ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਮੁਹਾਵਰਾ ਸ਼ੈਲੀ ਦਾ ਗੀਤਕਾਰ ਦੀਦਾਰ ਸੰਧੂ

ਭੋਲਾ ਸਿੰਘ ਸ਼ਮੀਰੀਆ ਖ਼ੂਬਸੂਰਤ ਵਿਚਾਰ ਖ਼ੂਬਸੂਰਤ ਸ਼ਬਦਾਂ ਨੂੰ ਜਨਮ ਦਿੰਦੇ ਹਨ। ਖ਼ੂਬਸੂਰਤ ਸ਼ਬਦ ਜਦੋਂ ਕਿਸੇ ਫਿਕਰੇ ਦਾ ਸ਼ਿੰਗਾਰ ਬਣਦੇ ਹਨ ਤਾਂ ਉਹ ਫਿਕਰਾ ਵੀ ਆਮ ਤੋਂ ਖ਼ਾਸ ਬਣ ਜਾਂਦਾ ਹੈ। ਅਜਿਹੇ ਫਿਕਰੇ ਜਦੋਂ ਕਾਗਜ਼ ਦੀ ਹਿੱਕ ’ਤੇ ਪੈਰ ਧਰਦੇ...
Advertisement

ਭੋਲਾ ਸਿੰਘ ਸ਼ਮੀਰੀਆ

ਖ਼ੂਬਸੂਰਤ ਵਿਚਾਰ ਖ਼ੂਬਸੂਰਤ ਸ਼ਬਦਾਂ ਨੂੰ ਜਨਮ ਦਿੰਦੇ ਹਨ। ਖ਼ੂਬਸੂਰਤ ਸ਼ਬਦ ਜਦੋਂ ਕਿਸੇ ਫਿਕਰੇ ਦਾ ਸ਼ਿੰਗਾਰ ਬਣਦੇ ਹਨ ਤਾਂ ਉਹ ਫਿਕਰਾ ਵੀ ਆਮ ਤੋਂ ਖ਼ਾਸ ਬਣ ਜਾਂਦਾ ਹੈ। ਅਜਿਹੇ ਫਿਕਰੇ ਜਦੋਂ ਕਾਗਜ਼ ਦੀ ਹਿੱਕ ’ਤੇ ਪੈਰ ਧਰਦੇ ਹਨ ਤਾਂ ਕਾਗਜ਼ ਵੀ ਸ਼ਰਧਾ ਦਾ ਪਾਤਰ ਬਣ ਜਾਂਦਾ ਹੈ। ਜਿਸ ਕਲਾਕਾਰ ਨੂੰ ਇਹ ਸੁਭਾਗ ਪ੍ਰਾਪਤ ਹੁੰਦਾ ਹੈ, ਉਹ ਨਿੱਜ ਨਾਲੋਂ ਟੁੱਟ ਜਾਂਦਾ ਹੈ ਤੇ ਲੋਕ-ਗੀਤਾਂ ਵਾਂਗ ਲੋਕਾਂ ਦਾ ਬਣ ਜਾਂਦਾ ਹੈ। ਇਹ ਮੌਕਾ ਦੀਦਾਰ ਸੰਧੂ ਨੂੰ ਮਿਲਿਆ। ਜਿਉਂ ਹੀ ਲੋਕਾਂ ਨੇ ਦੀਦਾਰ ਦਾ ਦੀਦਾਰ ਪਾਇਆ ਤਾਂ ਦੀਦਾਰ ਨੇ ਪੰਜਾਬੀ ਸੱਭਿਆਚਾਰ ਵਿਚਲੇ ਗੁਆਚੇ ਨਕਸ਼ਾਂ, ਵਲਵਲਿਆਂ, ਸੂਖਮ ਭਾਵਾਂ, ਮੁਹਾਵਰਿਆਂ, ਅਖਾਣਾਂ ਤੇ ਵਿਅੰਗਾਂ ਦਾ ਨਿਵੇਕਲੇ ਢੰਗਾਂ ਨਾਲ ਦੀਦਾਰ ਕਰਵਾਇਆ।

Advertisement

ਦੀਦਾਰ ਸਮਾਜਿਕ ਤੌਰ ’ਤੇ ਪੇਂਡੂ ਸੱਭਿਆਚਾਰ ਨਾਲ ਕਾਫ਼ੀ ਵਾਹ-ਵਾਸਤਾ ਰੱਖਦਾ ਸੀ। ਪਿੰਡ ਦਾ ਸਰਪੰਚ ਹੋਣ ਕਰਕੇ ਉਸ ਕੋਲ ਪੇਂਡੂ ਵਰਤਾਰਿਆਂ ਦਾ ਬਹੁਤ ਅਨੁਭਵ ਸੀ। ਦੀਦਾਰ ਨੇ ਆਪਣੇ ਗੀਤਾਂ ਵਿੱਚ ਕਲਾਮਈ ਢੰਗ ਨਾਲ ਕਹਾਵਤਾਂ, ਅਖਾਉਤਾਂ, ਅਲੰਕਾਰਾਂ ਤੇ ਅਖਾਣਾਂ ਦੀ ਰੱਜ ਕੇ ਵਰਤੋਂ ਕੀਤੀ ਹੈ। ਜੇ ਬਾਬੂ ਸਿੰਘ ਮਾਨ ਦੇ ਗੀਤਾਂ ਵਿੱਚ ਪੰਜਾਬ ਦੇ ਪਿੰਡ ਬੋਲਦੇ ਹਨ ਤਾਂ ਦੀਦਾਰ ਦੇ ਗੀਤਾਂ ਵਿੱਚ ਪੰਜਾਬੀਅਤ ਬੋਲਦੀ ਹੈ। ਦੀਦਾਰ ਸੰਧੂ, ਬਾਬੂ ਸਿੰਘ ਮਾਨ ਦੀ ਗੀਤ-ਸ਼ੈਲੀ ਤੋਂ ਬਹੁਤ ਪ੍ਰਭਾਵਿਤ ਸੀ। ਉਹ ਦੋਵੇਂ ਆਪਸ ਵਿੱਚ ਗੂੜ੍ਹੇ ਦੋਸਤ ਹੀ ਨਹੀਂ ਸਨ ਸਗੋਂ ਉਨ੍ਹਾਂ ਦੋਹਾਂ ਵਿੱਚ ਬਹੁਤ ਕੁਝ ਮਿਲਦਾ-ਜੁਲਦਾ ਸੀ। ਇਨ੍ਹਾਂ ਦੋਹਾਂ ਦਾ ਜਨਮ ਇੱਕੋ ਸਾਲ (1942) ਵਿੱਚ ਹੋਇਆ। ਦੋਹਾਂ ਨੇ ਪਿੰਡ ਦੀ ਸਰਪੰਚੀ ਕੀਤੀ। ਦੋਹਾਂ ਦੀ ਗੀਤਕਾਰੀ ਨੂੰ ਲੋਕਾਂ ਨੇ ਰੱਜ ਕੇ ਮਾਣਿਆ। ਦੋਹਾਂ ਗੀਤਕਾਰਾਂ ਦਾ ਕੋਈ ਵੀ ਗੀਤ ਫਲਾਪ ਨਹੀਂ ਹੋਇਆ। ਦੋਹਾਂ ਗੀਤਕਾਰਾਂ ਦੇ ਗੀਤ ਗਾ ਕੇ ਕੋਈ ਵੀ ਕਲਾਕਾਰ ਨਿਰਾਸ਼ ਨਹੀਂ ਹੋਇਆ। ਦੀਦਾਰ ਦੇ ਗੀਤਾਂ ਦੀ ਸ਼ੈਲੀ ਜ਼ਿਆਦਾ ਕਰਕੇ ਕਬਿੱਤ ਵਰਗੀ ਹੈ। ਇਸ ਨੂੰ ਪੜ੍ਹਨ ਸਮੇਂ ਵਾਰਤਕ ਦਾ ਭੁਲੇਖਾ ਪੈਂਦਾ ਹੈ। ਦੀਦਾਰ ਦੇ ਗੀਤ ਪੜ੍ਹਨ ਸਮੇਂ ਪ੍ਰੋ. ਪੂਰਨ ਸਿੰਘ ਦੀ ਖੁੱਲ੍ਹੀ ਕਵਿਤਾ ਵਰਗੇ ਲੱਗਦੇ ਹਨ, ਪ੍ਰੰਤੂ ਜਦੋਂ ਦੀਦਾਰ ਖ਼ੁਦ ਗਾਉਂਦਾ ਹੈ ਤਾਂ ਗੀਤ ਦੀ ਭਾਵਨਾ ਵਰਗੀ ਤਰਜ਼ ਬਣਾ ਕੇ ਲੋਹੜੇ ਦਾ ਰੂਪ ਚਾੜ੍ਹ ਦਿੰਦਾ ਹੈ।

ਦੀਦਾਰ ਦੇ ਗੀਤਾਂ ਦੀਆਂ ਨਾਇਕਾਵਾਂ ਵਿਸਕੀ ਦੇ ਪੈੱਗ ਵਰਗੀਆਂ, ਪੁੰਨਿਆ ਦੀ ਰਾਤ ਵਰਗੀਆਂ ਜਾਂ ਝੱਗ ਦੇ ਬੁਲਬੁਲ੍ਹੇ ਵਰਗੀਆਂ ਹਨ। ਉਸ ਦੇ ਗੀਤਾਂ ਵਿੱਚ ਇੱਕ ਤੜਫ, ਇੱਕ ਪੀੜ ਸਦਾ ਧੜਕਦੀ ਦਿਖਾਈ ਦਿੰਦੀ ਹੈ। ਜਿੰਨੇ ਮੁਹਾਵਰੇ ਤੇ ਅਲੰਕਾਰ ਉਸ ਨੇ ਆਪਣੇ ਗੀਤਾਂ ਵਿੱਚ ਵਰਤੇ ਹਨ ਸ਼ਾਇਦ ਹੀ ਕਿਸੇ ਗੀਤਕਾਰ ਨੇ ਵਰਤੇ ਹੋਣ। ਹੇਠਾਂ ਦੋ ਲਾਈਨਾਂ ਦੇ ਬੰਦ ਵਿੱਚ ਚਾਰ ਅਖਾਣਾਂ ਨੂੰ ਕਲਾਤਮਕ ਢੰਗ ਨਾਲ ਇਉਂ ਫਿੱਟ ਕੀਤਾ ਹੈ ਜਿਵੇਂ ਕੋਈ ਸੁਨਿਆਰਾ ਮੋਤੀਆਂ ਨੂੰ ਹਾਰ ਵਿੱਚ ਪਰੋਂਦਾ ਹੈ;

ਰੰਗ ਵਿੱਚ ਭੰਗ ਪਾਉਣ ਵਾਲੀਆਂ ਬਲਾਵਾਂ

ਤੂੰ ਦੁਪਹਿਰਾ ਕੱਟ ਜਾਣ ਲਈ ਬੁਲਾ ਲਈਆਂ।

ਜੀਹਦੇ ਚੱਟੇ ਹੁੰਦੇ ਕਦੇ ਰੁੱਖ ਵੀ ਨਾ ਹਰੇ

ਉਹਤੋਂ ਹੱਥਾਂ ਦੀਆਂ ਤਲੀਆਂ ਚਟਾ ਲਈਆਂ।

ਉਪਰੋਕਤ ਦੋ ਲਾਈਨਾਂ ਦੇ ਬੰਦ ਵਿੱਚ ‘ਰੰਗ ਵਿੱਚ ਭੰਗ ਪਾਉਣਾ’, ‘ਜਾਂਦੀਏ ਬਲਾਏ ਦੁਪਹਿਰਾ ਕੱਟ ਜਾ’, ‘ਚੱਟੇ ਹੋਏ ਰੁੱਖਾਂ ਦਾ ਹਰੇ ਨਾ ਹੋਣਾ’ ਅਤੇ ‘ਹੱਥਾਂ ਦੀਆਂ ਤਲੀਆਂ ਚਟਾਉਣੀਆਂ’ ਚਾਰ ਅਖਾਣਾਂ ਨੂੰ ਫਿੱਟ ਕਰਨਾ ਕਿਸੇ ਸੁਚੱਜੀ ਗੀਤਕਾਰੀ ਦਾ ਸਬੂਤ ਹੈ। ਉਹ ਮੁਹਾਵਰਿਆਂ ਦੇ ਨਾਲ-ਨਾਲ ਠੋਸ ਦਲੀਲਾਂ ਵਾਲੇ ਸੰਵਾਦ ਵੀ ਬਾਖ਼ੂਬੀ ਨਾਲ ਨਿਭਾਉਂਦਾ ਸੀ। ਉਸ ਦੇ ਗੀਤਾਂ ਵਿੱਚ ਸੁਆਲ ਤੇ ਜੁਆਬ ਵੀ ਤੜਕ-ਭੜਕ ਵਾਲੇ ਹਨ।

ਪਤਨੀ: ਠੇਕੇ ’ਤੇ ਜਾਇਆ ਨਾ ਕਰ।

ਪਤੀ : ਜੇ ਹੁਣ ਜਾਵਾਂ ਤਾਂ ਜਾਣੀ।

ਪਤਨੀ : ਅੱਜ ਕਾਹਤੋਂ ਪੀ ਕੇ ਆਇਐਂ।

ਪਤੀ : ਇਹ ਤਾਂ ਤੂੰ ਆਪ ਸਿਆਣੀ।

ਕਿਉਂਕਿ ਦੀਦਾਰ ਸੰਧੂ ਖ਼ੁਦ ਵੀ ਇੱਕ ਸਟੇਜੀ ਕਲਾਕਾਰ ਸੀ। ਸਟੇਜੀ ਪੇਸ਼ਕਾਰੀ ਲਈ ਪ੍ਰਭਾਵਸ਼ਾਲੀ ਵਾਰਤਾਲਾਪੀ ਅੰਦਾਜ਼ ਦਾ ਬੜਾ ਮਹੱਤਵ ਹੁੰਦਾ ਹੈ। ਸਰੋਤਿਆਂ ਵਿੱਚ ਰੌਚਕਿਤਾ ਬਣਾਈ ਰੱਖਣ ਲਈ ਰੌਚਿਕ ਸੰਵਾਦ ਦਾ ਹੋਣਾ ਬੜਾ ਜ਼ਰੂਰੀ ਹੁੰਦਾ ਹੈ। ਇਹ ਗੱਲ ਉਹ ਭਲੀਭਾਂਤ ਜਾਣਦਾ ਸੀ। ਸੰਵਾਦੀ ਗੀਤਾਂ ਦਾ ਉਹ ਸਫਲ ਗੀਤਕਾਰ ਸੀ। ਸਫਲ ਗੀਤਕਾਰ ਉਹ ਹੁੰਦਾ ਹੈ ਜੋ ਹਿੱਕ ਵਿੱਚ ਛੁਪੇ ਵਲਵਲਿਆਂ ਨੂੰ ਜੀਭ ਲਾ ਕੇ ਬੋਲਣ ਲਾ ਦੇਵੇ। ਪ੍ਰੇਮ ਦੋ ਧਿਰਾਂ ਵਿੱਚ ਹੋਇਆ ਇੱਕ ਸਮਝੌਤਾ ਹੁੰਦਾ ਹੈ, ਹੱਕ ਨਹੀਂ। ਸਾਡਾ ਸਮਾਜ ਸ਼ੁਰੂ ਤੋਂ ਹੀ ਮਰਦ-ਪ੍ਰਧਾਨ ਰਿਹਾ ਹੈ। ਮਰਦ ਵਾਲੇ ਪਾਸੇ ਪਿਆਰ ਦੀ ਅਵਸਥਾ ਵੀ ਇੱਕ ਮੋੜ ’ਤੇ ਜਾ ਕੇ ਕਬਜ਼ਾਮਈ ਬਣ ਜਾਂਦੀ ਹੈ। ਦੀਦਾਰ ਨੇ ਇਸ ਤਰ੍ਹਾਂ ਦੀ ਵੰਨਗੀ ਨੂੰ ਆਪਣੇ ਇੱਕ ਗੀਤ ਵਿੱਚ ਬਿਆਨਿਆ ਹੈ:

ਦੁੱਧ ਨਾਲੋਂ ਚਿੱਟੀਆਂ ਰਕਾਨਾਂ ਨੂੰ ਦੇਖਾਂ

ਢਾਕਾਂ ਨੰਗੀਆਂ ਲੁਕੋਂਦੀਆਂ ਨਾ ਲੱਕ ਨੀਂ।

ਪਰ ਮੈਨੂੰ ਇਹੋ ਹੀ ਖ਼ਿਆਲ ਮਾਰੀ ਜਾਂਦੈ

ਜਿਵੇਂ ਤੇਰੇ ਉੱਤੇ ਹੁੰਦੈ ਮੇਰਾ ਹੱਕ ਨੀਂ।

ਬੇਸ਼ੱਕ ਇਹ ਇੱਕ ਪ੍ਰੇਮੀ ਦਾ ਖ਼ਿਆਲ ਹੈ, ਪਰ ਖ਼ਿਆਲ ਵੀ ਕਬਜ਼ਾਮਈ ਬਣ ਜਾਂਦਾ ਹੈ। ਇਸ ਤਰ੍ਹਾਂ ਦੀ ਅੰਤਰਮੁਖੀ ਭਾਵਨਾ ਨੂੰ ਕੋਈ ਦੀਦਾਰ ਸੰਧੂ ਵਰਗਾ ਪਾਰਖੂ ਗੀਤਕਾਰ ਹੀ ਚਿਤਰ ਸਕਦਾ ਹੈ। ਅੰਦਰਲੀ ਧੜਕਦੀ ਵੇਦਨਾ ਦੀ ਥਾਹ ਵੀ ਉਹੀ ਗੀਤਕਾਰ ਪਾ ਸਕਦੈ ਜਿਸ ਦੀ ਕਲਪਨਾ-ਉਡਾਰੀ ਵੀ ਉੱਚੀ ਹੋਵੇ। ਜਿੰਨੀ ਉਸ ਦੀ ਕਲਪਨਾ ਖ਼ੁਬਸੂਰਤ ਹੋਵੇਗੀ, ਓਨਾ ਹੀ ਦ੍ਰਿਸ਼-ਚਿਤਰਨ ਖ਼ੂਬਸੂਰਤ ਚਿਤਰਿਆ ਜਾਵੇਗਾ। ਦੀਦਾਰ ਦੀ ਕਲਪਨਾ ਉਡਾਰੀ ਦੀ ਇੱਕ ਹੋਰ ਵੰਨਗੀ ਦੇਖੋ:

ਚੰਨ ਹੋ ਬਦਲੀ ਦੇ ਓਹਲੇ, ਕੰਨੀਆਂ ਨੂੰ ਇੰਝ ਰੁਸ਼ਨਾਵੇ।

ਕੋਈ ਗੋਟੇ ਵਾਲੀ ਚੁੰਨੀ, ਅੰਬਰ ’ਤੇ ਸੁੱਟ ਸੁਕਾਵੇ।

ਇਹ ਚਾਨਣ ਵਰਗਾ ਰਿਸ਼ਤਾ ਜੱਗ ਤੋਂ ਕਿਵੇਂ ਲੁਕੋਵੇਂਗਾ।

ਜਦ ਮੈਂ ਡੋਲੀ ਚੜ੍ਹਗੀ ਵੇ ਕੀਹਦੇ ਗਲ਼ ਲੱਗ ਰੋਵੇਂਗਾ।

ਦੀਦਾਰ ਸੰਧੂ ਕਿਸੇ ਗੀਤ ਦੀ ਸਿਰਜਣਾ ਕਰਦੇ ਸਮੇਂ ਕਲਪਨਾ ਉਡਾਰੀ ਦੇ ਨਾਲ ਕਈ ਵਾਰੀ ਨਸੀਹਤਾਂ ਨੂੰ ਵੀ ਫਿੱਟ ਕਰ ਦਿੰਦਾ ਹੈ। ਇਸ ਤਰ੍ਹਾਂ ਦੀ ਇੱਕ ਵੰਨਗੀ ਦੇਖੋ;

ਸ਼ਰਮਸਾਰ ਹੋ ਖਿਸਕੀ ਤੈਥੋਂ ਔਹ ਲਹਿੰਦੇ ਦੀ ਲਾਲੀ।

ਜੋਬਨ-ਰੁੱਤੇ ’ਕੱਲਿਆਂ ਰਹਿਣਾ ਨਹੀਂ ਖਤਰੇ ਤੋਂ ਖਾਲੀ।

ਉਹ ਭਾਵੇਂ ਜੱਟਾਂ ਨੂੰ ਮੂੜ-ਮੱਤ ਕਹਿ ਜਾਂਦਾ ਹੈ, ਪ੍ਰੰਤੂ ਫਿਰ ਵੀ ਉਸ ਨੂੰ ਆਪਣੇ ਜੱਟ ਹੋਣ ’ਤੇ ਮਾਣ ਸੀ। ਇਹ ਪ੍ਰਮਾਣ ਉੁਸ ਦੇ ਗੀਤਾਂ ਵਿੱਚੋਂ ਥਾਂ-ਥਾਂ ’ਤੇ ਮਿਲਦਾ ਹੈ;

