ਆਹ ਲੈ ਮਾਏ ਸਾਂਭ ਕੁੰਜੀਆਂ...
ਚਾਰ ਦਿਨ ਮੌਜਾਂ ਮਾਣ ਕੇ ਲਾ ਕੇ
ਸੁੱਖਾਂ ਦੇ ਸਮੁੰਦਰਾਂ ’ਚ ਤਾਰੀ
ਆਹ ਲੈ ਮਾਏ ਸਾਂਭ ਕੁੰਜੀਆਂ
ਧੀਆਂ ਕਰ ਚੱਲੀਆਂ ਸਰਦਾਰੀ
ਬਾਪੂ ਤੇਰੇ ਪਿਆਰ ਸਦਕਾ
ਅਸਾਂ ਰੱਜ ਰੱਜ ਪਹਿਨਿਆ ਹੰਢਾਇਆ
ਪੱਗ ਤੇਰੀ ਰੱਖੀ ਸਾਂਭ ਕੇ
ਇਹਨੂੰ ਦਾਗ ਨਾ ਹਵਾ ਜਿੰਨਾ ਲਾਇਆ
ਇੱਕ ਰਾਤ ਹੋਰ ਰੱਖ ਲੈ ਜਾਵਾਂ ਬਾਬਲਾ ਤੇਰੇ ਬਲਿਹਾਰੀ
ਆਹ ਲੈ ਮਾਏ ਸਾਂਭ ਕੁੰਜੀਆਂ
ਧੀਆਂ ਕਰ ਚੱਲੀਆਂ ਸਰਦਾਰੀ
ਧੀਆਂ ਦੀਆਂ ਭਾਵਨਾਵਾਂ ਨੂੰ ਪੰਜਾਬੀ ਕਵੀ ਦੀਪਕ ਜੈਤੋਈ ਨੇ ਉਕਤ ਗੀਤ ਰਾਹੀਂ ਬਾਖੂਬੀ ਬਿਆਨ ਕੀਤਾ ਹੈ। ਸੱਚ ਮੁੱਚ ਧੀਆਂ ਅਤੇ ਧਰੇਕਾਂ ਵਿਹੜੇ ਦੀ ਰੌਣਕ ਹੁੰਦੀਆਂ ਹਨ। ਧੀਆਂ ਬਿਨਾਂ ਪਰਿਵਾਰ ਅਧੂਰਾ ਹੈ, ਇਹ ਗੱਲ ਉਹ ਲੋਕ ਜ਼ਿਆਦਾ ਜਾਣਦੇ ਹਨ ਜਿਨ੍ਹਾਂ ਦੇ ਘਰ ਧੀਆਂ ਤੋਂ ਸੱਖਣੇ ਹਨ। ਜੇਕਰ ਅਸੀਂ ਭਾਰਤੀ ਇਤਿਹਾਸ ਦੇ ਪਿਛਲੇ ਸਮਿਆਂ ’ਤੇ ਝਾਤੀ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਸਾਡੇ ਦੇਸ਼ ਦਾ ਔਰਤ ਵਰਗ ਸਦੀਆਂ ਤੋਂ ਗੁਲਾਮੀ ਦੀ ਦਲਦਲ ਵਿੱਚ ਫਸਿਆ ਹੋਇਆ ਹੈ। ਜਦੋਂ ਦੇਸ਼ ਵਿੱਚ ਜਾਤੀ ਵਿਵਸਥਾ ਬਣੀ ਸੀ, ਉਸ ਵਿੱਚ ਵੀ ਔਰਤ ਨੂੰ ਸਮਾਨਤਾ ਦਾ ਦਰਜਾ ਨਹੀਂ ਦਿੱਤਾ ਗਿਆ। ਉਸ ਨੂੰ ਪੜ੍ਹਨ ਲਿਖਣ ਅਤੇ ਆਜ਼ਾਦ ਘੁੰਮਣ ਵਰਗੇ ਅਧਿਕਾਰਾਂ ਤੋਂ ਵੰਚਿਤ ਰੱਖਿਆ ਗਿਆ ਸੀ।
