ ਫ਼ਰਕ ਨਾਲ ਜਿੱਤਿਆ ਜੋ ਗੋਲਫ਼ ਦੇ ਇਤਿਹਾਸ ਦੀ ਸਭ ਤੋਂ ਵੱਡੀ ਜਿੱਤ ਮੰਨੀ ਜਾਂਦੀ ਹੈ। 2000-2001 ਵਿੱਚ ਉਸ ਨੇ 4 ਮੇਜਰ ਟੂਰਨਾਮੈਂਟ ਜਿੱਤ ਕੇ ਕਮਾਲਾਂ ਕਰ ਦਿੱਤੀਆਂ। ਇੰਜ ਉਸ ਨੇ ਟਾਈਗਰ ਸਲੈਮ ਨਾਂ ਦਾ ਨਵਾਂ ਇਤਿਹਾਸ ਸਿਰਜਿਆ। 25-26 ਸਾਲ ਦੀ ਉਮਰੇ ਉਸ ਨੂੰ ਵਿਸ਼ਵ ਦਾ ਮਹਾਨ ਖਿਡਾਰੀ ਮੰਨਿਆ ਗਿਆ।

2001 ਤੋਂ ਬਾਅਦ ਉਹ ਲਗਾਤਾਰ ਪ੍ਰੈੱਸ਼ਰ ਹੇਠ ਰਿਹਾ ਕਿ ਕਿਤੇ ਹਾਰ ਨਾ ਜਾਵੇ! ਆਖ਼ਰ ਦਬਾਅ ਏਨਾ ਵਧ ਗਿਆ ਕਿ ਟਾਈਗਰ ਵੁੱਡਜ਼ ਵੀ ਬਚ ਨਾ ਸਕਿਆ। 2008 ਵਿੱਚ ਉਸ ਨੂੰ ਗੋਡੇ ਦੀ ਤਕਲੀਫ਼ ਹੋਈ। ਉਸ ਨੇ ਯੂ.ਐੱਸ. ਓਪਨ ਟੂਰਨਾਮੈਂਟ 2008 ਪੀੜਤ ਗੋਡੇ ਨਾਲ ਖੇਡ ਕੇ ਜਿੱਤਿਆ, ਪਰ ਜਿੱਤਣ ਸਾਰ ਗੋਡੇ ਦੀ ਸਰਜਰੀ ਕਰਾਉਣੀ ਪਈ। ਤਦ ਤੱਕ ਉਸ ਦੀ ਉਮਰ 33 ਸਾਲਾਂ ਦੀ ਹੋ ਗਈ ਸੀ। 2010 ਵਿੱਚ ਉਸ ਨੂੰ ਚੂਲ਼ੇ ਦੀ ਪੀੜ ਲੈ ਬੈਠੀ। ਉਸ ਦੀਆਂ ਕਈ ਸਰਜਰੀਆਂ ਹੋਈਆਂ। ਸੱਟਾਂ ਫੇਟਾਂ ਗਾਹੇ ਬਗਾਹੇ ਉਸ ਦੇ ਖੇਡ ਕਰੀਅਰ ਨੂੰ ਪ੍ਰਭਾਵਿਤ ਕਰਦੀਆਂ ਰਹੀਆਂ। ਚੂਲ਼ੇ ਦੀ ਸਮੱਸਿਆ ਕਾਰਨ ਉਸ ਨੂੰ ਕਈ ਵਾਰ ਸਾਰਾ ਸਾਰਾ ਸਾਲ ਖੇਡ ਮੁਕਾਬਲਿਆਂ ਤੋਂ ਲਾਂਭੇ ਰਹਿਣਾ ਪਿਆ। 2015-17 ਵਿੱਚ ਉਹਦੇ ਪ੍ਰਸੰਸਕਾਂ ਨੂੰ ਲੱਗਣ ਲੱਗ ਪਿਆ ਕਿ ਹੁਣ ਉਹਦੇ ਹੋਰ ਗੋਲਫ਼ ਖੇਡਣ ਦੇ ਦਿਨ ਪੁੱਗ ਚੁੱਕੇ ਹਨ।

