ਸਮੇਂ ਦੀ ਲੋੜ ਬਣਿਆ ‘ਡਿਜੀਟਲ ਡੀਟੌਕਸ’
ਜਗਜੀਤ ਸਿੰਘ ਗਣੇਸ਼ਪੁਰ
ਮੌਜੂਦਾ ਸਮੇਂ ਸੂਚਨਾ ਤਕਨੀਕੀ ਸਾਧਨਾਂ ਨੇ ਜਿੱਥੇ ਸਾਡੇ ਲਈ ਗਿਆਨ ਅਤੇ ਸੰਚਾਰ ਦੇ ਨਵੇਂ ਰਾਹ ਖੋਲ੍ਹੇ ਹਨ, ਉੱਥੇ ਹੀ ਇਸ ਦੀ ਹੱਦ ਤੋਂ ਵੱਧ ਵਰਤੋਂ ਪੂਰੀ ਦੁਨੀਆ ਵਿੱਚ ਇੱਕ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਇਸ ਹੀ ਸੰਦਰਭ ਵਿੱਚ ‘ਡਿਜੀਟਲ ਡੀਟੌਕਸ’ ਸ਼ਬਦ ਵਰਤਮਾਨ ਸਮੇਂ ਬਹੁਤ ਚਰਚਾ ਵਿੱਚ ਬਣਿਆ ਹੋਇਆ ਹੈ। ਜੇਕਰ ਇਸ ਟਰਮ ਦੇ ਅਰਥਾਂ ਬਾਰੇ ਗੱਲ ਕਰੀਏ ਤਾਂ ਇਸ ਤੋਂ ਭਾਵ ਉਸ ਸਮੇਂ ਦੇ ਅੰਤਰਾਲ ਤੋਂ ਲਿਆ ਜਾਂਦਾ ਹੈ, ਜਦੋਂ ਕੋਈ ਵਿਅਕਤੀ ਜਾਣ-ਬੁੱਝ ਕੇ ਡਿਜੀਟਲ ਉਪਕਰਨਾਂ ਅਤੇ ਆਨਲਾਈਨ ਮੰਚਾਂ ਦੀ ਵਰਤੋਂ ਨੂੰ ਘਟਾਉਂਦਾ ਜਾਂ ਖ਼ਤਮ ਕਰਦਾ ਹੈ, ਤਾਂ ਜੋ ਮਨ ਅਤੇ ਸਰੀਰ ਨੂੰ ਤਕਨੀਕ ਦੀ ਨਿਰੰਤਰ ਉਤੇਜਨਾ ਤੋਂ ਨਿਜਾਤ ਮਿਲ ਸਕੇ। ਇਸ ਵਿੱਚ ਸੋਸ਼ਲ ਮੀਡੀਆ, ਈਮੇਲ, ਸਮਾਰਟ ਫੋਨ, ਕੰਪਿਊਟਰ ਅਤੇ ਇੱਥੋਂ ਤੱਕ ਕਿ ਆਮ ਤੌਰ ’ਤੇ ਇੰਟਰਨੈੱਟ ਤੋਂ ਵੀ ਬਰੇਕ ਲੈਣਾ ਸ਼ਾਮਲ ਹੋ ਸਕਦਾ ਹੈ। ਇਸ ਦਾ ਸਮਾਂ ਹਫ਼ਤੇ ਵਿੱਚ ਇੱਕ ਦਿਨ, ਮਹੀਨੇ ਵਿੱਚ ਇੱਕ ਹਫ਼ਤਾ, ਕਿਸੇ ਵੇਲੇ ਪੂਰਾ ਮਹੀਨਾ ਜਾਂ ਇਸ ਤੋਂ ਵੀ ਵੱਧ ਹੋ ਸਕਦਾ ਹੈ।
