ਕੈਨੇਡਾ ਦੀ ਚਰਚਿਤ ਤੈਰਾਕ ਸਮਰ ਮੈਕਿਨਟੌਸ਼
ਕੈਨੇਡਾ ਦੀ ਤੂਫ਼ਾਨਮੇਲ ਤੈਰਾਕ ਸਮਰ ਮੈਕਿਨਟੌਸ਼ ਅੱਜਕੱਲ੍ਹ ਪੂਰੀ ਚਰਚਾ ਵਿੱਚ ਹੈ। ਲੋਕ ਜਾਣਨਾ ਚਾਹੁੰਦੇ ਨੇ ਕਿ ਉਹ ਹੈ ਕੀ ਸ਼ੈਅ? ਕੀ ਉਹ ਮਾਈਕਲ ਫੈਲਪਸ ਬਣ ਸਕੇਗੀ? ਅਮਰੀਕਾ ਦੇ ਮਾਈਕਲ ਫੈਲਪਸ ਨੇ 4 ਓਲੰਪਿਕ ਖੇਡਾਂ ’ਚੋਂ 23 ਸੋਨੇ, 3 ਚਾਂਦੀ, 2 ਕਾਂਸੀ, ਕੁਲ 28 ਤਗ਼ਮੇ ਜਿੱਤੇ ਸਨ। ਉਹ ਓਲੰਪਿਕ ਖੇਡਾਂ ਦੇ ਇਤਿਹਾਸ ਦਾ ਸਭ ਤੋਂ ਵੱਧ ਮੈਡਲ ਜਿੱਤਣ ਵਾਲਾ ਓਲੰਪੀਅਨ ਹੈ। ਉਸ ਤੋਂ ਪਹਿਲਾਂ ਸੋਵੀਅਤ ਰੂਸ ਦੀ ਲਾਰੀਸਾ ਲਤੀਨੀਨਾ ਦਾ 18 ਓਲੰਪਿਕ ਮੈਡਲ ਜਿੱਤਣ ਦਾ ਰਿਕਾਰਡ ਸੀ। ਸਮਰ ਨੇ ਅਜੇ ਕਈ ਸਾਲ ਤੈਰਨਾ ਹੈ। ਵੇਖਦੇ ਹਾਂ ਉਹ ਕਿੰਨੇ ਮੈਡਲ ਜਿੱਤ ਕੇ ਬਸ ਕਰਦੀ ਹੈ?
ਗੋਰੇ ਰੰਗ, ਭੂਰੇ ਵਾਲ ਤੇ ਲੰਮੇ ਕੱਦ ਦੀ ਸਮਰ ਅਜੇ ਚੌਦਾਂ ਸਾਲਾਂ ਦੀ ਸੀ ਕਿ ਉਸ ਨੇ ਅੰਤਰਰਾਸ਼ਟਰੀ ਪੱਧਰ ’ਤੇ ਧੁੰਮਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ। ਅਠਾਰਾਂ ਸਾਲ ਦੀ ਹੋਈ ਤਾਂ ਪੈਰਿਸ ਦੀਆਂ ਓਲੰਪਿਕ ਖੇਡਾਂ ’ਚੋਂ 3 ਸੋਨ ਤਗ਼ਮੇ ਤੇ 1 ਚਾਂਦੀ ਦਾ ਤਗ਼ਮਾ ਜਿੱਤੀ। ਉਹਦਾ ਜਨਮ 18 ਅਗਸਤ 2006 ਨੂੰ ਟੋਰਾਂਟੋ ਵਿੱਚ ਹੋਇਆ। ਆਪਣੇ 19ਵੇਂ ਜਨਮ ਦਿਵਸ ਤੱਕ ਪਹੁੰਚਦਿਆਂ ਉਸ ਨੇ ਓਲੰਪਿਕ ਖੇਡਾਂ, ਕਾਮਨਵੈਲਥ ਖੇਡਾਂ, ਵਿਸ਼ਵ ਤੈਰਾਕੀ ਚੈਂਪੀਅਨਸ਼ਿਪਾਂ ਅਤੇ ਫਿਨਾ ਵਰਲਡ ਚੈਂਪੀਅਨਸ਼ਿਪਾਂ ਵਿੱਚੋਂ ਏਨੇ ਮੈਡਲ ਜਿੱਤੇ ਕਿ ਉਹਦੇ ਗੋਲਡ, ਸਿਲਵਰ ਤੇ ਕਾਂਸੀ ਦੇ ਮੈਡਲਾਂ ਦੀ ਗਿਣਤੀ ਦੋ ਦਰਜਨ ਤੋਂ ਟੱਪ ਚੁੱਕੀ ਹੈ। ਉਨ੍ਹਾਂ ਵਿੱਚ 14 ਮੈਡਲ ਤਾਂ ਸੋਨੇ ਦੇ ਹੀ ਹਨ।
ਓਲੰਪਿਕ ਖੇਡਾਂ ’ਚੋਂ ਤਾਂ ਇੱਕ ਮੈਡਲ ਜਿੱਤ ਲੈਣਾ ਹੀ ਮਾਣ ਨਹੀਂ ਹੁੰਦਾ। ਭਾਰਤ ਵਿੱਚ ਹੁਣ ਇੱਕੋ ਓਲੰਪਿਕ ਮੈਡਲ ਜਿੱਤਣ ਵਾਲੇ ਨੂੰ ਕਰੋੜਾਂ ਰੁਪਏ ਦੇ ਇਨਾਮ ਤੇ ਪਦਮ ਸਨਮਾਨ ਮਿਲਦੇ ਹਨ।
ਸਮਰ ਦਾ ਨਿੱਕਾ ਨਾਂ ‘ਸੁਮ’ ਹੈ ਤੇ ਪੂਰਾ ਨਾਂ ਸਮਰ ਐੱਨ ਮੈਕਿਨਟੌਸ਼। ਉਸ ਦੀ ਮਨਭਾਉਂਦੀ ਫਿਲਮ ‘ਡਰਾਈਵ ਟੂ ਸਰਵਾਈਵ’ ਹੈ ਤੇ ਮਨਭਾਉਂਦਾ ਸੈਰ ਸਥਾਨ ‘ਬੋਰਾ ਬੋਰਾ’। ਉਸ ਦਾ ਸ਼ੌਕ ਆਪਣਾ ਕਮਰਾ ਆਪ ਸਾਫ਼ ਕਰਨ ਤੇ ਸਜਾ ਕੇ ਰੱਖਣਾ ਹੈ। ਉਹਦਾ ਜਨਮ ਕੈਨੇਡਾ ਦੀ ਓਲੰਪੀਅਨ ਤੈਰਾਕ ਜਿੱਲ ਹੌਰਸਟੈੱਡ ਦੀ ਕੁੱਖੋਂ ਪਿਤਾ ਗ੍ਰੈਗ ਮੈਕਿਨਟੌਸ਼ ਦੇ ਘਰ ਹੋਇਆ। ਉਹ ਕੈਨੇਡਾ ਦੇ ਸਭ ਤੋਂ ਵੱਡੇ ਸ਼ਹਿਰ ਟੋਰਾਂਟੋ ਦੀ ਜੰਮਪਲ ਹੈ ਅਤੇ ਅਮਰੀਕਾ ਵਿੱਚ ਫਲੋਰੀਡਾ ਦੇ ਸ਼ਹਿਰ ਸਾਰਾਸੋਟਾ ਵਿੱਚ ਪੜ੍ਹਦੀ ਤੇ ਤੈਰਾਕੀ ਦੀ ਸਿਖਲਾਈ ਲੈਂਦੀ ਆ ਰਹੀ ਹੈ। ਉਸ ਦੀ ਇੱਕ ਵੱਡੀ ਭੈਣ ਹੈ ਬਰੁਕ ਮੈਕਿਨਟੌਸ਼ ਜੋ ਚੋਟੀ ਦੀ ਫਿੱਗਰ ਸਕੇਟਰ ਹੈ। ਉਹ ਆਪਣੇ ਸਾਥੀ ਸਕੇਟਰ ਟੋਸਟ ਨਾਲ ਕੈਨੇਡੀਅਨ ਰਿਕਾਰਡ ਤੋੜਦਿਆਂ ਨੈਸ਼ਨਲ ਪੱਧਰ ’ਤੇ ਗੋਲਡ ਮੈਡਲ ਜਿੱਤ ਚੁੱਕੀ ਹੈ। ਉਹਦਾ ਜਨਮ ਵੀ 5 ਜਨਵਰੀ 2005 ਨੂੰ ਟੋਰਾਂਟੋ ਵਿੱਚ ਹੀ ਹੋਇਆ ਸੀ।