ਸਰਘੀ ਦੇ ਵੇਲੇ ਵਰਗਾ ਸੁੱਚਾ ਦਿਲ ਮੇਰਾ ਕੁੜੀਏ।

ਦੱਸੀਂ ਨੀਂ ਕੌਣ ਜਾਣਦਾ ਜੱਟਾਂ ਦਾ ਜੇਰਾ ਕੁੜੀਏ।

ਲੱਖਾਂ ਦੇ ਕਰਦੇ ਲੇਖੇ, ਜੱਟਾਂ ਬਿਨ ਕਿਹੜਾ ਦੇਖੇ

ਘਰ ਫੂਕ ਕੇ ਤਮਾਸ਼ਾ ਟਾਵਾਂ-ਟਾਵਾਂ।

ਔਰਤ ਦੀ ਬੇਵਸੀ ਤੇ ਮਜਬੂਰੀ ਦੀਦਾਰ ਦੀ ਕਲਮ ’ਚੋਂ ਚੀਕਾਂ ਮਾਰਦੀ ਪ੍ਰਗਟ ਹੁੰਦੀ ਹੈ। ਔਰਤ ਨੂੰ ਸ਼ਰਾਬ ਦੀ ਸੁਰਾਹੀ ਦੇ ਪ੍ਰਸੰਗ ਵਜੋਂ ਦੀਦਾਰ ਨੇ ਆਪਣੇ ਇੱਕ ਗੀਤ ਵਿੱਚ ਪਰੋਇਆ ਹੈ। ਔਰਤ ਆਪਣਾ ਦਰਦ ਬਿਆਨਦੀ ਹੋਈ ਕਹਿੰਦੀ ਹੈ ਬੇਸ਼ੱਕ ਮੇਰੇ ਹੁਸਨ ਦੇ ਦਲਾਲ ਮੇਰੇ ਬੂਹੇ ’ਤੇ ਆਉਂਦੇ ਹਨ, ਪਰ ਇਸ ਵਰਤਾਰੇ ਨਾਲ ਮੈਂ ਇੱਕ ਦਿਨ ਸਮਾਜ ਦੀਆਂ ਨਜ਼ਰਾਂ ਵਿੱਚ ਬੇਕਦਰੀ ਤੇ ਦੁਰਕਾਰੀ ਜਾਵਾਂਗੀ। ਇਸ ਤਰ੍ਹਾਂ ਦੀਦਾਰ ਨੇ ਔਰਤ ਦੀ ਹੋਣੀ ਦੇ ਭਵਿੱਖ ਨੂੰ ਗੀਤਾਂ ਵਿੱਚ ਦਰਸਾਇਆ ਹੈ;

ਜਿੱਥੇ ਮੇਰੀ ਆਉਣੀ ਜਾਣੀ ਐਂ, ਉੱਥੋਂ ਫਿਟਕਾਰੀ ਜਾਊਂਗੀ।

ਜਿਨ੍ਹਾਂ ਨੂੰ ਦੁਰਲੱਭ ਲੱਗਦੀ ਹਾਂ, ਉੱਥੋਂ ਦੁਰਕਾਰੀ ਜਾਊਂਗੀ।

ਬਸ ਪੱਲੇ ਮੇਰੇ ਰਹਿ ਜੂਗੀ ਮੇਰੇ ਐਬਾਂ ਦੀ ਮਜਬੂਰੀ।

ਇਸੇ ਤਰ੍ਹਾਂ ਦੀ ਇੱਕ ਹੋਰ ਵੰਨਗੀ ਦੇਖੋ ਜੋ ਔਰਤ ਦੇ ਭਰਿਆੜ ਹੋਏ ਜਜ਼ਬਾਤਾਂ ਦੀ ਤਰਜ਼ਮਾਨੀ ਕਰਦੀ ਹੈ। ਪੁਰਸ਼ ਦੀ ਪ੍ਰਧਾਨਗੀ ਤੇ ਔਰਤ ਦੀ ਬੇਵਸੀ ਪ੍ਰਤੱਖ ਨਜ਼ਰ ਆਉਂਦੀ ਹੈ। ਦੂਰ ਵਿਆਹੀ ਔਰਤ ਪੁਰਸ਼ ਦੇ ਜਬਰ ਦਾ ਸ਼ਿਕਾਰ ਹੁੰਦੀ ਹੈ। ਸਰੀਰਕ ਪੀੜਾ ਦੇ ਨਾਲ ਉਸ ਨੂੰ ਆਪਣੇ ਪੇਕਿਆਂ ਦੀ ਦੂਰੀ ਵੀ ਚਸਕਾਂ ਮਾਰਨ ਲੱਗ ਪੈਂਦੀ ਹੈ। ਇੱਕ ਪੁਰਸ਼ ਹੁੰਦਿਆਂ ਔਰਤ ਦੇ ਅੰਦਰਲੇ ਭਾਵਾਂ ਨੂੰ ਦੀਦਾਰ ਸੰਧੂ ਇਉਂ ਬਿਆਨ ਕਰਦਾ ਹੈ;

ਜ਼ਖਮਾਂ ਦੇ ਹੁਣ ਹੌਲੀ-ਹੌਲੀ ਬਣਦੇ ਜਾਣ ਨਸੂਰ।

ਵੇ ਨਾ ਮਾਰ ਜ਼ਾਲਮਾਂ ਵੇ ਪੇਕੇ ਤੱਤੜੀ ਦੇ ਦੂਰ।

ਜਿੱਥੇ ਦੀਦਾਰ ਦੇ ਗੀਤਾਂ ਵਿੱਚ ਲੋਹੜੇ ਦੀ ਰਵਾਨਗੀ ਹੈ, ਉੱਥੇ ਕਈ ਸੂਖਮ ਅਨੁਭਵ ਵੀ ਦੇਖਣ ਨੂੰ ਮਿਲਦੇ ਹਨ। ਔਰਤ-ਮਰਦ ਵਿੱਚ ਮਿਠਾਸ ਭਰੀ ਨੋਕ-ਝੋਕ ਵੀ ਦੀਦਾਰ ਦੇ ਗੀਤਾਂ ਵਿੱਚ ਇੱਕ ਵਿਸ਼ੇਸ਼ ਵੰਨਗੀ ਵਜੋਂ ਪੇਸ਼ ਹੁੰਦੀ ਹੈ;

