ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਧੀਆਂ ਅਤੇ ਧਰੇਕਾਂ...

ਧੀਆਂ ਅਤੇ ਧਰੇਕਾਂ ਹੁੰਦੀਆਂ ਰੌਣਕ ਵਿਹੜੇ ਦੀ...ਧੀਆਂ ਨਾਲ ਸੰਸਾਰ ਅਗਾੜੀ ਲੈਂਦੈ। ਉਮਰਾਂ ਭਰ ਦੇ ਰਿਸ਼ਤੇ ਜੋੜਦੀਆਂ ਨੇ ਇਹ ਚਿੜੀਆਂ। ਰਿਸ਼ੀ ਮੁਨੀ, ਅਵਤਾਰ ਔਲੀਏ, ਪੀਰ ਪੈਗ਼ੰਬਰਾਂ ਦੀਆਂ ਜਾਈਆਂ ਨੇ। ਸੁਖਵਿੰਦਰ ਅੰਮ੍ਰਿਤ ਨੇ ਧੀਆਂ ਧਿਆਣੀਆਂ ਨੂੰ ਇਉਂ ਪਰਿਭਾਸ਼ਤ ਕੀਤੈ: ਪਿਆਰ, ਸਮਰਪਣ, ਅੱਥਰੂ...
Advertisement

ਧੀਆਂ ਅਤੇ ਧਰੇਕਾਂ ਹੁੰਦੀਆਂ ਰੌਣਕ ਵਿਹੜੇ ਦੀ...ਧੀਆਂ ਨਾਲ ਸੰਸਾਰ ਅਗਾੜੀ ਲੈਂਦੈ। ਉਮਰਾਂ ਭਰ ਦੇ ਰਿਸ਼ਤੇ ਜੋੜਦੀਆਂ ਨੇ ਇਹ ਚਿੜੀਆਂ। ਰਿਸ਼ੀ ਮੁਨੀ, ਅਵਤਾਰ ਔਲੀਏ, ਪੀਰ ਪੈਗ਼ੰਬਰਾਂ ਦੀਆਂ ਜਾਈਆਂ ਨੇ। ਸੁਖਵਿੰਦਰ ਅੰਮ੍ਰਿਤ ਨੇ ਧੀਆਂ ਧਿਆਣੀਆਂ ਨੂੰ ਇਉਂ ਪਰਿਭਾਸ਼ਤ ਕੀਤੈ:

ਪਿਆਰ, ਸਮਰਪਣ, ਅੱਥਰੂ

Advertisement

ਉਡੀਕ ਤੇ ਛਾਂ

ਇਹ ਨੇ ਉਨ੍ਹਾਂ ਪੰਜ ਤੱਤਾਂ ਦੇ ਨਾਂ

ਜਿਨ੍ਹਾਂ ਤੋਂ ਬਣਦੀ ਹੈ

ਧੀ, ਭੈਣ, ਪਤਨੀ, ਮਹਿਬੂਬਾ ਤੇ ਮਾਂ!