ਸਮਰ ਦੀ ਮਾਂ ਜਿੱਲ ਹੌਰਸਟੈੱਡ ਮਾਸਕੋ ਦੀਆਂ ਓਲੰਪਿਕ ਖੇਡਾਂ-1980 ਸਮੇਂ ਕੈਨੇਡੀਅਨ ਤੈਰਾਕੀ ਟੀਮ ਦੀ ਮੈਂਬਰ ਸੀ। 16 ਸਾਲ ਦੀ ਉਮਰੇ ਉਸ ਨੇ ਪੈਨ ਅਮੈਰੀਕਨ ਗੇਮਜ਼-1983 ਵਿੱਚ ਭਾਗ ਲਿਆ। ਉਹ ਲਾਸ ਏਂਜਲਸ ਦੀਆਂ ਓਲੰਪਿਕ ਖੇਡਾਂ ਸਮੇਂ ਵੀ ਕੈਨੇਡੀਅਨ ਟੀਮ ਵਿੱਚ ਸ਼ਾਮਲ ਸੀ, ਪਰ ਕੋਈ ਮੈਡਲ ਨਹੀਂ ਸੀ ਜਿੱਤ ਸਕੀ। ਪਰ 1986 ਦੀਆਂ ਕਾਮਨਵੈਲਥ ਖੇਡਾਂ ’ਚੋਂ ਕਾਂਸੀ ਦਾ ਮੈਡਲ ਜਿੱਤ ਗਈ ਸੀ। ਸਮਰ ਦਾ ਪਿਤਾ ਗ੍ਰੈੱਗ ਮੈਕਿਨਟੌਸ਼ ਵਿਸ਼ਵ ਪੱਧਰੀ ਅਥਲੀਟ ਸੀ ਜੋ ਕੈਂਸਰ ਦਾ ਮਰੀਜ਼ ਬਣ ਗਿਆ ਸੀ, ਪਰ ਇਲਾਜ ਪਿੱਛੋਂ ਰਾਜ਼ੀ ਹੋ ਗਿਆ।
ਅਗਸਤ 2025 ਵਿੱਚ ਸਿੰਘਾਪੁਰ ਵਿਖੇ ਹੋਈ ਵਰਲਡ ਤੈਰਾਕੀ ਚੈਂਪੀਅਨਸ਼ਿਪ ਵਿੱਚੋਂ ਸਮਰ ਨੇ ਨਾ ਕੇਵਲ ਇੱਕ ਕਾਂਸੀ ਤੇ ਚਾਰ ਗੋਲਡ ਮੈਡਲ ਜਿੱਤੇ ਬਲਕਿ 400 ਮੀਟਰ ਵਿਅਕਤੀਗਤ ਮੈਡਲੇ ਤੈਰਾਕੀ ਦੇ ਮੁਕਾਬਲੇ ਵਿੱਚ 4:25.78 ਮਿੰਟ ਦਾ ਨਵਾਂ ਵਿਸ਼ਵ ਰਿਕਾਰਡ ਵੀ ਸਥਾਪਿਤ ਕਰ ਦਿੱਤਾ। ਉਸ ਨੂੰ ਮੈਡਲਾਂ ਦੇ ਐਵਾਰਡਾਂ ਤੋਂ ਬਿਨਾਂ 90 ਹਜ਼ਾਰ ਡਾਲਰਾਂ ਦੀ ਰਾਸ਼ੀ ਨਾਲ ਵੀ ਸਨਮਾਨਿਤ ਕੀਤਾ ਗਿਆ। ਇਹ ਉਸ ਦੀਆਂ ਪ੍ਰਾਪਤੀਆਂ ਦਾ ਮੁੱਢਲਾ ਦੌਰ ਹੈ, ਅਜੇ ਉਸ ਨੇ ਹੋਰ ਵੀ ਵੱਡੀਆਂ ਮੱਲਾਂ ਮਾਰਨੀਆਂ ਹਨ। ਹਜ਼ਾਰਾਂ ਨਹੀਂ ਕਰੋੜਾਂ ਡਾਲਰਾਂ ਦੀ ਰਾਸ਼ੀ ਉਹਦੀ ਝੋਲੀ ਪੈਣੀ ਹੈ ਤੇ ਵਿਸ਼ਵ ਪੱਧਰ ਦੇ ਵੱਡੇ ਤੋਂ ਵੱਡੇ ਮਾਨ ਸਨਮਾਨ ਹਾਸਲ ਹੋਣੇ ਹਨ।
