ਬਦਲਦੇ ਰਿਸ਼ਤੇ
ਹਰਪ੍ਰੀਤ ਕੌਰ ਸੰਧੂ
ਅੱਜਕੱਲ੍ਹ ਦੇ ਬਦਲਦੇ ਸਮੇਂ ਵਿੱਚ ਕਿਸੇ ਰਿਸ਼ਤੇ ਤੋਂ ਬੇਜਾਰ ਹੋ ਜਾਣਾ ਕੋਈ ਬਹੁਤੀ ਵੱਡੀ ਗੱਲ ਨਹੀਂ। ਇਹ ਅਕਸਰ ਹੋ ਜਾਂਦਾ ਹੈ। ਹਾਲਾਂਕਿ ਅਜਿਹਾ ਹੋਣਾ ਨਹੀਂ ਚਾਹੀਦਾ, ਪਰ ਸਾਡੀ ਨਵੀਂ ਪੀੜ੍ਹੀ ਵਿੱਚ ਸਹਿਣਸ਼ੀਲਤਾ ਬਹੁਤ ਘੱਟ ਹੈ। ਉਹ ਛੋਟੀ ਜਿਹੀ ਗੱਲ ’ਤੇ ਤੋੜ ਵਿਛੋੜੇ ਤੱਕ ਪਹੁੰਚ ਜਾਂਦੇ ਹਨ। ਬਜ਼ੁਰਗਾਂ ਵਾਂਗ ਦਰ ਗੁਜ਼ਰ ਕਰਨਾ ਉਨ੍ਹਾਂ ਦੇ ਸੁਭਾਅ ਵਿੱਚ ਨਹੀਂ।
ਜੇਕਰ ਉਹ ਇੱਕ-ਦੂਜੇ ਨੂੰ ਪਸੰਦ ਨਹੀਂ ਕਰਦੇ ਤਾਂ ਇੱਕ-ਦੂਜੇ ਤੋਂ ਵੱਖ ਹੋ ਜਾਣਾ ਚਾਹੀਦਾ ਹੈ। ਇਸ ਵਿੱਚ ਕੋਈ ਹਰਜ਼ ਨਹੀਂ ਹੈ। ਜ਼ਿੰਦਗੀ ਬਹੁਤ ਲੰਬੀ ਹੈ ਤੇ ਜੇ ਹਮਸਫ਼ਰ ਨਾਲ ਨਾ ਬਣਦੀ ਹੋਵੇ ਤਾਂ ਸਫ਼ਰ ਔਖਾ ਹੋ ਜਾਂਦਾ ਹੈ। ਅਲੱਗ ਹੋ ਜਾਣ ਦਾ ਕੋਈ ਮਿਹਣਾ ਵੀ ਨਹੀਂ, ਪਰ ਜੋ ਸਭ ਤੋਂ ਅਜੀਬ ਗੱਲ ਹੈ ਉਹ ਇਹ ਹੈ ਕਿ ਇੱਕ-ਦੂਜੇ ਨੂੰ ਮਾਰ ਦੇਣਾ। ਅਕਸਰ ਖ਼ਬਰਾਂ ਵਿੱਚ ਸੁਣਦੇ ਹਾਂ ਪਤੀ ਨੇ ਪਤਨੀ ਨੂੰ ਮਰਵਾ ਦਿੱਤਾ ਜਾਂ ਪਤਨੀ ਨੇ ਪਤੀ ਨੂੰ। ਇਹ ਗੱਲ ਸੁਣਨ ਵਿੱਚ ਬਹੁਤ ਅਜੀਬ ਲੱਗਦੀ ਹੈ।