ਜਿਉਂ ਜਿਉਂ ਵਕਤ ਬਦਲਦਾ ਗਿਆ ਅਤੇ ਮਨੁੱਖ ਜਾਗਰੂਕ ਹੁੰਦਾ ਗਿਆ ਅਤੇ ਔਰਤਾਂ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਹੁੰਦੀਆਂ ਗਈਆਂ। ਅੱਜ ਭਾਵੇਂ ਦੁਨੀਆ ਨੇ ਬਹੁਤ ਤਰੱਕੀ ਕਰ ਲਈ ਹੈ ਅਤੇ ਔਰਤਾਂ ਵੀ ਅਸਮਾਨ ਵਿੱਚ ਉਡਾਰੀਆਂ ਲਾ ਰਹੀਆਂ ਹਨ, ਪਰ ਅਜੇ ਵੀ ਬਹੁਤ ਸਾਰੇ ਦੇਸ਼ਾਂ ਵਿੱਚ ਔਰਤਾਂ ਅਸਮਾਨਤਾਵਾਂ ਦਾ ਸ਼ਿਕਾਰ ਹੋ ਰਹੀਆਂ ਹਨ। ਇਸੇ ਕਰਕੇ ਸੰਯੁਕਤ ਰਾਸ਼ਟਰ ਮਹਾਸਭਾ ਨੇ 2011 ਤੋਂ 11 ਅਕਤੂਬਰ ਨੂੰ ਬਾਲੜੀਆਂ ਲਈ ਅੰਤਰਰਾਸ਼ਟਰੀ ਦਿਵਸ ਐਲਾਨਿਆ ਸੀ। ਇਸ ਦਿਵਸ ਦਾ ਉਦੇਸ਼ ਲੜਕੀਆਂ ਨੂੰ ਦਰਪੇਸ਼ ਚੁਣੌਤੀਆਂ ਨਾਲ ਨਜਿੱਠਣ ਅਤੇ ਉਨ੍ਹਾਂ ਦੇ ਸਸ਼ਕਤੀਕਰਨ ਅਤੇ ਉਨ੍ਹਾਂ ਦੇ ਮਨੁੱਖੀ ਅਧਿਕਾਰਾਂ ਨੂੰ ਉਤਸ਼ਾਹਿਤ ਕਰਨ ਦੀ ਜ਼ਰੂਰਤ ’ਤੇ ਧਿਆਨ ਕੇਂਦਰਿਤ ਕਰਨਾ ਹੈ। ਭਾਰਤ ਸਰਕਾਰ ਦੀਆਂ ਬੇਟੀ ਬਚਾਓ, ਬੇਟੀ ਪੜ੍ਹਾਓ ਵਰਗੀਆਂ ਵਿਆਪਕ ਪ੍ਰਚਾਰ ਯੋਜਨਾਵਾਂ ਦੇ ਬਾਵਜੂਦ ਭਾਰਤ ਵਿੱਚ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਸੰਕਲਪਾਂ ਦਾ ਟੀਚਾ ਅਜੇ ਨੇੜੇ ਨਹੀਂ ਆ ਰਿਹਾ ਹੈ। ਭਾਰਤ ਹੀ ਇੱਕ ਅਜਿਹਾ ਵੱਡਾ ਦੇਸ਼ ਹੈ ਜਿੱਥੇ ਲੜਕਿਆਂ ਨਾਲੋਂ ਕੁੜੀਆਂ ਦੀ ਜਨਮ ਦਰ ਘੱਟ ਅਤੇ ਮੌਤ ਦਰ ਜ਼ਿਆਦਾ ਹੈ। ਇਸ ਦੇ ਨਾਲ ਹੀ ਕੁੜੀਆਂ ਦੇ ਸਕੂਲ ਛੱਡਣ ਦੀ ਸੰਭਾਵਨਾ ਵੀ ਜ਼ਿਆਦਾ ਹੈ।
