ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਦੀਪੂ ਸੁਧਰ ਗਿਆ

ਬਾਲ ਕਹਾਣੀ ਕੇ.ਪੀ. ਸਿੰਘ ਦੀਪੂ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਲਾਡ ਪਿਆਰ ਨਾਲ ਪਲਿਆ 13 ਸਾਲ ਦਾ ਦੀਪੂ ਜੋ ਵੀ ਮੰਗਦਾ, ਉਹ ਚੀਜ਼ ਉਸ ਨੂੰ ਮਿਲ ਜਾਂਦੀ ਸੀ। ਸਕੂਲ ’ਚ ਵੀ ਉਹ ਪੜ੍ਹਾਈ ਅਤੇ ਖੇਡਾਂ ਵਿੱਚ ਬਹੁਤ ਤੇਜ਼ ਸੀ,...
Advertisement

ਬਾਲ ਕਹਾਣੀ

ਕੇ.ਪੀ. ਸਿੰਘ

Advertisement

ਦੀਪੂ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਲਾਡ ਪਿਆਰ ਨਾਲ ਪਲਿਆ 13 ਸਾਲ ਦਾ ਦੀਪੂ ਜੋ ਵੀ ਮੰਗਦਾ, ਉਹ ਚੀਜ਼ ਉਸ ਨੂੰ ਮਿਲ ਜਾਂਦੀ ਸੀ। ਸਕੂਲ ’ਚ ਵੀ ਉਹ ਪੜ੍ਹਾਈ ਅਤੇ ਖੇਡਾਂ ਵਿੱਚ ਬਹੁਤ ਤੇਜ਼ ਸੀ, ਪਰ ਉਸ ਦੀਆਂ ਕੁਝ ਆਦਤਾਂ ਅਜਿਹੀਆਂ ਸਨ ਜਿਸ ਕਰ ਕੇ ਸਕੂਲ ਵਿੱਚ ਉਸ ਦੇ ਜਮਾਤੀ ਉਸ ਤੋਂ ਦੂਰ ਰਹਿਣ ਦੀ ਕੋਸ਼ਿਸ਼ ਹੀ ਕਰਦੇ ਸਨ। ਇੱਕ ਤਾਂ ਦੀਪੂ ਕਿਸੇ ਦੀ ਮਦਦ ਨਹੀਂ ਕਰਦਾ ਸੀ ਅਤੇ ਹਰ ਵੇਲੇ ਕਿਸੇ ਨਾ ਕਿਸੇ ਦਾ ਮਜ਼ਾਕ ਉਡਾਉਣ ਦਾ ਮੌਕਾ ਭਾਲਦਾ ਰਹਿੰਦਾ ਸੀ। ਉਸ ਦੀ ਜਮਾਤ ਵਿੱਚ ਜਦ ਕੋਈ ਵਿਦਿਆਰਥੀ ਕਿਸੇ ਸ਼ਬਦ ਦਾ ਗ਼ਲਤ ਉਚਾਰਨ ਕਰਦਾ ਜਾਂ ਚੰਗਾ ਲਿਖ ਨਾ ਪਾਉਂਦਾ, ਤਾਂ ਦੀਪੂ ਹੱਸ-ਹੱਸ ਕੇ ਉਸ ਦਾ ਮਜ਼ਾਕ ਉਡਾਉਣ ਲੱਗ ਜਾਂਦਾ। ਇੱਥੋਂ ਤੱਕ ਕਿ ਖੇਡਦੇ ਸਮੇਂ ਕੋਈ ਸਾਥੀ ਵਿਦਿਆਰਥੀ ਡਿੱਗ ਕੇ ਸੱਟ ਲਵਾ ਲੈਂਦਾ ਤਾਂ ਦੀਪੂ ਉਸ ਦੀ ਸਹਾਇਤਾ ਕਰਨ ਦੀ ਬਜਾਏ ਉਸ ਦਾ ਮਜ਼ਾਕ ਉਡਾਉਂਦਾ। ਉਸ ਦੇ ਅਧਿਆਪਕ ਵੀ ਉਸ ਨੂੰ ਸਮਝਾਉਂਦੇ, ਪਰ ਦੀਪੂ ਇੱਕ ਨਾ ਸੁਣਦਾ।

ਦੀਪੂ ਦੀ ਕਲਾਸ ਦੀ ਇੱਕ ਲੜਕੀ ਸੀ ਮੀਨਾ, ਜੋ ਹਮੇਸ਼ਾਂ ਦੀਪੂ ਨੂੰ ਜ਼ਿਆਦਾ ਨਾਂ ਬੋਲਣ ਦੀ ਸਲਾਹ ਦਿੰਦੀ ਸੀ, ਪਰ ਦੀਪੂ ਉਸ ਦੀ ਨਹੀਂ ਸੀ ਸੁਣਦਾ।

“ਮੈਂ ਤਾਂ ਸੱਚੀ ਗੱਲ ਕਰਦਾ ਹਾਂ, ਕਿਸੇ ਨੂੰ ਪਸੰਦ ਨਾ ਆਵੇ ਤਾਂ ਮੈਨੂੰ ਕੋਈ ਫ਼ਰਕ ਨਹੀਂ ਪੈਂਦਾ।” ਦੀਪੂ ਹਮੇਸ਼ਾਂ ਇਹੀ ਕਹਿੰਦਾ।

ਇੱਕ ਦਿਨ, ਸਕੂਲ ਦੀ ਪਿਕਨਿਕ ਲਈ ਸਾਰੇ ਬੱਚਿਆਂ ਨੂੰ ਜੰਗਲ ਨੇੜੇ ਇੱਕ ਪਾਰਕ ਵਿੱਚ ਲਿਜਾਇਆ ਗਿਆ। ਬੱਚਿਆਂ ਨੇ ਤਰ੍ਹਾਂ-ਤਰ੍ਹਾਂ ਦੀਆਂ ਖੇਡਾਂ, ਸੰਗੀਤ ਤੇ ਖਾਣ-ਪੀਣ ਨਾਲ ਮਨੋਰੰਜਨ ਕੀਤਾ। ਬੱਚੇ ਖ਼ੁਸ਼ ਸਨ। ਦੀਪੂ ਆਪਣੀ ਆਦਤ ਮੁਤਾਬਿਕ ਸਾਥੀਆਂ ਨੂੰ ਟਿੱਚਰਾਂ ਕਰਨ ਤੋਂ ਬਾਜ਼ ਨਹੀਂ ਆ ਰਿਹਾ ਸੀ। ਪਿਕਨਿਕ ਤੋਂ ਵਾਪਸੀ ਦਾ ਸਮਾਂ ਹੋ ਗਿਆ ਤਾਂ ਦੀਪੂ ਨੇ ਵੇਖਿਆ ਕਿ ਉਸ ਦਾ ਕੀਮਤੀ ਪੈੱਨ ਜੇਬ ਵਿੱਚ ਨਹੀਂ ਸੀ। ਆਪਣਾ ਪੈੱਨ ਕਿਤੇ ਡਿੱਗਾ ਸਮਝ ਕੇ ਉਹ ਇਕੱਲਾ ਹੀ ਇੱਕ ਪਾਸੇ ਜੰਗਲ ਵੱਲ ਨੂੰ ਜਾ ਤੁਰਿਆ ਜਿੱਥੇ ਕੁਝ ਸਮਾਂ ਪਹਿਲਾਂ ਬੱਚੇ ਲੁਕਣ ਮੀਟੀ ਖੇਡ ਰਹੇ ਸਨ। ਪੈੱਨ ਲੱਭਦਾ ਉਹ ਕਾਫ਼ੀ ਦੂਰ ਚਲਾ ਗਿਆ। ਅਚਾਨਕ ਦੀਪੂ ਦਾ ਪੈਰ ਤਿਲ੍ਹਕ ਗਿਆ ਅਤੇ ਉਹ ਇੱਕ ਛੋਟੇ ਜਿਹੇ ਦਲਦਲੀ ਟੋਏ ਵਿੱਚ ਡਿੱਗ ਪਿਆ। ਜਿਵੇਂ ਜਿਵੇਂ ਉਹ ਨਿਕਲਣ ਦੀ ਕੋਸ਼ਿਸ਼ ਕਰਦਾ, ਉਹ ਹੋਰ ਅੰਦਰ ਧਸਦਾ ਜਾ ਰਿਹਾ ਸੀ।