ਜੁਗਾਂ ਜੁਗਾਤਰਾਂ ਤੋਂ ਦੇਵੀਆਂ ਨੂੰ ਪੂਜਦੇ ਆਏ ਹਾਂ। ਮਨੌਤੀ ਹੈ ਕਿ ਸ੍ਰਿਸ਼ਟੀ ਦੇ ਕਣ ਕਣ ਵਿੱਚ ਪਵਿੱਤਰ ਰੂਹਾਂ ਦਾ ਵਾਸਾ ਹੈ। ਸੰਗੀਤ ਤੋਂ ਲੈ ਕੇ ਤਲਵਾਰ ਵਾਲੀ ਬਾਂਹ ਤੱਕ। ਆਸਰਾ, ਅਸ਼ੀਰਵਾਦ ਓਟਦੇ ਹਾਂ। ਰਹਿਬਰਾਂ ਨੇ ਇਸ ਨੂੰ ਉੱਚਾ ਸੁੱਚਾ ਦਰਜਾ ਦਿੱਤਾ ਹੈ। ਵੈਦਿਕ ਕਾਲ ਵਿੱਚ ਇਹ ਪੂਜਣ ਯੋਗ ਸੀ, ਪਰ ਮੰਨੂ ਦੇ ਸਮੇਂ ਗਿਰਾਵਟ ਆਈ। ‘ਦਾਸੀ’, ‘ਪੈਰ ਦੀ ਜੁੱਤੀ’ ਕਹਿ ਕੇ ਦੁਰਕਾਰਿਆ ਗਿਆ। ਖ਼ਾਲਸੇ ਦੀ ਸਿਰਜਣਾ ਨੇ ਔਰਤ ਨੂੰ ਸਨਮਾਨਯੋਗ ਸਥਾਨ ਦਿੱਤਾ। ਕੌਰ (ਭਾਵ ਸ਼ੇਰਨੀ) ਦੀ ਉਪਾਧੀ ਬਖ਼ਸ਼ੀ। ਭਗਤ ਨਾਮਦੇਵ ਆਪਣੀ ਪਤਨੀ ਨੂੰ ਘਰ ਗੀਹਿਨ ਕਹਿੰਦੇ ਸਨ। ਸਿਆਣੇ ਆਖਦੇ ਨੇ, ਘਰ ਧੀ ਜੰਮਦੀ ਐ ਤਾਂ ਕੁੱਖ ਸੁਲੱਖਣੀ ਅਖਵਾਉਂਦੀ ਹੈ...ਧੀ ਦੇ ਜਨਮ ਨਾਲ ਦਹਿਲੀਜ਼ ਸੁੱਚੀ ਹੋ ਜਾਂਦੀ ਹੈ। ਇਨ੍ਹਾਂ ਕੋਮਲ ਕਲੀਆਂ ਦਾ ਆਗਮਨ ਚੰਗੇ ਭਾਗਾਂ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ। ਕੁਦਰਤ ਦੀ ਸਵੱਲੀ ਨਜ਼ਰ ਦਾ ਸੂਚਕ ਸਮਝਿਆ ਜਾਂਦਾ ਹੈ। ਤ੍ਰੈਲੋਚਨ ਲੋਚੀ ਖ਼ੂਬਸੂਰਤੀ ਨਾਲ ਬਿਆਨ ਕਰਦਾ ਹੈ:

ਜ਼ਾਲਿਮ ਕਹਿਣ ਬਲਾਵਾਂ ਹੁੰਦੀਆਂ

ਕੁੜੀਆਂ ਤਾਂ ਕਵਿਤਾਵਾਂ ਹੁੰਦੀਆਂ

ਬਾਬਲ ਦੀ ਪਗੜੀ, ਵੀਰਾਂ ਦੀ ਰੱਖੜੀ, ਮਾਵਾਂ ਦੀਆਂ ਅੱਖਾਂ ਦਾ ਨੂਰ ਅਖਵਾਉਂਦੀਆਂ ਨੇ ਕੁੜੀਆਂ। ਜੇ ਪੁੱਤਰ ਮਿੱਠੜੇ ਮੇਵੇ ਹੁੰਦੇ ਨੇ, ਤਾਂ ਧੀਆਂ ਨੂੰ ਵੀ ਮਿਸ਼ਰੀ ਡਲੀਆਂ ਦਾ ਰੁਤਬਾ ਮਿਲਿਆ ਹੋਇਐ! ਮਜ਼੍ਹਬਾਂ ਵਿੱਚ ਇੰਨਾ ਉੱਚਾ ਅਹੁਦਾ ਕਿਆਸੇ ਜਾਣ ’ਤੇ ਵੀ ਧੀਆਂ ਅਬਲਾ ਕਿਉਂ ਨੇ? ਕਿਉਂ ਭਰੀ ਸਭਾ ਵਿੱਚ ਦਰੋਪਦੀ ਦਾ ਚੀਰ ਹਰਨ ਹੁੰਦੈ? ਕਿਉਂ ਸੀਤਾ ਮਾਤਾ ਨੂੰ ਕਿਸੇ ਦੇ ਬੋਲ ਮਾਰਨ ’ਤੇ ਅਗਨੀ ਪ੍ਰੀਖਿਆ ਦੇਣੀ ਪੈਂਦੀ ਐ? ਇਤਿਹਾਸ ਗਵਾਹ ਹੈ ਕਿ ਮਰਦ ਪ੍ਰਧਾਨ ਸਮਾਜ ਵਿੱਚ ਔਰਤ ਨੂੰ ਨਿਚਲਾ ਪਾਏਦਾਨ ਹੀ ਦਿੱਤਾ ਗਿਐ। ਲੂਣਾ ਦੀ ਚਾਹਤ ਹੀ ਉਸ ਲਈ ਕਲੰਕ ਬਣ ਗਈ। ਉਸ ਦੀ ਜਵਾਨੀ ਦੇ ਅਰਮਾਨਾਂ ਨੂੰ ਕਾਮੁਕਤਾ ਦਾ ਚਿੰਨ੍ਹ ਬਣਾ ਦਿੱਤਾ ਗਿਆ। ਸੱਸੀ ਲਈ ਤਪਦੇ ਮਾਰੂਥਲ ਉਸ ਦੀ ਹੋਣੀ ਦੇ ਸਿਤਾਰੇ ਬਣੇ। ਮੋਹ ਭਿੱਜੀ ਸਾਹਿਬਾਂ ਵੱਲੋਂ ਤੀਰ ਤੋੜਨ ਦਾ ਸਿਲ਼ਾ ਉਸ ਨੂੰ ‘ਬੇਵਫ਼ਾ’ ਗਰਦਾਨ ਕੇ ਦਿੱਤਾ ਗਿਆ। ਔਰਤ ਦੀ ਜ਼ਿੰਦਗੀ ਦੇ ਫ਼ੈਸਲੇ ਲੈਣੇ ਸਿਰਫ਼ ਤੇ ਸਿਰਫ਼ ਮਰਦਾਂ ਦੇ ਹਿੱਸੇ ਆਏ ਨੇ। ਮਰਜ਼ੀ ਦੇ ਖ਼ਿਲਾਫ਼ ‘ਸਿਆਲਾਂ ਦੀ ਨੱਢੀ’ ਨੂੰ ਖੇੜਿਆਂ ਦੀ ਡੋਲੀ ਪਾਉਣ ਦਾ ਫ਼ਤਵਾ ਸੁਣਾਇਆ ਗਿਆ ਤਾਂ ਹੀਰ ਮੌਲਵੀ ਨੂੰ ਰੱਬ ਦਾ ਵਾਸਤਾ ਪਾਉਂਦੀ ਐ। ਸੁਣੋ, ਦਮੋਦਰ ਦੀ ਜ਼ੁਬਾਨੀ;

ਤੂੰ ਕਿਉਂ ਜ਼ੋਰੀਂ ਕਰਨੈ ਕਾਜ਼ੀ, ਡਰੇਂ ਖ਼ੁਦਾ ਤੋਂ ਨਾਹੀਂ।

ਨੈਨਾ ਸਾਹਨੀ ਤੰਦੂਰ ਕਾਂਡ ਹੁਣ ਵੀ ਚੇਤਿਆਂ ’ਚ ਗੂੰਜਦੈ। ਕਿਰਨਜੀਤ ਮਹਿਲ ਕਲਾਂ ਨੇ ਦਰਿੰਦਗੀ ਦਾ ਸ਼ਿਕਾਰ ਹੋਣ ਤੋਂ ਬਾਅਦ ਤਣੇ ਹੋਏ ਮੁੱਕਿਆਂ ਦੀ ਕਤਾਰ ਬਣਾਈ ਐ। ਧੀਆਂ ਅੱਜ ਵੀ ਇਨਸਾਫ਼ ਲਈ ਸਹਿਕਦੀਆਂ ਨੇ। ਸੁਖਵਿੰਦਰ ਅੰਮ੍ਰਿਤ ਵੀ ਇਸ ਗ਼ਮਗੀਨ ਤ੍ਰਾਸਦੀ ਨੂੰ ਚਿਤਾਰਦੀ ਹੈ;