ਸਮਰ ਮੈਕਿਨਟੌਸ਼ ਲਈ 2025 ਦੀ ਵਿਸ਼ਵ ਤੈਰਾਕੀ ਚੈਂਪੀਅਨਸ਼ਿਪ ਸਭ ਤੋਂ ਵੱਧ ਸਫਲ ਰਹੀ। ਉਹ ਤੈਰਾਕੀ ਦੇ ਇਤਿਹਾਸ ਵਿੱਚ ਵਿਸ਼ਵ ਦੀ ਦੂਜੀ ਤੈਰਾਕ ਹੈ ਜਿਸ ਨੇ ਵਿਅਕਤੀਗਤ ਤੌਰ ’ਤੇ ਇੱਕੋ ਵਿਸ਼ਵ ਚੈਂਪੀਅਨਸ਼ਿਪ ਵਿੱਚੋਂ 4 ਗੋਲਡ ਮੈਡਲ ਜਿੱਤੇ। ਉਹ ਪਹਿਲੀ ਤੈਰਾਕ ਹੈ ਜਿਸ ਨੇ 400 ਮੀਟਰ ਦੀ ਵਿਅਕਤੀਗਤ ਮੈਡਲੇ ਤੈਰਾਕੀ ਵਿੱਚ ਦੂਜੇ ਨੰਬਰ ’ਤੇ ਰਹਿਣ ਵਾਲੀ ਤੈਰਾਕ ਤੋਂ 7.48 ਸਕਿੰਟ ਪਹਿਲਾਂ ਤਾਰੀ ਜਿੱਤੀ। ਉਹ ਦੂਜੀ ਔਰਤ ਤੈਰਾਕ ਹੈ ਜਿਸ ਨੇ 400 ਮੀਟਰ ਫਰੀਸਟਾਈਲ, 200 ਮੀਟਰ ਵਿਅਕਤੀਗਤ ਮੈਡਲੇ, 200 ਮੀਟਰ ਬਟਰਫਲਾਈ ਤੇ 400 ਮੀਟਰ ਵਿਅਕਤੀਗਤ ਮੈਡਲੇ ਦੇ ਸੋਨ ਮੈਡਲ ਹਾਸਲ ਕੀਤੇ।
ਇਸ ਤੇਜ਼ਤਰਾਰ ਤੈਰਾਕ ਸਮਰ ਮੈਕਿਨਟੌਸ਼ ’ਚ ਬੇਅੰਤ ਸੰਭਾਵਨਾਵਾਂ ਹਨ। ਵੈਸੇ ਹਰ ਖਿਡਾਰੀ ਅੰਦਰ ਸੰਭਾਵਨਾਵਾਂ ਹੁੰਦੀਆਂ ਹਨ। ਬੰਦਾ ਧਰਤੀਆਂ ਗਾਹੁੰਦਾ, ਸਮੁੰਦਰ ਤੈਰਦਾ, ਹਵਾ ਵਿੱਚ ਯਾਨੀ ਪੁਲਾੜ ’ਚ ਕਿਤੇ ਦਾ ਕਿਤੇ ਚਲਾ ਗਿਆ ਹੈ। ਜਿਵੇਂ ਜ਼ਮੀਨ ਉਤਲੀਆਂ ਖੇਡਾਂ ਦੇ ਰਿਕਾਰਡ ਟੁੱਟ ਰਹੇ ਹਨ ਉਵੇਂ ਪਾਣੀਆਂ ਵਿਚਲੇ ਰਿਕਾਰਡ ਵੀ ਟੁੱਟੀ ਜਾਂਦੇ ਹਨ। ਕੈਨੇਡਾ ਦੀ ਜਾਈ ਸਮਰ ਨੇ ਤਾਂ 14 ਸਾਲਾਂ ਦੀ ਉਮਰ ਤੋਂ ਹੀ ਰਿਕਾਰਡ ਤੋੜਨੇ ਸ਼ੁਰੂ ਕੀਤੇ ਹੋਏ ਹਨ।