ਭਾਰਤ ਵਿੱਚ ਰੁਜ਼ਗਾਰ, ਭੀਖ ਮੰਗਣ, ਜਿਨਸੀ ਸ਼ੋਸ਼ਣ ਅਤੇ ਬਾਲ ਮਜ਼ਦੂਰੀ ਵਰਗੇ ਕਈ ਉਦੇਸ਼ਾਂ ਲਈ ਅਣਗਿਣਤ ਬੱਚਿਆਂ ਦੀ ਤਸਕਰੀ ਕੀਤੀ ਜਾਂਦੀ ਹੈ ਜਿਨ੍ਹਾਂ ਵਿੱਚ ਜ਼ਿਆਦਾਤਰ ਗਿਣਤੀ ਕੁੜੀਆਂ ਦੀ ਹੈ। ਦੇਸ਼ ਵਿੱਚ ਹਰ ਸਾਲ 60 ਹਜ਼ਾਰ ਤੋਂ ਵੱਧ ਬੱਚੇ ਲਾਪਤਾ ਹੋ ਜਾਂਦੇ ਹਨ, ਜਿਨ੍ਹਾਂ ਵਿੱਚ ਕੁੜੀਆਂ ਦੀ ਪ੍ਰਤੀਸ਼ਤਤਾ ਜ਼ਿਆਦਾ ਹੈ। ਦੇਸ਼ ਵਿੱਚ ਕੁੜੀਆਂ ਕੋਲ ਕੁਝ ਖ਼ਤਰੇ ਅਤੇ ਕਮਜ਼ੋਰੀਆਂ ਹਨ ਜਿਨ੍ਹਾਂ ਦਾ ਉਹ ਸਿਰਫ਼ ਇਸ ਲਈ ਸਾਹਮਣਾ ਕਰਦੀਆਂ ਹਨ ਕਿਉਂਕਿ ਉਹ ਕੁੜੀਆਂ ਹਨ। ਇਨ੍ਹਾਂ ਵਿੱਚੋਂ ਬਹੁਤੇ ਜੋਖਮ ਸਿੱਧੇ ਤੌਰ ’ਤੇ ਆਰਥਿਕ, ਰਾਜਨੀਤਕ, ਸਮਾਜਿਕ ਅਤੇ ਸੱਭਿਆਚਾਰਕ ਨੁਕਸਾਨਾਂ ਨਾਲ ਜੁੜੇ ਹੋਏ ਹਨ ਜਿਨ੍ਹਾਂ ਦਾ ਲੜਕੀਆਂ ਨੂੰ ਸਾਹਮਣਾ ਕਰਨਾ ਪੈਂਦਾ ਹੈ। ਦੂਜੇ ਪਾਸੇ ਸਾਡੇ ਦੇਸ਼ ਵਿੱਚ ਜਿਨ੍ਹਾਂ ਕੁੜੀਆਂ ਨੂੰ ਆਜ਼ਾਦ ਮਾਹੌਲ ਮਿਲਿਆ ਹੈ, ਉਹ ਵੱਖ-ਵੱਖ ਖੇਤਰਾਂ ਵਿੱਚ ਵਿਸ਼ਵ ਪੱਧਰ ’ਤੇ ਮਿਸਾਲ ਬਣ ਚੁੱਕੀਆਂ ਹਨ।
ਅੱਜ ਭਾਰਤ ਦੀਆਂ ਧੀਆਂ ਨਾ ਸਿਰਫ਼ ਲੜਾਕੂ ਜਹਾਜ਼ ਉਡਾ ਰਹੀਆਂ ਹਨ, ਸਗੋਂ ਜੰਗ ਦੇ ਮੋਰਚੇ ’ਤੇ ਵੀ ਤਾਇਨਾਤ ਹਨ। ਚੰਦਰਯਾਨ 3 ਦੀ ਸਫਲਤਾ ਵਿੱਚ ਭਾਰਤ ਦੀਆਂ ਧੀਆਂ ਦਾ ਵੀ ਅਹਿਮ ਯੋਗਦਾਨ ਰਿਹਾ ਹੈ। ਫਿਰ ਵੀ ਭਾਰਤੀ ਸਮਾਜ ਵਿੱਚ ਪਿਤਾ-ਪੁਰਖੀ ਵਿਚਾਰ, ਮਰਿਆਦਾ, ਪਰੰਪਰਾਵਾਂ ਅਤੇ ਢਾਂਚੇ ਕਾਇਮ ਹਨ ਜਿਸ ਕਾਰਨ ਬਹੁਤੀਆਂ ਕੁੜੀਆਂ ਆਪਣੇ ਕਈ ਹੱਕਾਂ ਦਾ ਪੂਰਾ ਆਨੰਦ ਨਹੀਂ ਮਾਣ ਪਾਉਂਦੀਆਂ। ਲਿੰਗਕ ਵਿਤਕਰੇ ਅਤੇ ਸਮਾਜਿਕ ਨਿਯਮਾਂ ਅਤੇ ਪ੍ਰਥਾਵਾਂ ਦੇ ਪ੍ਰਚਲਣ ਕਾਰਨ ਲੜਕੀਆਂ ਨੂੰ ਬਾਲ ਵਿਆਹ, ਕਿਸ਼ੋਰ ਗਰਭ ਅਵਸਥਾ, ਘਰੇਲੂ ਕੰਮ, ਮਾੜੀ ਸਿੱਖਿਆ ਅਤੇ ਸਿਹਤ, ਜਿਨਸੀ ਸ਼ੋਸ਼ਣ ਅਤੇ ਹਿੰਸਾ ਦੀਆਂ ਸੰਭਾਵਨਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਭਾਰਤ ਵਿੱਚ ਲਿੰਗ ਅਸਮਾਨਤਾ ਦੇ ਨਤੀਜੇ ਵਜੋਂ ਕੁੜੀਆਂ ਲਈ ਅਸਮਾਨ ਮੌਕੇ ਹੁੰਦੇ ਹਨ। ਕੁੜੀਆਂ ਅਤੇ ਲੜਕੇ ਪੂਰੇ ਦੇਸ਼ ਵਿੱਚ ਵੱਖੋ-ਵੱਖਰੇ ਢੰਗ ਨਾਲ ਕਿਸ਼ੋਰ ਅਵਸਥਾ ਦਾ ਅਨੁਭਵ ਕਰਦੇ ਹਨ। ਜਦੋਂਕਿ ਲੜਕਿਆਂ ਨੂੰ ਵਧੇਰੇ ਆਜ਼ਾਦੀ ਦਾ ਅਨੁਭਵ ਹੁੰਦਾ ਹੈ, ਕੁੜੀਆਂ ਨੂੰ ਉਨ੍ਹਾਂ ਦੀ ਆਜ਼ਾਦੀ ਨਾਲ ਘੁੰਮਣ ਅਤੇ ਫ਼ੈਸਲੇ ਲੈਣ ਦੀ ਸਮਰੱਥਾ ’ਤੇ ਵਿਆਪਕ ਸੀਮਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜੋ ਉਨ੍ਹਾਂ ਦੇ ਕੰਮ, ਸਿੱਖਿਆ, ਵਿਆਹ ਅਤੇ ਸਮਾਜਿਕ ਸਬੰਧਾਂ ਨੂੰ ਪ੍ਰਭਾਵਿਤ ਕਰਦੇ ਹਨ। ਜਿਵੇਂ-ਜਿਵੇਂ ਕੁੜੀਆਂ ਅਤੇ ਮੁੰਡੇ ਵੱਡੇ ਹੁੰਦੇ ਜਾਂਦੇ ਹਨ, ਕੁੜੀਆਂ ਲਈ ਰੁਕਾਵਟਾਂ ਵਧਦੀਆਂ ਜਾਂਦੀਆਂ ਹਨ ਅਤੇ ਅਖੀਰ ਤੱਕ ਜਾਰੀ ਰਹਿੰਦੀਆਂ ਹਨ।
ਰਾਸ਼ਟਰੀ ਅਤੇ ਅੰਤਰਰਾਸ਼ਟਰੀ ਬਾਲੜੀ ਦਿਵਸ ਦੇ ਸਮਾਗਮਾਂ ਅਤੇ ਸਰਕਾਰੀ ਪ੍ਰੋਗਰਾਮਾਂ ਅਤੇ ਸਕੀਮਾਂ ਦੇ ਬਾਵਜੂਦ ਲੜਕੀਆਂ ਪ੍ਰਤੀ ਸਮਾਜ ਦੇ ਰਵੱਈਏ ਵਿੱਚ ਕੋਈ ਖ਼ਾਸ ਤਬਦੀਲੀ ਨਹੀਂ ਆਈ ਹੈ। ਅੱਜ ਵੀ ਸ਼ਹਿਰਾਂ ਵਿੱਚ ਪ੍ਰਤੀ ਹਜ਼ਾਰ ਲੜਕਿਆਂ ਪਿੱਛੇ ਕੁੜੀਆਂ ਦੀ ਗਿਣਤੀ ਪੇਂਡੂ ਖੇਤਰਾਂ ਨਾਲੋਂ ਘੱਟ ਹੈ। ਇਸ ਦਾ ਮਤਲਬ ਇਹ ਹੈ ਕਿ ਜਿਨ੍ਹਾਂ ਸ਼ਹਿਰਾਂ ਵਿੱਚ ਗਰਭ ਅਵਸਥਾ ਦੌਰਾਨ ਭਰੂਣ ਜਾਂਚ ਦੀਆਂ ਸਹੂਲਤਾਂ ਹਨ, ਉੱਥੇ ਬੱਚੀ ਦਾ ਭਰੂਣ ਸੁਰੱਖਿਅਤ ਨਹੀਂ ਹੈ। ਪੇਂਡੂ ਖੇਤਰਾਂ ਵਿੱਚ ਸੰਤੋਸ਼ਜਨਕ ਲਿੰਗ ਅਨੁਪਾਤ ਦੇ ਬਾਵਜੂਦ, ਉੱਥੇ ਡਾਕਟਰੀ ਸਹੂਲਤਾਂ ਦੀ ਘਾਟ ਕਾਰਨ ਨਵਜੰਮੇ ਬੱਚਿਆਂ ਤੋਂ ਲੈ ਕੇ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਮੌਤ ਦਰ ਜ਼ਿਆਦਾ ਹੈ, ਜਿਸ ਵਿੱਚ ਲੜਕੀਆਂ ਦੀ ਪ੍ਰਤੀਸ਼ਤਤਾ ਜ਼ਿਆਦਾ ਹੈ।
ਇਸੇ ਸਰਵੇਖਣ ਅਨੁਸਾਰ ਦੇਸ਼ ਵਿੱਚ ਅਜੇ ਵੀ 23 ਫੀਸਦੀ ਕਿਸ਼ੋਰਾਂ ਦਾ ਵਿਆਹ 18 ਸਾਲ ਦੀ ਉਮਰ ਤੋਂ ਪਹਿਲਾਂ ਹੀ ਹੋ ਜਾਂਦਾ ਹੈ, ਜਿਨ੍ਹਾਂ ਵਿੱਚ ਜ਼ਿਆਦਾਤਰ ਲੜਕੀਆਂ ਹਨ। ਸਰਵੇਖਣ ਵਿੱਚ 15 ਤੋਂ 19 ਸਾਲ ਦੀ ਉਮਰ ਦੀਆਂ 6.8 ਫੀਸਦੀ ਕੁੜੀਆਂ ਬਾਲ ਵਿਆਹ ਕਾਰਨ ਗਰਭਵਤੀ ਜਾਂ ਮਾਵਾਂ ਪਾਈਆਂ ਗਈਆਂ। ਲੜਕੀਆਂ ਵਿਰੁੱਧ ਜਿਨਸੀ ਅਪਰਾਧਾਂ ਵਿੱਚ ਵੀ ਵਾਧਾ ਹੋਇਆ ਹੈ। ਬੇਸ਼ੱਕ ਭਾਰਤੀ ਸੰਸਕ੍ਰਿਤੀ ਵਿੱਚ ਕੰਨਿਆ ਨੂੰ ਲਕਸ਼ਮੀ ਮੰਨਿਆ ਜਾਂਦਾ ਹੈ ਅਤੇ ਕਈ ਮੌਕਿਆਂ ’ਤੇ ਪੂਜਾ ਕੀਤੀ ਜਾਂਦੀ ਹੈ, ਪਰ ਸਮਾਜ ਵਿੱਚ ਮੌਜੂਦ ਕੁਝ ਸ਼ੈਤਾਨ ਲੋਕਾਂ ਕਰਕੇ ਦੇਸ਼ ਵਿੱਚ ਦੇਵੀ ਵਜੋਂ ਪੂਜਣ ਵਾਲੀਆਂ ਕੁੜੀਆਂ ਅਸੁਰੱਖਿਅਤ ਹਨ। 2021 ’ਚ ਲੜਕੀਆਂ ਨਾਲ ਬਲਾਤਕਾਰ ਦੇ 37,511 ਮਾਮਲੇ ਦਰਜ ਕੀਤੇ ਗਏ ਜੋ 2022 ’ਚ ਵਧ ਕੇ 38,030 ਹੋ ਗਏ। 