ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਫੁੱਲ ਵੇ ਗੁਲਾਬ ਦਿਆ

ਬਲਜਿੰਦਰ ਮਾਨ ਫੁੱਲਾਂ ਦੀ ਦੁਨੀਆ ਵਿੱਚ ਗੁਲਾਬ ਦੇ ਫੁੱਲ ਦਾ ਅਨੋਖਾ ਸਥਾਨ ਹੈ। ਇਸ ਨੂੰ ਫੁੱਲਾਂ ਦਾ ਬਾਦਸ਼ਾਹ ਵੀ ਮੰਨਿਆ ਗਿਆ ਹੈ। ਇਸ ਦੀਆਂ ਖ਼ੂਬੀਆਂ ਬਾਕੀਆਂ ਦੇ ਮੁਕਾਬਲੇ ਕਿਤੇ ਜ਼ਿਆਦਾ ਹਨ। ਇਹ ਪਿਆਰ, ਖ਼ੁਸ਼ੀ ਤੇ ਆਨੰਦ ਦਾ ਪ੍ਰਤੀਕ ਹੈ। ਸ਼ਾਇਦ...
Advertisement

ਬਲਜਿੰਦਰ ਮਾਨ

ਫੁੱਲਾਂ ਦੀ ਦੁਨੀਆ ਵਿੱਚ ਗੁਲਾਬ ਦੇ ਫੁੱਲ ਦਾ ਅਨੋਖਾ ਸਥਾਨ ਹੈ। ਇਸ ਨੂੰ ਫੁੱਲਾਂ ਦਾ ਬਾਦਸ਼ਾਹ ਵੀ ਮੰਨਿਆ ਗਿਆ ਹੈ। ਇਸ ਦੀਆਂ ਖ਼ੂਬੀਆਂ ਬਾਕੀਆਂ ਦੇ ਮੁਕਾਬਲੇ ਕਿਤੇ ਜ਼ਿਆਦਾ ਹਨ। ਇਹ ਪਿਆਰ, ਖ਼ੁਸ਼ੀ ਤੇ ਆਨੰਦ ਦਾ ਪ੍ਰਤੀਕ ਹੈ। ਸ਼ਾਇਦ ਇਸੇ ਕਰਕੇ ਚਾਚਾ ਨਹਿਰੂ ਦੇ ਕੋਟ ਦਾ ਇਹ ਫੁੱਲ ਹਮੇਸ਼ਾਂ ਸ਼ਿੰਗਾਰ ਰਿਹਾ ਹੈ। ਪਹਿਲੇ ਪਹਿਲ ਗੁਲਾਬ ਦਾ ਪੌਦਾ ਵੀ ਇੱਕ ਜੰਗਲੀ ਪੌਦਾ ਹੀ ਸੀ। ਪੰਜ ਪੱਤੀਆਂ ਵਾਲਾ ਇਹ ਸਾਧਾਰਨ ਜਿਹਾ ਫੁੱਲ ਅਤੇ ਪੌਦਾ ਸੀ, ਪਰ ਬਾਅਦ ਵਿੱਚ ਇਸ ਦੀਆਂ ਕਿਸਮਾਂ ਅਤੇ ਸੁੰਦਰਤਾ ਵਿੱਚ ਵੰਨ-ਸੁਵੰਨਤਾ ਆਉਣ ਲੱਗੀ। ਇਸ ਦੀ ਖ਼ੁਸ਼ਬੂ ਅਤੇ ਸੁੰਦਰਤਾ ਕਰਕੇ ਪੌਰਾਣਿਕ ਕਥਾਵਾਂ ਅਤੇ ਕਵਿਤਾਵਾਂ ਵਿੱਚ ਇਸ ਦਾ ਵਿਸ਼ੇਸ਼ ਜ਼ਿਕਰ ਮਿਲਦਾ ਹੈ। ਕਿੱਸਿਆਂ, ਕਹਾਣੀਆਂ, ਹੁਨਰ, ਕਲਾ ਅਤੇ ਚਿੱਤਰਾਂ ਵਿੱਚ ਇਸ ਦੇ ਰੰਗਾਂ ਦੀ ਮਹਿਕ ਬਿਖਰੀ ਮਿਲਦੀ ਹੈ। ਲੋਕ ਗੀਤਾਂ ਵਿੱਚ ਵੀ ਇਸ ਦਾ ਵਿਸ਼ੇਸ਼ ਜ਼ਿਕਰ ਮਿਲਦਾ ਹੈ;