ਵੈਸੇ ਰਿਕਾਰਡ ਕਿੱਡੇ ਵੀ ਹੋਣ, ਉਹ ਟੁੱਟਦੇ ਰਹਿੰਦੇ ਹਨ। ਸਮਰ ਨੇ ਪੈਰਿਸ ਦੀਆਂ ਓਲੰਪਿਕ ਖੇਡਾਂ-2024 ’ਚੋਂ 1 ਕਾਂਸੀ ਤੇ 3 ਸੋਨੇ ਦੇ ਮੈਡਲ ਜਿੱਤੇ ਅਤੇ ਵਿਸ਼ਵ ਤੈਰਾਕੀ ਚੈਂਪੀਅਨਸ਼ਿਪ 2025 ’ਚੋਂ 1 ਕਾਂਸੀ ਤੇ 4 ਗੋਲਡ ਮੈਡਲ ਹਾਸਲ ਕੀਤੇ। ਉਹ 2028 ਵਿੱਚ ਲਾਸ ਏਂਜਲਸ ਵਿਖੇ ਹੋਣ ਵਾਲੀਆਂ ਓਲੰਪਿਕ ਖੇਡਾਂ ਵਿੱਚੋਂ ਘੱਟੋ-ਘੱਟ 5 ਗੋਲਡ ਮੈਡਲ ਜਿੱਤਣ ਦਾ ਨਿਸ਼ਾਨਾ ਮਿੱਥੀ ਬੈਠੀ ਹੈ। ਹੋ ਸਕਦੈ 2032 ਦੀਆਂ ਓਲੰਪਿਕ ਖੇਡਾਂ ਦਾ ਨਿਸ਼ਾਨਾ ਵੀ ਮਿੱਥੇ। ਤਦ ਤੱਕ ਉਹ 26 ਸਾਲਾਂ ਦੀ ਹੋਵੇਗੀ।
ਇਹ ਸਤਰਾਂ ਲਿਖਣ ਤੱਕ ਸਮਰ ਓਲੰਪਿਕ ਖੇਡਾਂ ਦੇ 3 ਗੋਲਡ ਮੈਡਲ, ਵਿਸ਼ਵ ਤੈਰਾਕੀ ਚੈਂਪੀਅਨਸ਼ਿਪਾਂ ਦੇ 8 ਗੋਲਡ ਤੇ ਕਾਮਨਵੈਲਥ ਖੇਡਾਂ ਦੇ 2 ਗੋਲਡ ਮੈਡਲ ਜਿੱਤ ਚੁੱਕੀ ਹੈ। ਸਿਲਵਰ ਤੇ ਕਾਂਸੀ ਦੇ ਮੈਡਲ ਉਨ੍ਹਾਂ ਤੋਂ ਵੱਖਰੇ ਹਨ। ਉਂਜ ਤਾਂ ਉਹ ਤੈਰਾਕੀ ਦੇ ਕਈ ਈਵੈਂਟਸ ਵਿੱਚ ਭਾਗ ਲੈਂਦੀ ਹੈ, ਪਰ 200 ਮੀਟਰ ਤੇ 400 ਮੀਟਰ ਵਿਅਕਤੀਗਤ ਮੈਡਲੇ ਅਤੇ 400 ਮੀਟਰ ਫਰੀਸਟਾਈਲ ਉਸ ਦੇ ਮਨਭਾਉਂਦੇ ਈਵੈਂਟਸ ਹਨ। ਇਨ੍ਹਾਂ ਈਵੈਂਟਸ ਦੇ ਵਰਲਡ ਰਿਕਾਰਡ ਵੀ ਉਸ ਨੇ ਆਪਣੇ ਨਾਂ ਕਰ ਲਏ ਹਨ। 200 ਮੀਟਰ ਬਟਰਫਲਾਈ ਈਵੈਂਟ ਦਾ ਓਲੰਪਿਕ ਰਿਕਾਰਡ ਵੀ ਉਹਦੇ ਨਾਂ ਹੈ। ਕੀ ਕਿਹਾ ਜਾਏ ਛੋਟੀ ਉਮਰ ਦੀ ਇਸ ਹੋਣਹਾਰ ਤੈਰਾਕ ਬਾਰੇ? ਜਿੰਨਾ ਤੇਜ਼ ਉਹ ਤੈਰਦੀ ਹੈ ਕਈ ਆਲਸੀ ਬੰਦੇ ਤਾਂ ਓਨਾ ਤੇਜ਼ ਤੁਰ ਵੀ ਨਹੀਂ ਸਕਦੇ!