2023 ਵਿੱਚ ਇਹ ਅੰਕੜੇ 32000 ਦੇ ਕਰੀਬ ਸਨ। ਇਸੇ ਤਰ੍ਹਾਂ ਜਿਨਸੀ ਹਮਲਿਆਂ ਦੀ ਗਿਣਤੀ ਵਿੱਚ 3.1 ਪ੍ਰਤੀਸ਼ਤ ਅਤੇ ਜਿਨਸੀ ਉਤਪੀੜਨ ਵਿੱਚ 10.4 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ। ਭਾਰਤ ਉਦੋਂ ਤੱਕ ਪੂਰੀ ਤਰ੍ਹਾਂ ਵਿਕਸਤ ਨਹੀਂ ਹੋਵੇਗਾ ਜਦੋਂ ਤੱਕ ਲੜਕੀਆਂ ਅਤੇ ਲੜਕਿਆਂ ਦੋਵਾਂ ਨੂੰ ਉਨ੍ਹਾਂ ਦੀ ਪੂਰੀ ਸਮਰੱਥਾ ਤੱਕ ਪਹੁੰਚਣ ਦੇ ਬਰਾਬਰ ਮੌਕੇ ਨਹੀਂ ਦਿੱਤੇ ਜਾਂਦੇ। ਹਰ ਬੱਚਾ ਆਪਣੀ ਪੂਰੀ ਸਮਰੱਥਾ ਤੱਕ ਪਹੁੰਚਣ ਦਾ ਹੱਕਦਾਰ ਹੈ, ਪਰ ਉਨ੍ਹਾਂ ਦੇ ਜੀਵਨ ਵਿੱਚ ਅਤੇ ਉਨ੍ਹਾਂ ਦੀ ਦੇਖਭਾਲ ਕਰਨ ਵਾਲਿਆਂ ਦੇ ਜੀਵਨ ਵਿੱਚ ਲਿੰਗ ਅਸਮਾਨਤਾਵਾਂ ਇਸ ਅਸਲੀਅਤ ਵਿੱਚ ਰੁਕਾਵਟ ਪਾਉਂਦੀਆਂ ਹਨ। ਸਿੱਖਿਆ, ਜੀਵਨ ਦੇ ਹੁਨਰਾਂ, ਖੇਡਾਂ ਅਤੇ ਹੋਰ ਬਹੁਤ ਕੁਝ ਵਿੱਚ ਨਿਵੇਸ਼ ਕਰਕੇ ਅਤੇ ਉਨ੍ਹਾਂ ਨੂੰ ਸ਼ਕਤੀ ਪ੍ਰਦਾਨ ਕਰਕੇ ਲੜਕੀਆਂ ਦੀ ਮਹੱਤਤਾ ਨੂੰ ਉੱਚਾ ਚੁੱਕਣਾ ਮਹੱਤਵਪੂਰਨ ਹੈ। ਰਾਜਨੀਤਕ ਆਧਾਰ ’ਤੇ ਲੜਕੀਆਂ ’ਤੇ ਅੱਤਿਆਚਾਰ ਕਰਨ ਵਾਲਿਆਂ ਨੂੰ ਮੁਆਫ਼ ਕਰਨਾ ਜਾਂ ਉਨ੍ਹਾਂ ਦੀ ਰੱਖਿਆ ਕਰਨਾ ਵੀ ਇੱਕ ਗੰਭੀਰ ਸਮਾਜਿਕ ਅਪਰਾਧ ਹੈ। ਲੜਕੀਆਂ ਦੀ ਮਹੱਤਤਾ ਨੂੰ ਵਧਾ ਕੇ ਅਸੀਂ ਸਮੂਹਿਕ ਤੌਰ ’ਤੇ ਖ਼ਾਸ ਨਤੀਜਿਆਂ ਦੀ ਪ੍ਰਾਪਤੀ ਵਿੱਚ ਯੋਗਦਾਨ ਪਾ ਸਕਦੇ ਹਾਂ।
