ਚੰਡੀਗੜ੍ਹ ਦੀ ‘ਵਾਇਰਲ ਸਟੂਡੈਂਟ’ ਦੇ ਫੈਨ ਹੋਏ ਦਿਲਜੀਤ ਦੋਸਾਂਝ; ਸ਼ੋਅ ਵਿੱਚ ਕੀਤੀ ਕੁੜੀ ਦੀ ਤਾਰੀਫ਼ !
ਪੰਜਾਬੀ ਗਾਇਕ-ਅਦਾਕਾਰ ਦਿਲਜੀਤ ਦੋਸਾਂਝ ਚੰਡੀਗੜ੍ਹ ਪੁਲੀਸ ਨਾਲ ਭਿੜਨ ਵਾਲੀ ਪੰਜਾਬ ਯੂਨੀਵਰਸਿਟੀ (PU) ਦੀ ਵਾਇਰਲ ਵਿਦਿਆਰਥਣ ਹਰਮਨਪ੍ਰੀਤ ਕੌਰ ਦੇ ਫੈਨ ਹੋ ਗਏ ਹਨ। ਦਿਲਜੀਤ ਨੇ ਆਪਣੇ AURA- ਟੂਰ-2025 ਦੌਰਾਨ ਆਸਟਰੇਲੀਆ ਵਿੱਚ ਇੱਕ ਸ਼ੋਅ ਵਿੱਚ ਹਰਮਨਪ੍ਰੀਤ ਲਈ ਖਾਸ ਤੌਰ ’ਤੇ ਤਾੜੀਆਂ ਵਜਵਾਈਆਂ।
ਉਨ੍ਹਾਂ ਕਿਹਾ:
“ਕੁੜੀਆਂ ਦੀ ਗੱਲ ਹੋਣੀ ਚਾਹੀਦੀ ਹੈ.....ਤੁਸੀਂ ਦੇਖੀ ਪੰਜਾਬ ਯੂਨੀਵਰਸਿਟੀ ਵਾਲੀ ਕੁੜੀ ਦੀ ਵੀਡੀਓ, ਬਾਹ ਛੱਡ ਕਹਿੰਦੀ.... ਸਾਡੇ ਸਾਰਿਆਂ ਵੱਲੋਂ ਇਹੀ ਸੰਦੇਸ਼ ਹੈ ਕਿ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਹੋਣੀ ਚਾਹੀਦੀ ਹੈ, ਜੋ ਚੀਜ਼ ਪੰਜਾਬ ਦੀ ਹੈ, ਪੰਜਾਬ ਨੂੰ ਮਿਲਣੀ ਚਾਹੀਦੀ ਹੈ। ਜਿਨ੍ਹਾਂ ਕੁੜੀਆਂ ਨੇ ਹੌਸਲਾ ਦਿਖਾਇਆ, ਉਨ੍ਹਾਂ ਲਈ ਜ਼ੋਰਦਾਰ ਤਾੜੀਆਂ ਹੋਣੀਆਂ ਚਾਹੀਦੀਆਂ ਹਨ।”
ਦੱਸ ਦਈਏ ਕਿ ਹਰਮਨਪ੍ਰੀਤ ਰੋਪੜ ਦੇ ਆਨੰਦਪੁਰ ਸਾਹਿਬ ਦੇ ਨੂਰਪੁਰ ਬੇਦੀ ਦੀ ਰਹਿਣ ਵਾਲੀ ਹੈ ਅਤੇ ਪੰਜਾਬ ਯੂਨੀਵਰਸਿਟੀ ਵਿੱਚ ਐਂਥਰੋਪੋਲੋਜੀ ਵਿਭਾਗ ਦੀ ਦੂਜੇ ਸਾਲ ਦੀ ਵਿਦਿਆਰਥਣ ਹੈ। ਦਰਅਸਲ PU ਵਿੱਚ ਵਿਦਿਆਰਥੀਆਂ ਦੇ ਪ੍ਰਦਰਸ਼ਨ ਦੌਰਾਨ 10 ਨਵੰਬਰ ਨੂੰ ਹਰਮਨਪ੍ਰੀਤ ਆਪਣੇ ਘਰੋਂ ਆਈ ਸੀ ਅਤੇ ਹੋਸਟਲ ਜਾਣਾ ਚਾਹੁੰਦੀ ਸੀ। ਪ੍ਰਦਰਸ਼ਨ ਕਾਰਨ ਤਾਇਨਾਤ ਚੰਡੀਗੜ੍ਹ ਪੁਲੀਸ ਨੇ ਉਸਨੂੰ ਯੂਨੀਵਰਸਿਟੀ ਦੇ ਗੇਟ ’ਤੇ ਰੋਕ ਲਿਆ। ਜਦੋਂ ਉਹ ਅੰਦਰ ਜਾਣ ਲੱਗੀ ਤਾਂ ਇੱਕ ਮਹਿਲਾ ਪੁਲੀਸ ਮੁਲਾਜ਼ਮ ਨੇ ਉਸਦਾ ਹੱਥ ਫੜ ਲਿਆ। ਇਸ ’ਤੇ ਹਰਮਨਪ੍ਰੀਤ ਪੁਲੀਸ ਨਾਲ ਭਿੜ ਗਈ ਅਤੇ ਗੁੱਸੇ ਵਿੱਚ ਕਿਹਾ ਕਿ ‘ਹੱਥ ਛੱਡ, ਜੇ ਕੁਝ ਹੋ ਗਿਆ ਤਾਂ ਫਿਰ ਹਿਸਾਬ ਲੈ ਲਈ।” ਵਿਦਿਆਰਥਣ ਦੀ ਇਹ ਵੀਡੀਓ ਕਾਫ਼ੀ ਵਾਇਰਲ ਹੋ ਗਈ ਸੀ।
ਵੀਡੀਓ ਸਾਹਮਣੇ ਆਉਣ ਤੋਂ ਬਾਅਦ ਹਰਮਨਪ੍ਰੀਤ ਨੇ ਕਿਹਾ ਸੀ ਕਿ ID ਦਿਖਾਉਣ ਦੇ ਬਾਵਜੂਦ ਉਸਨੂੰ ਹੋਸਟਲ ਨਹੀਂ ਜਾਣ ਦਿੱਤਾ ਗਿਆ। ਉਸਨੇ ਦੋਸ਼ ਲਾਇਆ ਕਿ 3-4 ਪੁਲੀਸ ਮੁਲਾਜ਼ਮਾਂ ਨੇ ਉਸਨੂੰ ਫੜ ਲਿਆ ਅਤੇ ਜਦੋਂ ਉਹ ਪਿਆਰ ਨਾਲ ਪੇਸ਼ ਆਈ, ਤਾਂ ਵੀ ਉਨ੍ਹਾਂ ਨੇ ਚੰਗੇ ਢੰਗ ਨਾਲ ਗੱਲ ਨਹੀਂ ਕੀਤੀ ਅਤੇ ਹਥੋਪਾਈ ਕੀਤੀ ਸੀ।