ਮੈਕਿਨਟੌਸ਼ ਨੇ ਕੇਵਲ 14 ਸਾਲ ਦੀ ਉਮਰੇ ਹੀ ਤੈਰਾਕੀ ਦੇ ਕੋਚਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਸੀ। ਉਹ 2020 ਦੀਆਂ ਓਲੰਪਿਕ ਖੇਡਾਂ ਵਿੱਚ ਭਾਗ ਲੈਣ ਲਈ ਕੈਨੇਡਾ ਦੀ ਤੈਰਾਕੀ ਟੀਮ ਵਿੱਚ ਚੁਣੀ ਗਈ ਸੀ। ਉਦੋਂ ਉਹ ਟੀਮ ’ਚ ਸਭ ਤੋਂ ਛੋਟੀ ਉਮਰ ਦੀ ਮੈਂਬਰ ਸੀ। ਉਹ ਟੋਕੀਓ ਤੋਂ ਭਾਵੇਂ ਕੋਈ ਮੈਡਲ ਨਹੀਂ ਸੀ ਜਿੱਤ ਸਕੀ, ਪਰ ਚੌਥਾ ਸਥਾਨ ਜ਼ਰੂਰ ਹਾਸਲ ਕਰ ਲਿਆ ਸੀ। ਫਿਰ ਉਹ ਵਿਸ਼ਵ ਤੈਰਾਕੀ ਚੈਂਪੀਅਨਸ਼ਿਪ ਵਿੱਚ ਸਭ ਤੋਂ ਛੋਟੀ ਉਮਰ ਦੀ ਵਿਸ਼ਵ ਚੈਂਪੀਅਨ ਬਣ ਗਈ ਸੀ।
ਉਹ ਪਹਿਲੀ ਕੈਨੇਡੀਅਨ ਤੈਰਾਕ ਹੈ ਜਿਸ ਨੇ ਪਹਿਲੀ ਵਾਰ ਹੀ ਇੱਕੋ ਵਿਸ਼ਵ ਚੈਂਪੀਅਨਸ਼ਿਪ ਵਿੱਚੋਂ ਦੋ ਗੋਲਡ ਮੈਡਲ ਜਿੱਤੇ ਸਨ। ਉਹਦੇ ਨਾਲ ਉਸ ਨੂੰ ‘ਟੀਨ ਸਵਿਮਿੰਗ ਸੈਨਸੈਸ਼ਨ’ ਆਖਿਆ ਜਾਣ ਲੱਗਾ। ਕੈਨੇਡੀਅਨ ਨੈਸ਼ਨਲ ਟ੍ਰਾਇਲਜ਼ ਦੌਰਾਨ ਮਾਰਚ-ਅਪਰੈਲ 2023 ਦੇ ਪੰਜ ਦਿਨਾਂ ’ਚ ਉਸ ਨੇ ਸਭ ਤੋਂ ਔਖੇ ਸਮਝੇ ਜਾਂਦੇ 400 ਮੀਟਰ ਫਰੀਸਟਾਈਲ ਤੇ 400 ਮੀਟਰ ਵਿਅਕਤੀਗਤ ਮੈਡਲੇ ਈਵੈਂਟਸ ਵਿੱਚ ਵਿਸ਼ਵ ਰਿਕਾਰਡ ਨਵਿਆ ਦਿੱਤੇ। 2024 ਦੀਆਂ ਓਲੰਪਿਕ ਖੇਡਾਂ ਵਿੱਚ ਪੈਰਿਸ ਵਿਖੇ ਉਸ ਨੇ 1 ਸਿਲਵਰ ਤੇ 3 ਗੋਲਡ ਮੈਡਲ ਮੈਡਲ ਜਿੱਤੇ। ਉਸ ਦੀ ਇਸ ਪ੍ਰਾਪਤੀ ਉਤੇ ‘ਟਾਈਮ’ ਮੈਗਜ਼ੀਨ ਨੇ ਉਸ ਨੂੰ ‘ਸਮਰ ਆਫ ਸਮਰ’ ਦੇ ਖ਼ਿਤਾਬ ਨਾਲ ਸਨਮਾਨਿਤ ਕੀਤਾ। ਉਹਦੇ ਪ੍ਰਸੰਸਕਾਂ ਨੇ ਉਹਦੀਆਂ ਤਸਵੀਰਾਂ ਸ਼ੀਸ਼ਿਆਂ ਵਿੱਚ ਮੜ੍ਹਾਅ ਕੇ ਬੈਠਕਾਂ ਵਿੱਚ ਸਜਾ ਲਈਆਂ। ਉਂਜ ਵੀ ਉਹ ਦਰਸ਼ਨੀ ਸ਼ਖ਼ਸੀਅਤ ਦੀ ਮਾਲਕ ਹੈ ਜਿਸ ਤੋਂ ਹੋਰਨਾਂ ਨੂੰ ਪ੍ਰੇਰਨਾ ਮਿਲਦੀ ਹੈ।