ਪਰ ਟਾਈਗਰ ਪਤਾ ਨਹੀਂ ਕਿਸ ਮਿੱਟੀ ਦਾ ਬਣਿਆ ਸੀ ਕਿ ਸੱਟਾਂ/ਚੋਟਾਂ ਖਾ ਕੇ ਵੀ ਮੁੜ ਮੁਕਾਬਲਿਆਂ ’ਚ ਵਾਪਸੀ ਕਰ ਲੈਂਦਾ ਸੀ। ਉਹ ਕਦੇ ਵੀ ਢੇਰੀ ਢਾਹੁਣ ਜਾਂ ਹਾਰ ਮੰਨਣ ਵਾਲਾ ਖਿਡਾਰੀ ਨਹੀਂ ਸੀ। 2019 ਵਿੱਚ ਉਸ ਨੇ ਸਾਰੇ ਸੰਸਾਰ ਨੂੰ ਹੈਰਾਨ ਕਰ ਦਿੱਤਾ ਜਦੋਂ ਮਾਸਟਰਜ਼ ਟੂਰਨਾਮੈਂਟ (ਔਗੁਸਤਾ) ਵਿੱਚ ਜਿੱਤ ਦਰਜ ਕੀਤੀ। ਇਹ ਉਹਦਾ 15ਵਾਂ ਮਹਾਨ (ਮੇਜਰ) ਖ਼ਿਤਾਬ ਸੀ। ਇਸ ਜਿੱਤ ਨੇ ਲੋਕਾਂ ਨੂੰ ਯਾਦ ਕਰਾਇਆ ਕਿ ‘ਟਾਈਗਰ’ ਖਿਡਾਰੀ ਦਾ ਹੀ ਨਾਂ ਨਹੀਂ ਸਗੋਂ ਹਿੰਮਤ, ਹੌਸਲੇ ਤੇ ਜੁਝਾਰੂ ਜਜ਼ਬੇ ਦਾ ਨਾਂ ਹੈ।

2021 ਵਿੱਚ ਟਾਈਗਰ ਕਾਰ ਹਾਦਸੇ ਦਾ ਸ਼ਿਕਾਰ ਹੋ ਗਿਆ। ਉਹਦੀ ਇੱਕ ਲੱਤ ਬੁਰੀ ਤਰ੍ਹਾਂ ਜ਼ਖਮੀ ਹੋ ਗਈ। ਉਸ ਦੇ ਪ੍ਰਸੰਸਕਾਂ ਨੂੰ ਲੱਗਣ ਲੱਗਾ ਕਿ ਹੁਣ ਉਹ ਕਦੇ ਗੋਲਫ਼ ਨਹੀਂ ਖੇਡ ਸਕੇਗਾ, ਪਰ ਉਹ ਰਾਖ ’ਚੋਂ ਉੱਗਣ ਵਾਂਗ ਉੱਠਿਆ ਅਤੇ ਆਪਣਾ ਖੇਡ ਸਫ਼ਰ ਜਾਰੀ ਰੱਖਿਆ। ਜਿਵੇਂ ਨਾਮੀ ਖਿਡਾਰੀਆਂ ਨਾਲ ਅਕਸਰ ਹੁੰਦੈ, ਉਹਦੇ ਸ਼ਾਨਦਾਰ ਖੇਡ ਕਰੀਅਰ ਨਾਲ ਉਸ ਦਾ ਨਿੱਜੀ ਜੀਵਨ ਵੀ ਕਾਫ਼ੀ ਚਰਚਾ ਵਿੱਚ ਰਿਹਾ। ਉਹ ਚਰਚਾ ਹਾਲੇ ਵੀ ਉਹਦਾ ਖਹਿੜਾ ਨਹੀਂ ਛੱਡ ਰਹੀ। ਉਹਦਾ ਵਿਆਹ ਗੋਰੀ ਨਸਲ ਦੀ ਐਲਨ ਨਾਰਡੈਗਰਨ ਨਾਲ 2004 ਵਿੱਚ ਹੋ ਗਿਆ ਸੀ ਜੋ 2010 ਤੱਕ ਨਿਭ ਸਕਿਆ ਤੇ ਤਲਾਕ ਹੋ ਗਿਆ। ਇਸ ਦੌਰਾਨ ਵੁੱਡਜ਼ ਜੋੜੇ ਦੇ ਇੱਕ ਧੀ ਤੇ ਇੱਕ ਪੁੱਤਰ ਪੈਦਾ ਹੋ ਗਏ ਸਨ।

2009 ਵਿੱਚ ਉਸ ਦੀ ਨਿੱਜੀ ਜ਼ਿੰਦਗੀ ਬਾਰੇ ਕੁਝ ਸਕੈਂਡਲ ਸਾਹਮਣੇ ਆਏ ਸਨ ਜਿਸ ਨਾਲ ਟਾਈਗਰ ਦਾ ਅਕਸ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਤੇ ਵਿਆਹ ਟੁੱਟ ਗਿਆ। 2013 ਤੋਂ 2015 ਤੱਕ ਲਿੰਡਸੇ ਵੋਨ ਉਹਦੀ ਪਾਰਟਨਰ ਰਹੀ। 2024 ਤੋਂ ਵਿਨੇਸ਼ਾ ਟਰੰਪ ਜੋ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਵੱਡੀ ਨੂੰਹ ਤੇ ਡੋਨਲਡ ਟਰੰਪ ਜੂਨੀਅਰ ਦੀ ਤਲਾਕਸ਼ੁਦਾ ਪਤਨੀ ਸੀ, ਉਹ ਟਾਈਗਰ ਦੀ ਨਵੀਂ ਪਾਰਟਨਰ ਹੈ। ਟਾਈਗਰ ਦੇ ਦੋ ਬੱਚੇ ਹਨ ਤੇ ਵਿਨੇਸ਼ਾ ਟਰੰਪ ਦੇ ਪੰਜ ਬੱਚੇ। ਟਾਈਗਰ ਅੱਜਕੱਲ੍ਹ ਜੁਪੀਟਰ ਆਈਲੈਂਡ, ਫਲੋਰੀਡਾ ਵਿਖੇ ਰਹਿ ਰਿਹੈ। ਉਸ ਦਾ ਕੱਦ 6 ਫੁੱਟ 1 ਇੰਚ ਹੈ ਤੇ ਵਜ਼ਨ 84 ਕਿਲੋ। ਉਹਦੀ ਪਾਰਟਨਰ ਵਿਨੇਸ਼ਾ ਜੋ 18 ਦਸੰਬਰ 1977 ਨੂੰ ਨਿਊ ਯਾਰਕ ਵਿੱਚ ਜੰਮੀ ਸੀ, ਪੰਜ ਬੱਚਿਆਂ ਦੀ ਮਾਂ ਹੈ। ਉਹ ਹੁਣ ਟਾਈਗਰ ਨਾਲ ਰਹਿ ਰਹੀ ਹੈ। ਵਿਨੇਸ਼ਾ 1998 ਤੋਂ 2001 ਤੱਕ ਖ਼ਾਲਿਦ ਬਿਨ ਬੰਦਰ ਅਲ ਸੌਦ ਸ਼ੇਖ਼ ਨਾਲ ਪਾਰਟਨਰ ਰਹਿ ਕੇ, ਫਿਰ 2005 ਵਿੱਚ ਡੋਨਲਡ ਟਰੰਪ ਜੂਨੀਅਰ ਨਾਲ ਵਿਆਹ ਕਰਵਾ ਕੇ, ਪੰਜ ਬੱਚੇ ਜੰਮ ਕੇ, 2018 ਵਿੱਚ ਪਤੀ ਤੋਂ ਤਲਾਕ ਲੈਣ ਪਿੱਛੋਂ 2024 ਤੋਂ ਟਾਈਗਰ ਨਾਲ ‘ਸਪਾਊਸ’ ਵਜੋਂ ਨਹੀਂ, ‘ਪਾਰਟਨਰ’ ਵਜੋਂ ਰਹਿ ਰਹੀ ਹੈ ਤਾਂ ਕਿ ‘ਪ੍ਰਾਪਰਟੀਆਂ’ ਦੇ ਝਗੜੇ ਝੇੜਿਆਂ ਤੋਂ ਬਚੇ ਰਹਿਣ।

ਟਾਈਗਰ ਦੀ ਵਡਿਆਈ ਇਸ ਗੱਲ ਵਿੱਚ ਹੈ ਕਿ ਉਸ ਨੇ ਯੂਰਪੀਅਨ ਟੂਰ ਦੀਆਂ 41, ਜਾਪਾਨ ਗੋਲਫ਼ ਟੂਰ ਦੀਆਂ 3, ਏਸ਼ੀਆ ਪੀਜੀਏ ਟੂਰ ਦੀਆਂ 2, ਪੀਜੀਏ ਟੂਰ ਆਸਟਰੇਲੀਆਂ ਦੀਆਂ 3, ਸ਼ੌਕੀਆ 21 ਤੇ ਹੋਰ 17 ਵੱਡੀਆਂ ਜਿੱਤਾਂ ਜਿੱਤੀਆਂ ਹਨ। 15 ਮੇਜਰ ਚੈਂਪੀਅਨਸ਼ਿਪਾਂ ਜਿੱਤਣੀਆਂ ਉਸ ਦਾ ਸਭ ਤੋਂ ਵੱਡਾ ਰਿਕਾਰਡ ਹੈ। ਉਸ ਨੂੰ ਜਿੱਥੇ ਦੁਨੀਆ ਦੇ ਵੱਡੇ ਐਵਾਰਡ ਮਿਲੇ ਹਨ, ਉੱਥੇ ਉਹਦਾ ਨਾਂ ਗੋਲਫ਼ ਦੇ ਹਾਲ ਆਫ ਫੇਮ ਵਿੱਚ ਦੇਰ ਤੱਕ ਚਮਕਦਾ ਰਹੇਗਾ।

ਈ-ਮੇਲ: principalsarwansingh@gmail.com

Advertisement
Show comments