Advertisement

ਫੁੱਲਾਂ ’ਚ ਫੁੱਲ ਗੁਲਾਬ ਨੀਂ ਸਹੀਓ

ਦੇਸ਼ਾਂ ’ਚੋਂ ਦੇਸ਼ ਪੰਜਾਬ ਨੀਂ ਸਈਓ।

ਵਿਗਿਆਨੀਆਂ ਦੀ ਦਹਾਕਿਆਂ ਦੀ ਮਿਹਨਤ ਸਦਕਾ ਅੱਜ ਅਨੇਕਾਂ ਰੰਗਾਂ ਦੇ ਗੁਲਾਬ ਪੈਦਾ ਕੀਤੇ ਜਾ ਰਹੇ ਹਨ। ਬੇਬੀ ਗੁਲਾਬ ਕੁਝ ਸੈਂਟੀਮੀਟਰਾਂ ਦੇ ਹੀ ਹੁੰਦੇ ਹਨ ਜਦੋਂਕਿ ਇਨ੍ਹਾਂ ਦੇ ਅੱਜਕੱਲ੍ਹ ਰੁੱਖ ਵੀ ਤਿਆਰ ਕਰ ਲਏ ਗਏ ਹਨ। ਗੁਲਾਬ ਦੀਆਂ ਬੇਲਾਂ ਦਾ ਆਪਣਾ ਹੀ ਮਹੱਤਵ ਹੈ। ਪੈਰਿਸ ਵਿੱਚ ਗੁਲਾਬ ਦਾ ਮਸ਼ਹੂਰ ਬਾਗ਼ ਹੈ ਜਦਕਿ ਯੂਰਪ ਵਿੱਚ ਗੁਲਾਬ ਦੀਆਂ ਅਨੇਕਾਂ ਖ਼ੂਬਸੂਰਤ ਕਿਸਮਾਂ ਮਿਲਦੀਆਂ ਹਨ। ਇੰਗਲੈਂਡ ਵਿੱਚ ਕਿਨ ਮੈਰੀ ਰੋਜ਼ ਗਾਰਡਨ ਬਹੁਤ ਮਸ਼ਹੂਰ ਹੈ। ਅਮਰੀਕਾ ਵਿੱਚ ਹਾਰਟ ਫੋਰਡ ਅਤੇ ਹਾਰਸੇ ਥਾਵਾਂ ਦੇ ਰੋਜ਼ ਗਾਰਡਨ ਬਹੁਤ ਮਸ਼ਹੂਰ ਹਨ। ਭਾਰਤ ਵਿੱਚ ਪ੍ਰਸਿੱਧੀ ਖੱਟਣ ਵਾਲਾ ਚੰਡੀਗੜ੍ਹ ਦਾ ਰੋਜ਼ ਗਾਰਡਨ ਹੈ। ਭਾਰਤ ਵਿੱਚ ਵਸਦੇ ਪੁਰਾਣੇ ਰਾਜਿਆਂ ਨੇ ਆਪਣੇ ਮਹਿਲਾਂ ਵਿੱਚ ਅਨੇਕਾਂ ਕਿਸਮ ਦੀਆਂ ਗੁਲਾਬ ਦੀਆਂ ਕਿਆਰੀਆਂ ਲਗਾਈਆਂ ਹੁੰਦੀਆਂ ਸਨ। ਪੰਜਾਬੀ ਯੂਨੀਵਰਸਿਟੀ ਵਿੱਚ ਗੁਲਾਬ ਦੀਆਂ ਦਰਜਨਾਂ ਕਿਸਮਾਂ ਮਿਲਦੀਆਂ ਹਨ।