ਰਿਕਾਰਡ ਕੀਪਰਾਂ ਨੇ ਤਾਂ ਇਹ ਵੀ ਦੱਸਿਆ ਹੈ ਕਿ ਸਮਰ ਨੇ ਵੱਖ ਵੱਖ ਉਮਰ ਗਰੁੱਪਾਂ ਵਿੱਚ 50 ਨਵੇਂ ਰਿਕਾਰਡ ਰੱਖੇ। ਮਈ 2021 ’ਚ ਸਭ ਤੋਂ ਛੋਟੀ ਉਮਰੇ 400 ਮੀਟਰ ਫਰੀਸਟਾਈਲ ਤਾਰੀ 4:05.13 ਮਿੰਟ ’ਚ ਲਾਉਣ ਵਾਲੀ ਵਿਸ਼ਵ ਦੀ ਉਹ ਪਹਿਲੀ ਮਹਿਲਾ ਬਣੀ ਸੀ। ਇਹੋ ਜਿਹਾ ਹੀ ਜਲਵਾ ਉਸ ਨੇ 16 ਮਈ 2024 ਨੂੰ 400 ਮੀਟਰ ਵਿਅਕਤੀਗਤ ਮੈਡਲੇ ਈਵੈਂਟ ਵਿੱਚ ਕਰ ਵਿਖਾਇਆ ਸੀ। ਪੈਰਿਸ ਓਲੰਪਿਕਸ ਦੇ 4 ਮੈਡਲਾਂ ਤੋਂ ਅੱਗੇ ਲਾਸ ਏਂਜਲਸ ਵਿਖੇ 2028 ਦੀ ਓਲੰਪਿਕਸ ਵਿੱਚੋਂ 5 ਗੋਲਡ ਮੈਡਲ ਜਿੱਤ ਕੇ ਉਹ ਮਾਈਕਲ ਫੈਲਪਸ ਦੇ ਰਾਹ ਪੈਣਾ ਚਾਹੁੰਦੀ ਹੈ।
ਸਮਰ ਦਾ ਕੱਦ 5 ਫੁੱਟ 8 ਇੰਚ ਹੈ। ਅਜੇ ਉਹ ਕਿਸੇ ਕਲੱਬ ਦੀ ਪੱਕੀ ਮੈਂਬਰ ਨਹੀਂ ਤੇ ਹਾਲ ਦੀ ਘੜੀ ਉਸ ਦਾ ਕੋਚ ਫ੍ਰੈੱਡ ਵਰਗਨੌਕਸ ਹੈ। ਉਸ ਦਾ ਹੋਮ ਟਾਊਨ ਟੋਰਾਂਟੋ ਹੈ, ਪਰ ਉਹ ਰਹਿੰਦੀ ਐਂਟੀਬੇਸ, ਫਲੋਰੀਡਾ ਵਿੱਚ ਹੈ। ਉਸ ਨੇ 2020 ਦੀਆਂ ਓਲੰਪਿਕ ਖੇਡਾਂ ਪਿੱਛੋਂ 2021 ਵਿੱਚ ਆਬੂ ਧਾਬੀ ਦੀ ਫਿਨਾ ਵਰਲਡ ਚੈਂਪੀਅਨਸ਼ਿਪ, 2022 ਵਿੱਚ ਬੁਡਾਪੈਸਟ ਦੀ ਫਿਨਾ ਵਰਲਡ ਚੈਂਪੀਅਨਸ਼ਿਪ, 2022 ਵਿੱਚ ਕਾਮਨਵੈਲਥ ਗੇਮਜ਼ ਬਰਮਿੰਘਮ, 2023 ਵਿੱਚ ਵਿਸ਼ਵ ਤੈਰਾਕੀ ਚੈਂਪੀਅਨਸ਼ਿਪ ਫੁਕੌਕਾ, 2024 ਵਿੱਚ ਓਲੰਪਿਕ ਖੇਡਾਂ ਪੈਰਿਸ, 2024 