ਦੁਆਪਰ ਦਾ ਉਹ ਹੋਵੇ ਕੰਸ ਜਾਂ ਰਾਵਣ ਤ੍ਰੇਤੇ ਦਾ

ਕਿ ਹਰ ਇੱਕ ਯੁੱਗ ’ਚ ਨਾਰੀ ਨੂੰ

ਇਹ ਨਸ਼ਤਰ ਮਿਲ ਹੀ ਜਾਂਦੇ ਨੇ।

ਕਿਤੇ ਨਿਰਭੈ ਦੀਆਂ ਚੀਕਾਂ, ਕਿਤੇ ਕੋਈ ਆਸਿਫ਼ਾ ਵਿਲਕੇ

ਮੇਰੀ ਇਸ ਦੇਵ ਭੂਮੀ ’ਤੇ ਇਹ ਮੰਜ਼ਰ ਮਿਲ ਹੀ ਜਾਂਦੇ ਨੇ।

ਕਿੰਨੀ ਭਿਆਨਕਤਾ ਹੈ ਇਨ੍ਹਾਂ ਸਤਰਾਂ ਵਿੱਚ ਕਿ ਕੋਮਲ ਪੱਤੀਆਂ ਲਈ ‘ਰੱਬ ਦਾ ਘਰ’ ਵੀ ਮਹਿਫ਼ੂਜ਼ ਨਹੀਂ। ਸਦੀਆਂ ਤੋਂ ਡਰ ਦਾ ਸਾਇਆ ਨਾਲ ਰਿਹੈ। ਉਨਾਓ, ਹੈਦਰਾਬਾਦ, ਹਾਥਰਸ, ਕਲਕੱਤੇ ਵਿੱਚ ਬਘਿਆੜਾਂ ਨੇ ਸਾਧਾਂ ਵਾਲੇ ਚੋਲੇ ਪਾਏ ਨੇ। ‘ਰਾਮਾਂ, ਰਹੀਮਾਂ’ ਦੀ ਭਰਮਾਰ ਐ। ਨਿਆਂ ਕਿਵੇਂ ਮਿਲੂ? ਕੰਜਕਾਂ ਕਿੱਧਰ ਦੇਖਣ? ‘ਬ੍ਰਹਮਚਾਰੀ’ ਮੁਨਸਿਫ਼ ਬਣੇ ਤਖ਼ਤਾਂ ’ਤੇ ਕਾਬਜ਼ ਨੇ।

ਇਤਿਹਾਸ ਵਾਚੀਏ ਤਾਂ ਲੱਗਦੈ ਕਿ ਨਾਰੀ ਉੱਤੇ ਸਮੇਂ ਦੀ ਸਵੱਲੀ ਨਜ਼ਰ ਕਦੇ ਨਹੀਂ ਪਈ। ਅਨਿਆਂ ਅਤੇ ਠੋਕਰਾਂ ਅੰਗ ਸੰਗ ਰਹੇ ਨੇ। ‘ਸਤੀ’ ਪ੍ਰਥਾ ਨੂੰ ਸਾਡੇ ‘ਪਵਿੱਤਰ’ ਗ੍ਰੰਥ ਵਡਿਆਉਂਦੇ ਰਹੇ ਨੇ। ਪਰਦਾ ਅਤੇ ਦਹੇਜ ਨੂੰ ਅੱਜ ਵੀ ਔਰਤ ਦਾ ‘ਗਹਿਣਾ’ ਮੰਨਿਆ ਜਾਂਦੈ। ਭਰੂਣ ਹੱਤਿਆ ਕੌੜੀ ਸੱਚਾਈ ਹੈ। ਕਿੱਥੇ ਹੈ ਧੀਆਂ ਦਾ ਟਿਕਾਣਾ? ਔਰਤ ਹੀ ਔਰਤ ਦੀ ਨਾਬਰੀ ਕਰਦੀ ਹੈ। ਸਾਇੰਸ ਨੇ ਵਾਕਿਆ ਈ ਬਹੁਤ ਤਰੱਕੀ ਕੀਤੀ ਹੈ। ਪੁਰਾਣੇ ਸਮੇਂ ਵਿੱਚ ਜੰਮਣ ਤੋਂ ਪਿੱਛੋਂ ਮਾਰਦੇ ਸੀ, ਹੁਣ ਪਹਿਲਾਂ!

