ਗ਼ਲਤੀਆਂ ਨੂੰ ਗੁਨਾਹ ਨਾ ਬਣਾਈਏ
ਇਹ ਆਮ ਆਖਿਆ ਜਾਂਦਾ ਹੈ ਕਿ ਇਨਸਾਨ ਗ਼ਲਤੀਆਂ ਦਾ ਪੁਤਲਾ ਹੈ। ਸੰਸਾਰ ਵਿੱਚ ਸ਼ਾਇਦ ਹੀ ਕੋਈ ਅਜਿਹਾ ਇਨਸਾਨ ਹੋਵੇਗਾ ਜਿਸ ਨੇ ਕਦੇ ਗ਼ਲਤੀ ਨਾ ਕੀਤੀ ਹੋਵੇ। ਸੰਸਾਰ ਵਿੱਚ ਵਿਚਰਦਿਆਂ ਕਾਰੋਬਾਰ ਕਰਦਿਆਂ ਕਦੇ ਨਾ ਕਦੇ ਗ਼ਲਤੀ ਹੋ ਹੀ ਜਾਂਦੀ ਹੈ। ਸੰਸਾਰ ਵਿੱਚ ਕੋਈ ਵੀ ਇਨਸਾਨ ਸੋਲ੍ਹਾਂ ਕਲਾਂ ਸੰਪੂਰਨ ਨਹੀਂ ਹੈ। ਸੋਲ੍ਹਾਂ ਕਲਾਂ ਸੰਪੂਰਨ ਤਾਂ ਸੰਸਾਰ ਨੂੰ ਚਲਾਉਣ ਵਾਲੀ ਮਹਾਸ਼ਕਤੀ ਨੂੰ ਹੀ ਮੰਨਿਆ ਜਾਂਦਾ ਹੈ ਜਿਸ ਨੂੰ ਪਰਮਾਤਮਾ ਦਾ ਨਾਮ ਦਿੱਤਾ ਗਿਆ ਹੈ।
ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਸੋਚ ਸਮਝ ਕੇ ਧੀਰਜ ਨਾਲ ਕਾਰਜ ਕੀਤੇ ਜਾਣ ਤਾਂ ਜੋ ਘੱਟ ਤੋਂ ਘੱਟ ਗ਼ਲਤੀਆਂ ਹੋ ਸਕਣ। ਬੋਲਬਾਣੀ ਨਾਲ ਹੋਣ ਵਾਲੀਆਂ ਗ਼ਲਤੀਆਂ ਨੂੰ ਰੋਕਣ ਲਈ ਸੋਚ ਸਮਝ ਕੇ ਬੋਲ ਕੇ ਰੋਕਿਆ ਜਾ ਸਕਦਾ ਹੈ। ਇਸੇ ਕਰਕੇ ਆਖਿਆ ਜਾਂਦਾ ਹੈ ਕਿ ਪਹਿਲਾਂ ਤੋਲੋ ਫਿਰ ਬੋਲੋ। ਜਿਹੜੇ ਬਹੁਤਾ ਬੋਲਦੇ ਹਨ ਅਤੇ ਛੇਤੀ ਗੁੱਸੇ ਵਿੱਚ ਆ ਜਾਂਦੇ ਹਨ, ਉਹ ਗ਼ਲਤੀਆਂ ਵੀ ਵੱਧ ਕਰਦੇ ਹਨ। ਕਾਹਲ, ਲਾਲਚ ਅਤੇ ਹਉਮੈ ਵੀ ਗ਼ਲਤੀਆਂ ਵਿੱਚ ਵਾਧਾ ਕਰਦੇ ਹਨ। ਨਿਮਰਤਾ, ਧੀਰਜ ਅਤੇ ਸੰਤੋਖ ਗ਼ਲਤੀਆਂ ਉੱਤੇ ਰੋਕ ਲਗਾਉਣ ਵਿੱਚ ਸਹਾਈ ਹੁੰਦੇ ਹਨ। ਜਿੱਥੇ ਸੋਚ ਸਮਝ ਕੇ ਕੀਤੇ ਕਰਮਾਂ ਨਾਲ ਗ਼ਲਤੀਆਂ ਨੂੰ ਘੱਟ ਕੀਤਾ ਜਾ ਸਕਦਾ ਹੈ, ਉੱਥੇ ਜੇਕਰ ਗ਼ਲਤੀ ਨੂੰ ਮੰਨ ਲਿਆ ਜਾਵੇ ਤਾਂ ਉਸ ਨੂੰ ਸੁਧਾਰਿਆ ਜਾ ਸਕਦਾ ਹੈ।