ਸਾਡੇ ਦੇਸ਼ ਦੀਆਂ ਧੀਆਂ ਬਹੁਤ ਸਮਝਦਾਰ ਅਤੇ ਮਿਹਨਤੀ ਹਨ, ਜੇਕਰ ਉਨ੍ਹਾਂ ਨੂੰ ਉੱਡਣ ਦਾ ਮੌਕਾ ਮਿਲਦਾ ਹੈ ਤਾਂ ਉਨ੍ਹਾਂ ਦੀ ਉਡਾਰੀ ਲੜਕਿਆਂ ਨਾਲੋਂ ਲੰਮੀ ਅਤੇ ਉੱਚੀ ਹੋ ਨਿੱਬੜਦੀ ਹੈ। ਦੇਖਣ ਵਿੱਚ ਆਇਆ ਹੈ ਕਿ ਰਾਜਨੀਤਕ, ਪ੍ਰਸ਼ਾਸਨਿਕ ਅਤੇ ਹੋਰ ਬਹੁਤ ਸਾਰੀਆਂ ਥਾਵਾਂ ’ਤੇ ਔਰਤਾਂ ਜ਼ਿਆਦਾ ਸਫਲ ਰਹੀਆਂ ਹਨ। ਸਿਆਣੇ ਕਹਿੰਦੇ ਹਨ ਕਿ ਧੀ ਬਿਨਾਂ ਪਰਿਵਾਰ ਅਧੂਰਾ ਹੈ, ਇਹ ਬਿਲਕੁਲ ਸੱਚ ਕਿਹਾ ਹੈ ਧੀਆਂ ਦੀ ਅਹਿਮੀਅਤ ਉਨ੍ਹਾਂ ਨੂੰ ਜ਼ਿਆਦਾ ਪਤਾ ਹੈ, ਜਿਨ੍ਹਾਂ ਕੋਲ ਧੀ ਨਹੀਂ ਹੈ। ਧੀਆਂ ਹੀ ਮਾਵਾਂ, ਦਾਦੀ, ਨਾਨੀ ਬਣਦੀਆਂ ਹਨ, ਧੀਆਂ ਤੋਂ ਬਿਨਾਂ ਦੁਨੀਆ ਅੱਗੇ ਨਹੀਂ ਵਧ ਸਕਦੀ। ਧੀਆਂ ਨੂੰ ਆਪਣੀ ਜ਼ਿੰਦਗੀ ਦਾ ਇੱਕ ਤਿਹਾਈ ਹਿੱਸਾ ਹੀ ਆਪਣੇ ਮਾਪਿਆਂ ਕੋਲ ਰਹਿਣ ਦਾ ਸੁਭਾਗ ਪ੍ਰਾਪਤ ਹੁੰਦਾ ਹੈ। ਵਿਆਹ ਤੋਂ ਬਾਅਦ ਬਹੁਤ ਸਾਰੀਆਂ ਕੁੜੀਆਂ ਨੂੰ ਪਰਾਏ ਘਰ ਦੇ ਅਨੁਕੂਲ ਹੋਣ ਲਈ ਬਹੁਤ ਸਮਾਂ ਲੱਗ ਜਾਂਦਾ ਹੈ, ਇਸੇ ਲਈ ਹਰ ਧੀ ਵਿਆਹ ਵਾਲੇ ਦਿਨ ਭਾਵੁਕ ਹੋ ਕੇ ਆਪਣੀ ਮਾਂ ਨੂੰ ਆਖਦੀ ਹੈ;
ਆਹ ਲੈ ਮਾਏ ਸਾਂਭ ਕੁੰਜੀਆਂ
ਧੀਆਂ ਕਰ ਚੱਲੀਆਂ ਸਰਦਾਰੀ...
ਜ਼ਿੰਦਗੀ ਦੇ ਇੱਕ ਮੁਕਾਮ ’ਤੇ ਪਹੁੰਚ ਕੇ ਇਨਸਾਨ ਸੋਚਦਾ ਹੈ ਕਿ ਕਾਸ਼! ਉਸ ਦੀ ਵੀ ਇੱਕ ਧੀ ਹੁੰਦੀ? ਅੱਜ 11 ਅਕਤੂਬਰ ਅੰਤਰਰਾਸ਼ਟਰੀ ਬਾਲੜੀ ਦਿਵਸ ’ਤੇ ਸੰਕਲਪ ਲੈਣਾ ਬਣਦਾ ਹੈ ਕਿ ਧੀਆਂ ਨੂੰ ਹੋਰ ਖੁਸ਼ਹਾਲ ਕਰੀਏ, ਜੇਕਰ ਦੇਸ਼ ਦੀਆਂ ਧੀਆਂ ਖ਼ੁਸ਼ਹਾਲ ਹੋਣਗੀਆਂ ਤਾਂ ਹੀ ਦੇਸ਼ ਖੁਸ਼ਹਾਲ ਹੋਵੇਗਾ।
ਸੰਪਰਕ: 88376-46099