ਕਿਸਾਨਾਂ ਬਾਰੇ ਟਿੱਪਣੀ: ਅਦਾਕਾਰਾ ਕੰਗਨਾ ਦੀ ਕੇਸ ਰੱਦ ਬਾਰੇ ਅਰਜ਼ੀ ’ਤੇ ਸੁਣਵਾਈ ਭਲਕੇ
ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਦਿੱਲੀ ਦੀਆਂ ਬਰੂਹਾਂ ’ਤੇ ਚੱਲੇ ਅੰਦੋਲਨ ਦੌਰਾਨ ਕੰਗਨਾ ਰਣੌਤ ਵੱਲੋਂ ਇੱਕ ਬਿਰਧ ਮਾਈ ’ਤੇ ਕੀਤੀ ਟਿੱਪਣੀ ਨਾਲ ਸਬੰਧਤ ਮਾਣਹਾਨੀ ਕੇਸ ਨੂੰ ਰੱਦ ਕਰਨ ਲਈ ਰਣੌਤ ਦੀ ਅਰਜ਼ੀ ’ਤੇ ਸੁਪਰੀਮ ਕੋਰਟ ਭਲਕੇ ਸੁਣਵਾਈ ਕਰੇਗੀ। ਇਸ ਤੋਂ ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕੰਗਨਾ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਸੀ। ਜਿਸ ਤੋਂ ਬਾਅਦ ਹੁਣ ਕੰਗਨਾ ਨੇ ਉਸ ਫੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਹੈ।
ਜਸਟਿਸ ਵਿਕਰਮ ਨਾਥ ਅਤੇ ਸੰਦੀਪ ਮਹਿਤਾ ਦਾ ਬੈਂਚ ਇਸ ਮਾਮਲੇ ਦੀ ਸੁਣਵਾਈ ਕਰੇਗਾ। ਅਦਾਕਾਰਾ ਤੋਂ ਸਿਆਸਤਦਾਨ ਬਣੀ ਕੰਗਨਾ ਰਣੌਤ ਵਿਰੁੱਧ ਇਹ ਕੇਸ ਉਸ ਦੇ ਇੱਕ ਟਵੀਟ ਨਾਲ ਸਬੰਧਤ ਹੈ ਜਿਸ ਵਿੱਚ ਉਸ ਨੇ 2020-21 ਦੇ ਕਿਸਾਨ ਪ੍ਰਦਰਸ਼ਨਾਂ ਦੌਰਾਨ ਇੱਕ ਮਹਿਲਾ ਪ੍ਰਦਰਸ਼ਨਕਾਰੀ ਬਾਰੇ ਆਪਣੀ ਟਿੱਪਣੀ ਕੀਤੀ ਸੀ।
ਇਹ ਸ਼ਿਕਾਇਤ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਬਹਾਦਰਗੜ੍ਹ ਜੰਡੀਆਂ ਪਿੰਡ ਦੀ ਰਹਿਣ ਵਾਲੀ ਮਹਿੰਦਰ ਕੌਰ (73) ਨੇ 2021 ਵਿੱਚ ਦਰਜ ਕਰਵਾਈ ਸੀ।
ਉਨ੍ਹਾਂ ਨੇ ਬਠਿੰਡਾ ਦੀ ਇੱਕ ਅਦਾਲਤ ਵਿੱਚ ਆਪਣੀ ਸ਼ਿਕਾਇਤ ਵਿੱਚ ਕਿਹਾ ਕਿ ਅਦਾਕਾਰਾ ਨੇ ਇੱਕ ਰੀਟਵੀਟ ਵਿੱਚ ਉਨ੍ਹਾਂ ਬਾਰੇ "ਝੂਠੇ ਦੋਸ਼ ਅਤੇ ਟਿੱਪਣੀਆਂ" ਕੀਤੀਆਂ ਸਨ, ਜਿਸ ਵਿੱਚ ਕਿਹਾ ਗਿਆ ਸੀ ਕਿ ਉਹ ਉਹੀ "ਦਾਦੀ" ਹੈ, ਯਾਨੀ ਕਿ ਬਿਲਕਿਸ ਬਾਨੋ, ਜੋ ਸ਼ਾਹੀਨ ਬਾਗ ਪ੍ਰਦਰਸ਼ਨ ਦਾ ਹਿੱਸਾ ਸੀ।
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਆਪਣੇ 2 ਅਗਸਤ ਦੇ ਹੁਕਮ ਵਿੱਚ ਰਣੌਤ ਦੀ ਅਰਜ਼ੀ ਨੂੰ ਖਾਰਜ ਕਰਦਿਆਂ ਕਿਹਾ, ‘‘ਅਰਜ਼ੀਕਰਤਾ, ਜੋ ਕਿ ਇੱਕ ਸੈਲੀਬ੍ਰਿਟੀ ਹੈ, ਦੇ ਖ਼ਿਲਾਫ਼ ਖਾਸ ਦੋਸ਼ ਹਨ ਕਿ ਉਸ ਦੁਆਰਾ ਕੀਤੇ ਗਏ ਝੂਠੇ ਅਤੇ ਮਾਣਹਾਨੀ ਵਾਲੇ ਰੀਟਵੀਟ ਨੇ ਪ੍ਰਤੀਵਾਦੀ ਦੀ ਸਾਖ ਨੂੰ ਢਾਹ ਲਾਈ ਹੈ ਅਤੇ ਉਸਨੂੰ ਆਪਣੀ ਨਜ਼ਰ ਵਿੱਚ ਅਤੇ ਦੂਜਿਆਂ ਦੀਆਂ ਨਜ਼ਰਾਂ ਵਿੱਚ ਵੀ ਨੀਵਾਂ ਕੀਤਾ ਹੈ। ਇਸ ਲਈ ਆਪਣੇ ਅਧਿਕਾਰਾਂ ਦੀ ਰਾਖੀ ਲਈ ਸ਼ਿਕਾਇਤ ਦਰਜ ਕਰਵਾਉਣਾ 'ਮੇਲਾ ਫਾਈਡ' (ਬਦਨੀਤੀ ਨਾਲ) ਨਹੀਂ ਕਿਹਾ ਜਾ ਸਕਦਾ।’’