ਗੁੜ ਖਾਈਂ ਪੂਣੀ ਕੱਤੀਂ, ਆਪ ਨਾ ਆਈਂ ਵੀਰਾ ਘੱਤੀਂ

ਕਿੰਨੇ ਨਿਰਦਈ ਹੋਣਗੇ ਉਹ ਹੱਥ? ਰੂਹ ਨ੍ਹੀਂ ਕੰਬਦੀ ਹੋਣੀ? ‘ਲੋਰੀ’ ਦੀਆਂ ਆਵਾਜ਼ਾਂ ਕਿਵੇਂ ਦਫ਼ਨ ਹੁੰਦੀਆਂ ਹੋਣਗੀਆਂ? ਅੱਜ ਵੀ ਵਾਪਰ ਰਿਹੈ। ਕਠੋਰ ਚਿੱਤ ਬਹੁਤਾਤ ਵਿੱਚ ਨੇ। ‘ਕੁੜੀਮਾਰ’ ਦਾ ਟਿੱਕਾ ਪੰਜਾਬੀਆਂ ਦੇ ਮੱਥੇ ’ਤੇ ਵੀ ਗੂੜ੍ਹਾ ਛਪਿਆ ਹੋਇਆ ਹੈ। ਅਸੀਂ ਕੁੱਖ ਅਤੇ ਰੁੱਖ ਉੱਤੇ ਕਹਿਰ ਕੀਤਾ ਹੈ। ਭਟਕਦੇ ਫਿਰਦੇ ਹਾਂ। ਹਨੇਰੇ ਵਿੱਚ ਰੋਸ਼ਨੀ ਦੀ ਕਾਤਰ ਭਾਲਦੇ ਹਾਂ। ਭੁੱਲ ਜਾਂਦੇ ਹਾਂ ਕਿ ਬੇਜ਼ੁਬਾਨਾਂ ’ਤੇ ਜ਼ੁਲਮ ਦੀ ਸਜ਼ਾ ਮਿਸਾਲੀ ਹੁੰਦੀ ਹੈ। ਪ੍ਰੋ. ਗੁਰਭਜਨ ਗਿੱਲ ਨੇ ਦਰਦਨਾਕ ਤਰਲੇ ਦਾ ਜ਼ਿਕਰ ਕੀਤਾ ਹੈ;

ਮਾਏ ਨੀਂ ਅਣਜੰਮੀ ਧੀ ਨੂੰ

ਆਪਣੇ ਨਾਲੋਂ ਵਿੱਛੜੇ ਜੀਅ ਨੂੰ

ਜਾਂਦੀ ਵਾਰੀ ਮਾਏ ਨੀਂ

ਇੱਕ ਲੋਰੀ ਦੇ ਦੇ

ਬਾਬਲ ਤੋਂ ਭਾਵੇਂ ਚੋਰੀ ਨੀਂ

ਇੱਕ ਲੋਰੀ ਦੇ ਦੇ।

ਗਾਣਿਆਂ, ਫਿਲਮਾਂ ਅਤੇ ਫੈਸ਼ਨ ਸ਼ੋਆਂ ਨੇ ਡਾਢਾ ਅਕਸ ਵਿਗਾੜਿਆ ਹੈ। ਪਵਿੱਤਰ ਰਿਸ਼ਤਿਆਂ ਨੂੰ ਕਲੰਕਿਤ ਕੀਤਾ ਹੈ। ਫ਼ੁਕਰੇ ਗਾਇਕਾਂ ਨੇ ਸ਼ਰਮ ਵਾਲਾ ਪੱਲਾ ਸਰਕਾ ਦਿੱਤਾ ਹੈ। ‘ਅੱਗ’, ‘ਪੁਰਜ਼ਾ’, ‘ਟੋਟਾ’ ਦੱਸਣ ਵੇਲੇ ਭੁੱਲ ਜਾਂਦੇ ਨੇ ਕਿ ਰੱਖੜੀ ਬਨ੍ਹਾਉਣ ਵੇਲੇ ਕਿਹੜਾ ਵਚਨ ਦਿੱਤਾ ਸੀ। ਪਾਕ ਰਿਸ਼ਤਿਆਂ ਨੂੰ ਇਨ੍ਹਾਂ ਨਾਵਾਂ ਨਾਲ ਨਹੀਂ ਪੁਕਾਰੀਦਾ। ਯਾਦ ਰੱਖੋ, ਤੁਸੀਂ ਮਾਪਿਆਂ ਤੋਂ ਜ਼ਮੀਨਾਂ ਵੰਡਾਉਂਦੇ ਓ ਅਤੇ ਧੀਆਂ ਦੁੱਖ। ਜ਼ਮਾਨਾ ਧੀਆਂ ਨੂੰ ਸਿੱਖਿਆ ਦੇਣ ਦੀਆਂ ਨਸੀਹਤਾਂ ਤਾਂ ਦਿੰਦੈ, ਪਰ ਪੁੱਤਾਂ ਨੂੰ ਨਹੀਂ। ਤ੍ਰਾਸਦੀ ਇੱਥੋਂ ਹੀ ਜਨਮਦੀ ਹੈ।

ਧੀਆਂ ਨੇ ਨਵੇਂ ਮੀਲ ਪੱਥਰ ਗੱਡੇ ਨੇ। ਖਿਦਰਾਣੇ ਦੀ ਢਾਬ ਯਾਦ ਹੈ ਨਾ? ਮਾਈ ਭਾਗੋ ਦੀ ਵੰਗਾਰ ਨੇ ਹੀ ਨਵਾਂ ਇਤਿਹਾਸ ਸਿਰਜਿਆ ਸੀ, ਨਹੀਂ ਤਾਂ ‘ਬੇਦਾਵੇ’ ਦਾ ਦਾਗ ਕਾਲੇ ਅੱਖਰਾਂ ਦਾ ਹਿੱਸਾ ਹੋਣਾ ਸੀ;

ਖ਼ੌਫ਼ ਸੰਗ ਮਰਿਆਂ ਲਈ ਇਹ ਬੋਲ ਅੰਮ੍ਰਿਤ ਹੋ ਗਏ

ਸ਼ਬਦ-ਬਾਣਾਂ ਨਾਲ ਉਹ ਸਭ ਫੇਰ ਜੀਵਿਤ ਹੋ ਗਏ

ਟੁੱਟ ਗਏ ਸਨ ਜੋ ਕਦੀ, ਇਕਰਾਰ ਸਾਬਤ ਹੋ ਗਏ

ਸਤਿਗੁਰੂ ਦੇ ਪਿਆਰ ਨੂੰ ਉਹ, ਫੇਰ ਅਰਪਿਤ ਹੋ ਗਏ।

ਔਰਤ ਨੇ ‘ਮੋਮ ਦੀ ਗੁੱਡੀ’ ਦੇ ਰੂਪਕ ਨੂੰ ਪਿਛਾਂਹ ਛੱਡਿਐ। ਰਣ-ਭੂਮੀ ਕੋਈ ਵੀ ਹੋਵੇ, ਧਾਂਕ ਜਮਾ ਕੇ ਰੱਖੀ ਹੈ। ਮਹਾਂਸ਼ਕਤੀਆਂ ਵਿਚਲੀ ‘ਠੰਢੀ ਜੰਗ’ ਦੇ ਸਮੇਂ ਇੰਦਰਾ ਗਾਂਧੀ, ਮਾਰਗਰੇਟ ਥੈਚਰ ਅਤੇ ਗੋਲਡਾ ਮੇਅਰ ਦੇ ਨਾਂ ਫੌਲਾਦੀ ਔਰਤਾਂ ਵਜੋਂ ਗੂੰਜਦੇ ਰਹੇ। ਏਂਜੇਲਾ ਮਰਕਲ ਅਤੇ ਜੈਸਿੰਡਾ ਆਰਡਰਨ ‘ਨਵੀਂ ਦੁਨੀਆ’ ਸਿਰਜਣ ਦੇ ਰਾਹ ਪਈਆਂ ਹਨ, ਜਿੱਥੇ ਮਾਰੂ ਹਥਿਆਰ ਨਹੀਂ, ਮਨੁੱਖਤਾ ਸਰਬ-ਉੱਤਮ ਹੈ। ਉਹ ਦੁਖਦੇ ਜ਼ਖ਼ਮਾਂ ’ਤੇ ਮਲ੍ਹਮ ਲਗਾਉਂਦੀਆਂ ਨੇ।