ਡਿਜੀਟਲ ਦੁਨੀਆ ਤੋਂ ਭਾਵ ਉਨ੍ਹਾਂ ਸਾਧਨਾਂ ਜਾਂ ਉਪਕਰਨਾਂ ਤੋਂ ਹੈ ਜਿਨ੍ਹਾਂ ਜ਼ਰੀਏ ਅਸੀਂ ਇੰਟਰਨੈੱਟ/ਨੈੱਟਵਰਕ ਉੱਪਰ ਸੰਚਾਰ/ਕੰਮਕਾਜ ਕਰਦੇ ਹਾਂ। ਹੁਣ ਤੁਹਾਡੇ ਮਨ ਅੰਦਰ ਇਹ ਸਵਾਲ ਜ਼ਰੂਰ ਉੱਠਦੇ ਹੋਣਗੇ ਕਿ ਅਜਿਹਾ ਕੀ ਹੋ ਗਿਆ ਕਿ ਸਾਨੂੰ ਇਨ੍ਹਾਂ ਉਪਕਰਨਾਂ/ਸਾਧਨਾਂ ਤੋਂ ਬਗੈਰ ਸਮਾਂ ਬਿਤਾਉਣ ਦੀ ਲੋੜ ਮਹਿਸੂਸ ਹੋ ਰਹੀ ਹੈ? ਇਸ ਦੇ ਉੱਤਰ ਵਿੱਚ ਇਹੀ ਕਿਹਾ ਜਾ ਸਕਦਾ ਹੈ ਕਿ ਮੌਜੂਦਾ ਸਮੇਂ ਦੁਨੀਆ ਦੇ ਬਹੁਤ ਸਾਰੇ ਅਧਿਐਨਾਂ ਵਿੱਚ ਇਹ ਗੱਲ ਉੱਭਰ ਕੇ ਸਾਹਮਣੇ ਆ ਰਹੀ ਹੈ ਕਿ ਦੁਨੀਆ ਦੀ ਇੱਕ ਵੱਡੀ ਗਿਣਤੀ ਇਨ੍ਹਾਂ ਉਪਕਰਨਾਂ ਖ਼ਾਸ ਤੌਰ ’ਤੇ ਸਮਾਰਟ ਫੋਨ, ਸੋਸ਼ਲ ਮੀਡੀਆ ਦੀ ਲਤ ਦਾ ਸ਼ਿਕਾਰ ਹੋ ਗਈ ਹੈ। ਸਵੇਰੇ ਸ਼ਾਮ ਫੋਨ ’ਤੇ ਸੋਸ਼ਲ ਮੀਡੀਆ ਉੱਪਰ ਸਮਾਂ ਬਿਤਾਉਣਾ ਇੱਕ ਆਮ ਵਰਤਾਰਾ ਬਣ ਗਿਆ ਹੈ। ਹੁਣ ਸਾਡੀ ਸਵੇਰ ਸੋਸ਼ਲ ਮੀਡੀਆ ਉੱਪਰ ਉਗਲਾਂ ਦੇ ਟੱਚ ਨਾਲ ਹੀ ਸ਼ੁਰੂ ਹੁੰਦੀ ਹੈ ਅਤੇ ਅੱਖਾਂ ਵਿੱਚ ਰਾਤ ਨੂੰ ਨੀਂਦ ਆਉਣ ਤੱਕ ਇਹ ਉਗਲਾਂ ਸਮਾਰਟ ਫੋਨ ਉੱਪਰ ਹੀ ਹੁੰਦੀਆਂ ਹਨ, ਜਿਸ ਨਾਲ ਸਾਡੇ ਸਰੀਰ ਅਤੇ ਦਿਮਾਗ਼ ਉੱਪਰ ਕਈ ਨਕਾਰਾਤਾਮਕ ਪ੍ਰਭਾਵ ਪੈ ਰਹੇ ਹਨ ਜਿਵੇਂ ਤਣਾਅ, ਉਦਾਸੀ, ਚਿੰਤਾ, ਇਕੱਲਾਪਣ, ਨੀਂਦ ਵਿੱਚ ਵਿਘਨ, ਖਾਣ-ਪੀਣ ਦੀਆਂ ਆਦਤਾਂ ਵਿੱਚ ਵਿਗਾੜ, ਆਪਣੇ ਆਲੇ-ਦੁਆਲੇ ਲੋਕਾਂ ਨਾਲ ਘੱਟ ਗੱਲਬਾਤ, ਪੜ੍ਹਾਈ ਅਤੇ ਕੰਮਕਾਜ ਵਿੱਚ ਨੁਕਸਾਨ ਆਦਿ।
ਕਰੋਨਾ ਕਾਲ ਦੌਰਾਨ ਤਾਂ ਇਸ ਦੀ ਵਰਤੋਂ ਹੋਰ ਵੀ ਵਧ ਗਈ ਹੈ। ਜਿਵੇਂ ਕਿਸੇ ਇਨਸਾਨ ਨੂੰ ਨਸ਼ੇ ਦੀ ਲਤ ਲੱਗ ਜਾਂਦੀ ਹੈ ਉਵੇਂ ਹੀ ਅੱਜ ਦੇ ਸਮੇਂ ਬੱਚੇ/ਨੌਜਵਾਨ ਇਨ੍ਹਾਂ ਸਾਧਨਾਂ ਦੀ ਹੱਦ ਤੋਂ ਵੱਧ ਵਰਤੋਂ ਦੀ ਲਤ ਦੇ ਸ਼ਿਕਾਰ ਹੋ ਰਹੇ ਹਨ। ਇਨ੍ਹਾਂ ਹੀ ਰੁਝਾਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ‘ਡਿਜੀਟਲ ਡੀਟੌਕਸ’ ਦਾ ਅਭਿਆਸ ਅੱਜ-ਕੱਲ੍ਹ ਦੁਨੀਆ ਦੇ ਕਈ ਦੇਸ਼ਾਂ ਵਿੱਚ ਹੋ ਰਿਹਾ ਹੈ ਤਾਂ ਕਿ ਇਨ੍ਹਾਂ ਡਿਜੀਟਲ ਸਾਧਨਾਂ ਦੀ ਵਰਤੋਂ ਵਿੱਚ ਸੰਤੁਲਨ ਬਣਾ ਕੇ ਰੱਖਿਆ ਜਾ ਸਕੇ। ਪਿਛਲੇ ਸਮੇਂ ਦੌਰਾਨ ਦੁਨੀਆ ਦੇ ਬਹੁਤ ਸਾਰੇ ਸਕੂਲਾਂ ਵਿੱਚ ਇਹ ਪ੍ਰਯੋਗ ਵੱਡੇ ਪੱਧਰ ਉੱਪਰ ਹੋਏ ਹਨ। ਅਸੀਂ ਅਜਿਹਾ ਵੀ ਕਹਿ ਸਕਦੇ ਹਾਂ ਕਿ ਡਿਜੀਟਲ ਡੀਟੌਕਸ ਆਪਣੇ ਤੋਂ ਦੂਰ ਹੁੰਦੇ ਲੋਕਾਂ/ਰਿਸ਼ਤਿਆਂ/ਸ਼ੌਕਾਂ/ਦਿਲਚਸਪੀਆਂ/ਕੁਦਰਤ ਨਾਲ ਦੁਬਾਰਾ ਇਕਮਿਕ ਹੋਣ ਦਾ ਇੱਕ ਸਾਰਥਕ ਉਪਰਾਲਾ ਹੈ। ਡੀਟੌਕਸ ਤੁਹਾਨੂੰ ਆਫਲਾਈਨ ਸ਼ੌਕਾਂ ਨੂੰ ਦੁਬਾਰਾ ਖੋਜਣ, ਕੁਦਰਤ ਵਿੱਚ ਵਧੇਰੇ ਸਮਾਂ ਬਿਤਾਉਣ, ਕਿਤਾਬਾਂ ਪੜ੍ਹਨ, ਕਸਰਤ ਕਰਨ ਜਾਂ ਦੋਸਤਾਂ ਅਤੇ ਪਰਿਵਾਰ ਨਾਲ ਆਹਮੋ-ਸਾਹਮਣੇ ਗੱਲਬਾਤ ਵਿੱਚ ਸ਼ਾਮਲ ਹੋਣ ਵਿੱਚ ਮਦਦ ਕਰ ਸਕਦਾ ਹੈ। ਇੱਕ ਰਿਪੋਰਟ ਅਨੁਸਾਰ ਔਸਤਨ ਬਾਲਗ ਹੁਣ ਤੋਂ ਦੋ ਦਹਾਕੇ ਪਹਿਲਾਂ ਦੇ ਮੁਕਾਬਲੇ ਆਪਣੇ ਦੋਸਤਾਂ ਨਾਲ 70 ਫ਼ੀਸਦੀ ਘੱਟ ਸਮਾਂ ਬਿਤਾਉਂਦਾ ਹੈ। ਡਿਜੀਟਲ ਉਪਕਰਨ ਸੰਪਰਕ ਜ਼ਰੂਰ ਪ੍ਰਦਾਨ ਕਰਦੇ ਹਨ, ਪਰ ਇਸ ਵਿੱਚ ਅਨੁਭਵ ਦੇ ਕੁਝ ਹਿੱਸੇ ਗਾਇਬ ਹੁੰਦੇ ਹਨ, ਜਿਵੇਂ ਕਿ ਵਿਅਕਤੀਗਤ ਸੰਪਰਕ ਦੀ ਖ਼ੁਸ਼ੀ ਅਤੇ ਦੂਜਿਆਂ ਵਿੱਚ ਵਿਸ਼ਵਾਸ ਜੋ ਆਨਲਾਈਨ ਪ੍ਰਾਪਤ ਕਰਨਾ ਮੁਸ਼ਕਲ ਹੁੰਦਾ ਹੈ।
