ਲੁਧਿਆਣਾ ਦੇ ਰੇਖੀ ਸਿਨੇਮਾ ’ਚ ਫਿਲਮ ਦੇਖਣ ਮੌਕੇ ‘ਟਿੱਕੀ ਸਮੋਸੇ’ ਲਈ ਜੇਬ੍ਹ ’ਚ ‘ਚਵੰਨੀ’ ਰੱਖਦਾ ਸੀ ਧਰਮਿੰਦਰ
ਪੂਰਾ ਦੇਸ਼ ਅੱਜ ਜਿੱਥੇ ਅਦਾਕਾਰ ਧਰਮਿੰਦਰ ਦੀ ਮੌਤ ’ਤੇ ਸੋਗ ਮਨਾ ਰਿਹਾ ਹੈ, ਉੱਥੇ ਹੀ ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਜੁਲਾਈ 2020 ਵਿੱਚ ਲੁਧਿਆਣਾ ਦੇ ਇੱਕ ਪੁਰਾਣੇ ਥੀਏਟਰ ਸਾਹਮਣਿਓਂ ਲੰਘਦਿਆਂ ਬਜ਼ੁਰਗ ਅਦਾਕਾਰ ਭਾਵੁਕ ਹੋ ਗਿਆ ਸੀ। ਧਰਮਿੰਦਰ, ਜੋ ਉਦੋਂ ਟਵਿੱਟਰ (ਹੁਣ ਐਕਸ) ’ਤੇ ਬਹੁਤ ਸਰਗਰਮ ਸਨ, ਨੇ ਕਦੇ ਲੁਧਿਆਣਾ ਦੇ ਇਤਿਹਾਸਕ ਰੇਖੀ ਸਿਨੇਮਾ ਦੀ ਖਰਾਬ ਹਾਲਤ ’ਤੇ ਦੁਖ ਜਤਾਇਆ ਸੀ। ਨਿਰਾਸ਼ਾ ਪ੍ਰਗਟ ਕੀਤੀ ਸੀ
ਧਰਮਿੰਦਰ ਨੇ ਰੇਖੀ ਸਿਨੇਮਾ ਦੀ ਤਸਵੀਰ ਸਾਂਝੀ ਕਰਦਿਆਂ ਟਵੀਟ ਕੀਤਾ ਸੀ, ‘‘ਰੇਖੀ ਸਿਨੇਮਾ, ਲੁਧਿਆਣਾ... ਮੈਂ ਇੱਥੇ ਅਣਗਿਣਤ ਫਿਲਮਾਂ ਦੇਖੀਆਂ ਹਨ...ਇਹ ਸੰਨਾਟਾ...ਦੇਖ ਕੇ...ਮੇਰਾ ਦਿਲ ਉਦਾਸ ਹੋ ਗਿਆ ਹੈ...।’’ ਧਰਮਿੰਦਰ ਨੇ ਉਦੋਂ ਇਹ ਵੀ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਰੇਖੀ ਸਿਨੇਮਾ ’ਚ ਜੋ ਆਖਰੀ ਫਿਲਮ ਦੇਖੀ ਸੀ ਉਹ ਦਿਲੀਪ ਕੁਮਾਰ ਦੀ ਫਿਲਮ ‘ਦੀਦਾਰ’ ਸੀ। ਬਜ਼ੁਰਗ ਅਦਾਕਾਰ ਨੇ ਲਿਖਿਆ ਸੀ, ‘‘ਉਸ ਤੜਪ ਦਾ ਆਪਣਾ ਹੀ ਮਜ਼ਾ ਸੀ।’’
ਧਰਮਿੰਦਰ ਦੇ ਇਕ ਪ੍ਰਸ਼ੰਸਕ ਨੇ ਪੋਸਟ ਦਾ ਜਵਾਬ ਦਿੰਦਿਆਂ ਥੀਏਟਰ ਵਿੱਚ ਮਿਲਦੇ ਸਨੈਕਸ ਬਾਰੇ ਗੱਲ ਕੀਤੀ ਸੀ। ਰਾਹੀ ਆਰਕੇ ਨਾਂ ਦੇ ਇਸ ਪ੍ਰਸ਼ੰਸਕ ਨੇ ਲਿਖਿਆ ਸੀ, ‘‘ਭਾਅਜੀ, ਅਸੀਂ ਵੀ ਮੋਗਾ ਤੋਂ ਆ ਕੇ ਫ਼ਿਲਮਾਂ ਦੇਖਦੇ ਸੀ ਅਤੇ ਰੇਖੀ, ਨੌਲੱਖਾ, ਲਕਸ਼ਮੀ, ਮਿਨਰਵਾ, ਦੀਪਕ ਅਤੇ ਬਾਅਦ ਵਿੱਚ ਪ੍ਰੀਤ ਪੈਲੇਸ, ਸੰਗੀਤ, ਆਰਤੀ ਅਤੇ ਕੁਝ ਹੋਰ... ਰੇਖੀ ਕੀ ਟਿੱਕੀ ਟੋਸਟ ਉੁਦੋਂ ਕਿਸ਼ੋਰ ਉਮਰ ਵਿਚ ਬਹੁਤ ਸੁਆਦ ਲਗਦੀ ਸੀ... ਕਿਰਪਾ ਕਰਕੇ ਮੈਨੂੰ ਦੱਸੋ ਕਿ ਕੀ ਤੁਹਾਨੂੰ ਟਿੱਕੀ ਟੋਸਟ ਯਾਦ ਹੈ।’’