ਜੇ ਮੈਂ ਸੁੱਤੇ ਨੂੰ ਜਗਾਵਾਂ ਭੈੜਾ ਰੁੱਸ-ਰੁੱਸ ਬਹਿੰਦਾ।

ਜਿਵੇਂ ਕੱਚੀ ਨੀਂਦੇ ਕਿਸੇ ਦਾ ਜਵਾਕ ਉੱਠ ਪੈਂਦਾ।

ਭਰੀ ਪੀਤੀ...ਚੁੱਪ ਕੀਤੀ...ਘੁੰਡ ਵਿੱਚ ਲੁਕ ਗਈ।

ਮੇਰੀ ਮਾਹੀ ਮਾਹੀ ਕਹਿੰਦੀ ਦੀ ਜ਼ੁਬਾਨ ਸੁੱਕ ਗਈ।

‘ਕੱਚੀ ਨੀਂਦੇ’ ਬੱਚੇ ਦੇ ਉੱਠਣ ਵਰਗੇ ਅਨੁਭਵ ਨੂੰ ਆਪਣੇ ਗੀਤਾਂ ਵਿੱਚ ਪਰੋਣਾ ਕਿਸੇ ਅਨੁਭਵੀ ਗੀਤਕਾਰ ਵੱਲ ਇਸ਼ਾਰਾ ਕਰਦਾ ਹੈ। ਸਿਰਫ਼ ਏਹੀ ਨਹੀਂ ਹੋਰ ਵੀ ਅਨੇਕਾਂ ਪੇਂਡੂ ਲਹਿਜੇ ਵਾਲੇ ਅਨੁਭਵ ਹਨ, ਜਿਨ੍ਹਾਂ ਦਾ ਜ਼ਿਕਰ ਦੀਦਾਰ ਸੰਧੂ ਨੇ ਆਪਣੇ ਗੀਤਾਂ ਵਿੱਚ ਬਾਖ਼ੂਬੀ ਨਾਲ ਕੀਤਾ ਹੈ। ਜੁਆਨੀ ਦਾ ‘ਛਿੱਟਿਆਂ ਦੇ ਬੂਰ ਵਾਂਗੂੰ ਝੜਨਾ’ ਤੇ ‘ਰੂਪ ਦੀ ਖੁਮਾਰੀ ਦਾ ਭੰਗ ਦੇ ਪਿਆਲੇ ਵਾਂਗੂੰ ਚੜ੍ਹਨਾ’ ਆਦਿ ਪੇਂਡੂ ਲਹਿਜੇ ਵਾਲੇ ਸ਼ਬਦਾਂ ਨੂੰ ਦੀਦਾਰ ਨੇ ਆਪਣੇ ਗੀਤਾਂ ਵਿੱਚ ਪਰੋਇਆ ਹੈ।

ਵੇਖ ਲੈ ਜੁਆਨੀ ਸਾਡੀ ਤੇਰੇ ਵੱਲ ਵੇਖ-ਵੇਖ,

ਛਿੱਟਿਆਂ ਦੇ ਬੂਰ ਵਾਂਗੂੰ ਝੜਗੀ।

* * *

ਸੱਚ ਜਾਣੀ ਬਿੱਲੋ ਤੇਰੇ ਰੂਪ ਦੀ ਖੁਮਾਰੀ

ਸਾਨੂੰ ਭੰਗ ਦੇ ਪਿਆਲੇ ਵਾਂਗੂੰ ਚੜ੍ਹਗੀ।

ਨੀਂ ਸੁਰਮਾ ਪੰਜ ਰੱਤੀਆਂ ਪਾ ਕੇ ਮੋੜ ’ਤੇ ਖੜ੍ਹਗੀ।

ਅਖਾਣਾਂ, ਅਖਾਉਤਾਂ ਤੇ ਮੁਹਾਵਰਿਆਂ ਤੋਂ ਬਿਨਾਂ ਉਸ ਦੀ ਬਿੰਬਾਵਲੀ ਵੀ ਕਮਾਲ ਦੀ ਹੈ ਤੇ ਉਸ ਦੀ ਸ਼ਬਦਾਵਲੀ ਵੀ ਧੜੱਲੇਦਾਰ ਹੈ। ਉਸ ਦੀ ਸ਼ਬਦਾਵਲੀ ਨਿਰੋਲ ਪੇਂਡੂ ਲਹਿਜੇ ਵਾਲੀ ਹੋਣ ਕਰਕੇ ਪੇਂਡੂ ਹਲਕੇ ਦੀਦਾਰ ਦੇ ਗੀਤਾਂ ਨੂੰ ਝੱਟ ਪ੍ਰਵਾਨ ਕਰ ਲੈਂਦੇ ਹਨ। ਜ਼ਿੰਦਗੀ ਵਿੱਚ ਇੱਕ ਉਮਰ ਅਜਿਹੀ ਵੀ ਆਉਂਦੀ ਹੈ, ਜਦੋਂ ਕਿਸੇ ਦੀ ਯਾਦ ਵਿੱਚ ਰੋਣਾ ਵੀ ਸੁਆਦ ਦਿੰਦਾ ਹੈ। ਜਿਵੇਂ-ਜਿਵੇਂ ਰੋਣ ਦੀ ਅਵਸਥਾ ਵਧਦੀ ਜਾਂਦੀ ਹੈ, ਦੇਹੀ ਹੋਰ ਸੁਆਦ-ਸੁਆਦ ਹੁੰਦੀ ਜਾਂਦੀ ਹੈ। ਮਾਹੀ ਦੇ ਵਿਛੋੜੇ ਵਾਲੀ ਤੜਫ਼ ਨੂੰ ਇੱਕ ਸੁਫ਼ਨੇੇ ਰਾਹੀਂ ਦੀਦਾਰ ਨੇ ਬੜੀ ਸ਼ਿੱਦਤ ਨਾਲ ਬਿਆਨਿਆ ਹੈ;