‘ਨਿਊ ਯਾਰਕ ਟਾਈਮਜ਼’ ਵਿੱਚ ਛਪੇ ਇੱਕ ਲੇਖ ਵਿੱਚ ‘ਸੇਨ ਡਿਏਗੋ ਯੂਨੀਵਰਸਿਟੀ’ ਦੇ ਮਨੋਵਿਗਿਆਨ ਦੇ ਪ੍ਰੋਫੈਸਰ ਅਤੇ ‘ਆਈ-ਜੇਨ’ (I-Gen) ਕਿਤਾਬ (ਜਿਹੜੀ ਕਿ ਸਮਾਰਟ ਫੋਨ ਯੁੱਗ ਵਿੱਚ ਵੱਡੀ ਹੋ ਰਹੀ ਨਵੀਂ ਪੀੜ੍ਹੀ ਬਾਰੇ ਹੈ) ਦੇ ਲੇਖਕ ਜੀਨ ਟਵਾਂਗੇ ਆਪਣੀ ਸਲਾਹ ਦਿੰਦੇ ਹੋਏ, ਇਸ ਗੱਲ ’ਤੇ ਜ਼ੋਰ ਦਿੰਦੇ ਹਨ ਕਿ ਬਾਲਗਾਂ ਅਤੇ ਕਿਸ਼ੋਰਾਂ ਨੂੰ ਆਪਣਾ ਸਮਾਰਟ ਫੋਨ ਰਾਤ ਨੂੰ ਸੌਣ ਵਾਲੇ ਕਮਰੇ ਵਿੱਚ ਨਹੀਂ ਰੱਖਣਾ ਚਾਹੀਦਾ। ਜੇ ਹੋ ਸਕੇ ਤਾਂ ਚਾਰਜਿੰਗ ਸੁਵਿਧਾ ਵੀ ਕਮਰੇ ਤੋਂ ਬਾਹਰ ਹੀ ਹੋਵੇ। ਇਸ ਪ੍ਰਕਾਰ ਅਸੀਂ ਇਹ ਆਖ ਸਕਦੇ ਹਾਂ ਕਿ ਸੂਚਨਾ ਤਕਨੀਕ ਸਾਧਨ ਮੌਜੂਦਾ ਸਮੇਂ ਸਾਡੀ ਲੋੜ ਬਣ ਚੁੱਕੇ ਹਨ, ਪ੍ਰੰਤੂ ਅਜਿਹਾ ਵੀ ਨਹੀਂ ਹੋਣਾ ਚਾਹੀਦਾ ਕਿ ਅਸੀਂ ਇਨ੍ਹਾਂ ਦੀ ਵਰਤੋਂ ਸਾਰਾ-ਸਾਰਾ ਦਿਨ ਕਰਦੇ ਹੋਏ ਇਨ੍ਹਾਂ ਵਿੱਚ ਹੀ ਗਵਾਚੇ ਰਹੀਏ ਤੇ ਅਸਲ ਦੁਨੀਆ ਨਾਲੋਂ ਟੁੱਟ ਕੇ ਅਜਿਹੇ ਮੁਕਾਮ ਉੱਪਰ ਪਹੁੰਚ ਜਾਈਏ ਜਿੱਥੇ ਸਾਡੇ ਆਪਣੇ, ਕੁਦਰਤ, ਸਾਡੀ ਦਿਲਚਸਪੀਆਂ ਸਾਥੋਂ ਦੂਰ ਹੋ ਜਾਣ ਅਤੇ ਅਸੀਂ ਇਨ੍ਹਾਂ ਦੀ ਸੰਗਤ ਦਾ ਰੰਗ ਹੀ ਨਾ ਮਾਣ ਸਕੀਏ, ਨਤੀਜੇ ਵਜੋਂ ਤਣਾਅ ਕਾਰਨ ਸਾਡੀ ਸਿਹਤ ਉੱਪਰ ਬਹੁਤ ਬੁਰਾ ਅਸਰ ਪੈ ਰਿਹਾ ਹੈ, ਸੋ ਸਾਨੂੰ ਇਨ੍ਹਾਂ ਸਾਧਨਾਂ ਦੀ ਸੰਜਮ ਨਾਲ ਸੁਚੱਜੀ ਵਰਤੋਂ ਕਰਨ ’ਤੇ ਜ਼ੋਰ ਦੇਣਾ ਚਾਹੀਦਾ ਹੈ। ਇਸ ਹੀ ਲੜੀ ਵਿੱਚ ਇਹੀ ਕਿਹਾ ਜਾ ਸਕਦਾ ਹੈ ਕਿ ਅੱਜ ਦੀ ਦੋੜ-ਭੱਜ ਅਤੇ ਡਿਜੀਟਲ ਦੁਨੀਆ ਤੋਂ ਅੰਤਰਾਲ ਲੈਣ ਲਈ ਡਿਜੀਟਲ ਡੀਟੌਕਸ ਵਿਧੀ ਇੱਕ ਵਧੀਆ ਚੋਣ ਹੋ ਸਕਦੀ ਹੈ।