ਅਸਲ ਵਿੱਚ ਗ਼ਲਤੀ ਕਰਨ ਪਿੱਛੋਂ ਇਨਸਾਨ ਕਈ ਤਰ੍ਹਾਂ ਦੀ ਪ੍ਰਤੀਕਿਰਿਆ ਦਿੰਦਾ ਹੈ। ਗ਼ਲਤੀ ਪਿੱਛੋਂ ਹੋਣ ਵਾਲੀ ਪ੍ਰਤੀਕਿਰਿਆ ਨੂੰ ਮੁੱਖ ਤੌਰ ਉੱਤੇ ਤਿੰਨ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ। ਪਹਿਲੇ ਭਾਗ ਵਿੱਚ ਉਹ ਇਨਸਾਨ ਆਉਂਦੇ ਹਨ ਜਿਹੜੇ ਗ਼ਲਤੀ ਕਰਨ ਪਿੱਛੋਂ ਕਦੇ ਵੀ ਇਹ ਮੰਨਣ ਲਈ ਤਿਆਰ ਨਹੀਂ ਹੁੰਦੇ ਕਿ ਗ਼ਲਤੀ ਉਨ੍ਹਾਂ ਨੇ ਕੀਤੀ ਹੈ। ਉਹ ਹਮੇਸ਼ਾਂ ਆਪਣੇ ਆਪ ਨੂੰ ਸਹੀ ਸਿੱਧ ਕਰਨ ਦਾ ਯਤਨ ਕਰਦੇ ਹਨ ਅਤੇ ਸਾਰਾ ਦੋਸ਼ ਦੂਜਿਆਂ ’ਤੇ ਮੜ੍ਹਦੇ ਹਨ। ਕੁਝ ਅਜਿਹੇ ਹੀ ਹੁੰਦੇ ਹਨ ਜਿਹੜੇ ਕਿਸਮਤ ਨੂੰ ਕੋਸਣ ਲੱਗ ਪੈਂਦੇ ਹਨ ਜਾਂ ਸਾਰੀ ਜ਼ਿੰਮੇਵਾਰੀ ਪਰਮਾਤਮਾ ’ਤੇ ਸੁੱਟ ਦਿੰਦੇ ਹਨ। ਅਜਿਹੇ ਮਨੁੱਖਾਂ ਦੇ ਜੀਵਨ ਵਿੱਚ ਖੜੋਤ ਆ ਜਾਂਦੀ ਹੈ। ਉਹ ਆਪਣੀ ਹਉਮੈ ਦੇ ਚਿੱਕੜ ਵਿੱਚ ਇਸ ਤਰ੍ਹਾਂ ਫਸ ਜਾਂਦੇ ਹਨ ਕਿ ਉਸ ਵਿੱਚੋਂ ਨਿਕਲਣਾ ਔਖਾ ਹੋ ਜਾਂਦਾ ਹੈ। ਹੌਲੀ ਹੌਲੀ ਸੰਗੀ ਸਾਥੀ ਦੂਰੀਆਂ ਬਣਾਉਣ ਲੱਗ ਪੈਂਦੇ ਹਨ। ਉਨ੍ਹਾਂ ’ਤੇ ਕੇਵਲ ਇਕੱਲਤਾ ਹੀ ਭਾਰੂ ਨਹੀਂ ਹੋਣ ਲੱਗਦੀ ਸਗੋਂ ਕਾਰੋਬਾਰ ਅਤੇ ਮਨੁੱਖੀ ਰਿਸ਼ਤਿਆਂ ਵਿੱਚ ਵੀ ਖੜੋਤ ਆ ਜਾਂਦੀ ਹੈ।
ਦੂਜੇ ਗਰੁੱਪ ਵਿੱਚ ਉਹ ਇਨਸਾਨ ਆਉਂਦੇ ਹਨ ਜਿਹੜੇ ਆਪਣੀ ਗ਼ਲਤੀ ਨੂੰ ਮੰਨ ਤਾਂ ਲੈਂਦੇ ਹਨ, ਪਰ ਉਸ ਨੂੰ ਸੁਧਾਰ ਕੇ ਅੱਗੇ ਵਧਣ ਦੀ ਥਾਂ ਗ਼ਲਤੀ ਦੇ ਅਹਿਸਾਸ ਨੂੰ ਪੱਲੇ ਬੰਨ੍ਹ ਲੈਂਦੇ ਹਨ। ਆਪਣੇ ਕੀਤੇ ’ਤੇ ਪਛਤਾਵਾ ਕਰਦੇ ਹੋਏ ਹਮੇਸ਼ਾਂ ਝੂਰਦੇ ਰਹਿੰਦੇ ਹਨ। ਉਨ੍ਹਾਂ ਦੀ ਸੋਚ ਇਸ ਤਰ੍ਹਾਂ ਗ੍ਰਸੀ ਜਾਂਦੀ ਹੈ ਕਿ ਗ਼ਲਤੀ ਗੁਨਾਹ ਦਾ ਰੂਪ ਧਾਰਨ ਕਰ ਲੈਂਦੀ ਹੈ। ਹੌਲੀ ਹੌਲੀ ਉਹ ਇਸ ਗੁਨਾਹ ਦੇ ਬੋਝ ਹੇਠਾਂ ਇੰਨਾ ਦੱਬ ਜਾਂਦੇ ਹਨ ਕਿ ਮੁੜ ਖੜ੍ਹੇ ਹੋਣ ਦਾ ਨਾਮ ਨਹੀਂ ਲੈਂਦੇ। ਇੰਝ ਉਹ ਆਪਣੀ ਸੋਚ ਅਤੇ ਮਨ ਨੂੰ ਬਿਮਾਰ ਕਰ ਲੈਂਦੇ ਹਨ। ਇਸ ਬਿਮਾਰੀ ਦਾ ਅਸਰ ਤਨ ਉੱਤੇ ਹੋਣਾ ਸੁਭਾਵਿਕ ਹੈ। ਗ਼ਲਤੀ ਜਦੋਂ ਗੁਨਾਹ ਦਾ ਰੂਪ ਧਾਰਨ ਕਰ ਲੈਂਦੀ ਹੈ ਤਾਂ ਪਛਤਾਵੇ ਦਾ ਸੇਕ ਤਨ ਤੇ ਮਨ ਨੂੰ ਲੱਗਦਾ ਹੈ। ਹੌਲੀ ਹੌਲੀ ਮਨੁੱਖ ਆਪਣੇ ਆਪ ਨੂੰ ਆਪੇ ਹੀ ਖ਼ਤਮ ਕਰ ਲੈਂਦਾ ਹੈ। ਇਸ ਬੋਝ ਤੋਂ ਸੁਰਖਰੂ ਹੋਣ ਦੇ ਯਤਨ ਕਰਨ ਦੀ ਥਾਂ ਉਹ ਹੋਰ ਹੇਠਾਂ ਵੱਲ ਦੱਬਦਾ ਹੀ ਜਾਂਦਾ ਹੈ।
ਤੀਜੇ ਗਰੁੱਪ ਵਿੱਚ ਉਹ ਇਨਸਾਨ ਆਉਂਦੇ ਹਨ ਜਿਹੜੇ ਆਪਣੀ ਗ਼ਲਤੀ ਨੂੰ ਸਵੀਕਾਰ ਕਰ ਲੈਂਦੇ ਹਨ। ਜੇਕਰ ਲੋੜ ਪਵੇ ਤਾਂ ਉਹ ਸਬੰਧਿਤ ਧਿਰ ਤੋਂ ਮੁਆਫ਼ੀ ਵੀ ਮੰਗ ਲੈਂਦੇ ਹਨ। ਉਹ ਆਪਣੀ ਗ਼ਲਤੀ ਤੋਂ ਸਬਕ ਸਿੱਖ ਕੇ ਅੱਗੇ ਵਧਣ ਦਾ ਯਤਨ ਕਰਦੇ ਹਨ। ਉਹ ਆਪਣੀ ਗ਼ਲਤੀ ਨੂੰ ਆਪਣੀ ਹਾਰ ਨਹੀਂ ਮੰਨਦੇ ਸਗੋਂ ਅੱਗੇ ਵਧਣ ਦੀ ਇੱਕ ਰੁਕਾਵਟ ਦੂਰ ਹੋਈ ਸਮਝ ਕੇ ਅੱਗੇ ਵਧਦੇ ਹਨ। ਸੰਸਾਰ ਵਿੱਚ ਜਿਨ੍ਹਾਂ ਨੇ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ ਉਨ੍ਹਾਂ ਇਨ੍ਹਾਂ ਗ਼ਲਤੀਆਂ ਨੂੰ ਆਪਣੇ ਰਾਹਾਂ ਦੀ ਰੁਕਾਵਟ ਸਮਝ ਦੂਰ ਕੀਤਾ ਅਤੇ ਅੱਗੇ ਵਧੇ। ਸੰਸਾਰ ਵਿੱਚ ਸਭ ਤੋਂ ਵੱਧ ਖੋਜਾਂ ਕਰਨ ਵਾਲੇ ਐਡੀਸਨ ਨੇ ਜਦੋਂ ਬੱਲਬ ਦੀ ਖੋਜ ਕੀਤੀ ਤਾਂ ਉਸ ਦਾ ਮੰਨਣਾ ਸੀ ਕਿ ਉਸ ਨੇ ਘੱਟੋ ਘੱਟ ਹਜ਼ਾਰ ਵਾਰ ਗ਼ਲਤੀ ਕੀਤੀ, ਪਰ ਉਸ ਨੇ ਇਸ ਨੂੰ ਆਪਣੀ ਹਾਰ ਨਹੀਂ ਮੰਨਿਆ ਸਗੋਂ ਸਫਲਤਾ ਦੇ ਰਾਹ ਦੀ ਇੱਕ ਹੋਰ ਰੁਕਾਵਟ ਨੂੰ ਦੂਰ ਕਰਨਾ ਮੰਨਿਆ ਹੈ।
ਸੰਸਾਰ ਦੀ ਸ਼ਾਇਦ ਹੀ ਅਜਿਹੀ ਕੋਈ ਗ਼ਲਤੀ ਹੋਵੇਗੀ ਜਿਸ ਨੂੰ ਸੁਧਾਰਿਆ ਨਾ ਜਾ ਸਕੇ। ਜੇਕਰ ਇਸ ਪਾਸੇ ਯਤਨ ਨਾ ਕੀਤੇ ਜਾਣ ਤਾਂ ਉਸ ਗ਼ਲਤੀ ਦਾ ਅਹਿਸਾਸ ਹਮੇਸ਼ਾਂ ਅਚੇਤ ਮਨ ਵਿੱਚ ਛੁਪਿਆ ਰਹਿੰਦਾ ਹੈ। ਜੇਕਰ ਤੁਹਾਡੀ ਗ਼ਲਤੀ ਨਾਲ ਕਿਸੇ ਦਾ ਨੁਕਸਾਨ ਹੋਇਆ ਹੈ ਤਾਂ ਉਹ ਬੋਝ ਵੀ ਆਤਮਾ ਉੱਤੇ ਭਾਰੂ ਰਹਿੰਦਾ ਹੈ। ਇਸ ਕਰਕੇ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਆਪਣੀ ਸੋਚ ਨੂੰ ਕੇਵਲ ਗ਼ਲਤੀ ਦੇ ਅਹਿਸਾਸ ਤੱਕ ਸੀਮਤ ਨਾ ਰੱਖਿਆ ਜਾਵੇ ਸਗੋਂ ਉਸ ਨੂੰ ਸੁਧਾਰਨ ਦਾ ਸੰਜੀਦਗੀ ਨਾਲ ਯਤਨ ਕੀਤਾ ਜਾਵੇ। ਇਸ ਨਾਲ ਤੁਹਾਡੇ ਮਨ ਉੱਤੇ ਪਿਆ ਬੋਝ ਉਤਰ ਜਾਵੇਗਾ। ਭਾਵੇਂ ਅਸੀਂ ਉਸ ਨੂ ਭੁੱਲਣ ਦਾ ਯਤਨ ਵੀ ਕਰੀਏ, ਪਰ ਉਹ ਫਿਰ ਵੀ ਤੁਹਾਡੇ ਮਨ ਦੇ ਅਚੇਤ ਕੋਨੇ ਵਿੱਚ ਪਿਆ ਰੜਕਦਾ ਹੀ ਰਹੇਗਾ। ਕੀਤੀ ਗ਼ਲਤੀ ਦੇ ਬੋਝ ਤੋਂ ਮੁਕਤੀ ਪਾਉਣ ਲਈ ਯਤਨ ਕੀਤਿਆਂ ਮੁਕਤੀ ਪ੍ਰਾਪਤ ਹੋ ਹੀ ਜਾਂਦੀ ਹੈ।