ਜੇ ਉਹ ਮਿਲੇ ਸੁੱਤੀ ਨੂੰ, ਜਾਗਾਂ ਤੇ ਤੁਰ ਜਾਏ ਨੀਂ।

ਨੀਂ ਮੈਂ ਸੁੱਤੀ ਰਹਿ ਜਾਂ, ਨੀਂਦ ਸਦਾ ਦੀ ਆਏ ਨੀਂ।

ਮੈਂ ਉਸ ਲਈ ਕਰਕੇ ਪੈਣਾ ਜਿੰਦ ਵਿਛਾਉਣਾ ਨੀਂ।

ਮੈਨੂੰ ਅੱਜ ਸੁਪਨੇ ਵਿੱਚ ਮਿਲਣ ਮਾਹੀ ਨੇ ਆਉਣਾ ਨੀਂ।

ਇਸ਼ਕ ਠੋਕਰਾਂ ਨਾਲ ਹੀ ਸੁਆਦ ਦਿੰਦਾ ਹੈ। ਜੁਆਨੀ ਪਹਿਰੇ ਵੱਜੀ ਠੋਕਰ ਹੀ ਕਿਸੇ ਆਸ਼ਕ ਦੀ ਜ਼ਿੰਦਗੀ ਦਾ ਇਮਤਿਹਾਨ ਬਣਦੀ ਹੈ। ਅਜਿਹੇ ਹਾਲਾਤ ਦੀ ਪੇਸ਼ਕਾਰੀ ਸਮੇਂ ਦੀਦਾਰ ਕਈ ਸ਼ਬਦ ਅਜਿਹੇ ਵਰਤਦਾ ਹੈ, ਜਿਨ੍ਹਾਂ ਨੂੰ ਪੰਜਾਬੀ ਸ਼ਬਦਕੋਸ਼ ਵਿੱਚੋਂ ਵੀ ਨਹੀਂ ਲੱਭਿਆ ਜਾ ਸਕਦਾ।

ਜਦ ਟੁੱਟਦਾ ਮਾਣ ਜਵਾਨੀ ਦਾ

ਮੁੱਢ ਬੱਝਦਾ ਕਿਸੇ ਕਹਾਣੀ ਦਾ

ਇੱਕ ਹਾਨਣ ਕਹਿੰਦੀ ਹਾਣੀ ਨੂੰ...ਬਟੀਲੂੰ।

‘ਬਟੀਲੂੰ’ ਦੇ ਡੂੰਘੇ ਅਰਥਾਂ ਨੂੰ ਸਿਰਫ਼ ਦੀਦਾਰ ਹੀ ਦੱਸ ਸਕਦਾ ਹੈ। ਜੇਕਰ ‘ਬਟੀਲੂੰ’ ਸ਼ਬਦ ਦੇ ਅਰਥ ਦੀਦਾਰ ਨੇ ਨਾ ਦੱਸੇ ਹੁੰਦੇ ਤਾਂ ਸ਼ਾਇਦ ਇਹ ਸ਼ਬਦ ਵੀ ਸਾਰੀ ਉਮਰ ਭੇਤ ਹੀ ਬਣਿਆ ਰਹਿਣਾ ਸੀ।

ਦੀਦਾਰ ਦੀ ਕਲਮ ਗੀਤਾਂ ਦੇ ਬਹਾਨੇ ਨਸੀਹਤਾਂ ਤੇ ਸੱਚਾਈਆਂ ਦੀ ਮਾਲਾ ਵੀ ਪਰੋ ਜਾਂਦੀ ਹੈ। ਉਸ ਦੇ ਗੀਤ ਮੌਜੂਦਾ ਮਾਹੌਲ ਦੇ ਚਿੱਟੇ ਹੋਏ ਖੂਨ ਨੂੰ ਇੱਕ ਨਿਹੋਰਾ ਵੀ ਮਾਰਦੇ ਹਨ;

ਸੇਵਾ ਨਾਲ ਮੇਵਾ ਕਹਿੰਦੇ ਮਿਲਦਾ ਰਕਾਨੇ

ਏਸ ਗੱਲ ਨੂੰ ਤਾਂ ਤੂੰ ਵੀ ਹੋਣੀ ਜਾਣਦੀ।

ਬੁੱਢੇ ਮਾਂ-ਬਾਪ ਘਰੇ ਹੋਣ ਜੇ ਜਿਊਂਦੇ

ਕਿਹੜੀ ਲੋੜ ਧੱਕੇ ਤੀਰਥਾਂ ’ਤੇ ਖਾਣ ਦੀ।

ਸਾਰਾ ਆਖਦਾ ਜਹਾਨ, ਘਰ ਹੁੰਦਾ ਬੀਆ ਬਾਨ

ਭੁੱਖ-ਨੰਗ ਦੀ ਕਲੇਸ਼ ਹੁੰਦਾ ਜੜ ਨੀਂ।

ਦੜ ਵੱਟ ਕੇ ਗੁਜ਼ਾਰਾ ਕਰ ਨੀਂ।

ਗੀਤਾਂ ਵਿਚਲੇ ਪਾਤਰਾਂ ਦੀ ਪਾਤਰ-ਉਸਾਰੀ ਦੀਦਾਰ ਇਉਂ ਕਰਦਾ ਹੈ ਜਿਵੇਂ ਚੀਕਣੀ ਮਿੱਟੀ ਦਾ ਬੁੱਤ ਉਸਾਰ ਦਿੱਤਾ ਹੋਵੇ ਤੇ ਉਸ ਦੇ ਨਕਸ਼ ਜਿਵੇਂ ਇਸ਼ਾਰੇ ਕਰਦੇ ਨਜ਼ਰ ਆਉਂਦੇ ਹੋਣ। ਇੱਕ ਸੁਨੱਖੀ ਮੁਟਿਆਰ ਦੇ ਅੰਗਾਂ ਦੀ ਤਾਰੀਫ਼ ਕਰਦਾ ਦੀਦਾਰ ਇਉਂ ਲਿਖਦਾ ਹੈ;