ਡਿਜੀਟਲ ਡੀਟੌਕਸ ਕਿਵੇਂ ਕਰੀਏ:
ਸੀਮਾਵਾਂ ਨਿਰਧਾਰਤ ਕਰੋ: ਆਪਣੇ ਡੀਟੌਕਸ ਦੀ ਲੰਬਾਈ ਚੁਣੋ (ਜਿਵੇਂ ਕਿ ਕੁਝ ਘੰਟੇ, ਇੱਕ ਪੂਰਾ ਦਿਨ ਜਾਂ ਇੱਕ ਹਫ਼ਤਾ ਵੀ)। ਇਸ ਬਾਰੇ ਸਪੱਸ਼ਟ ਸੀਮਾਵਾਂ ਨਿਰਧਾਰਤ ਕਰੋ ਕਿ ਤੁਸੀਂ ਕਿਹੜੇ ਡਿਵਾਈਸਾਂ ਅਤੇ ਪਲੈਟਫਾਰਮਾਂ ਤੋਂ ਪਰਹੇਜ਼ ਕਰੋਗੇ। ਉਦਾਹਰਨ ਵਜੋਂ ਤੁਸੀਂ ਸੋਸ਼ਲ ਮੀਡੀਆ ਦੀ ਵਰਤੋਂ ਨੂੰ ਸੀਮਤ ਕਰਨ ਦਾ ਫ਼ੈਸਲਾ ਕਰ ਸਕਦੇ ਹੋ, ਪਰ ਫਿਰ ਵੀ ਕੰਮ ਲਈ ਕੰਪਿਊਟਰ ਦੀ ਵਰਤੋਂ ਕਰ ਸਕਦੇ ਹੋ।
ਨੋਟੀਫਿਕੇਸ਼ਨ ਬੰਦ ਕਰੋ: ਆਪਣੇ ਫੋਨ, ਈਮੇਲ ਅਤੇ ਐਪਸ ’ਤੇ ਸਾਰੀਆਂ ਗ਼ੈਰ-ਜ਼ਰੂਰੀ ਸੂਚਨਾਵਾਂ ਨੂੰ ਅਯੋਗ ਕਰੋ। ਇਹ ਤੁਹਾਡੀ ਡਿਵਾਈਸ ਨੂੰ ਲਗਾਤਾਰ ਚੈੱਕ ਕਰਨ ਦੇ ਲਾਲਚ ਨੂੰ ਘਟਾ ਦੇਵੇਗਾ।
ਤਕਨਾਲੋਜੀ ਦੀ ਧਿਆਨ ਨਾਲ ਵਰਤੋਂ ਕਰੋ: ਜੇਕਰ ਤੁਸੀਂ ਕੰਮ ਜਾਂ ਨਿੱਜੀ ਕਾਰਨਾਂ ਕਰਕੇ ਡਿਵਾਈਸਾਂ ਤੋਂ ਪੂਰੀ ਤਰ੍ਹਾਂ ਡਿਸਕਨੈਕਟ ਨਹੀਂ ਕਰ ਸਕਦੇ ਤਾਂ ਉਨ੍ਹਾਂ ਸਾਧਨਾਂ ਦੀ ਵਰਤੋਂ ਕਰੋ ਜੋ ਤੁਹਾਡੀ ਵਰਤੋਂ ਨੂੰ ਟਰੈਕ ਕਰਦੇ ਹਨ ਜਾਂ ਤੁਹਾਡੇ ਫੋਨ ਜਾਂ ਈਮੇਲ ਦੀ ਜਾਂਚ ਕਰਨ ਲਈ ਖ਼ਾਸ ਸਮਾਂ ਨਿਰਧਾਰਤ ਕਰਦੇ ਹਨ।
ਆਫਲਾਈਨ ਗਤੀਵਿਧੀਆਂ ਵਿੱਚ ਸ਼ਾਮਲ ਹੋਵੋ: ਉਹ ਸਮਾਂ ਜੋ ਤੁਸੀਂ ਆਮ ਤੌਰ ’ਤੇ ਆਨਲਾਈਨ ਬਿਤਾਉਂਦੇ ਹੋ, ਉਨ੍ਹਾਂ ਗਤੀਵਿਧੀਆਂ ਨਾਲ ਭਰੋ ਜਿਨ੍ਹਾਂ ਵਿੱਚ ਸਕਰੀਨ ਸ਼ਾਮਲ ਨਹੀਂ ਹੁੰਦੀ ਜਿਵੇਂ ਕਿ ਪੜ੍ਹਨਾ, ਖਾਣਾ ਪਕਾਉਣਾ, ਕਸਰਤ ਕਰਨਾ, ਧਿਆਨ ਕਰਨਾ ਜਾਂ ਅਜ਼ੀਜ਼ਾਂ ਨਾਲ ਸਮਾਂ ਬਿਤਾਉਣਾ।
