ਡਾਕਟਰ ਨਾਲ 30 ਕਰੋੜ ਦੀ ਠੱਗੀ ਦੇ ਦੋਸ਼ ’ਚ ਫਿਲਮਸਾਜ਼ ਵਿਕਰਮ ਭੱਟ ਤੇ ਉਸ ਦੀ ਪਤਨੀ ਗ੍ਰਿਫ਼ਤਾਰ
ਉਦੈਪੁਰ ਪੁਲੀਸ ਨੇ ਮਸ਼ਹੂਰ ਫ਼ਿਲਮਸਾਜ਼ ਵਿਕਰਮ ਭੱਟ ਤੇ ਉਸ ਦੀ ਪਤਨੀ ਨੂੰ ਰਾਜਸਥਾਨ ਵਿਚ ਦਰਜ 30 ਕਰੋੜ ਰੁਪਏ ਦੀ ਧੋਖਾਧੜੀ ਨਾਲ ਜੁੜੇ ਕੇਸ ਵਿਚ ਮੁੰਬਈ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਭੱਟ, ਉਸ ਦੀ ਪਤਨੀ ਸ਼ਵੇਤਾਂਬਰੀ ਭੱਟ ਤੇ ਛੇ ਹੋਰਾਂ ’ਤੇ ਉਦੈਪੁਰ ਅਧਾਰਿਤ ਤੇ ਇੰਦਿਰਾ ਗਰੁੱਪ ਆਫ਼ ਕੰਪਨੀਜ਼ ਦੇ ਬਾਨੀ ਡਾ.ਅਜੈ ਮੁਰਦੀਆ ਨਾਲ 30 ਕਰੋੜ ਰੁਪਏ ਦੀ ਠੱਗੀ ਮਾਰਨ ਦਾ ਦੋਸ਼ ਹੈ। ਇਸ ਕੇਸ ਵਿਚ ਪਹਿਲਾਂ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਦੈਪੁਰ ਪੁਲੀਸ ਦੀ ਟੀਮ ਨੇ ਭੱਟ ਤੇ ਸ਼ਵੇਤਾਂਬਰੀ ਨੂੰ ਐਤਵਾਰ ਨੂੰ ਗ੍ਰਿਫ਼ਤਾਰ ਕੀਤਾ।
ਅਧਿਕਾਰੀ ਨੇ ਕਿਹਾ, ‘‘ਇੰਦਰਾ ਆਈਵੀਐਫ ਹਸਪਤਾਲ ਦੇ ਮਾਲਕ ਮੁਰਦੀਆ ਆਪਣੀ ਸਵਰਗੀ ਪਤਨੀ ’ਤੇ ਬਾਇਓਪਿਕ ਬਣਾਉਣਾ ਚਾਹੁੰਦੇ ਸਨ। ਉਨ੍ਹਾਂ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨੂੰ 200 ਕਰੋੜ ਰੁਪਏ ਦੀ ਕਮਾਈ ਦਾ ਵਾਅਦਾ ਕੀਤਾ ਗਿਆ ਸੀ। ਪਰ ਕੁਝ ਵੀ ਨਹੀਂ ਹੋਇਆ, ਜਿਸ ਤੋਂ ਬਾਅਦ ਮੁਰਦੀਆ ਵੱਲੋਂ ਉਦੈਪੁਰ ਦੇ ਭੋਪਾਲਪੁਰਾ ਪੁਲੀਸ ਥਾਣੇ ਵਿਚ ਧੋਖਾਧੜੀ ਅਤੇ ਹੋਰ ਅਪਰਾਧਾਂ ਲਈ ਐਫਆਈਆਰ ਦਰਜ ਕੀਤੀ ਗਈ।’’ ਮਗਰੋਂ ਉਦੈਪੁਰ ਪੁਲੀਸ ਨੇ ਸ਼ਾਮ ਨੂੰ ਭੱਟ ਅਤੇ ਉਸ ਦੀ ਪਤਨੀ ਦਾ 9 ਦਸੰਬਰ ਤੱਕ ਟਰਾਂਜ਼ਿਟ ਰਿਮਾਂਡ ਹਾਸਲ ਕਰ ਲਿਆ।