ਤੇਰੇ ਹੋਂਠ ਗੁਲਾਬੀ ਪੰਖੜੀਆਂ

ਤੇਰੇ ਨਕਸ਼ ਸਲਾਈਆਂ ਵਰਗੇ ਨੇ।

ਤੇਰੇ ਨੈਣ ਖਿੜੇ ਫੁੱਲ ਨਰਗਸ ਦੇ

ਜਿਵੇਂ ਸਕਿਆਂ ਭਾਈਆਂ ਵਰਗੇ ਨੇ।

ਉਹ ਸਮਾਜ ਵਿਚਲੇ ਕੌੜੇ ਸੱਚ ਨੂੰ ਵੀ ਕਹਿਣੋ ਨਹੀਂ ਹਟਦਾ। ਥਾਣਿਆਂ ਵਿੱਚ ਫੈਲੇ ਭ੍ਰਿਸ਼ਟਾਚਾਰ ਨੂੰ ਇੱਕ ਕੋਝੇ ਵਿਅੰਗ ਰਾਹੀਂ ਇਉਂ ਪ੍ਰਗਟ ਕਰਦਾ ਹੈ;

ਮਰ ਜਾਏ ਕਤੂਰਾ ਲੁੱਚੇ ਦਾ

ਸਾਰਾ ਪਿੰਡ ਸੋਗ ਮਨਾਉਂਦਾ ਹੈ।

ਪਰ ਜਿਸ ਦਿਨ ਲੁੱਚਾ ਮਰ ਜਾਂਦਾ,

ਕੋਈ ਘਰ ਵਿੱਚ ਪੈਰ ਨਾ ਪਾਉਂਦਾ ਹੈ।

ਹਰ ਪਾਸੇ ਚੌਧਰ ਤਕੜੇ ਦੀ, ਮਾੜੇ ਨੂੰ ਧੱਕੇ ਪੈਂਦੇ ਨੇ।

ਹੁਣ ਤਾਂ ਥਾਣੇਦਾਰ ਵੀ

ਦਫ਼ਤਰ ਦੇ ਵਿੱਚ ਧੂੁਫ਼ ਧੁਖਾ ਕੇ ਬਹਿੰਦੇ ਨੇ।

ਪੰਜਾਬੀ ਸੱਭਿਆਚਾਰ ਦਾ ਇਹ ਧਰੂ ਤਾਰਾ ਸਿਖਰਲੇ ਟੰਬੇ ’ਤੇ ਪੁੱਜ ਕੇ ਵਾਪਸ ਆਉਣ ਦੀ ਬਜਾਏ ਉੱਪਰ ਹੀ ਚਲਾ ਗਿਆ। ਵਧਾਈ ਦੇ ਪਾਤਰ ਹਨ ਮੁਹੰਮਦ ਸਦੀਕ ਜਿਨ੍ਹਾਂ ਦੀ ਉਸਤਾਦੀ ਖਰੀ ਉਤਰੀ ਹੈ। ਮੁਹੰਮਦ ਸਦੀਕ ਵੀ ਦੀਦਾਰ ਨੂੰ ਆਪਣੇ ਭਰਾਵਾਂ ਵਾਂਗ ਹੀ ਸਮਝਦਾ ਸੀ। ਦੀਦਾਰ ਪਹਿਲਾਂ ਸਿਰਫ਼ ਗੀਤ ਲਿਖਦਾ ਸੀ। ਉਸ ਦਾ ਪਹਿਲਾ ਗੀਤ ਨਰਿੰਦਰ ਬੀਬਾ ਨੇ ਰਿਕਾਰਡ ਕਰਵਾਇਆ। ਬਾਅਦ ਵਿੱਚ ਉਸ ਦੇ ਗੀਤ ਮੁਹੰਮਦ ਸਦੀਕ ਨੇ ਵੀ ਰਿਕਾਰਡ ਕਰਵਾਏ। ਮੁਹੰਮਦ ਸਦੀਕ ਨੂੰ ਉਸਤਾਦ ਧਾਰਨ ਤੋਂ ਬਾਅਦ ਦੀਦਾਰ ਸੰਧੂ ਨੇ ਉਨ੍ਹਾਂ ਤੋਂ ਗਾਇਕੀ ਦੇ ਗੁਰ ਸਿੱਖੇ ਅਤੇ ਇਸ ਤਰ੍ਹਾਂ ਉਹ ਗੀਤਕਾਰ ਦੇ ਨਾਲ ਗਾਇਕ ਵਜੋਂ ਵੀ ਪ੍ਰਸਿੱਧ ਹੋ ਗਿਆ। ਉਸ ਦੀ ਗੀਤਕਾਰੀ ਲੋਕਾਂ ਲਈ ਮੁਹਾਵਰੇ ਤੇ ਅਖਾਣਾਂ ਦੀ ਥਾਂ ਲੈ ਚੁੱਕੀ ਹੈ। ਉਸ ਦੇ ਗੀਤ ਲੋਕਾਂ ਦੀ ਜ਼ੁਬਾਨ ’ਤੇ ਲੋਕ-ਗੀਤਾਂ ਵਾਂਗ ਚੜ੍ਹ ਚੁੱਕੇ ਹਨ।

ਸੰਪਰਕ: 95010-12199

Advertisement