ਵਾਤਾਵਰਨ ਵਿੱਚ ਆ ਰਹੀਆਂ ਤਬਦੀਲੀਆਂ ਕਾਰਨ ਭਾਰਤ ਵਿੱਚ ਫੁੱਲਾਂ ਅਤੇ ਤੇਲ ਬੀਜਾਂ ਦੀ ਖੇਤੀ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਗੁਲਾਬ ਦੇ ਫੁੱਲਾਂ ਦੀਆਂ ਪੱਤੀਆਂ ਜਿੱਥੇ ਸਜਾਵਟ ਲਈ ਵਰਤੀਆਂ ਜਾਂਦੀਆਂ ਹਨ, ਉੱਥੇ ਉਹ ਅਨੇਕਾਂ ਪ੍ਰਕਾਰ ਦੀਆਂ ਦਵਾਈਆਂ ਅਤੇ ਅਤਰ ਫਲੇਲਾਂ ਵਿੱਚ ਵੀ ਪ੍ਰਯੋਗ ਹੁੰਦੀਆਂ ਹਨ। ਪ੍ਰਸਿੱਧ ਖੋਜੀ ਸ੍ਰੀ ਭੱਟਾਚਾਰੀਆ ਅਨੁਸਾਰ ਗੁਲਾਬ ਦਾ ਪੁਰਾਤਨ ਨਾਮ ‘ਤਰੁਵੀ ਪੁਸ਼ਪ’ ਹੈ। ਮੁਗ਼ਲ ਬਾਦਸ਼ਾਹ ਸ਼ੁਰੂ ਤੋਂ ਹੀ ਗੁਲਾਬ ਦੇ ਪ੍ਰਸੰਸਕ ਰਹੇ ਹਨ। ਗੁਲਾਬ ਦਾ ਅਤਰ ਕੱਢਣ ਦਾ ਕਾਰਜ ਸਭ ਤੋਂ ਪਹਿਲਾਂ ਰਾਣੀ ਨੂਰ ਜਹਾਂ ਨੇ ਕੀਤਾ। ਇਸ ਤੋਂ ਸਿੱਧ ਹੁੰਦਾ ਹੈ ਕਿ ਇਸ ਦੀ ਪੈਦਾਇਸ਼ ਮੁਗ਼ਲ ਕਾਲ ਵੇਲੇ ਸ਼ੁਰੂ ਹੋ ਚੁੱਕੀ ਸੀ। ਭਾਰਤ ਵਿੱਚ ਬਹੁਤੀਆਂ ਕਿਸਮਾਂ ਯੂਰਪ ਅਤੇ ਅਮਰੀਕਾ ਤੋਂ ਲਿਆਂਦੀਆਂ ਗਈਆਂ ਹਨ। ਭਾਰਤੀ ਵਾਤਾਵਰਨ ਪ੍ਰਤੀਕੂਲ ਹੋਣ ਕਰਕੇ ਗੁਲਾਬਾਂ ਦਾ ਰੂਪ ਇਸ ਧਰਤੀ ’ਤੇ ਬਹੁਤਾ ਨਹੀਂ ਨਿੱਖਰਦਾ। ਯੂਨਾਨ ਤੇ ਰੋਮਨ ਲੋਕ ਕਥਾਵਾਂ ਵਿੱਚ ਗੁਲਾਬ ਨੂੰ ਸੁੰਦਰਤਾ ਤੇ ਪਿਆਰ ਦੀ ਦੇਵੀ ਕਿਹਾ ਗਿਆ ਹੈ। ਮਿਸਰ ਵਿੱਚ ਗੁਲਾਬ ਦੇ ਫੁੱਲਾਂ ਨੂੰ ਪਵਿੱਤਰ ਸਮਝ ਕੇ ਪੂਜਾ ਲਈ ਵਰਤਿਆ ਜਾਂਦਾ ਹੈ। ਇਰਾਕ ਵਿੱਚ ਗੁਲਾਬ ਧਾਰਮਿਕ ਚਿੰਨ੍ਹ ਵਜੋਂ ਵਰਤਿਆ ਜਾਂਦਾ ਹੈ। ਪ੍ਰਸਿੱਧ ਅੰਗਰੇਜ਼ੀ ਸ਼ਾਇਰਾਂ ਨੇ ਵੀ ਗੁਲਾਬ ਬਾਰੇ ਕਵਿਤਾਵਾਂ ਲਿਖੀਆਂ ਹਨ। ਫਾਰਸੀ ਗ਼ਜ਼ਲ ਵਿੱਚ ਗੁਲਾਬ ਨੂੰ ਮਸ਼ੂਕ ਦੇ ਮੁੱਖੜੇ ਤੇ ਉਸ ਦੀ ਲਾਲੀ ਨਾਲ ਉਪਮਾ ਦਿੱਤੀ ਗਈ ਹੈ।