ਧਰਮਿੰਦਰ ਉਦੋਂ ਪੁਰਾਣੀਆਂ ਯਾਦਾਂ ਵਿਚ ਖੋਹ ਗਏ ਤੇ ਜਵਾਬ ਦਿੱਤਾ, "ਬਜਟ ਵਿਚ...ਇਕ ਚਵੰਨੀ... ਟਿੱਕੀ ਸਮੋਸੇ ਲਈ ਹਮੇਸ਼ਾਂ ਰੱਖਦਾ ਸੀ।’’ ਰੇਖੀ ਥੀਏਟਰ 1933 ਵਿੱਚ ਬਣਿਆ ਸੀ।
ਧਰਮਿੰਦਰ ਦੀ ਲੁਧਿਆਣਾ ਨਾਲ ਡੂੰਘਾ ਸਾਂਝ ਰਹੀ ਹੈ ਕਿਉਂਕਿ ਉਨ੍ਹਾਂ ਦੀਆਂ ਜੜ੍ਹਾਂ ਇਥੋਂ ਹੀ ਸਨ। ਉਨ੍ਹਾਂ ਦੀ ਪਰਵਰਿਸ਼ ਲੁਧਿਆਣਾ ਜ਼ਿਲ੍ਹੇ ਦੇ ਪਿੰਡਾਂ ਵਿੱਚ ਹੋਈ। ਮੁੰਬਈ ਵਿੱਚ ਆਪਣੀ ਸਟਾਰਡਮ ਦੇ ਬਾਵਜੂਦ ਉਨ੍ਹਾਂ ਆਪਣੇ ਜੱਦੀ ਸ਼ਹਿਰ ਨਾਲ ਜੀਵਨ ਭਰ ਸਾਂਝ ਬਣਾਈ ਰੱਖੀ। ਧਰਮਿੰਦਰ ਨੂੰ ਮਾਰਚ 2020 ਵਿੱਚ ਨੂਰ-ਏ-ਸਾਹਿਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਦਾ ਜਨਮ 1935 ਵਿੱਚ ਲੁਧਿਆਣਾ ਜ਼ਿਲ੍ਹੇ ਦੇ ਨਸਰਾਲੀ ਪਿੰਡ ਵਿੱਚ ਹੋਇਆ ਸੀ।
ਉਨ੍ਹਾਂ ਦੇ ਪਿਤਾ ਕੇਵਲ ਕ੍ਰਿਸ਼ਨ ਸਿੰਘ ਦਿਓਲ, ਇੱਕ ਸਕੂਲ ਅਧਿਆਪਕ ਸਨ, ਅਤੇ ਉਨ੍ਹਾਂ ਦੀ ਮਾਂ ਸਤਵੰਤ ਕੌਰ ਇੱਕ ਘਰੇਲੂ ਸੁਆਣੀ ਸੀ। ਧਰਮਿੰਦਰ ਨੇ ਆਪਣੇ ਸ਼ੁਰੂਆਤੀ ਸਾਲ ਡਾਂਗੋ ਅਤੇ ਸਾਹਨੇਵਾਲ ਵਿੱਚ ਬਿਤਾਏ। ਪਿਤਾ ਦੀ ਨੌਕਰੀ ਦੇ ਤਬਾਦਲੇ ਕਰਕੇ ਉਨ੍ਹਾਂ ਦਾ ਪਰਿਵਾਰ ਇਨ੍ਹਾਂ ਪਿੰਡਾਂ ਵਿਚਕਾਰ ਚਲਾ ਗਿਆ। ਧਰਮਿੰਦਰ ਦਾ ਫਿਲਮਾਂ ਨਾਲ ਮੋਹ ਲੁਧਿਆਣਾ ਵਿੱਚ ਵੱਡੇ ਹੋਣ ਦੌਰਾਨ ਸ਼ੁਰੂ ਹੋਇਆ ਸੀ। ਧਰਮਿੰਦਰ ਨੇ ਫਿਲਮਫੇਅਰ ਨਿਊ ਟੈਲੇਂਟ ਮੁਕਾਬਲਾ ਜਿੱਤਿਆ, ਜੋ ਉਨ੍ਹਾਂ ਨੂੰ ਅਦਾਕਾਰੀ ਕਰਨ ਲਈ ਪੰਜਾਬ ਤੋਂ ਮੁੰਬਈ ਲੈ ਗਿਆ।