ਦੀਪੂ ਚੀਕ ਰਿਹਾ ਸੀ, ‘‘ਮਦਦ ਕਰੋ! ਕੋਈ ਹੈ?’’ ਪਰ ਕੋਈ ਸੁਣਨ ਵਾਲਾ ਨਹੀਂ ਸੀ। ਦਿਨ ਢਲਦਾ ਜਾ ਰਿਹਾ ਸੀ ਅਤੇ ਕੁਝ ਸਮੇਂ ਮਗਰੋਂ ਨਜ਼ਦੀਕ ਤੋਂ ਲੰਘਦੇ ਇੱਕ ਪਿੰਡ ਦੇ ਕੁਝ ਲੋਕਾਂ ਨੇ ਦੀਪੂ ਦੇ ਰੋਣ ਕੁਰਲਾਉਣ ਦੀਆਂ ਆਵਾਜ਼ਾਂ ਸੁਣੀਆਂ। ਇਹ ਲੋਕ ਜੰਗਲ ਤੋਂ ਲੱਕੜੀਆਂ ਇਕੱਠੀਆਂ ਕਰ ਕੇ ਵਾਪਸ ਜਾ ਰਹੇ ਸਨ। ਉਹ ਤੁਰੰਤ ਉਸ ਟੋਏ ਕੋਲ ਪਹੁੰਚੇ। ਇੱਕ ਵਿਅਕਤੀ ਨੇ ਲੱਕੜੀਆਂ ਦੇ ਗੱਠੇ ਤੋਂ ਰੱਸੀ ਖੋਲ੍ਹ ਕੇ ਦੀਪੂ ਵੱਲ ਸੁੱਟੀ ਅਤੇ ਉਨ੍ਹਾਂ ਦੀਪੂ ਨੂੰ ਬਾਹਰ ਕੱਢਿਆ। ਦੀਪੂ ਦੇ ਕੱਪੜੇ ਗੰਦੇ ਅਤੇ ਸਰੀਰ ਚਿੱਕੜ ਨਾਲ ਭਰਿਆ ਹੋਇਆ ਸੀ ਅਤੇ ਚਿਹਰੇ ’ਤੇ ਡਰ ਸਾਫ਼ ਝਲਕ ਰਿਹਾ ਸੀ। ਉਸ ਦੀਆਂ ਅੱਖਾਂ ਵਿੱਚ ਹੰਝੂ ਸਨ। ਦੀਪੂ ਨੂੰ ਟੋਏ ਵਿੱਚੋਂ ਕੱਢਣ ਵਾਲੇ ਪਿੰਡ ਵਾਸੀਆਂ ਨੇ ਦੀਪੂ ਨੂੰ ਪਾਣੀ ਦਿੱਤਾ, ਉਸ ਦਾ ਹੱਥ ਮੂੰਹ ਧੁਆਇਆ ਅਤੇ ਹੌਸਲਾ ਦਿੱਤਾ ਕਿ ਉਹ ਠੀਕ ਹੈ। ਦੀਪੂ ਰੋ ਪਿਆ ਅਤੇ ਬੋਲਿਆ, ‘‘ਤੁਸੀਂ ਮੈਨੂੰ ਬਚਾ ਲਿਆ। ਨਹੀਂ ਤਾਂ ਪਤਾ ਨਹੀਂ ਮੇਰੇ ਨਾਲ ਕੀ ਹੋ ਜਾਂਦਾ।”

ਉਨ੍ਹਾਂ ਵਿੱਚੋਂ ਇੱਕ ਬਜ਼ੁਰਗ ਨੇ ਕਿਹਾ, ‘‘ਪੁੱਤਰ, ਅਸੀਂ ਤਾਂ ਕੁਝ ਵੀ ਨਹੀਂ ਕੀਤਾ। ਸਿਰਫ਼ ਮੁਸੀਬਤ ਵਿੱਚ ਫਸੇ ਇੱਕ ਬੱਚੇ ਦੀ ਮਦਦ ਕੀਤੀ ਹੈ। ਦੂਸਰਿਆਂ ਦੀ ਇੱਜ਼ਤ ਅਤੇ ਮਦਦ ਹੀ ਅਸਲ ਇਨਸਾਨੀਅਤ ਹੈ।’’

ਦੀਪੂ ਰੋਂਦਾ ਹੋਇਆ ਬੋਲਿਆ, “ਪਰ ਮੈਂ ਤਾਂ ਕਿਸੇ ਦੀ ਕਦੀ ਮਦਦ ਨਹੀਂ ਕੀਤੀ। ਉਲਟਾ ਮੈਂ ਤਾਂ ਸਭ ਦਾ ਮਜ਼ਾਕ ਉਡਾਉਂਦਾ ਰਿਹਾ ਹਾਂ।”

ਟੋਏ ਵਿੱਚੋਂ ਕੱਢਣ ਵਾਲਿਆਂ ਵਿੱਚੋਂ ਇੱਕ ਨੇ ਪੁੱਛਿਆ, “ਤੂੰ ਇਸ ਦਲਦਲੀ ਟੋਏ ਵਿੱਚ ਕਿਵੇਂ ਡਿੱਗ ਪਿਆ? ਇੱਥੇ ਕੀ ਕਰ ਰਿਹਾ ਸੀ?”