ਗੁਲਾਬ ਦੇ ਫੁੱਲ ਵਿੱਚ ਰੂਹ ਨੂੰ ਆਨੰਦ ਦੇਣ ਵਾਲੀ ਸੁਗੰਧ ਹੁੰਦੀ ਹੈ। ਫੁੱਲ ਦਾ ਇਲਾਕਾ ਬਦਲਣ ਨਾਲ ਸੁਗੰਧ ਘੱਟ ਵੱਧ ਹੋ ਜਾਂਦੀ ਹੈ। ਜਦੋਂ ਫੁੱਲਾਂ ਵਿਚਲਾ ਤੇਲ ਬੁਖਾਰਤ ਬਣ ਕੇ ਉੱਡਦਾ ਹੈ ਤਾਂ ਹੀ ਫੁੱਲਾਂ ਵਿੱਚੋਂ ਖ਼ੁਸ਼ਬੂ ਆ ਸਕਦੀ ਹੈ। ਤੇਲਾਂ ਦਾ ਬੁਖਾਰਤ ਬਣ ਕੇ ਉੱਡਣਾ, ਰੋਸ਼ਨੀ, ਤਾਪਮਾਨ, ਨਮੀ ਆਦਿ ’ਤੇ ਨਿਰਭਰ ਕਰਦਾ ਹੈ। ਠੰਢ ਵਿੱਚ ਘੱਟ ਅਤੇ ਗਰਮੀ ਤੇ ਨਮੀ ਆਦਿ ਦੇ ਮੌਸਮ ਵਿੱਚ ਸੁਗੰਧ ਤੇਜ਼ ਬਣਦੀ ਹੈ। ਵਿਗਿਆਨੀ ਆਪਣੀ ਮਰਜ਼ੀ ਮੁਤਾਬਿਕ ਖੁਸ਼ਬੂਦਾਰ ਕਿਸਮ ਤਿਆਰ ਨਹੀਂ ਕਰ ਸਕਦੇ। ਭਾਰਤ ਵਿੱਚ ਕਹਿਮਜ਼ਨ ਗਲੋਰੀ ਵੇਵਨ, ਕਰਾਈਸਲਰ ਇੰਪੀਰੀਅਲ, ਹੇਡਲੇ, ਲਾ-ਫਰਾਂਸ ਅਤੇ ਮਜੈਂਟਾ ਆਦਿ ਖੂਸ਼ਬੂਦਾਰ ਕਿਸਮਾਂ ਮਿਲਦੀਆਂ ਹਨ।