ਇਸ ਪਾਸੇ ਪਹਿਲਾ ਪੜਾਅ ਆਪਣੀ ਗ਼ਲਤੀ ਨੂੰ ਮੰਨ ਲੈਣਾ ਹੈ। ਜਦੋਂ ਤੱਕ ਅਸੀਂ ਆਪਣੀ ਗ਼ਲਤੀ ਨੂੰ ਮੰਨਦੇ ਨਹੀਂ ਉਦੋਂ ਤੱਕ ਇਸ ਨੂੰ ਸੁਧਾਰਿਆ ਨਹੀਂ ਜਾ ਸਕਦਾ। ਆਪਣੀ ਗ਼ਲਤੀ ਲਈ ਦੂਜਿਆਂ ਨੂੰ ਦੋਸ਼ੀ ਬਣਾਉਣਾ ਜਾਂ ਕਿਸਮਤ ਨੂੰ ਕੋਸਣਾ ਢਹਿੰਦੀ ਕਲਾ ਦੀ ਨਿਸ਼ਾਨੀ ਹੈ। ਇਸ ਨਾਲ ਤੁਹਾਡੇ ਸਾਥੀਆਂ ਦਾ ਘੇਰਾ ਸੁੰਗੜਨਾ ਸ਼ੁਰੂ ਹੋ ਜਾਵੇਗਾ। ਕਈ ਵਾਰ ਤਾਂ ਘਟੀਆਪਣ ਦਾ ਅਹਿਸਾਸ ਵੀ ਹੋਣ ਲੱਗਦਾ ਹੈ ਜਿਸ ਨਾਲ ਤਨ ਤੇ ਮਨ ਦੋਵੇਂ ਬਿਮਾਰ ਹੋਣ ਲੱਗਦੇ ਹਨ।
ਦੂਜਾ ਪੜਾਅ ਗ਼ਲਤੀ ਨੂੰ ਸੁਧਾਰਨਾ ਹੈ। ਜਦੋਂ ਆਪਣੀ ਗ਼ਲਤੀ ਮੰਨ ਲਈ ਤਾਂ ਉਸ ਨੂੰ ਸੁਧਾਰਨ ਦੇ ਯਤਨ ਕਰਨੇ ਚਾਹੀਦੇ ਹਨ। ਬਹੁਤੀਆਂ ਗ਼ਲਤੀਆਂ ਇੰਨੀਆਂ ਗੰਭੀਰ ਨਹੀਂ ਹੁੰਦੀਆਂ ਜਿਨ੍ਹਾਂ ਨੂੰ ਸੁਧਾਰਿਆ ਨਾ ਜਾ ਸਕੇ। ਜੇਕਰ ਕਿਸੇ ਨੂੰ ਗ਼ਲਤ ਬੋਲਿਆ ਗਿਆ ਹੈ ਜਾਂ ਕਿਸੇ ਖਿਲਾਫ਼ ਗ਼ਲਤ ਫ਼ੈਸਲਾ ਕੀਤਾ ਗਿਆ ਹੈ ਤਾਂ ਗ਼ਲਤੀ ਦਾ ਅਹਿਸਾਸ ਹੁੰਦਿਆਂ ਹੀ ਮੁਆਫ਼ੀ ਮੰਗ ਲੈਣੀ ਚਾਹੀਦੀ ਹੈ। ਮੁਆਫ਼ੀ ਮੰਗਣ ਨਾਲ ਕੋਈ ਛੋਟਾ ਨਹੀਂ ਹੋ ਜਾਂਦਾ ਸਗੋਂ ਇਹ ਵਡੱਪਣ ਦੀ ਨਿਸ਼ਾਨੀ ਹੈ। ਅਸੀਂ ਆਪਣੀ ਬੋਲਬਾਣੀ ਵਿੱਚ ਅੰਗਰੇਜ਼ੀ ਦੇ ਦੋ ਸ਼ਬਦਾਂ ਦੀ ਬਹੁਟ ਘੱਟ ਵਰਤੋਂ ਕਰਦੇ ਹਾਂ ‘ਸੌਰੀ’ ਅਤੇ ‘ਥੈਂਕਸ’। ਜਿਹੜੀਆਂ ਕੌਮਾਂ ਇਨ੍ਹਾਂ ਦੋ ਸ਼ਬਦਾਂ ਦੀ ਵਰਤੋਂ ਕਰਦੀਆਂ ਹਨ, ਉਹ ਹੀ ਵਿਕਾਸ ਦੀਆਂ ਪੌੜੀਆਂ ਚੜ੍ਹਦੀਆਂ ਹਨ। ‘ਸੌਰੀ’ ਆਖਣ ਨਾਲ ਬਹੁਤੇ ਮਸਲੇ ਉਦੋਂ ਹੀ ਖ਼ਤਮ ਹੋ ਜਾਂਦੇ ਹਨ। ਬਹਿਸ ਕਿਸੇ ਮਸਲੇ ਦਾ ਹੱਲ ਨਹੀਂ ਸਗੋਂ ਝਗੜੇ ਦਾ ਕਾਰਨ ਬਣਦੀ ਹੈ। ਜੇਕਰ ਕਿਸੇ ਕਾਰਨ ਤੁਹਾਤੋਂ ਕਿਸੇ ਦਾ ਨੁਕਸਾਨ ਹੋ ਗਿਆ ਹੈ ਤਾਂ ਉਸ ਦੀ ਭਰਪਾਈ ਦੀ ਪੇਸ਼ਕਸ਼ ਕਰੋ। ਤੁਹਾਡੀ ਹਲੀਮੀ ਵੇਖ ਬਹੁਤੀ ਵਾਰ ਅਗਲਾ ਮੁਆਫ਼ ਹੀ ਕਰ ਦਿੰਦਾ ਹੈ। ਤੁਹਾਡੇ ਦਿਮਾਗ਼ ਤੋਂ ਇੱਕ ਵੱਡਾ ਬੋਝ ਉਤਰ ਜਾਂਦਾ ਹੈ ਤੇ ਤੁਸੀਂ ਤਣਾਅ ਮੁਕਤ ਹੋ ਜਾਂਦੇ ਹੋ।
ਤੀਜਾ ਪੜਾਅ ਆਪਣੀ ਗ਼ਲਤੀ ’ਤੇ ਝੂਰਨਾ ਬੰਦ ਕਰੋ ਕਿਉਂਕਿ ਪਛਤਾਵਾ ਕਰਦੇ ਰਹਿਣਾ ਮਸਲੇ ਦਾ ਹੱਲ ਨਹੀਂ ਹੈ ਸਗੋਂ ਮਸਲੇ ਨੂੰ ਹੱਲ ਕਰਨ ਦਾ ਯਤਨ ਜ਼ਰੂਰੀ ਹੈ। ਫਰਜ਼ ਕਰੋ ਮਕਾਨ ਬਣਾਉਣ ਲਈ ਪਲਾਟ ਨਿਕਲੇ, ਤੁਹਾਡੇ ਸਾਥੀਆਂ ਨੇ ਅਰਜ਼ੀ ਦਿੱਤੀ ਤੇ ਉਨ੍ਹਾਂ ਨੂੰ ਪਲਾਟ ਮਿਲ ਗਏ। ਕਈ ਵਾਰ ਅਸੀਂ ਇਹ ਸੋਚ ਕੇ ਦੁਖੀ ਹੋਈ ਜਾਂਦੇ ਹਾਂ ਕਿ ਕਾਸ਼! ਮੈਂ ਵੀ ਅਰਜ਼ੀ ਦਿੱਤੀ ਹੁੰਦੀ। ਸਮਾਂ ਤਾਂ ਬੀਤ ਗਿਆ, ਉਸ ਨੇ ਮੁੜ ਹੱਥ ਨਹੀਂ ਆਉਣਾ। ਪਿਛਲ ਝਾਕ ਕਿਸੇ ਮਸਲੇ ਦਾ ਹੱਲ ਨਹੀਂ ਹੈ। ਇਸ ਭੈੜੀ ਸੋਚ ਦਾ ਤਿਆਗ ਕਰੋ ਕਿਉਂਕਿ ਇਹ ਆਖਿਆ ਜਾਂਦਾ ਹੈ ਕਿ ਭੈੜੀ ਸੋਚ ਅਤੇ ਪੈਰ ਦੀ ਮੋਚ ਬੰਦੇ ਨੂੰ ਕਦੇ ਅੱਗੇ ਵਧਣ ਨਹੀਂ ਦਿੰਦੀ।
ਚੌਥਾ ਪੜਾਅ ਅੱਗੇ ਵਧਣਾ ਹੈ। ਕੋਸ਼ਿਸ਼ ਕਰੋ ਮੁੜ ਉਸ ਗ਼ਲਤੀ ਨੂੰ ਨਾ ਦੁਹਰਾਇਆ ਜਾਵੇ। ਜੀਵਨ ਵਿੱਚ ਮੌਕੇ ਤਾਂ ਮਿਲਦੇ ਹੀ ਰਹਿੰਦੇ ਹਨ। ਪਿਛਲੇ ਤਜਰਬੇ ਤੋਂ ਸਬਕ ਸਿੱਖਦਿਆਂ ਹੋਇਆਂ ਮੌਕੇ ਨੂੰ ਫੜੋ ਅਤੇ ਆਪਣੇ ਸੁਪਨਿਆਂ ਨੂੰ ਪੂਰਾ ਕਰੋ। ਇਹ ਸੋਚ ਕੇ ਕਿ ਹੁਣ ਕੁਝ ਨਹੀਂ ਹੋ ਸਕਦਾ, ਆਪਣੇ ਆਪ ਨੂੰ ਧੋਖਾ ਦੇਣਾ ਹੈ। ਇੰਝ ਜੀਵਨ ਵਿੱਚ ਖੜੋਤ ਆ ਜਾਵੇਗੀ। ਖੜੋਤ ਤਾਂ ਜੀਵਨ ਨੂੰ ਨੀਰਸ ਬਣਾ ਦਿੰਦੀ ਹੈ। ਘੋਖ ਕਰੋ ਕਿ ਉਹ ਕਿਹੜੇ ਕਾਰਨ ਸਨ ਜਿਨ੍ਹਾਂ ਕਰਕੇ ਤੁਸੀਂ ਉਦੋਂ ਗ਼ਲਤੀ ਕਰ ਬੈਠੇ ਹੋ। ਆਪਣੇ ਨਾਲ ਪ੍ਰਣ ਕਰੋ ਕਿ ਮੈਂ ਉਹ ਗ਼ਲਤੀ ਮੁੜ ਨਹੀਂ ਦੁਹਰਾਵਾਂਗਾ ਸਗੋਂ ਅੱਗੇ ਵਧਾਂਗਾ। ਰਾਤ ਪਿੱਛੋਂ ਤਾਂ ਸਵੇਰਾ ਆਉਂਦਾ ਹੀ ਹੈ। ਗ਼ਲਤੀ ਦੇ ਪਛਤਾਵੇ ਵਿੱਚ ਢੇਰੀ ਢਾਹ ਕੇ ਬੈਠਣਾ ਆਪਣੇ ਆਪ ਨੂੰ ਦੁਖੀ ਕਰਨਾ ਹੈ। ਜੀਵਨ ਚੱਲਦੇ ਰਹਿਣ ਦਾ ਨਾਮ ਹੈ। ਤੁਸੀਂ ਸਾਈਕਲ ਚਲਾਉਣਾ ਜ਼ਰੂਰ ਸਿੱਖਿਆ ਹੋਵੇਗਾ ਅਤੇ ਕਈ ਵਾਰ ਡਿੱਗੇ ਵੀ ਹੋਵੋਗੇ। ਜੇਕਰ ਇੱਕ ਵਾਰ ਡਿੱਗ ਕੇ ਹੌਸਲਾ ਹਾਰ ਬੈਠੇ ਤਾਂ ਮੁੜ ਕਦੇ ਸਾਈਕਲ ਨਹੀਂ ਚਲਾ ਸਕੋਗੇ, ਸਗੋਂ ਕਿਸ ਕਾਰਨ ਡਿੱਗੇ ਹੋ ਉਸ ਨੂੰ ਸੁਧਾਰ ਕੇ ਸਾਈਕਲ ਚਲਾਉਣਾ ਜ਼ਰੂਰ ਸਿਖ ਜਾਵੋਗੇ। ਇਹੋ ਕੁਝ ਬਾਕੀ ਕਾਰਜਾਂ ਵਿੱਚ ਹੁੰਦਾ ਹੈ। ਪਹਿਲੀ ਵਾਰ ਸਫਲਤਾ ਪ੍ਰਾਪਤ ਕਰਨ ਵਾਲੇ ਬਹੁਤ ਘੱਟ ਭਾਗਸ਼ਾਲੀ ਹੁੰਦੇ ਹਨ। ਇਹ ਵੀ ਸੱਚ ਹੈ ਕਿ ਅਜਿਹੇ ਮਨੁੱਖ ਉੱਚੀਆਂ ਉਡਾਰੀਆਂ ਨਹੀਂ ਮਾਰਦੇ ਸਗੋਂ ਆਪਣੀ ਪਹਿਲੀ ਜਿੱਤ ਦੇ ਨਸ਼ੇ ਵਿੱਚ ਹੀ ਬੈਠੇ ਰਹਿ ਜਾਂਦੇ ਹਨ। ਜਿਨ੍ਹਾਂ ਨੂੰ ਪਹਿਲੀ ਵਾਰ ਸਫਲਤਾ ਨਹੀਂ ਮਿਲੀ ਅਤੇ ਉਨ੍ਹਾਂ ਨੇ ਆਪਣੀ ਗ਼ਲਤੀ ਵਿੱਚ ਸੁਧਾਰ ਕਰਕੇ ਮੁੜ ਯਤਨ ਕੀਤਾ, ਉਨ੍ਹਾਂ ਵਿੱਚ ਸਵੈਭਰੋਸਾ ਵਧ ਜਾਂਦਾ ਹੈ ਤੇ ਉਹ ਹਮੇਸ਼ਾਂ ਆਪਣੀਆਂ ਗ਼ਲਤੀਆਂ ਨੂੰ ਸੁਧਾਰ ਕੇ ਅੱਗੇ ਵਧਦੇ ਜਾਂਦੇ ਹਨ।