ਵਿੱਚ ਹੀ ਵਿਸ਼ਵ ਤੈਰਾਕੀ ਚੈਂਪੀਅਨਸ਼ਿਪ ਬੁਡਾਪੈਸਟ ਤੇ 2025 ਵਿੱਚ ਵਿਸ਼ਵ ਤੈਰਾਕੀ ਚੈਂਪੀਅਨਸ਼ਿਪ ਸਿੰਘਾਪੁਰ ’ਚ ਭਾਗ ਲਿਆ ਹੈ। ਉੱਥੇ ਉਸ ਨੇ 4 ਗੋਲਡ ਤੇ 1 ਕਾਂਸੀ ਨਾਲ ਕੁਲ 5 ਤਗ਼ਮੇ ਜਿੱਤੇ।
ਦੋ ਅਗਸਤ 2025 ਤੱਕ ਉਸ ਦੇ ਓਲੰਪਿਕ ਖੇਡਾਂ ਤੇ ਵਿਸ਼ਵ ਤੈਰਾਕੀ ਚੈਂਪੀਅਨਸ਼ਿਪਾਂ ਵਿੱਚੋਂ ਜਿੱਤੇ ਕੁੱਲ ਤਗ਼ਮੇ 31 ਹੋ ਗਏ ਹਨ। ਉਨ੍ਹਾਂ ’ਚ 18 ਸੋਨੇ, 6 ਚਾਂਦੀ ਤੇ 7 ਕਾਂਸੀ ਦੇ ਮੈਡਲ ਹਨ। 2024 ਵਿੱਚ ਉਸ ਨੂੰ ਕੈਨੇਡਾ ਦੀ ਟੌਪ ਐਥਲੀਟ ਹੋਣ ਦਾ ਐਵਾਰਡ ਮਿਲਿਆ ਸੀ। ਨਾਲ ਹੀ ਕੈਨੇਡਾ ਦੀ 2024 ਸਾਲ ਦੀ ਮਹਿਲਾ ਐਥਲੀਟ ਹੋਣ ਦਾ ਮਾਣ ਬੌਬੀ ਰੋਜ਼ਨਫੇਲਡ ਐਵਾਰਡ ਵੀ ਮਿਲਿਆ। ਕੈਨੇਡਾ ਦੇ ਤਤਕਾਲੀ ਪ੍ਰਧਾਨ ਮੰਤਰੀ ਟਰੂਡੋ ਨੇ ਉਸ ਨੂੰ ‘ਸੁਪਰ ਸਟਾਰ’ ਕਹਿ ਕੇ ਵਡਿਆਇਆ। ਫੋਰਬਜ਼ ਮੈਗਜ਼ੀਨ ਨੇ ਵੱਖ ਮਾਨਤਾ ਦਿੱਤੀ। ਸਮਰ ਐਲਾਨ ਕਰ ਚੁੱਕੀ ਹੈ ਕਿ ਉਹ ਹੁਣ ਔਸਟਿਨ, ਟੈਕਸਾਸ ਵਿਖੇ ਮਾਈਕਲ ਫੈਲਪਸ ਦੇ ਕੋਚ ਰਹੇ ਬੌਬ ਬੋਮੈਨ ਦੀ ਦੇਖ ਰੇਖ ਹੇਠ ਟਰੇਨਿੰਗ ਕਰੇਗੀ ਅਤੇ ਲਾਸ ਏਂਜਲਸ ਦੀਆਂ ਓਲੰਪਿਕ ਖੇਡਾਂ ’ਚੋਂ 5 ਗੋਲਡ ਮੈਡਲ ਜਿੱਤਣ ਦੀ ਪੂਰੀ ਵਾਹ ਲਾਵੇਗੀ। ਉਹ ਨਿਰੀ ਤੈਰਾਕ ਹੀ ਨਹੀਂ ਸੰਭਾਵਨਾਵਾਂ ਨੂੰ ਸਾਣ ਚਾੜ੍ਹਨ ਵਾਲੀ ਪ੍ਰੇਰਨਾ ਹੈ। ਕੋਈ ਵੀ ਵਿਅਕਤੀ ਉਹਦੇ ਵਾਂਗ ਦ੍ਰਿੜ ਨਿਰਣਾ ਲੈ ਕੇ ਮਿਹਨਤ ਕਰਦਿਆਂ ਕੋਈ ਵੀ ਮੰਜ਼ਿਲ ਸਰ ਕਰ ਸਕਦਾ ਹੈ।
ਈ-ਮੇਲ: principalsarwansingh@gmail.com