ਚਿੜੀਆਂ ਫਿਰ ਤੋਂ ਉਡਾਰੀ ਮਾਰਨ ਲੱਗੀਆਂ ਨੇ। ਸੋਨੇ ਦੇ ਪਿੰਜਰੇ ਨੂੰ ਠੋਕਰ ਮਾਰਨ ਦੇ ਰਾਹ ਪਈਆਂ ਨੇ। ਸ਼ਾਹੀਨ ਬਾਗ਼ ਦੀਆਂ ਦਾਦੀਆਂ, ਨਾਨੀਆਂ ਨੇ ਦਰਸਾ ਦਿੱਤਾ ਹੈ ਕਿ ਉਨ੍ਹਾਂ ਉੱਤੇ ਜ਼ਾਲਮਾਨਾ ਸਰਕਾਰੀ ਫ਼ੁਰਮਾਨ ਲਾਗੂ ਨਹੀਂ ਹੁੰਦੇ। ਸਥਾਪਤੀ ਨਾਲ ਸਿੱਧੀ ਟੱਕਰ ਦੀ ਐਸੀ ਮਿਸਾਲ ਘੱਟ ਹੀ ਮਿਲਦੀ ਹੈ। ਗੌਰੀ ਲੰਕੇਸ਼ ਦੀ ਵੰਗਾਰ ਮੂਹਰੇ ਗੁੰਡੇ ਬੇਵੱਸ ਨਜ਼ਰ ਆਏ। ਆਇਸ਼ੀ ਘੋਸ਼, ਅਨੁਪ੍ਰਿਆ ਅਤੇ ਗੁਰਕੀਰਤ ਜਦ ਗਰਜਦੀਆਂ ਹਨ, ਜ਼ਮਾਨਾ ਸਾਹ ਰੋਕ ਕੇ ਸੁਣਦੈ। ਜਾਮੀਆ ਮਿਲੀਆ ਯੂਨੀਵਰਸਿਟੀ ਦੇ ਤੁਗਲਕੀ ਫੁਰਮਾਨ ਕਿ ਕੁੜੀਆਂ ਸ਼ਾਮ ਅੱਠ ਵਜੇ ਤੋਂ ਪਹਿਲਾਂ ਹੋਸਟਲਾਂ ਵਿੱਚ ਵਾਪਸ ਪਰਤਣੀਆਂ ਜ਼ਰੂਰੀ ਹਨ, ਨੂੰ ‘ਪਿੰਜਰਾ ਤੋੜ ਗਰੁੱਪ’ ਨੇ ਤੋੜਿਐ। ਨਤਾਸ਼ਾ ਨਰਵਾਲ, ਦੇਵਾਂਗਨਾ ਕਾਲਿਤਾ ਅਤੇ ਸਫ਼ੂਰਾ ਜ਼ਰਗਰ ਨੇ ਇਸ ਢਾਂਚੇ ਨੂੰ ਤਾਰ ਤਾਰ ਕੀਤੈ। ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰਨ ’ਤੇ ਪੁਲੀਸ ਨੇ ਯੂ.ਏ.ਪੀ.ਏ. ਤਹਿਤ ਕੇਸ ਦਰਜ ਕਰਕੇ ਜੇਲ੍ਹੀਂ ਡੱਕਿਆ। ਸਾਕਸ਼ੀ ਮਲਿਕ, ਵਿਨੇਸ਼ ਫੋਗਾਟ ਨੇ ਸੱਤਾ ਵਿੱਚ ਬੈਠੇ ਦਰਿੰਦਿਆਂ ਨੂੰ ਲਲਕਾਰਿਆ, ਪਰ ਦਰਿਆਵਾਂ ਦੇ ਵਹਿਣ ਨੂੰ ਕੋਈ ਰੋਕ ਸਕਿਐ?