ਗੁਲਾਬ ਦੇ ਅਤਰ ਦਾ ਜ਼ਿਕਰ ਪੁਰਾਣੇ ਵੇਦਾਂ ਵਿੱਚ ਮਿਲਦਾ ਹੈ। ਮਹਾਰਾਣੀ ਐਲਿਜ਼ਬੈੱਥ ਬਹੁਤ ਸਮੇਂ ਤੱਕ ਭਾਰਤੀ ਅਤਰ ਵਰਤਦੀ ਰਹੀ। ਉੱਤਰ ਪ੍ਰਦੇਸ਼ ਵਿੱਚ ਕਨੌਜ, ਜੌਨਪੁਰ ਤੇ ਗਾਜੀਪੁਰ ਅਤਰ ਕੱਢਣ ਦੀਆਂ ਮਸ਼ਹੂਰ ਥਾਵਾਂ ਹਨ। ਨਵੀਆਂਂ ਤਕਨੀਕਾਂ ਨਾਲ ਭਾਰਤ ਵਿੱਚ ਅਤਰ ਕੱਢਣ ਵਾਸਤੇ ਰੋਜ਼ਾ ਡੈਸੇਮੀਨਾ, ਰੋਜ਼ਾ ਸੈਟੀਫੋਲੀਆ ਅਤੇ ਰੋਜ਼ਾ ਐਲਬਾ ਆਦਿ ਕਿਸਮਾਂ ਚੰਗੀਆਂ ਮੰਨੀਆਂ ਗਈਆਂ ਹਨ। ਬੰਗਲੌਰ (ਮਸੂਰ), ਪੂਨਾ (ਮਹਾਰਾਸ਼ਟਰ) ਤੇ ਦਿਊਗੜ੍ਹ (ਬਿਹਾਰ) ਆਦਿ ਇਲਾਕੇ ਗੁਲਾਬ ਉਗਾਉਣ ਲਈ ਮਸ਼ਹੂਰ ਹਨ। ਅਲੀਗੜ੍ਹ ਜ਼ਿਲ੍ਹੇ ਵਿੱਚ ਤਕਰੀਬਨ ਹਜ਼ਾਰਾਂ ਏਕੜ ਜ਼ਮੀਨ ਗੁਲਾਬ ਲਈ ਰੱਖੀ ਗਈ ਹੈ ਜਿਸ ਵਿੱਚ ਕਈ ਹਜ਼ਾਰ ਕੁਇੰਟਲ ਪੈਦਾਵਾਰ ਹੁੰਦੀ ਹੈ। ਅੰਮ੍ਰਿਤਸਰ ਇਲਾਕੇ ਵਿੱਚ ਵੀ ਗੁਲਾਬ ਦੀ ਪੈਦਾਵਾਰ ਕੀਤੀ ਜਾਂਦੀ ਹੈ ਜੋ ਗੁਲਕੰਦ ਬਣਾਉਣ ਲਈ ਵਰਤਿਆ ਜਾਂਦਾ ਹੈ। ਬਰਤਾਨੀਆ ਦੇ ਖੋਜੀ ਮੈਕੇਨਸ ਤੇ ਵਿਡਾਉਸ਼ਨ ਨੇ ਦੱਸਿਆ ਕਿ 100 ਗ੍ਰਾਮ ਗੁਲਾਬ ਦੇ ਸਤ ਵਿੱਚੋਂ 150 ਮਿਲੀਗ੍ਰਾਮ ਵਿਟਾਮਿਨ ‘ਸੀ’ ਮਿਲਦਾ ਹੈ ਜਦੋਂ ਕਿ ਇੰਨੀ ਮਿਕਦਾਰ ਦੇ ਸੰਤਰਿਆਂ ਵਿੱਚੋਂ ਕੇਵਲ 20 ਮਿਲੀਗ੍ਰਾਮ ਵਿਟਾਮਿਨ ‘ਸੀ’ ਮਿਲਦਾ ਹੈ।