ਸਾਡੇ ਕੋਲ ਤਲਾਕ ਹੈ ਜਿਸ ਵਿੱਚ ਅਸੀਂ ਅਲੱਗ ਹੋ ਸਕਦੇ ਹਾਂ। ਤਲਾਕ ਤੋਂ ਬਾਅਦ ਦੋਵੇਂ ਆਪਣਾ ਆਪਣਾ ਜੀਵਨ ਜਿਊਣ ਲਈ ਆਜ਼ਾਦ ਹਨ। ਜਦੋਂ ਕੋਈ ਪਤੀ-ਪਤਨੀ ਇੱਕ-ਦੂਜੇ ਤੋਂ ਉਕਤਾ ਜਾਂਦੇ ਹਨ, ਇੱਕ-ਦੂਜੇ ਨਾਲ ਸਮਝੌਤਾ ਨਹੀਂ ਕਰਨਾ ਚਾਹੁੰਦੇ ਤਾਂ ਉਨ੍ਹਾਂ ਨੂੰ ਅਲੱਗ ਹੋ ਜਾਣਾ ਚਾਹੀਦਾ ਹੈ। ਤਲਾਕ ਲੈ ਕੇ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰਨ, ਪਰ ਅਜਿਹਾ ਬਹੁਤ ਘੱਟ ਹੋ ਰਿਹਾ ਹੈ। ਇੱਕ-ਦੂਜੇ ਨੂੰ ਮਰਵਾ ਦੇਣ ਤੱਕ ਪਹੁੰਚਣ ਦੀ ਨੌਬਤ ਆ ਗਈ ਹੈ। ਹੁਣ ਇਹ ਗੱਲ ਕੋਈ ਅਣਹੋਣੀ ਜਿਹੀ ਨਹੀਂ ਲੱਗਦੀ ਕਿਉਂਕਿ ਅਜਿਹੀਆਂ ਖ਼ਬਰਾਂ ਰੋਜ਼ ਸੁਣਨ ਨੂੰ ਮਿਲਦੀਆਂ ਹਨ।
ਸਾਡੇ ਸਮਾਜ ਦਾ ਇਹ ਬਹੁਤ ਗੰਭੀਰ ਮੁੱਦਾ ਹੈ। ਜੇਕਰ ਕੋਈ ਲਿਵ-ਇਨ ਰਿਲੇਸ਼ਨ ਵਿੱਚ ਰਹਿ ਰਿਹਾ ਹੈ ਤਾਂ ਵੀ ਇੱਕ-ਦੂਜੇ ਨੂੰ ਮਾਰ ਦਿੱਤਾ ਜਾਂਦਾ ਹੈ। ਵਿਆਹ ਵਿੱਚ ਵੀ ਅਜਿਹਾ ਹੀ ਹੋ ਰਿਹਾ ਹੈ। ਇੱਥੋਂ ਤੱਕ ਕਿ ਪ੍ਰੇਮੀ-ਪ੍ਰੇਮਿਕਾ ਵੀ ਇੱਕ ਦੂਜੇ ਤੋਂ ਨਿਜਾਤ ਪਾਉਣ ਲਈ ਉਸ ਨੂੰ ਜ਼ਿੰਦਗੀ ਤੋਂ ਹੀ ਨਿਜਾਤ ਦਿਵਾ ਦਿੰਦੇ ਹਨ। ਇਹ ਬਹੁਤ ਦੁਖਦਾਈ ਹੈ। ਇਸ ਦੇ ਪਿੱਛੇ ਬਹੁਤ ਸਾਰੇ ਮਨੋਵਿਗਿਆਨਕ ਕਾਰਨ ਹਨ। ਅਜਿਹੀਆਂ ਹਰਕਤਾਂ ਕੋਈ ਆਮ ਵਿਅਕਤੀ ਨਹੀਂ ਕਰਦਾ। ਇਹ ਮਾਨਸਿਕ ਰੋਗੀਆਂ ਦੇ ਕੰਮ ਹਨ। ਮਾਨਸਿਕ ਰੋਗੀ ਸਿਰਫ਼ ਉਹ ਨਹੀਂ ਹੁੰਦੇ ਜੋ ਕਿਸੇ ਗੰਭੀਰ ਸਮੱਸਿਆ ਨਾਲ ਉਲਝ ਰਹੇ ਹੋਣ।
ਮਾਨਸਿਕ ਰੋਗੀ ਉਹ ਵੀ ਹਨ ਜੋ ਸਾਡੇ ਸਮਾਜ ਵਿੱਚ ਸਾਡੇ ਆਲੇ ਦੁਆਲੇ ਆਰਾਮਦਾਇਕ ਜ਼ਿੰਦਗੀ ਬਿਤਾਉਂਦੇ ਹਨ। ਅਜਿਹੇ ਲੋਕਾਂ ਦਾ ਹਉਮੈ ਬਹੁਤ ਵੱਧ ਹੁੰਦਾ ਹੈ। ਉਨ੍ਹਾਂ ਨੂੰ ਆਪਣੇ ਤੋਂ ਅੱਗੇ ਕੁਝ ਨਜ਼ਰ ਹੀ ਨਹੀਂ ਆਉਂਦਾ। ਕੁਝ ਲੋਕਾਂ ਵਿੱਚ ਲਾਲਚ ਹੱਦ ਤੋਂ ਵੱਧ ਹੁੰਦਾ ਹੈ। ਅਕਸਰ ਅਮੀਰ ਜੀਵਨ ਸਾਥੀ ਨੂੰ ਇਹ ਸੋਚ ਕੇ ਮਰਵਾ ਦਿੱਤਾ ਜਾਂਦਾ ਹੈ ਕਿ ਉਸ ਦੀ ਮੌਤ ਤੋਂ ਬਾਅਦ ਸਾਰੀ ਜਾਇਦਾਦ ਮਿਲ ਜਾਵੇਗੀ। ਕਤਲ ਕਰਨ ਵਾਲਾ ਇਹ ਭੁੱਲ ਜਾਂਦਾ ਹੈ ਕਿ ਕਾਤਲ ਕਿੰਨੀ ਵੀ ਸਫ਼ਾਈ ਨਾਲ ਕਤਲ ਕਰੇ ਕੋਈ, ਨਾ ਕੋਈ ਸੁਰਾਗ ਜ਼ਰੂਰ ਛੱਡ ਜਾਂਦਾ ਹੈ।
ਕੋਈ ਕਿੰਨਾ ਵੀ ਕਹੇ ਜੋ ਅਸੀਂ ਵੇਖਦੇ ਹਾਂ ਉਹ ਸਾਡੇ ਮਨ ’ਤੇ ਗਹਿਰਾ ਅਸਰ ਛੱਡਦਾ ਹੈ। ਜਿਸ ਤਰ੍ਹਾਂ ਦੀਆਂ ਚੀਜ਼ਾਂ ਅਸੀਂ ਰੋਜ਼ਾਨਾ ਜ਼ਿੰਦਗੀ ਵਿੱਚ ਵੇਖਦੇ ਹਾਂ ਉਹ ਟੀਵੀ ਦੇ ਡਰਾਮੇ ਹੋਣ, ਕੋਈ ਵੈੱਬ ਸੀਰੀਜ਼ ਹੋਵੇ, ਕੋਈ ਫਿਲਮਾਂ ਹੋਣ ਜਾਂ ਕੋਈ ਕਿਤਾਬ ਹੋਵੇ, ਉਸ ਤਰ੍ਹਾਂ ਦੀ ਸਾਡੀ ਸੋਚਣੀ ਹੋ ਜਾਂਦੀ ਹੈ। ਸਾਡੇ ਸਮਾਜ ਵਿੱਚ ਆਪਸ ਵਿੱਚ ਗੱਲਬਾਤ ਬਹੁਤ ਘਟ ਗਈ ਹੈ। ਬੱਚੇ ਮਾਂ-ਬਾਪ ਦਾ ਦਖਲ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਦੇ। ਮਾਂ-ਬਾਪ ਵੀ ਆਪਣੇ ਆਪ ਵਿੱਚ ਇੰਨੇ ਰੁੱਝੇ ਹੋਏ ਹਨ ਕਿ ਬੱਚਿਆਂ ਨੂੰ ਮੋਬਾਈਲਾਂ ’ਤੇ ਪਾਲ ਰਹੇ ਹਨ। ਅਜਿਹੇ ਬੱਚੇ ਭਾਵਨਾਤਮਕ ਤੌਰ ’ਤੇ ਬਹੁਤ ਕਮਜ਼ੋਰ ਹੁੰਦੇ ਹਨ। ਉਹ ਜਦੋਂ ਕਿਸੇ ਦੇ ਮਗਰ ਲੱਗਦੇ ਹਨ ਤਾਂ ਸਭ ਕੁਝ ਭੁੱਲ ਜਾਂਦੇ ਹਨ। ਸ਼ਾਤਿਰ ਲੋਕ ਇਸੇ ਗੱਲ ਦਾ ਫਾਇਦਾ ਉਠਾਉਂਦੇ ਹਨ। ਇਸ ਵਿੱਚ ਲੜਕੇ ਤੇ ਲੜਕੀਆਂ ਦੋਵੇਂ ਹੀ ਇੱਕੋ ਤਰ੍ਹਾਂ ਪੇਸ਼ ਆ ਰਹੇ ਹਨ। ਇੱਥੇ ਫ਼ਰਕ ਲੜਕੇ ਜਾਂ ਲੜਕੀ ਦਾ ਨਹੀਂ ਭਾਵਨਾਤਮਕ ਤੌਰ ’ਤੇ ਕਮਜ਼ੋਰ ਤੇ ਦੂਜੇ ਨੂੰ ਵਰਗਲਾ ਲੈਣ ਵਾਲੇ ਬੰਦੇ ਵਿੱਚ ਦੀ ਗੱਲ ਹੈ, ਜਿਸ ਨੂੰ ਮੈਨੀਪੁਲੇਟ ਕਰਨਾ ਆ ਗਿਆ। ਉਹ ਦੂਸਰੇ ਦਾ ਇਸਤੇਮਾਲ ਕਰਨਾ ਸਿੱਖ ਲੈਂਦਾ ਹੈ।
ਅੱਜ ਦੀ ਪੀੜ੍ਹੀ ਆਪਣੇ ਮਾਂ-ਬਾਪ ਨਾਲੋਂ ਟੁੱਟ ਚੁੱਕੀ ਹੈ। ਇਹ ਪੀੜ੍ਹੀ ਸਮਾਜ ਨਾਲ ਤਾਂ ਕਦੇ ਜੁੜੀ ਹੀ ਨਹੀਂ। ਇਸ ਨੂੰ ਆਪਣੇ ਦਾਲੇ ਦੁਆਲੇ ਸਿਰਫ਼ ਉਹੀ ਦਿਸਦਾ ਹੈ ਜੋ ਇਹ ਵੇਖਣਾ ਚਾਹੁੰਦੀ ਹੈ। ਇਹੀ ਕਾਰਨ ਹੈ ਕਿ ਇਨ੍ਹਾਂ ਨੂੰ ਸਮਾਜ ਦਾ ਕੋਈ ਡਰ ਨਹੀਂ। ਦੂਸਰੀ ਗੱਲ ਮਾਤਾ-ਪਿਤਾ ਨੇ ਅਜਿਹੀ ਆਦਤ ਪਾ ਦਿੱਤੀ ਹੈ ਕਿ ਚੀਜ਼ ਦੀ ਤਾਂਘ ਕਰਨਾ ਨਹੀਂ ਜਾਣਦੇ। ਹਰ ਚੀਜ਼ ਇਨ੍ਹਾਂ ਨੂੰ ਇੱਛਾ ਤੋਂ ਪਹਿਲਾਂ ਹੀ ਮਿਲੀ ਹੁੰਦੀ ਹੈ। ਅਜਿਹੇ ਬੱਚਿਆਂ ਵਿੱਚ ਕਬਜ਼ਾ ਕਰਨ ਦੀ ਭਾਵਨਾ ਬਹੁਤ ਹੁੰਦੀ ਹੈ। ਰਾਤੋ ਰਾਤ ਅਮੀਰ ਹੋ ਜਾਣ ਵਾਲੇ ਨੌਜਵਾਨ ਅਕਸਰ ਅਜਿਹੇ ਕਾਰਨਾਮੇ ਕਰ ਗੁਜ਼ਰਦੇ ਹਨ ਜੋ ਉਨ੍ਹਾਂ ਨੂੰ ਸਾਰੇ ਜ਼ਿੰਦਗੀ ਲਈ ਜੇਲ੍ਹ ਵਿੱਚ ਡੱਕ ਦਿੰਦੇ ਹਨ। ਉਹ ਇਸ ਗੱਲ ਨੂੰ ਸਮਝਦੇ ਹੀ ਨਹੀਂ ਕਿ ਉਹ ਕਿੰਨੀ ਵੀ ਚਲਾਕੀ ਨਾਲ ਜੁਰਮ ਨੂੰ ਅੰਜਾਮ ਦੇਣ ਫੜੇ ਜ਼ਰੂਰ ਜਾਂਦੇ ਹਨ। ਅਮੀਰ ਮਾਂ-ਬਾਪ ਕਿਸੇ ਨਾ ਕਿਸੇ ਤਰੀਕੇ ਬੱਚੇ ਨੂੰ ਛੁਡਵਾ ਲੈਂਦੇ ਹਨ। ਸਾਡੇ ਦੇਸ਼ ਵਿੱਚ ਕਾਨੂੰਨ ਵਿੱਚ ਚੋਰ ਮੋਰੀਆਂ ਬਹੁਤ ਹਨ। ਜੇਬ ਵਿੱਚ ਪੈਸਾ ਹੋਵੇ ਤਾਂ ਜੋ ਮਰਜ਼ੀ ਕਰਵਾ ਲਓ। ਬਸ ਇਸੇ ਲਈ ਲੋਕਾਂ ਨੂੰ ਕਾਨੂੰਨ ਦਾ ਡਰ ਨਹੀਂ।
ਸਾਨੂੰ ਆਪਣੇ ਬੱਚਿਆਂ ਨੂੰ ਇਹ ਸਮਝਾਉਣਾ ਬਹੁਤ ਜ਼ਰੂਰੀ ਹੈ ਕਿ ਸਹੀ ਕੀ ਹੈ ਤੇ ਗ਼ਲਤ ਕੀ। ਨੈਤਿਕਤਾ ਦੀ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ। ਇਹ ਨੈਤਿਕਤਾ ਉਨ੍ਹਾਂ ਨੇ ਸਾਡੇ ਵਿਹਾਰ ਤੋਂ ਸਿੱਖਣੀ ਹੈ, ਸਾਡੀਆਂ ਗੱਲਾਂ ਤੋਂ ਨਹੀਂ। ਬੱਚਿਆਂ ਦੇ ਅੰਦਰ ਹਮਦਰਦੀ ਦੀ ਭਾਵਨਾ ਹੋਣੀ ਬਹੁਤ ਜ਼ਰੂਰੀ ਹੈ। ਸੋਚ ਕੇ ਦੇਖੋ ਕਿ ਕਿਸੇ ਲੜਕੀ ਵੱਲੋਂ ਆਪਣੇ ਪਤੀ ਨੂੰ ਮਾਰ ਕੇ ਬੈੱਡ ਵਿੱਚ ਪਾ ਕੇ ਉਸ ਬੈੱਡ ਦੇ ਉੱਤੇ ਰਾਤ ਨੂੰ ਸੋਇਆ ਜਾਂਦਾ ਹੈ ਤਾਂ ਉਸ ਦੀ ਮਨੋਸਥਿਤੀ ਕਿਹੋ ਜਿਹੀ ਹੋਵੇਗੀ। ਅਜਿਹਾ ਸਭ ਜ਼ਿਆਦਾਤਰ ਨਸ਼ੇ ਕਰਕੇ ਹੁੰਦਾ ਹੈ। ਨਸ਼ਾ ਮਨੁੱਖ ਦੀ ਸੋਚਣ ਸਮਝਣ ਦੀ ਸ਼ਕਤੀ ਖੋਹ ਲੈਂਦਾ ਹੈ। ਨਸ਼ੇ ਵਿੱਚ ਮਨੁੱਖ ਉਹ ਕਰ ਗੁਜ਼ਰਦਾ ਹੈ ਜਿਸ ਦਾ ਉਸ ਨੂੰ ਸਾਰੀ ਜ਼ਿੰਦਗੀ ਪਛਤਾਵਾ ਹੁੰਦਾ ਹੈ।
ਇਨ੍ਹਾਂ ਘਟਨਾਵਾਂ ਨੂੰ ਸਿਰਫ਼ ਖ਼ਬਰਾਂ ਪੜ੍ਹ ਕੇ ਭੁੱਲ ਜਾਣ ਵਾਲਾ ਕੰਮ ਠੀਕ ਨਹੀਂ। ਇਹ ਸਾਡੇ ਸਮਾਜ ਦੀ ਗੰਧਲੀ ਹੋ ਰਹੀ ਸੋਚ ਦਾ ਨਤੀਜਾ ਹੈ। ਸਮਾਜ ਸ਼ਾਸਤਰੀਆਂ ਨੂੰ ਅਤੇ ਸਿੱਖਿਆ ਵਿਗਿਆਨੀਆਂ ਨੂੰ ਵੀ ਇਸ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਮਾਤਾ-ਪਿਤਾ ਨੂੰ ਆਪਣੇ ਬੱਚੇ ਦਾ ਪਾਲਣ ਪੋਸ਼ਣ ਕਰਦਿਆਂ ਇਹ ਸੋਚਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਬੱਚੇ ਨੂੰ ਕਿਸ ਪਾਸੇ ਵੱਲ ਲਾਉਣਾ ਹੈ। ਮਾਂ-ਬਾਪ, ਅਧਿਆਪਕ ਤੇ ਬੱਚਾ ਤਿੰਨੋਂ ਧਿਰਾਂ ਮਿਲ ਕੇ ਕੰਮ ਕਰਨ ਤਾਂ ਹੀ ਕੁਝ ਹੋ ਸਕਦਾ ਹੈ। ਸਾਡੇ ਸਮਾਜ ਵਿੱਚ ਹਰ ਵਰਤਾਰਾ ਅਜੀਬ ਜਿਹੀ ਰਾਹ ’ਤੇ ਤੁਰਿਆ ਹੈ। ਕਿਸੇ ਯੂਨੀਵਰਸਿਟੀ ਵਿੱਚ ਦੇਖ ਲਓ, ਉੱਥੋਂ ਦਾ ਮਾਹੌਲ ਤੁਹਾਨੂੰ ਚਿੰਤਿਤ ਕਰ ਦਿੰਦਾ ਹੈ। ਤਰ੍ਹਾਂ ਤਰ੍ਹਾਂ ਦੇ ਕਿੱਸੇ ਅਕਸਰ ਪੜ੍ਹਦੇ ਹਾਂ। ਸਕੂਲਾਂ ਦਾ ਮਾਹੌਲ ਉੱਥੇ ਬੱਚਿਆਂ ਨਾਲ ਵਾਪਰਨ ਵਾਲੀਆਂ ਘਟਨਾਵਾਂ ਤੋਂ ਪਤਾ ਲੱਗ ਜਾਂਦਾ ਹੈ। ਇਹ ਠੀਕ ਹੈ ਕਿ ਸਭ ਬੁਰੇ ਨਹੀਂ, ਪਰ ਇੱਕ ਖ਼ਰਾਬ ਸੇਬ, ਸੇਬਾਂ ਦੀ ਟੋਕਰੀ ਨੂੰ ਖ਼ਰਾਬ ਕਰ ਸਕਦਾ ਹੈ। ਇੱਕ ਮਛਲੀ ਸਾਰੇ ਤਲਾਬ ਨੂੰ ਗੰਦਾ ਕਰ ਦਿੰਦੀ ਹੈ।
ਆਪਣੇ ਬੱਚੇ ਦਾ ਪਾਲਣ ਪੋਸ਼ਣ ਬੜੀ ਸੰਭਲ ਕੇ ਕਰੋ। ਉਸ ਦਾ ਆਦਰਸ਼ ਬਣੋ। ਉਸ ਦੀ ਚੜ੍ਹਦੀ ਉਮਰ ਵਿੱਚ ਉਸ ਦਾ ਖ਼ਿਆਲ ਰੱਖੋ। ਇਹ ਧਿਆਨ ਦਿਓ ਕਿ ਉਹ ਬਹੁਤ ਜ਼ਿਆਦਾ ਇਕੱਲਾ ਰਹਿਣਾ ਪਸੰਦ ਤਾਂ ਨਹੀਂ ਕਰਦਾ। ਉਸ ਦੀ ਇਕੱਲਤਾ ਉਸ ਲਈ ਮੁਸੀਬਤ ਬਣੇਗੀ। ਬੱਚੇ ਨੂੰ ਪੈਸੇ ਦੀ ਕੀਮਤ ਸਿਖਾਓ। ਉਸ ਨੂੰ ਦੱਸੋ ਕਿ ਪੈਸਾ ਕਿੰਝ ਕਮਾਇਆ ਜਾਂਦਾ ਹੈ ਤੇ ਕਿੰਝ ਖ਼ਰਚਣਾ ਚਾਹੀਦਾ ਹੈ। ਸਿਰਫ਼ ਸਮਾਜ ਵਿੱਚ ਆਪਣੇ ਨਾਂ ਨੂੰ ਉੱਚਾ ਰੱਖਣ ਲਈ ਆਪਣੇ ਬੱਚਿਆਂ ਨੂੰ ਲੋੜ ਤੋਂ ਵੱਧ ਸਹੂਲਤਾਂ ਨਾ ਦਿਓ। ਉਨ੍ਹਾਂ ਦੀ ਗ਼ਲਤੀ ’ਤੇ ਉਨ੍ਹਾਂ ਨੂੰ ਵਰਜੋ। ਜਿੰਨੀ ਕੁ ਹੋ ਸਕਦੀ ਹੈ, ਸਜ਼ਾ ਵੀ ਜ਼ਰੂਰ ਦਿਓ।
ਇਹ ਜੋ ਸਾਡੇ ਆਲੇ ਦੁਆਲੇ ਵਾਪਰ ਰਿਹਾ ਹੈ, ਇਹ ਬਹੁਤ ਚਿੰਤਾਜਨਕ ਹੈ। ਇਸ ਨੂੰ ਮਹਿਜ਼ ਇੱਕ ਖ਼ਬਰ ਸਮਝ ਕੇ ਅਣਦੇਖਿਆ ਨਾ ਕਰੋ। ਜ਼ਰਾ ਜਿੰਨੀ ਗੱਲ ਪਿੱਛੇ ਪਤੀ ਦਾ ਪਤਨੀ ਨੂੰ ਕਤਲ ਕਰ ਦੇਣਾ ਜਾਂ ਪਤਨੀ ਦਾ ਪਤੀ ਨੂੰ ਕਤਲ ਕਰ ਦੇਣਾ ਕੋਈ ਮਾਮੂਲੀ ਗੱਲ ਨਹੀਂ। ਸਹਿਣ ਸ਼ਕਤੀ ਦੀ ਘਾਟ ਇੰਨੀ ਹੈ ਕਿ ਜ਼ਰਾ ਜਿਹੀ ਗੱਲ ਕੋਈ ਕਹਿ ਦੇਵੇ ਤੇ ਮਰਨ ਮਾਰਨ ’ਤੇ ਉਤਾਰੂ ਹੋ ਜਾਂਦੇ ਹਨ। ਸਹਿਜ ਤੇ ਸਬਰ ਬਹੁਤ ਜ਼ਰੂਰੀ ਹੈ। ਰਿਸ਼ਤਿਆਂ ਦੀ ਅਹਿਮੀਅਤ ਦਾ ਬੱਚਿਆਂ ਨੂੰ ਪਤਾ ਹੋਣਾ ਬਹੁਤ ਜ਼ਰੂਰੀ ਹੈ। ਸਭ ਤੋਂ ਵੱਡੀ ਗੱਲ ਉਨ੍ਹਾਂ ਨੂੰ ਹਾਰਨ ਦਾ ਪਤਾ ਹੋਣਾ ਚਾਹੀਦਾ ਹੈ। ਉਨ੍ਹਾਂ ਨੂੰ ਇਹ ਸਮਝ ਹੋਣੀ ਚਾਹੀਦੀ ਹੈ ਕਿ ਹਾਰ ਨੂੰ ਮਨਜ਼ੂਰ ਕਿਵੇਂ ਕਰਨਾ ਹੈ। ਜਦੋਂ ਬੱਚੇ ਨੂੰ ਆਪਣੀ ਹਾਰ ਨੂੰ ਅਪਣਾ ਲੈਣ ਦੀ ਸਮਝ ਆ ਜਾਵੇ ਤਾਂ ਫਿਰ ਉਹ ਗ਼ੈਰ ਕਾਨੂੰਨੀ ਕੰਮ ਨਹੀਂ ਕਰੇਗਾ।
ਬੱਚੇ ਨੂੰ ਭਾਵਨਾਤਮਕ ਤੌਰ ’ਤੇ ਮੈਚਿਓਰ ਬਣਾਓ। ਉਸ ਨੂੰ ਇਹ ਦੱਸੋ ਕਿ ਦੂਸਰੇ ’ਤੇ ਉਸ ਦੀ ਮਰਜ਼ੀ ਨਹੀਂ ਚੱਲੇਗੀ। ਕੋਸ਼ਿਸ਼ ਕਰੋ ਕਿ ਤੁਹਾਡੇ ਘਰ ਵਿੱਚ ਮਾਹੌਲ ਵੀ ਇਹੋ ਜਿਹਾ ਹੋਵੇ ਕਿ ਇੱਕ ਦੂਜੇ ’ਤੇ ਭਾਵਨਾਤਮਕ ਦਬਾਅ ਨਾ ਬਣਾਇਆ ਜਾਵੇ। ਅੱਜ ਸਾਡਾ ਸਮਾਜ ਜਿਸ ਥਾਂ ’ਤੇ ਖੜ੍ਹਾ ਹੈ, ਉੱਥੇ ਸਾਨੂੰ ਹਰ ਕਦਮ ਫੂਕ ਫੂਕ ਕੇ ਰੱਖਣ ਦੀ ਜ਼ਰੂਰਤ ਹੈ। ਅਸੀਂ ਭਾਵਨਾਵਾਂ ਦੇ ਇੱਕ ਅਜਿਹੇ ਜਵਾਰ ਭਾਟੇ ਦੇ ਨੇੜੇ ਹਾਂ ਜੋ ਕਦੀ ਵੀ ਫਟ ਸਕਦਾ ਹੈ। ਇਹ ਨਿੱਕੀਆਂ ਨਿੱਕੀਆਂ ਘਟਨਾਵਾਂ ਉਸ ਵਿੱਚੋਂ ਨਿਕਲ ਰਿਹਾ ਲਾਵਾ ਹੈ। ਅਜੇ ਵੀ ਮੌਕਾ ਹੈ ਸੰਭਲ ਜਾਓ।
ਸੰਪਰਕ: 90410-73310