ਡਿਵਾਈਸ-ਫ੍ਰੀ ਜ਼ੋਨ ਸੈੱਟ ਕਰੋ: ਆਪਣੇ ਘਰ ਵਿੱਚ ਖ਼ਾਸ ਖੇਤਰ ਬਣਾਓ ਜਿੱਥੇ ਡਿਜੀਟਲ ਡਿਵਾਈਸਾਂ ਦੀ ਇਜਾਜ਼ਤ ਨਹੀਂ ਹੈ, ਜਿਵੇਂ ਕਿ ਡਾਇਨਿੰਗ ਟੇਬਲ ਜਾਂ ਬੈੱਡਰੂਮ। ਇਹ ਤੁਹਾਡੇ ਫੋਨ ਜਾਂ ਲੈਪਟਾਪ ਦੀ ਵਰਤੋਂ ਕਰਨ ਦੇ ਲਾਲਚ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ ਜਦੋਂ ਤੁਹਾਨੂੰ ਆਰਾਮ ਕਰਨਾ ਚਾਹੀਦਾ ਹੈ।
ਹੌਲੀ-ਹੌਲੀ ਡੀਟੌਕਸ: ਜੇਕਰ ਇੱਕ ਪੂਰਾ ਡੀਟੌਕਸ ਬਹੁਤ ਜ਼ਿਆਦਾ ਮਹਿਸੂਸ ਹੁੰਦਾ ਹੈ ਤਾਂ ਇਸ ਦੀ ਸ਼ੁਰੂਆਤ ਥੋੜ੍ਹੇੇ ਸਮੇਂ ਨਾਲ ਕਰੋ। ਉਦਾਹਰਨ ਵਜੋਂ ਦਿਨ ਵਿੱਚ ਇੱਕ ਘੰਟੇ ਲਈ ਆਪਣੇ ਸੋਸ਼ਲ ਮੀਡੀਆ ਦੀ ਵਰਤੋਂ ਨੂੰ ਸੀਮਤ ਕਰਕੇ ਸ਼ੁਰੂ ਕਰੋ ਤੇ ਫਿਰ ਇਸ ਸਮੇਂ ਨੂੰ ਵਧਾਉਣ ਦੀ ਕੋਸ਼ਿਸ਼ ਕਰੋ।
ਤਕਨਾਲੋਜੀ ਨਾਲ ਆਪਣੇ ਰਿਸ਼ਤੇ ਦਾ ਮੁੜ ਮੁਲਾਂਕਣ ਕਰੋ: ਆਪਣੇ ਡੀਟੌਕਸ ਦੌਰਾਨ ਇਸ ਗੱਲ ’ਤੇ ਵਿਚਾਰ ਕਰਨ ਦਾ ਮੌਕਾ ਲਓ ਕਿ ਤੁਸੀਂ ਡਿਵਾਈਸਾਂ ’ਤੇ ਕਿੰਨਾ ਸਮਾਂ ਬਿਤਾਉਂਦੇ ਹੋ ਅਤੇ ਕੀ ਇਹ ਸਿਹਤਮੰਦ ਜਾਂ ਸੰਤੁਲਿਤ ਹੈ। ਇਹ ਤੁਹਾਨੂੰ ਤਕਨਾਲੋਜੀ ਦੀ ਵਰਤੋਂ ਕਰਨ ਦੇ ਤਰੀਕੇ ਵਿੱਚ ਲੰਬੇ ਸਮੇਂ ਦੇ ਬਦਲਾਅ ਕਰਨ ਲਈ ਅਗਵਾਈ ਕਰ ਸਕਦਾ ਹੈ।