ਡਾ. ਸੁਰਜੀਤ ਪਾਤਰ ਨੇ ਕਿਸਾਨ ਅੰਦੋਲਨ ਨੂੰ ਯਾਦ ਕਰ ਕੇ ਲਿਖਿਆ ਕਿ ਤਖ਼ਤ ਨੂੰ ਵੰਗਾਰਦੀਆਂ ਕਿਸਾਨ ਅੰਦੋਲਨ ਵਿੱਚ ‘ਧਰਤੀ ਦੀਆਂ ਧੀਆਂ, ਮਾਵਾਂ, ਭੈਣਾਂ, ਨਾਰਾਂ ਦੀ ਸ਼ਮੂਲੀਅਤ ਨੇ ਇਸ ਲਹਿਰ ਦੀ ਪਾਵਨਤਾ, ਗੌਰਵਤਾ ਤੇ ਸ਼ਾਲੀਨਤਾ ਵਿੱਚ ਬੇਹੱਦ ਵਾਧਾ ਕੀਤਾ ਹੈ। ਇਸ ਪਾਵਨਤਾ, ਗੌਰਵ ਤੇ ਸ਼ਾਲੀਨਤਾ ਤੋਂ ਵੀ ਡਾਢਿਆਂ ਨੂੰ ਡਰ ਲੱਗਦਾ ਹੈ। ਜਿਵੇਂ ਇਹ ਕੋਈ ਉੱਜਲਾ ਸ਼ੀਸ਼ਾ ਹੋਵੇ, ਜਿਸ ਵਿੱਚ ਉਨ੍ਹਾਂ ਨੂੰ ਆਪਣਾ ਤੁਹਮਤਾਂ ਲਾਉਣ ਵਾਲਾ ਮਨਹੂਸ ਚਿਹਰਾ ਦਿਸਦਾ ਹੋਵੇ। ਉਹ ਕਹਿੰਦੇ ਜਾਪਦੇ ਹਨ;

ਉੱਜਲੇ ਸ਼ੀਸ਼ੇ ਸਨਮੁਖ ਮੈਨੂੰ, ਚਿਰ ਤੱਕ ਨਾ ਖਲਿਹਾਰ

ਮੈਲ਼ੇ ਮਨ ਵਾਲੇ ਮੁਜਰਿਮ ਨੂੰ ਇਸ ਮੌਤੇ ਨਾ ਮਾਰ।

ਲੰਗਰ ਦੀ ਲੋਹ ’ਤੇ ਰੋਟੀਆਂ ਪਕਾਉਂਦੀਆਂ ਉਹ ਕੋਈ ਪਾਵਨ ਯੱਗ ਕਰਦੀਆਂ ਲੱਗਦੀਆਂ ਹਨ। ਇਨ੍ਹਾਂ ਦੇਵੀਆਂ ਦੀ ਹਜ਼ੂਰੀ ਵਿੱਚ ਸ਼ਾਲੀਨਤਾ ਦਾ ਪ੍ਰਕਾਸ਼ ਹੁੰਦਾ ਹੈ।

ਕੁੜੀਆਂ ਸੱਚੀਂ ਮੁੱਚੀਂ ਕਿਸਮਤ ਦੀਆਂ ਪੁੜੀਆਂ ਹੁੰਦੀਆਂ ਨੇ। ਜਿਸ ਘਰ ਦੀ ਡਿਉੜੀ ਨੂੰ ਭਾਗ ਲਾ ਦੇਣ, ਅਮੁੱਲੀਆਂ ਦਾਤਾਂ ਦੀ ਬਰਸਾਤ ਹੁੰਦੀ ਐ। ਮੁੱਢ-ਕਦੀਮੋਂ ਸ੍ਰਿਸ਼ਟੀ ਦੀਆਂ ਸਫ਼ੀਰ ਨੇ...ਕੁਦਰਤ ਦੀਆਂ ਕਰਾਮਾਤਾਂ! ਤ੍ਰੈਲੋਚਨ ਲੋਚੀ ਦੀਆਂ ਸਤਰਾਂ ਹਨ;

ਹੁੰਮਸ ਭਰੇ ਮੌਸਮ ਵਿੱਚ

ਬੇਟੀ ਨੇ

ਆਪਣੇ ਨਿੱਕੇ ਨਿੱਕੇ ਹੱਥਾਂ ਨਾਲ

ਕਾਗ਼ਜ਼ ’ਤੇ ਬਣਾਈ ਹੈ

ਵਰ੍ਹਦੇ ਬੱਦਲ ਦੀ ਤਸਵੀਰ।

ਤਨ, ਮਨ ਤੇ ਘਰ ਦਾ ਕੋਨਾ ਕੋਨਾ

ਸੀਤਲ ਹੋ ਗਿਆ

ਜਿਵੇਂ ਸੱਚੀਉਂ ਹੀ

ਬੇਟੀਆਂ ਦੇ ਹੱਥਾਂ ਵਿੱਚ

ਕੋਈ ਜਾਦੂ ਹੈ

ਕਰਾਮਾਤ ਜਿਹਾ!

ਸੰਪਰਕ: 89684-33500

Advertisement
Show comments