ਇਸ ’ਤੇ ਦੀਪੂ ਨੇ ਸਾਰੀ ਗੱਲ ਦੱਸੀ ਅਤੇ ਉਨ੍ਹਾਂ ਪਿੰਡ ਵਾਸੀਆਂ ਨੇ ਦੀਪੂ ਨੂੰ ਉਸ ਦੀ ਪਿਕਨਿਕ ਵਾਲੀ ਜਗ੍ਹਾ ’ਤੇ ਸੁਰੱਖਿਅਤ ਪਹੁੰਚਾ ਦਿੱਤਾ ਜਿੱਥੇ ਸਾਰੇ ਦੀਪੂ ਦੇ ਗੁੰਮ ਹੋਣ ਨਾਲ ਬੇਹੱਦ ਪਰੇਸ਼ਾਨ ਸਨ। ਪਿਕਨਿਕ ਵਿੱਚ ਬੱਚਿਆਂ ਨੂੰ ਲੈ ਕੇ ਆਏ ਅਧਿਆਪਕਾਂ ਨੇ ਇਨ੍ਹਾਂ ਪਿੰਡ ਵਾਸੀਆਂ ਦਾ ਬਹੁਤ ਧੰਨਵਾਦ ਕੀਤਾ।

ਇਸ ਘਟਨਾ ਤੋਂ ਬਾਅਦ ਦੀਪੂ ਦੀਆਂ ਆਦਤਾਂ ਬਦਲ ਗਈਆਂ। ਅਗਲੇ ਦਿਨ ਸਕੂਲ ਗਿਆ ਤਾਂ ਉਸ ਦਾ ਬਦਲਿਆ ਸੁਭਾਅ ਵੇਖ ਕੇ ਸਭ ਹੈਰਾਨ ਸਨ ਅਤੇ ਨਾਲ ਹੀ ਖ਼ੁਸ਼ ਵੀ। ਹੁਣ ਦੀਪੂ ਲੋੜ ਵੇਲੇ ਆਪਣੇ ਸਾਥੀਆਂ ਦੀ ਮਦਦ ਵੀ ਕਰਨ ਲੱਗਿਆ ਅਤੇ ਕਿਸੇ ਦੇ ਗ਼ਲਤ ਉਚਾਰਨ ਵੇਲੇ ਉਸ ਦਾ ਮਜ਼ਾਕ ਉਡਾਉਣ ਦੀ ਬਜਾਏ ਉਸ ਦੀ ਗ਼ਲਤੀ ਸੁਧਾਰਨ ਵਿੱਚ ਸਹਿਯੋਗ ਕਰਨ ਲੱਗਾ। ਉਸ ਦੀ ਸਹਿਪਾਠਣ ਮੀਨਾ ਨੇ ਉਸ ਨੂੰ ਪੁੱਛਿਆ, ‘‘ਦੀਪੂ ਤੇਰੀਆਂ ਆਦਤਾਂ ਕਿਵੇਂ ਬਦਲ ਗਈਆਂ?” ਤਾਂ ਦੀਪੂ ਬੋਲਿਆ, ‘‘ਹੁਣ ਮੈਂ ਸਮਝ ਗਿਆ ਹਾਂ ਕਿ ਜੇ ਕਿਸੇ ਨੂੰ ਗ਼ਲਤ ਬੋਲਾਂਗੇ ਤਾਂ ਕਿਸੇ ਦਿਨ ਅਸੀਂ ਖ਼ੁਦ ਵੀ ਮਜ਼ਾਕ ਦੇ ਪਾਤਰ ਬਣ ਸਕਦੇ ਹਾਂ। ਪਿਕਨਿਕ ਵਾਲੇ ਦਿਨ ਜਦ ਮੈਂ ਮੁਸੀਬਤ ਵਿੱਚ ਸੀ ਤਾਂ ਕਿਸੇ ਨੇ ਮੇਰਾ ਮਜ਼ਾਕ ਉਡਾਉਣ ਦੀ ਬਜਾਏ ਮੇਰੀ ਮਦਦ ਕੀਤੀ।”

ਹੁਣ ਦੀਪੂ ਦੇ ਸਹਿਪਾਠੀ ਉਸ ਨਾਲ ਦੂਰੀ ਬਣਾ ਕੇ ਨਹੀਂ ਰੱਖਦੇ ਸਨ ਅਤੇ ਸਾਰੇ ਮਿਲ ਜੁਲ ਕੇ ਪੜ੍ਹਦੇ ਅਤੇ ਖੇਡਦੇ।

ਸੰਪਰਕ: 98765-82500

Advertisement