Imtiaz Ali ਨਾਲ Diljit Dosanjh ਦੀ ਅਗਲੀ ਫਿਲਮ ਅਗਲੇ ਸਾਲ ਵਿਸਾਖੀ ਮੌਕੇ ਹੋਵੇਗੀ ਰਿਲੀਜ਼
ਮੁੰਬਈ, 14 ਜੂਨ
ਫਿਲਮ ਨਿਰਮਾਤਾ ਇਮਤਿਆਜ਼ ਅਲੀ ਦੀ ਅਦਾਕਾਰ ਤੇ ਗਾਇਕ ਦਿਲਜੀਤ ਦੋਸਾਂਝ ਨਾਲ ਅਗਲੀ ਫਿਲਮ ਅਪਰੈਲ 2026 ਵਿੱਚ ਵਿਸਾਖੀ ਮੌਕੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਇਹ ਇਮਤਿਆਜ਼ ਅਲੀ ਅਤੇ ਦਿਲਜੀਤ ਦੋਸਾਂਝ ਦੀ ਇਕੱਠਿਆਂ ਦੀ ਦੂਜੀ ਫਿਲਮ ਹੋਵੇਗੀ। ਇਸ ਤੋਂ ਪਹਿਲਾਂ 2024 ਵਿੱਚ ਦੋਹਾਂ ਦੀ ਆਈ ਫਿਲਮ ‘ਅਮਰ ਸਿੰਘ ਚਮਕੀਲਾ’ ਨੂੰ ਦਰਸ਼ਕਾਂ ਨੇ ਖੂਬ ਸਰਾਹਿਆ ਸੀ। ਅਗਲੀ ਫਿਲਮ ਵਿੱਚ ਨਸੀਰੂਦੀਨ ਸ਼ਾਹ, ਸ਼ਰਵਰੀ ਅਤੇ ਵੇਦਾਂਗ ਰੈਣਾ ਵੀ ਨਜ਼ਰ ਆਉਣਗੇ।
ਇਮਤਿਆਜ਼ ਅਲੀ ਨੇ ਇਕ ਅਧਿਕਾਰਤ ਬਿਆਨ ਵਿੱਚ ਕਿਹਾ, ‘‘ਕੀ ਪਿਆਰ ਸੱਚ ਵਿੱਚ ਗੁਆਚ ਸਕਦਾ ਹੈ? ਕੀ ਕਿਸੇ ਦੇ ਦਿਲ ਤੋਂ ਉਸ ਦੀ ਜਗ੍ਹਾ ਖੋਹੀ ਜਾ ਸਕਦੀ ਹੈ? ਇਹ ਫਿਲਮ ਦਿਲ ਨਾਲ ਜੁੜੀ ਹੈ। ਇਸ ਦਾ ਕੈਨਵਸ ਵੱਡਾ ਹੈ, ਪਰ ਕਹਾਣੀ ਦਿਲ ਦੇ ਕਾਫੀ ਨੇੜੇ ਹੈ। ਇਹ ਇਕ ਮੁੰਡੇ ਤੇ ਕੁੜੀ ਦੀ ਕਹਾਣੀ ਹੈ, ਪਰ ਨਾਲ ਹੀ ਇਕ ਦੇਸ਼ ਦੀ ਕਹਾਣੀ ਵੀ ਹੈ।’’ ਉਨ੍ਹਾਂ ਕਿਹਾ, ‘‘ਸਾਨੂੰ ਆਸ ਹੈ ਕਿ ਅਗਲੇ ਸਾਲ ਸਿਨੇਮਾਘਰਾਂ ਵਿੱਚ ਇਹ ਫਿਲਮ ਦਰਸ਼ਕਾਂ ਲਈ ਵਧੀਆ ਤਜਰਬਾ ਲੈ ਕੇ ਆਵੇਗੀ।’’ ਇਸ ਫਿਲਮ ਵਿੱਚ ਇਮਤਿਆਜ਼ ਅਲੀ, ਏਆਰ ਰਹਿਮਾਨ ਅਤੇ ਇਰਸ਼ਾਦ ਕਾਮਿਲ ਮੁੜ ਤੋਂ ਇੱਕੋ ਨਾਲ ਕੰਮ ਕਰਨਗੇ, ਜਿਨ੍ਹਾਂ ਨੇ ‘ਅਮਰ ਸਿੰਘ ਚਮਕੀਲਾ’, ‘ਤਮਾਸ਼ਾ’ ਅਤੇ ‘ਰੌਕਸਟਾਰ’ ਵਰਗੀਆਂ ਫਿਲਮਾਂ ਵਿੱਚ ਆਪਣੇ ਕੁਝ ਸਭ ਤੋਂ ਯਾਦਗਾਰ ਗੀਤ ਦਿੱਤੇ ਹਨ। ਫਿਲਮ ਦੀ ਸ਼ੂਟਿੰਗ ਇਸ ਸਾਲ ਅਗਸਤ ਵਿੱਚ ਸ਼ੁਰੂ ਹੋਵੇਗੀ। ਇਮਤਿਆਜ਼ ਅਲੀ ਅਤੇ ਦਿਲਜੀਤ ਦੋਸਾਂਝ ਦੀ ਪਿਛਲੀ ਫਿਲਮ ‘ਅਮਰ ਸਿੰਘ ਚਮਕੀਲਾ’ ਵੀ 2024 ਵਿੱਚ ਵਿਸਾਖੀ ਮੌਕੇ ਹੀ ਰਿਲੀਜ਼ ਹੋਈ ਸੀ। -ਪੀਟੀਆਈ