ਜੇਕਰ ਤੁਹਾਨੂੰ ਡਿਸਕਨੈਕਟ ਕਰਨਾ ਮੁਸ਼ਕਲ ਲੱਗਦਾ ਹੈ, ਤਾਂ ਇਸ ਨੂੰ ਕਿਸੇ ਦੋਸਤ ਜਾਂ ਪਰਿਵਾਰਕ ਮੈਂਬਰ ਨਾਲ ਕਰਨ ਦੀ ਕੋਸ਼ਿਸ਼ ਕਰੋ। ਖ਼ਾਸ ਟੀਚੇ ਨਿਰਧਾਰਤ ਕਰੋ: ‘‘ਮੈਂ ਸਕਰੀਨਾਂ ਤੋਂ ਬਚਾਂਗਾ’’ ਕਹਿਣ ਦੀ ਬਜਾਏ, ‘‘ਮੈਂ 24 ਘੰਟੇ ਸੋਸ਼ਲ ਮੀਡੀਆ ਦੀ ਵਰਤੋਂ ਨਹੀਂ ਕਰਾਂਗਾ’ ਜਾਂ ‘ਮੈਂ ਸੌਣ ਤੋਂ ਇੱਕ ਘੰਟਾ ਪਹਿਲਾਂ ਆਪਣੇ ਫੋਨ ਦੀ ਵਰਤੋਂ ਬੰਦ ਕਰ ਦਿਆਂਗਾ’ ਵਰਗੇ ਖ਼ਾਸ ਟੀਚੇ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰੋ। ਜੇਕਰ ਤੁਸੀਂ ਡੀਟੌਕਸ ਦੀ ਯੋਜਨਾ ਬਣਾ ਰਹੇ ਹੋ ਤਾਂ ਦੋਸਤਾਂ ਅਤੇ ਪਰਿਵਾਰ ਨੂੰ ਪਹਿਲਾਂ ਹੀ ਦੱਸੋ, ਖ਼ਾਸ ਕਰਕੇ ਜੇ ਤੁਸੀਂ ਕੁਝ ਸਮੇਂ ਲਈ ਪਹੁੰਚ ਤੋਂ ਬਾਹਰ ਹੋਣ ਦੀ ਉਮੀਦ ਕਰਦੇ ਹੋ।
ਡਿਜੀਟਲ ਡੀਟੌਕਸ ਤੁਹਾਡੇ ਦਿਮਾਗ਼ ਨੂੰ ਆਰਾਮ ਕਰਨ ਅਤੇ ਰੀਚਾਰਜ ਕਰਨ ਦਾ ਮੌਕਾ ਦਿੰਦਾ ਹੈ, ਬਰੇਕ ਤੋਂ ਬਾਅਦ ਤੁਹਾਡੇ ਅੰਦਰਲੇ ਰਚਨਾਤਮਕ ਪੱਖ ਨੂੰ ਬਾਹਰ ਲਿਆਉਣ ਵਿੱਚ ਸਹਾਇਤਾ ਕਰਦਾ ਹੈ। ਇਸ ਦੇ ਹੋਰ ਵੀ ਫਾਇਦੇ ਹਨ ਜਿਵੇਂ;
ਬਿਹਤਰ ਮਾਨਸਿਕ ਸਿਹਤ: ਚਿੰਤਾ, ਤਣਾਅ ਅਤੇ ਉਦਾਸੀ ਦੀਆਂ ਭਾਵਨਾਵਾਂ ਨੂੰ ਘਟਾਉਂਦਾ ਹੈ। ਸੋਸ਼ਲ ਮੀਡੀਆ ’ਤੇ ਤੁਲਨਾ ਅਤੇ FOMO (ਗੁੰਮ ਜਾਣ ਦਾ ਡਰ) ਦੇ ਚੱਕਰ ਨੂੰ ਤੋੜਦਾ ਹੈ।
ਨੀਂਦ ਦੀ ਗੁਣਵੱਤਾ ਵਿੱਚ ਸੁਧਾਰ: ਨੀਲੀ ਰੋਸ਼ਨੀ ਦੇ ਸੰਪਰਕ ਨੂੰ ਘਟਾਉਂਦਾ ਹੈ, ਜਿਸ ਨਾਲ ਤੁਹਾਨੂੰ ਜਲਦੀ ਸੌਣ ਵਿੱਚ ਮਦਦ ਮਿਲਦੀ ਹੈ। ਡੂੰਘੀ, ਵਧੇਰੇ ਆਰਾਮਦਾਇਕ ਨੀਂਦ ਨੂੰ ਉਤਸ਼ਾਹਿਤ ਕਰਦਾ ਹੈ।