ਮਸ਼ਹੂਰ ਖੋਜੀ ਰੈਹਡਰ ਅਨੁਸਾਰ ਗੁਲਾਬ ਦੀਆਂ ਲਗਭਗ 120 ਜਾਤੀਆਂ ਹਨ। ਇਨ੍ਹਾਂ ਵਿੱਚੋਂ ਕੁਝ ਜੰਗਲੀ ਅਤੇ ਬਾਕੀ ਉਗਾਈਆਂ ਜਾਣ ਵਾਲੀਆਂ ਹਨ। ਜੰਗਲੀ ਗੁਲਾਬ ਭਾਰਤ ਵਿੱਚ ਜ਼ਿਆਦਾਤਰ ਹਿਮਾਲਿਆ ’ਤੇ ਮਿਲਦਾ ਹੈ। ਉਗਾਏ ਜਾਣ ਵਾਲੇ ਗੁਲਾਬ ਦੀਆਂ ਅੱਠ ਜੱਦੀ ਜਾਤੀਆਂ ਹਨ। ਇਨ੍ਹਾਂ ਵਿੱਚ ਰੋਜ਼ਾ ਕਾਇਨੇਨਸਿਸ, ਆਰ ਫੋਇਟਤਾ, ਆਰ ਡੈਮੇਸੀਨਾ, ਆਰ ਮਲਟੀਫ ਨੋਰਡ, ਆਰ ਸਲਾਇਕਾ, ਆਰ ਗਾਗੇਨਸ਼ੀਆ, ਆਰ ਮੁਸ਼ਚੈਂਟਰ ਤੇ ਆਰ ਵਿਚੋਰੀਆਨਾ ਆਦਿ ਨਾਂ ਨਾਲ ਕੀਤਾ ਗਿਆ ਹੈ। ਅੱਜਕੱਲ੍ਹ ਖੋਜੀਆਂ ਨੇ ਇਨ੍ਹਾਂ ਤੋਂ ਕਰਾਸਿੰਗ ਕਰ ਕੇ ਪ੍ਰਜਣਨ ਅਤੇ ਹੋਰ ਆਧੁਨਿਕ ਤਕਨੀਕਾਂ ਰਾਹੀਂ ਬਹੁਤ ਸਾਰੀਆਂ ਕਿਸਮਾਂ ਤਿਆਰ ਕਰ ਲਈਆਂ ਹਨ।