ਪੰਜਵਾਂ ਪੜਾਅ ਪਿਛਲ ਝਾਕ ਛੱਡੋ, ਵਰਤਮਾਨ ਨੂੰ ਮਾਣੋ ਅਤੇ ਭਵਿੱਖ ਨੂੰ ਸ਼ਿੰਗਾਰੋ। ਇਨਸਾਨ ਗ਼ਲਤੀਆਂ ਦਾ ਪੁਤਲਾ ਹੈ। ਗ਼ਲਤੀ ਹਰੇਕ ਇਨਸਾਨ ਤੋਂ ਹੁੰਦੀ ਹੈ, ਪਰ ਚੜ੍ਹਦੀ ਕਲਾ ਵਿੱਚ ਰਹਿੰਦਿਆਂ। ਉਹ ਇਨਸਾਨ ਹੀ ਵਿਕਾਸ ਦੀਆਂ ਪੌੜੀਆਂ ਚੜ੍ਹਦਾ ਹੈ ਜਿਹੜਾ ਗ਼ਲਤੀਆਂ ਨੂੰ ਕੇਵਲ ਸਵੀਕਾਰ ਹੀ ਨਹੀਂ ਕਰਦਾ ਸਗੋਂ ਇਨ੍ਹਾਂ ਨੂੰ ਸੁਧਾਰ ਕੇ ਅੱਗੇ ਵਧਦਾ ਹੈ। ਜਿਨ੍ਹਾਂ ਨੇ ਵੀ ਆਪਣੀਆਂ ਗ਼ਲਤੀਆਂ ਨੂੰ ਮੰਨਿਆ ਅਤੇ ਇਨ੍ਹਾਂ ਨੂੰ ਦੂਰ ਕਰਕੇ ਅੱਗੇ ਕਦਮ ਰੱਖਿਆ ਸਫਲਤਾ ਹਮੇਸ਼ਾਂ ਉਨ੍ਹਾਂ ਦੇ ਪੈਰ ਚੁੰਮਦੀ ਹੈ। ਹਾਰ ਦਾ ਸਾਹਮਣਾ ਹਰੇਕ ਨੂੰ ਕਰਨਾ ਪੈਂਦਾ ਹੈ, ਪਰ ਜਿਹੜਾ ਹਾਰ ਤੋਂ ਘਬਰਾ ਕੇ ਢੇਰੀ ਢਾਹ ਬੈਠ ਜਾਂਦਾ ਹੈ ਉਹ ਬੈਠਾ ਹੀ ਰਹਿ ਜਾਂਦਾ ਹੈ। ਸਮਾਂ ਅਤੇ ਸਾਥੀ ਕਿਸੇ ਵੀ ਉਡੀਕ ਨਹੀਂ ਕਰਦੇ, ਸਗੋਂ ਆਪ ਹੀ ਸਮੇਂ ਅਤੇ ਸਾਥੀਆਂ ਨਾਲ ਕਦਮ ਨਾਲ ਕਦਮ ਮਿਲਾ ਕੇ ਚੱਲਣ ਦੇ ਸੰਜੀਦਗੀ ਨਾਲ ਯਤਨ ਕਰਨੇ ਚਾਹੀਦੇ ਹਨ। ਸੋਚੋ ਤੁਹਾਡੀ ਹਾਰ ਕਿਉਂ ਹੋਈ ਹੈ। ਹਾਰ ਦਾ ਕਾਰਨ ਕੋਈ ਨਾ ਕੋਈ ਗ਼ਲਤੀ ਹੀ ਹੋਵੇਗੀ। ਗ਼ਲਤੀ ਨੂੰ ਸਮਝੋ, ਉਸ ਦੇ ਕਾਰਨਾਂ ਦੀ ਘੋਖ ਕਰੋ। ਕਾਰਨਾਂ ਨੂੰ ਦੂਰ ਕਰਕੇ ਹੋਰ ਵੀ ਜੋਸ਼ ਨਾਲ ਅੱਗੇ ਵਧੋ, ਸਫਲਤਾ ਆਪ ਤੁਹਾਡੇ ਕਦਮ ਚੁੰਮੇਗੀ ਅਤੇ ਤੁਸੀਂ ਜੀਵਨ ਦਾ ਆਨੰਦ ਮਾਣ ਸਕੋਗੇ।