ਮਜ਼ਬੂਤ ਰਿਸ਼ਤੇ: ਅਸਲ ਆਹਮੋ-ਸਾਹਮਣੇ ਗੱਲਬਾਤ ਨੂੰ ਉਤਸ਼ਾਹਿਤ ਕਰਦਾ ਹੈ। ਪਰਿਵਾਰ ਅਤੇ ਦੋਸਤਾਂ ਨਾਲ ਗੁਣਵੱਤਾ ਵਾਲਾ ਸਮਾਂ ਵਧਾਉਂਦਾ ਹੈ।
ਉਤਪਾਦਕਤਾ: ਭਟਕਣਾਵਾਂ ਨੂੰ ਘੱਟ ਕਰਦਾ ਹੈ। ਤੁਹਾਨੂੰ ਕੰਮਾਂ ਜਾਂ ਪੜ੍ਹਾਈ ’ਤੇ ਬਿਹਤਰ ਢੰਗ ਨਾਲ ਧਿਆਨ ਕੇਂਦਰਿਤ ਕਰਨ ਵਿੱਚ ਮਦਦ ਕਰਦਾ ਹੈ।
ਰਚਨਾਤਮਕਤਾ ਅਤੇ ਮਾਨਸਿਕਤਾ ਵਿੱਚ ਵਾਧਾ: ਤੁਹਾਡੇ ਦਿਮਾਗ਼ ਨੂੰ ਸੁਤੰਤਰ ਅਤੇ ਰਚਨਾਤਮਕ ਢੰਗ ਨਾਲ ਸੋਚਣ ਲਈ ਜਗ੍ਹਾ ਦਿੰਦਾ ਹੈ। ਵਰਤਮਾਨ ਪਲ ਵਿੱਚ ਜਿਊਣ ਲਈ ਉਤਸ਼ਾਹਿਤ ਕਰਦਾ ਹੈ।
ਬਿਹਤਰ ਸਰੀਰਕ ਸਿਹਤ: ਸਕਰੀਨ ਸਮੇਂ ਤੋਂ ਅੱਖਾਂ ਦੇ ਦਬਾਅ ਅਤੇ ਗਰਦਨ/ਪਿੱਠ ਦੇ ਦਰਦ ਨੂੰ ਘਟਾਉਂਦਾ ਹੈ। ਸਰੀਰਕ ਗਤੀਵਿਧੀ ਅਤੇ ਬਾਹਰੀ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦਾ ਹੈ।
ਅੱਜ ਦੇ ਸੰਸਾਰ ਵਿੱਚ ਸੰਤੁਲਿਤ ਅਤੇ ਸੰਪੂਰਨ ਜੀਵਨ ਬਣਾਈ ਰੱਖਣ ਲਈ ਸਕਰੀਨਾਂ ਅਤੇ ਡਿਜੀਟਲ ਉਪਕਰਨਾਂ ਤੋਂ ਸਮਾਂ ਕੱਢਣਾ ਜ਼ਰੂਰੀ ਹੈ। ਭਾਵੇਂ ਇਹ ਕੁਝ ਘੰਟਿਆਂ ਲਈ ਹੋਵੇ ਜਾਂ ਲੰਬੇ ਸਮੇਂ ਲਈ ਡਿਜੀਟਲ ਭਟਕਣਾਵਾਂ ਤੋਂ ਡਿਸਕਨੈਕਟ ਕਰਨਾ ਤੁਹਾਨੂੰ ਅਸਲ ਦੁਨੀਆ ਨਾਲ ਦੁਬਾਰਾ ਜੁੜਨ, ਉਤਪਾਦਕਤਾ ਅਤੇ ਮਾਨਸਿਕਤਾ ਨੂੰ ਬਹਾਲ ਕਰਨ ਵਿੱਚ ਸਹਾਇਤਾ ਕਰ ਸਕਦਾ ਹੈ। ਸੋ, ਸਕਰੀਨ ਤੋਂ ਦੂਰ ਰਹਿਣ ਦੀਆਂ ਖ਼ੁਸ਼ੀਆਂ ਨੂੰ ਮਾਣਨ ਲਈ ਸਾਨੂੰ ਸਾਰਿਆਂ ਨੂੰ ਹੀ ਡਿਜੀਟਲ ਡੀਟੌਕਸ ਹਫ਼ਤੇ ਵਿੱਚ ਇੱਕ ਦਿਨ ਜ਼ਰੂਰ ਅਜ਼ਮਾਉਣਾ ਚਾਹੀਦਾ ਹੈ।
ਸੰਪਰਕ: 94655-76022