ਗਮਲਿਆਂ ਵਿੱਚ ਗੁਲਾਬ ਦੀਆਂ ਅਜਿਹੀਆਂ ਕਿਸਮਾਂ ਲਾਉਣੀਆਂ ਚਾਹੀਦੀਆਂ ਹਨ ਜਿਹੜੀਆਂ ਬਹੁਤੀਆਂ ਲੰਬੀਆਂ ਨਾ ਹੋਣ, ਟਾਹਣੀਆਂ ਘੱਟ ਹੋਣ, ਚਾਰੇ ਪਾਸੇ ਇੱਕੋ ਜਿਹੀਆਂ ਹੋਣ ਅਤੇ ਪੌਦੇ ਨੂੰ ਫੁੱਲ ਜ਼ਿਆਦਾ ਲੱਗਣ। ਪ੍ਰਮਾਣਿਕ ਗੁਲਾਬਾਂ ਨੂੰ ਅਮਰੀਕਾ ਵਿੱਚ ਗੁਲਾਬਾਂ ਦੇ ਦਰੱਖਤ ਵੀ ਕਿਹਾ ਜਾਂਦਾ ਹੈ। ਜੀ.ਏ. ਸਟੀਵਨਸ ਨੇ ਆਪਣੀ ਕਿਤਾਬ ਵਿੱਚ ਭਾਰਤ ਵਿੱਚ ਮਿਲਣ ਵਾਲੀਆਂ ਗੁਲਾਬ ਦੀਆਂ ਬੇਲਾਂ ਦੀਆਂ ਅੱਠ ਸੌ ਤੋਂ ਵੱਧ ਕਿਸਮਾਂ ਦੱਸੀਆਂ ਹਨ। ਇਨ੍ਹਾਂ ਬੇਲਾਂ ਨੂੰ ਰੈਬਲਰ ਅਤੇ ਕਲਾਈਵਰ ਦੋ ਕਿਸਮਾਂ ਵਿੱਚ ਵੰਡਿਆ ਗਿਆ ਹੈ। ਰੈਬਲਰ ਵਰਗ ਵਿੱਚ ਫੁੱਲ ਗੁੱਛਿਆਂ ਵਿੱਚ ਲੱਗਦੇ ਹਨ। ਪੱਤੇ ਫਿੱਕੇ ਪੀਲੇ ਹਰੇ ਰੰਗ ਦੇ ਤੇ ਇੱਕ ਪੱਤੇ ਵਿੱਚ 7 ਤੋਂ 9 ਤੱਕ ਪੱਤੀਆਂ ਹੁੰਦੀਆਂ ਹਨ। ਅੱਜ ਤੱਕ ਲੋਕਾਂ ਵਿੱਚ ਗੁਲਾਬ ਦੀਆਂ 70 ਦੇ ਕਰੀਬ ਕਿਸਮਾਂ ਹੀ ਹਰਮਨ ਪਿਆਰੀਆਂ ਹੋਈਆਂ ਹਨ। ਇਨ੍ਹਾਂ ਗੁਲਾਬਾਂ ਨੂੰ ਬੈਕਟੀਰੀਆ, ਵਾਇਰਸ ਅਤੇ ਉੱਲੀਆਂ ਕਰ ਕੇ ਕਈ ਬਿਮਾਰੀਆਂ ਵੀ ਲੱਗ ਜਾਂਦੀਆਂ ਹਨ। ਬਿਮਾਰੀਆਂ ’ਤੇ ਕਾਬੂ ਪਾਉਣ ਲਈ ਡੀ.ਡੀ.ਟੀ. ਅਤੇ ਬੀ.ਈ.ਸੀ. ਦੇ ਛਿੜਕਾਅ ਦੀ ਸਲਾਹ ਦਿੱਤੀ ਜਾਂਦੀ ਹੈ ਤਾਂ ਕਿ ਹਰ ਪਾਸੇ ਗੁਲਾਬ ਵਰਗੀ ਟਹਿਕ ਅਤੇ ਮਹਿਕ ਦਾ ਪਸਾਰਾ ਰਹੇ। ਘਰਾਂ ਦਾ ਉੱਤਮ ਸ਼ਿੰਗਾਰ, ਅਤਰ ਦਾ ਮੁੱਖ ਸੋਮਾ, ਪ੍ਰੇਮੀਆਂ ਦੀ ਜਿੰਦ ਜਾਨ ਗੁਲਾਬ ਸਾਡੀਆਂ ਸਭ ਮਹਿਫ਼ਲਾਂ ਦਾ ਅਟੁੱਟ ਅੰਗ ਹੈ। ਇਸੇ ਕਰਕੇ ਗੁਲਾਬ ਦੇ ਫੁੱਲ ਨੂੰ ਹਰ ਮੌਕੇ ਮਹੱਤਵ ਮਿਲਦਾ ਹੈ। ਇਸ ਦੀ ਮਹਿਕ ਅਤੇ ਟਹਿਕ ਸਭ ਨੂੰ ਆਪਣੇ ਵੱਲ ਆਕਰਸ਼ਿਤ ਕਰਦੀ ਹੈ। ਆਓ, ਆਪਾਂ ਵੀ ਸਾਰੇ ਰਲ ਮਿਲ ਕੇ ਸਦਾ ਫੁੱਲਾਂ ਵਾਂਗ ਮਹਿਕੀਏ ਅਤੇ ਟਹਿਕੀਏ।

ਸੰਪਰਕ: 98150-18947

Advertisement